ਮੁੰਬਈ ’ਚ ਜਾਇਦਾਦ ਦੀ ਮੰਗ ’ਚ 21 ਫੀਸਦੀ ਉਛਾਲ
Saturday, Jul 02, 2022 - 03:44 PM (IST)
ਮੁੰਬਈ – ਕੋਰੋਨਾ ਦੇ ਦੌਰ ’ਚ ਆਰਥਿਕ ਮੰਦੀ ਦਾ ਦੌਰ ਦੇਖ ਚੁੱਕਾ ਰੀਅਲ ਅਸਟੇਟ ਸੈਕਟਰ ਮੁੜ ਪਟੜੀ ’ਤੇ ਆਉਂਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਜੂਨ ’ਚ ਸਾਲਾਨਾ ਆਧਾਰ ’ਤੇ 21 ਫੀਸਦੀ ਵਧ ਕੇ 9,525 ਯੂਨਿਟ ਹੋ ਗਈ ਹੈ। ਕੀਮਤਾਂ ’ਚ ਵਾਧਾ ਅਤੇ ਹੋਮ ਲੋਨ ’ਤੇ ਵਿਆਜ ਦਰਾਂ ਵਧਣ ਦੇ ਬਾਵਜੂਦ ਇਹ ਵਾਧਾ ਦਰਜ ਕੀਤਾ ਗਿਆ ਹੈ। ਜਾਇਦਾਦ ਸਲਾਹਕਾਰ ਨਾਈਟ ਫ੍ਰੈਂਕ ਇੰਡੀਆ ਦੀ ਇਕ ਸਰਵੇ ਰਿਪੋਰਟ ਮੁਤਾਬਕ ਮੁੰਬਈ ਸ਼ਹਿਰ (ਬੀ. ਐੱਮ. ਸੀ. ਖੇਤਰ) ਵਿਚ 21 ਜੂਨ ਤੱਕ 7,856 ਜਾਇਦਾਦਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਜਦ ਕਿ ਮਈ 2022 ’ਚ ਇਹ ਗਿਣਤੀ 9,839 ਇਕਾਈ ਸੀ।
ਕੋਵਿਡ ਕਾਰਨ ਥੰਮ ਗਈ ਸੀ ਰਿਹਾਇਸ਼ੀ ਮੰਗ
ਆਸਟ੍ਰੇਲੀਆ ਦੇ ਆਰ. ਈ. ਏ. ਸਮੂਹ ਦੀ ਮਲਕੀਅਤ ਵਾਲੀ ਪ੍ਰਾਪਟਾਈਗਰ ਡਾਟ ਕਾਮ ਨੇ ਤਾਜ਼ਾ ਰਿਪੋਰਟ ‘ਰੀਅਲ ਇਨਸਾਈਟ ਰੈਜੀਡੈਂਸ਼ੀਅਲ’ ਵੀ ਇਹੀ ਇਸ਼ਾਰਾ ਕਰ ਰਹੀ ਹੈ। ਰਿਪੋਰਟ ਮੁਤਾਬਕ ਅਪ੍ਰੈਲ-ਜੂਨ 2022 ’ਚ ਰਿਹਾਇਸ਼ੀ ਵਿਕਰੀ ’ਚ ਸਾਲਾਨਾ ਵਾਧਾ ਕਈ ਗੁਣਾ ਰਿਹਾ ਹੈ ਕਿਉਂਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਰਿਹਾਇਸ਼ੀ ਮੰਗ ਗੰਭੀਰ ਤੌਰ ’ਤੇ ਪ੍ਰਭਾਵਿਤ ਹੋਈ ਸੀ। ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ਦੌਰਾਨ ਅੱਠ ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ਸਾਲਾਨਾ ਆਧਾਰ ’ਤੇ 4.5 ਗੁਣਾ ਵਧ ਕੇ 74,330 ਇਕਾਈ ’ਤੇ ਪਹੁੰਚ ਗਈ। ਉੱਥੇ ਹੀ ਰਿਹਾਇਸ਼ਾਂ ਦੀ ਮੰਗ ਜਨਵਰੀ-ਮਾਰਚ ਦੀ ਪਿਛਲੀ ਤਿਮਾਹੀ ਦੀ ਤੁਲਨਾ ’ਚ ਪੰਜ ਫੀਸਦੀ ਵੱਧ ਰਹੀ। ਪਿਛਲੇ ਸਲ ਅਪ੍ਰੈਲ-ਜੂਨ ਦੀ ਮਿਆਦ ’ਚ 15,968 ਘਰ ਵਿਕੇ ਸਨ ਅਤੇ 2022 ਦੀ ਜਨਵਰੀ-ਮਾਰਚ ਤਿਮਾਹੀ ’ਚ ਇਹ ਅੰਕੜਾ 70,623 ਇਕਾਈ ਸੀ।