ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ

Sunday, Oct 22, 2023 - 12:33 PM (IST)

ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ

ਨਵੀਂ ਦਿੱਲੀ (ਇੰਟ.) – ਪਹਿਲਾਂ ਰੂਸ-ਯੂਕ੍ਰੇਨ ਜੰਗ ਨੇ ਵਾਰਾਣਸੀ ਦੇ ਉਦਯੋਗ ਨੂੰ ਪ੍ਰਭਾਵਿਤ ਕੀਤਾ ਸੀ। ਇਸ ਤੋਂ ਹਾਲੇ ਵਾਰਾਣਸੀ ਦਾ ਉਦਯੋਗ ਉੱਭਰ ਹੀ ਰਿਹਾ ਸੀ ਕਿ ਇਜ਼ਰਾਈਲ-ਹਮਾਸ ਦੀ ਜੰਗ ਨੇ ਇਕ ਵਾਰ ਮੁੜ ਇਸ ਦਾ ਲੱਕ ਤੋੜ ਦਿੱਤਾ ਹੈ। ਰੂਸ ਦੀ ਜੰਗ ਦੌਰਾਨ ਜਿਨ੍ਹਾਂ ਆਰਡਰ ’ਤੇ ਰੋਕ ਲੱਗ ਗਈ ਸੀ, ਉਹ ਹਾਲੇ ਤੱਕ ਰੁਕੇ ਹੀ ਹੋਏ ਹਨ। ਹੁਣ ਇਜ਼ਰਾਈਲ-ਹਮਾਸ ਦੀ ਜੰਗ ਕਾਰਨ ਵਾਰਾਣਸੀ ਦਾ 100 ਕਰੋੜ ਰੁਪਏ ਦਾ ਕਾਰੋਬਾਰ ਬਰਬਾਦ ਹੋਣ ਜਾ ਰਿਹਾ ਹੈ। ਵਾਰਾਣਸੀ ਤੋਂ ਇਜ਼ਰਾਈਲ ਨੂੰ ਐਕਸਪੋਰਟ ਹੋਣ ਵਾਲੇ ਆਰਡਰ ਜੰਗ ਕਾਰਨ ਫਸੇ ਹੋਏ ਹਨ। ਇਸ ਦੇ ਨਾਲ ਹੀ ਨਾ ਤਾਂ ਆਰਡਰ ਮਿਲ ਰਹੇ ਹਨ ਅਤੇ ਨਾ ਹੀ ਤਿਆਰ ਆਰਡਰ ਬਾਹਰ ਜਾ ਰਹੇ ਹਨ।

ਇਹ ਵੀ ਪੜ੍ਹੋ :   ਤਿਉਹਾਰਾਂ ਦੌਰਾਨ ਅਗਲੇ 11 ਦਿਨਾਂ 'ਚੋਂ 7 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਜ਼ਰੂਰੀ ਕੰਮ

ਵਾਰਾਣਸੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਜੇ ਜੰਗ ਲੰਬੇ ਸਮੇਂ ਤੱਕ ਚਲਦੀ ਰਹੀ ਤਾਂ ਕਾਸ਼ੀ ਦਾ ਉਦਯੋਗ ਜਗਤ ਡਾਵਾਂਡੋਲ ਹੋ ਜਾਏਗਾ। ਹਾਲਾਤ ਖਰਾਬ ਹੋ ਜਾਣਗੇ। ਇਜ਼ਰਾਈਲ ਅਤੇ ਹਮਾਸ ਦਰਮਿਆਨ ਹੋ ਰਹੀ ਯੰਗ ਨੇ ਕਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਇਸ ਨਾਲ ਵਪਾਰ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਦੀ ਤਸਵੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ’ਚ ਨਜ਼ਰ ਆ ਰਹੀ ਹੈ। ਇੱਥੇ ਲਗਭਗ 100 ਕਰੋੜ ਤੋਂ ਵੱਧ ਦਾ ਵਪਾਰ ਪ੍ਰਭਾਵਿਤ ਹੋਇਆ ਹੈ। ਬਨਾਰਸ ਦੇ ਟੈਕਸਟਾਈਲ, ਕਾਰਪੈੱਟ ਅਤੇ ਹੋਰ ਸਾਮਾਨ ਦੀ ਬਰਾਮਦ ਇਜ਼ਰਾਈਲ ਵਿਚ ਹੋਇਆ ਕਰਦੀ ਸੀ ਪਰ ਜੰਗ ਦਰਮਿਆਨ ਜਿੱਥੇ ਨਾ ਸਿਰਫ ਸਟਾਕ ਫਸਿਆ ਹੋਇਆ ਹੈ ਸਗੋਂ ਲਗਭਗ 100 ਕਰੋੜ ਤੋਂ ਵੱਧ ਦਾ ਕਾਰੋਬਾਰ ਵੀ ਅੱਧ ਵਿਚਾਲੇ ਲਟਕਿਆ ਹੋਇਆ ਹੈ। ਇਸ ਕਾਰਨ ਕਾਰੋਬਾਰੀਆਂ ਤੋਂ ਲੈ ਕੇ ਸਾੜ੍ਹੀਆਂ ਆਦਿ ਦੇ ਕੰਮ ’ਚ ਲੱਗੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਾਰਾਣਸੀ ਤੋਂ ਹੁੰਦੀ ਹੈ ਹੋਮ ਟੈਕਸਟਾਈਲਸ ਦੀ ਬਰਾਮਦ

ਐਕਸਪੋਰਟਰ ਸਰਵੇਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਵਾਰਾਣਸੀ ਦੇ ਟੈਕਸਟਾਈਲ ਵਿਚ ਸਾੜ੍ਹੀਆਂ ਘੱਟ ਪਰ ਦੁਪੱਟੇ ਅਤੇ ਹੋਰ ਸਾਮਾਨ ਦੀ ਕਰੀਬ 2 ਤੋਂ 2.5 ਕਰੋੜ ਦੀ ਬਰਾਮਦ ਇੱਥੋਂ ਹੁੰਦੀ ਹੈ। ਇਸ ’ਚ ਹੋਮ ਟੈਕਸਟਾਈਲ ਹੈ, ਗਾਰਮੈਂਟਸ, ਸਿਲਕ ਦੇ ਦੁਪੱਟੇ, ਸਿਲਕ ਦੀਆਂ ਸਾੜ੍ਹੀਆਂ, ਸਿਲਕ ਦੇ ਫੈਬ੍ਰਿਕ, ਪਰਦੇ, ਬੈੱਡ ਸ਼ੀਟ, ਪਿੱਲੋ ਕਵਰ, ਬੈੱਡ ਕਵਰ ਸ਼ਾਮਲ ਹਨ। ਇਨ੍ਹਾਂ ਦੀ ਵੱਡੀ ਪੱਧਰ ’ਤੇ ਬਰਾਮਦ ਵਾਰਾਣਸੀ ਤੋਂ ਇਜ਼ਰਾਈਲ ’ਚ ਹੁੰਦੀ ਹੈ ਪਰ ਹਾਲੇ ਜੰਗ ਕਾਰਨ ਸਾਰੇ ਆਰਡਰ ਹੋਲਡ ’ਤੇ ਹਨ।

ਕਾਸ਼ੀ ਦੇ ਕਾਰਖਾਨਿਆਂ ’ਚ ਲੱਗ ਜਾਣਗੇ ਤਾਲੇ

ਲਘੂ ਉਦਯੋਗ ਭਾਰਤੀ ਕਾਸ਼ੀ ਸੂਬੇ ਦੇ ਮੁਖੀ ਰਾਜੇਸ਼ ਸਿੰਘ ਨੇ ਦੱਸਿਆ ਕਿ ਸਾਡੇ ਸੰਗਠਨ ’ਚ ਕੁਟੀਰ ਉਦਯੋਗ ਤੋਂ ਲੈ ਕੇ ਵੱਡੇ ਉਦਯੋਗ ਜੁੜੇ ਹੋਏ ਹਨ। ਪੂਰਵਾਂਚਲ ਤੋਂ ਜੋ ਉਤਪਾਦ ਇਜ਼ਰਾਈਲ ਨੂੰ ਜਾਂਦੇ ਹਨ, ਉਹ ਸਿੱਧੇ ਤੌਰ ’ਤੇ ਜਾਂਦੇ ਹਨ। ਇਸ ਵਿਚ ਰੇਸ਼ਮੀ ਕੱਪਡੇ, ਪਰਦੇ, ਦਰੀਆਂ, ਕਾਰਪੈੱਟ ਅਤੇ ਵਾਲ ਹੈਂਗਿੰਗ ਆਦਿ ਹਨ। ਹਾਲੇ ਉੱਦਮੀ ਰੂਸ ਅਤੇ ਯੂਕ੍ਰੇਨ ਜੰਗ ਤੋਂ ਉੱਭਰੇ ਵੀ ਨਹੀਂ ਸਨ ਕਿ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਹੋ ਗਈ। ਇਸ ਨਾਲ ਉਦਯੋਗ ਡਾਵਾਂਡੋਲ ਹੋ ਜਾਏਗਾ। ਜੇ ਇਹ ਜੰਗ ਲੰਬੇ ਸਮੇਂ ਤੱਕ ਚਲਦੀ ਹੈ ਤਾਂ ਉੱਦਮੀਆਂ ਦੇ ਕਾਰਖਾਨਿਆਂ ਵਿਚ ਤਾਲੇ ਲੱਗ ਜਾਣਗੇ।

ਇਹ ਵੀ ਪੜ੍ਹੋ :   Elon Musk ਨੂੰ ਇੱਕ ਝਟਕੇ 'ਚ ਹੋਇਆ 16.1 ਬਿਲੀਅਨ ਡਾਲਰ ਦਾ ਨੁਕਸਾਨ , ਅੰਬਾਨੀ ਦੀ ਵੀ ਨੈੱਟਵਰਥ ਡਿੱਗੀ

ਸਾੜ੍ਹੀਆਂ ’ਚ ਜ਼ਰੀ ਲਗਾਉਣ ਦਾ ਨਹੀਂ ਮਿਲ ਰਿਹਾ ਆਰਡਰ

ਜ਼ਰੀ ਤਿਆਰ ਕਰਨ ਵਾਲੇ ਗੁਲਸ਼ਨ ਕੁਮਾਰ ਮੌਰਿਆ ਨੇ ਦੱਸਿਆ ਕਿ ਅਸੀਂ ਜੋ ਜ਼ਰੀ ਬਣਾਉਂਦੇ ਹਾਂ, ਉਹ ਬਨਾਰਸੀ ਸਾੜ੍ਹੀ ’ਚ ਲਗਦੀ ਹੈ। ਇਜ਼ਰਾਈਲ ਵਿਚ ਜੰਗ ਹੋਣ ਕਾਰਨ ਬਨਾਰਸੀ ਸਾੜ੍ਹੀ ਦਾ ਆਰਡਰ ਘੱਟ ਹੋ ਗਿਆ ਹੈ। ਇਸ ਕਾਰਨ ਸਾਡੀ ਮੰਗ ਵੀ ਹੌਲੀ-ਹੌਲੀ ਘੱਟ ਹੋ ਰਹੀ ਹੈ। ਸਾਨੂੰ ਇਸ ਲਈ ਆਰਡਰ ਨਹੀਂ ਮਿਲ ਰਹੇ ਹਨ ਜੋ ਪਹਿਲਾਂ ਤੋਂ ਆਰਡਰ ਮਿਲੇ ਹੋਏ ਹਨ, ਉਸ ਦੀ ਹੀ ਤਿਆਰੀ ਹੋ ਰਹੀ ਹੈ। ਜੋ ਨਵੇਂ ਆਰਡਰ ਮਿਲਣੇ ਚਾਹੀਦੇ ਸਨ, ਉਹ ਨਹੀਂ ਆ ਰਹੇ ਹਨ। ਰੂਸ-ਯੂਕ੍ਰੇਨ ਜੰਗ ਦੌਰਾਨ ਮਿਲੇ ਆਰਡਰ ਬੰਦ ਹੋਣ ਤੋਂ ਬਾਅਦ ਮੁੜ ਆਰਡਰ ਨਹੀਂ ਮਿਲੇ ਹਨ। ਉੱਥੇ ਹੀ ਦਿੱਲੀ ਵਿਚ ਪੰਜ ਦਿਨਾਂ ਐਕਸਪੋ ਦੇ ਆਯੋਜਨ ’ਚ ਵਿਦੇਸ਼ੀ ਖਰੀਦਦਾਰ ਨਹੀਂ ਪਹੁੰਚੇ ਹਨ।

ਭਦੋਹੀ-ਮਿਰਜ਼ਾਪੁਰ ਦਾ 50 ਕਰੋੜ ਦਾ ਕਾਰੋਬਾਰ ਰੱਦ

ਬਰਾਮਦਕਾਰਾਂ ਦਾ ਕਹਿਣਾ ਹੈ ਕਿ ਭਦੋਹੀ ਅਤੇ ਮਿਰਜ਼ਾਪੁਰ ਤੋਂ ਕਾਲੀਨ ਐਕਸਪੋਰਟਰਸ ਨੂੰ 50 ਕਰੋੜ ਦਾ ਕਾਲੀਨ ਤਿਆਰ ਕਰਨ ਦਾ ਆਰਡਰ ਮਿਲਿਆ ਸੀ। ਉਹ ਵੀ ਰੱਦ ਕਰ ਦਿੱਤਾ ਗਿਆ ਹੈ। ਜੰਗ ਕਾਰਨ ਕੱਚੇ ਮਾਲ ’ਚ ਲਾਈ ਰਕਮ ਫਸ ਗਈ ਹੈ। ਜੰਗ ਕਾਰਨ ਸਪਲਾਈ ਚੇਨ ਵੀ ਪ੍ਰਭਾਵਿਤ ਹੋ ਜਾਏਗੀ। ਨਵੇਂ ਆਰਡਰ ਵੀ ਹੁਣ ਨਹੀਂ ਮਿਲ ਰਹੇ ਹਨ। ਭਦੋਹੀ ਕਾਲੀਨ ਦੀ ਸਭ ਤੋਂ ਵੱਡੀ ਬੈਲਟ ਹੈ। ਉੱਥੇ ਹੀ ਵਾਰਾਣਸੀ ਰੇਸ਼ਮ ਦੇ ਕੱਪੜਿਆਂ ਤੋਂ ਇਲਾਵਾ ਰੇਸ਼ਮੀ ਸਾੜ੍ਹੀ ਦਾ ਹੱਬ ਹੈ। ਇੱਥੇ ਇਜ਼ਰਾਈਲ ਤੋਂ ਥੋਕ ’ਚ ਆਰਡਰ ਮਿਲਦੇ ਹਨ। ਇਨ੍ਹਾਂ ਦੇਸ਼ਾਂ ਤੋਂ ਹੁਣ ਸਿੱਧੇ ਤੌਰ ’ਤੇ ਆਰਡਰ ਮਿਲਣਾ ਬੰਦ ਹੋ ਗਿਆ ਹੈ। ਅਜਿਹੇ ’ਚ ਵਪਾਰੀਆਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ :  ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News