925 ਲੱਖ ਹੈਕਟੇਅਰ ''ਚ ਹੋਈ ਸਾਉਣੀ ਫਸਲਾਂ ਦੀ ਬੀਜਾਈ

Sunday, Aug 12, 2018 - 01:49 PM (IST)

925 ਲੱਖ ਹੈਕਟੇਅਰ ''ਚ ਹੋਈ ਸਾਉਣੀ ਫਸਲਾਂ ਦੀ ਬੀਜਾਈ

ਨਵੀਂ ਦਿੱਲੀ— ਪਿਛਲੇ ਹਫਤੇ ਦੇਸ਼ਭਰ 'ਚ ਬਾਰਿਸ਼ 'ਚ ਕਮੀ ਆਈ ਪਰ ਖਰੀਫ ਫਸਲਾਂ ਦੀ ਬੀਜਾਈ 'ਚ ਤਰੱਕੀ ਦਰਜ ਕੀਤੀ ਗਈ। ਪੂਰੇ ਦੇਸ਼ 'ਚ ਹੁਣ ਤੱਕ ਤਕਰੀਬਨ 925 ਲੱਖ ਹੈਕਟੇਅਰ ਖਰੀਫ ਫਸਲਾਂ ਦੀ ਬੀਜਾਈ ਹੋ ਚੁੱਕੀ ਹੈ। ਇਹ ਰਕਬਾ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਹੁਣ ਵੀ ਕਰੀਬ ਡੇਢ ਫ਼ੀਸਦੀ ਘੱਟ ਹੈ। ਹਾਲਾਂਕਿ ਇਕ ਹਫਤਾ ਪਹਿਲਾਂ ਖਰੀਫ ਫਸਲਾਂ ਦਾ ਰਕਬਾ ਕਰੀਬ 2 ਫ਼ੀਸਦੀ ਪੱਛੜਿਆ ਹੋਇਆ ਸੀ। ਕੇਂਦਰੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਕਲਿਆਣ ਮੰਤਰਾਲਾ ਵੱਲੋਂ ਜਾਰੀ ਫਸਲੀ ਸਾਲ 2018-19 ਦੇ ਖਰੀਫ ਸੀਜ਼ਨ ਦੇ ਬੀਜਾਈ ਹਫ਼ਤਾਵਾਰੀ ਅੰਕੜਿਆਂ ਅਨੁਸਾਰ ਦੇਸ਼ ਭਰ 'ਚ ਖਰੀਫ ਫਸਲਾਂ ਹੇਠਲਾ ਰਕਬਾ 924.76 ਲੱਖ ਹੈਕਟੇਅਰ ਹੈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਰਕਬੇ 938.66 ਲੱਖ ਹੈਕਟੇਅਰ ਤੋਂ 1.48 ਫ਼ੀਸਦੀ ਘੱਟ ਹੈ।
 

ਝੋਨੇ ਦੀ ਲੁਆਈ 'ਚ 2.85 ਫ਼ੀਸਦੀ ਦੀ ਕਮੀ
ਖਰੀਫ ਸੀਜ਼ਨ ਦੀ ਸਭ ਤੋਂ ਪ੍ਰਮੁੱਖ ਫਸਲ ਝੋਨੇ ਦੀ ਸੁਆਈ ਹੁਣ ਤੱਕ 307.78 ਲੱਖ ਹੈਕਟੇਅਰ 'ਚ ਹੋ ਚੁੱਕੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ ਝੋਨੇ ਹੇਠਲੇ ਰਕਬੇ 316.82 ਲੱਖ ਹੈਕਟੇਅਰ ਨਾਲੋਂ 2.85 ਫ਼ੀਸਦੀ ਘੱਟ ਹੈ। ਖਰੀਫ ਸੀਜ਼ਨ ਦੀਆਂ ਸਾਰੀਆਂ ਦਲਹਨ ਫਸਲਾਂ ਹੇਠਲਾ ਰਕਬਾ 124.15 ਲੱਖ ਹੈਕਟੇਅਰ ਦਰਜ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਹ 127.89 ਲੱਖ ਹੈਕਟੇਅਰ ਸੀ। ਦਲਹਨ ਫਸਲਾਂ ਹੇਠਲਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ 2.92 ਫ਼ੀਸਦੀ ਘੱਟ ਹੈ। 
 

ਮੋਟੇ ਅਨਾਜ ਦੀ ਬੀਜਾਈ ਦਾ ਰਕਬਾ 160.16 ਲੱਖ ਹੈਕਟੇਅਰ
ਮੋਟੇ ਅਨਾਜ ਦੀ ਬੀਜਾਈ ਦਾ ਰਕਬਾ 160.16 ਲੱਖ ਹੈਕਟੇਅਰ ਹੈ ਅਤੇ ਇਹ ਪਿਛਲੇ ਸਾਲ ਦੇ 165.58 ਲੱਖ ਹੈਕਟੇਅਰ ਤੋਂ 3.27 ਫ਼ੀਸਦੀ ਘੱਟ ਹੈ। ਤਿਲਹਨ ਫਸਲਾਂ ਦੀ ਬੀਜਾਈ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੋਈ ਹੈ। ਖਾਸ ਤੌਰ 'ਤੇ ਸੋਇਆਬੀਨ ਅਤੇ ਤਿਲ ਦੀ ਖੇਤੀ 'ਚ ਕਿਸਾਨਾਂ ਨੇ ਕਾਫ਼ੀ ਦਿਲਚਸਪੀ ਵਿਖਾਈ ਹੈ। ਸਾਰੀਆਂ ਤਿਲਹਨੀ ਫਸਲਾਂ ਹੇਠਲਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 5.27 ਫ਼ੀਸਦੀ ਵਧ ਕੇ 162.47 ਲੱਖ ਹੈਕਟੇਅਰ ਹੋ ਗਿਆ ਹੈ।
 

ਸੋਇਆਬੀਨ ਹੇਠਲੇ ਰਕਬੇ 'ਚ ਵਾਧਾ
ਸੋਇਆਬੀਨ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ 9.02 ਫ਼ੀਸਦੀ ਜ਼ਿਆਦਾ 110.72 ਲੱਖ ਹੈਕਟੇਅਰ ਹੈ। ਤਿਲਾਂ ਹੇਠਲਾ ਰਕਬਾ ਪਿਛਲੇ ਸਾਲ ਨਲੋਂ 11.98 ਫ਼ੀਸਦੀ ਵਧ ਕੇ 12.72 ਲੱਖ ਹੈਕਟੇਅਰ ਹੋ ਗਿਆ ਹੈ। ਉਥੇ ਹੀ ਗੰਨੇ ਹੇਠਲਾ ਰਕਬਾ ਪਿਛਲੇ ਸਾਲ ਦੇ 49.86 ਲੱਖ ਹੈਕਟੇਅਰ ਤੋਂ 1.48 ਫ਼ੀਸਦੀ ਵਧ ਕੇ 50.60 ਲੱਖ ਹੈਕਟੇਅਰ ਤੇ ਜੂਟ ਹੇਠਲਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 0.99 ਫ਼ੀਸਦੀ ਘਟ ਕੇ 6.99 ਲੱਖ ਹੈਕਟੇਅਰ ਰਹਿ ਗਿਆ ਹੈ। ਦੇਸ਼ ਦੇ ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ 'ਚ ਕਪਾਹ ਹੇਠਲਾ ਕੁਲ ਰਕਬਾ 112.60 ਲੱਖ ਹੈਕਟੇਅਰ ਦਰਜ ਕੀਤਾ ਗਿਆ ਹੈ।


Related News