ਨਵੇਂ ਰੰਗ ''ਚ ਜਾਰੀ ਹੋਣਗੇ 10 ਰੁਪਏ ਦੇ ਨੋਟ, ਜਾਣੋ ਖਾਸ ਗੱਲਾਂ

Thursday, Jan 04, 2018 - 12:29 PM (IST)

ਨਵੇਂ ਰੰਗ ''ਚ ਜਾਰੀ ਹੋਣਗੇ 10 ਰੁਪਏ ਦੇ ਨੋਟ, ਜਾਣੋ ਖਾਸ ਗੱਲਾਂ

ਨਵੀਂ ਦਿੱਲੀ— ਵੱਡੇ ਨੋਟਾਂ ਦੇ ਬਾਅਦ ਹੁਣ ਜਲਦ 10 ਰੁਪਏ ਦੇ ਨੋਟ ਨਵੇਂ ਰੂਪ-ਰੰਗ 'ਚ ਜਾਰੀ ਹੋਣਗੇ। ਜਾਣਕਾਰੀ ਮੁਤਾਬਕ ਰਿਜ਼ਰਵ ਬੈਂਕ (ਆਰ. ਬੀ. ਆਈ.) ਜਲਦ ਹੀ 10 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਵਾਲਾ ਹੈ ਅਤੇ ਇਹ ਮਹਾਤਮਾ ਗਾਂਧੀ ਸੀਰੀਜ਼ ਦੇ ਹੀ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੋਟਾਂ ਦਾ ਰੰਗ ਚਾਕਲੇਟ ਬ੍ਰਾਊਨ (ਭੂਰਾ) ਹੋਵੇਗਾ। ਖਬਰਾਂ ਮੁਤਾਬਕ ਆਰ. ਬੀ. ਆਈ. 10 ਰੁਪਏ ਦੇ 100 ਕਰੋੜ ਨੋਟ ਛਾਪ ਚੁੱਕਾ ਹੈ। ਇਨ੍ਹਾਂ 'ਚ ਸੁਰੱਖਿਆ ਫੀਚਰਜ਼ ਨੂੰ ਵੀ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਅਗਸਤ 2017 'ਚ 50 ਰੁਪਏ ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਇਹ ਨੋਟ ਵੀ ਮਹਾਤਮਾ ਗਾਂਧੀ ਸੀਰੀਜ਼ ਦੇ ਹੀ ਸਨ। 
ਇਹ ਹਨ ਖਾਸ ਗੱਲਾਂ :-
* ਚਾਕਲੇਟ ਬ੍ਰਾਊਨ ਕਲਰ ਦੇ ਇਨ੍ਹਾਂ ਨੋਟਾਂ 'ਤੇ ਕੋਣਾਰਕ ਸੂਰਜ ਮੰਦਰ ਦੀ ਤਸਵੀਰ ਹੋਵੇਗੀ।
* 10 ਰੁਪਏ ਦੇ ਨਵੇਂ ਨੋਟਾਂ 'ਤੇ ਰਿਜ਼ਰਵ ਬੈਂਕ ਗਵਰਨਰ ਉਰਜਿਤ ਪਟੇਲ ਦੇ ਦਸਤਖਤ ਹੋਣਗੇ।
* ਨਵੇਂ ਨੋਟਾਂ 'ਤੇ ਨੰਬਰ ਪੈਨਲ ਦੇ ਇਨਸੈਟ 'ਚ ਅੰਗਰੇਜ਼ੀ ਦਾ ਵੱਡਾ 'ਐੱਲ' ਅੱਖਰ ਹੋਵੇਗਾ।
* ਇਨ੍ਹਾਂ ਨੋਟਾਂ ਦੇ ਡਿਜ਼ਾਇਨ ਨੂੰ ਪਿਛਲੇ ਹਫਤੇ ਹੀ ਸਰਕਾਰ ਵੱਲੋਂ ਮਨਜ਼ੂਰੀ ਮਿਲੀ ਹੈ। 
* ਪੁਰਾਣੇ 10 ਰੁਪਏ ਦੇ ਨੋਟਾਂ ਨੂੰ ਆਖਰੀ ਵਾਰ ਸਾਲ 2005 'ਚ ਨਵਾਂ ਡਿਜ਼ਾਇਨ ਦਿੱਤਾ ਗਿਆ ਸੀ।
ਛੋਟੇ ਨੋਟਾਂ ਦੀ ਸਪਲਾਈ ਵਧਾਉਣ 'ਤੇ ਜ਼ੋਰ
ਸਰਕਾਰ ਵੱਲੋਂ ਵੱਡੇ ਨੋਟਾਂ ਦੀ ਬਜਾਏ ਛੋਟੇ ਨੋਟਾਂ ਦੀ ਸਪਲਾਈ ਜ਼ਿਆਦਾ ਵਧਾਈ ਜਾ ਰਹੀ ਹੈ, ਤਾਂ ਕਿ ਲੋਕਾਂ ਨੂੰ ਵੱਡੇ ਨੋਟ ਤੜੋਨ 'ਚ ਕੋਈ ਸਮੱਸਿਆ ਨਾ ਆਵੇ। ਦੱਸਣਯੋਗ ਹੈ ਕਿ 8 ਨਵੰਬਰ ਨੂੰ ਰਾਤ 10 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਨਾਲ ਬਾਜ਼ਾਰ 'ਚ ਮੌਜੂਦ 86 ਫੀਸਦੀ ਕਰੰਸੀ ਬੇਕਾਰ ਹੋ ਗਈ ਸੀ। ਇਸ ਦੌਰਾਨ 2000 ਅਤੇ 500 ਰੁਪਏ ਦੇ ਵੱਡੇ ਨੋਟ ਜਾਰੀ ਕੀਤੇ ਗਏ ਸਨ। ਨੋਟਬੰਦੀ ਤੋਂ ਪਹਿਲਾਂ ਤਕ ਭਾਰਤ 'ਚ ਤਕਰੀਬਨ 95 ਫੀਸਦੀ ਲੈਣ-ਦੇਣ ਨਕਦੀ 'ਚ ਹੋ ਰਿਹਾ ਸੀ ਅਤੇ ਲਗਭਗ ਅੱਧੀ ਆਬਾਦੀ ਦੇ ਬੈਂਕ ਖਾਤੇ ਨਹੀਂ ਸਨ ਪਰ ਹੁਣ ਬਹੁਤ ਸਾਰੇ ਲੋਕ ਜ਼ਿਆਦਾਤਰ ਲੈਣ-ਦੇਣ ਡਿਜੀਟਲ ਤਰੀਕੇ ਨਾਲ ਕਰ ਰਹੇ ਹਨ। ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਗਈ 2016-17 ਦੀ ਸਾਲਾਨਾ ਰਿਪੋਰਟ 'ਚ ਇਹ ਸਾਹਮਣੇ ਆਇਆ ਸੀ ਕਿ ਬੰਦ ਕੀਤੇ ਗਏ 500 ਅਤੇ 1000 ਰੁਪਏ ਨੋਟਾਂ 'ਚੋਂ 99 ਫੀਸਦੀ ਵਾਪਸ ਬੈਂਕਾਂ 'ਚ ਜਮ੍ਹਾ ਹੋ ਗਏ। ਇਸ ਨਾਲ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਸੀ ਕਿਉਂਕਿ ਸਰਕਾਰ ਨੂੰ ਉਮੀਦ ਸੀ ਨੋਟਬੰਦੀ ਨਾਲ ਬਹੁਤ ਸਾਰੀ ਕਰੰਸੀ ਬੈਂਕਾਂ 'ਚ ਨਹੀਂ ਆਵੇਗੀ ਅਤੇ ਕਾਲਾ ਧਨ ਖਤਮ ਹੋ ਜਾਵੇਗਾ।


Related News