‘ਇਰਫ਼ਾਨ’ ਦਾ ਜਾਣਾ ਉਦਾਸ ਕਰ ਗਿਆ

Monday, May 04, 2020 - 06:17 PM (IST)

‘ਇਰਫ਼ਾਨ’ ਦਾ ਜਾਣਾ ਉਦਾਸ ਕਰ ਗਿਆ

ਨਵੀਨ ਕਾਲੀਆ

ਸਿਹਤ ਵਿਭਾਗ ਦੇ ਇਕ ਅਹੁਦੇ ’ਤੇ ਕੰਮ ਕਰਦਿਆਂ ਅੱਜ ਕੱਲ੍ਹ ਕੋਰੋਨਾ ਖਿਲਾਫ ਚੱਲ ਰਹੀ ਜੰਗ ਕਾਰਨ ਮਸਰੂਫੀਅਤ ਜ਼ਿਆਦਾ ਹੈ। ਉਸ ਦਿਨ ਵੀ ਮੈਂ ਇਸ ਵਾਇਰਸ ਵਿਰੁੱਧ ਚੱਲ ਰਹੀਆਂ ਗਤੀਵਿਧੀਆਂ ਵਿਚ ਰੁਝਿਆ ਹੋਇਆ ਸੀ ਜਦ ਮੈਨੂੰ ਪਤਾ ਚੱਲਿਆ ਕਿ ਭਾਰਤੀ ਸਿਨੇਮਾ ਦਾ ਇਕ ਵਿਲੱਖਣ ਅਤੇ ਬੇਮਿਸਾਲ ਅਦਾਕਾਰ ਇਰਫਾਨ ਖਾਨ ਜ਼ਿੰਦਗੀ ਨਾਲ ਬੇਵਫਾਈ ਕਰਦਿਆਂ ਮੌਤ ਦੇ ਘਰ ਜਾ ਢੁੱਕਿਆ। ਇਹ ਖਬਰ ਸੁਣ ਕੇ ਮਨ ਬਹੁਤ ਜ਼ਿਆਦਾ ਉਦਾਸ ਹੋ ਗਿਆ ਪਰ ਵਿਭਾਗ ਪ੍ਰਤੀ ਜ਼ਿੰਮੇਵਾਰੀਆਂ ਕਾਰਨ ਮੈਂ ਆਪਣੇ ਕੰਮ ਵਿਚ ਮੁੜ ਰੁਝ ਗਿਆ ਪਰ ਕਿਤੇ ਨਾ ਕਿਤੇ ਇਸ ਆਲਾ ਦਰਜੇ ਦੇ ਅਦਾਕਾਰ ਦੇ ਜਾਣ ਦਾ ਮਲਾਲ ਜ਼ਰੂਰ ਹੋ ਰਿਹਾ ਸੀ । 

ਦੇਰ ਸ਼ਾਮ ਜਦ ਮੈਂ ਇਕਾਂਤ ਵਿਚ ਬੈਠਾ ਹੋਇਆ ਸੀ ਤਾਂ ਮੈਂ ਕੁਝ ਪਲ ਇਸ ਅਦਾਕਾਰ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਵਜੋਂ ਭੇਟ ਕੀਤੇ। '80 ਦੇ ਦਹਾਕੇ ਤੋਂ ਆਪਣੇ ਫਨ ਦਾ ਮੁਜ਼ਾਹਰਾ ਕਰ ਰਹੇ ਇਰਫਾਨ ਖਾਨ ਨੇ ਅਦਾਕਾਰੀ ਦੇ ਉਸ ਮੁਕਾਮ ਨੂੰ ਹਾਸਿਲ ਕੀਤਾ, ਜਿਸ ਨੂੰ ਪਾਉਣਾ ਕਈ ਕਲਾਕਾਰਾਂ ਦੀ ਤਮੰਨਾ ਹੁੰਦੀ ਹੈ। ਭਾਵੇਂ ਗੱਲ ਹੋਵੇ ਥੀਏਟਰ ਦੀ, ਫਿਰ ਛੋਟੇ ਪਰਦਾ ਦੀ ਜਾਂ ਫਿਰ ਸਿਲਵਰ ਸਕਰੀਨ ਦੀ,  ਇਰਫਾਨ ਨੇ ਆਪਣੀ ਕਲਾ ਰਾਹੀਂ ਆਪਣੇ ਕਦਰਦਾਨਾਂ ਦੀ ਫਹਿਰਿਸਤ ਵਿਚ ਹਮੇਸ਼ਾਂ ਵਾਧਾ ਹੀ ਕੀਤਾ। ਤਿਗਮਾਂਸ਼ੂ ਧੂਲੀਆ ਵਲੋਂ ਨਿਰਦੇਸ਼ਿਤ ਸਾਲ 2003 ਫ਼ਿਲਮ 'ਹਾਸਿਲ' ਦੇ ਵਿਚ ਰਣਵਿਜੇ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਇਰਫਾਨ ਨੇ ਆਪਣੀ ਹਰਫਨਮੌਲਾ ਅਦਾਕਾਰੀ ਰਾਹੀਂ ਦਰਸ਼ਕਾਂ ਤੇ ਮਨਾਂ ਵਿਚ ਇਕ ਵਿਲੱਖਣ ਸਥਾਨ ਸਥਾਪਤ ਕਰ ਲਿਆ। ਇਸ ਫਿਲਮ ਦੇ ਵਿਚ ਇਰਫਾਨ ਦੀ ਅਦਾਕਾਰੀ ਨੇ ਸਿਨੇਮਾ ਪ੍ਰੇਮੀਆਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ, ਸ਼ਾਇਦ ਮੈਂ ਵੀ ਉਨ੍ਹਾਂ ਵਿਚੋਂ ਇਕ ਸੀ।

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਵੀ ਖਬਰ - ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’

ਪੜ੍ਹੋ ਇਹ ਵੀ ਖਬਰ - ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’ 

ਇਸ ਫ਼ਿਲਮ ਤੋਂ ਬਾਅਦ ਇਰਫਾਨ ਦੀਆਂ ਫਿਲਮਾਂ ਬਾਰੇ ਮਨ ਦੇ ਵਿਚ ਉਤਸੁਕਤਾ ਅਤੇ ਉਡੀਕ ਬਣੀ ਰਹਿਣੀ। ਫੇਰ ਵਿਸ਼ਾਲ ਭਾਰਦਵਾਜ ਦੀ 'ਮਕਬੂਲ' ਦੌਰਾਨ ਨਾਮਵਰ ਥੀਏਟਰ ਆਰਟਿਸਟ ਅਤੇ ਅਦਾਕਾਰ ਪੰਕਜ ਕਪੂਰ ਦੇ ਨਾਲ ਵੀ ਇਰਫਾਨ ਦੀ ਅਦਾਕਾਰੀ ਕਾਬਿਲੇ ਤਾਰੀਫ਼ ਰਹੀ। ਇਸ ਅਦਾਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਫ਼ਿਲਮ ਦੀ ਸਟਾਰ ਕਾਸਟ ਵਿਚ ਇਰਫਾਨ ਦਾ ਨਾਂ ਫਿਲਮ ਦਾ ਕੱਦ ਅਤੇ ਵਜ਼ਨ ਦੋਵੇਂ ਹੀ ਸਿਲਵਰ ਸਕ੍ਰੀਨ ’ਤੇ ਵਧਾ ਦਿੰਦਾ ਸੀ। ਮੇਰੀਆਂ ਪਸੰਦੀਦਾ ਫ਼ਿਲਮਾਂ ਵਿਚੋਂ ਨੇਮਸੇਕ, ਲਾਈਫ ਇਨ ਮੈਟਰੋ, ਲੰਚ ਬਾਕਸ, ਪਾਨ ਸਿੰਘ ਤੋਮਰ, ਹਾਇਦਰ, ਲਾਈਫ਼ ਆਫ਼ ਪਾਈ, ਕਿੱਸਾ, ਜਜ਼ਬਾ, ਹਿੰਦੀ ਮੀਡੀਅਮ ਅਤੇ ਅੰਗਰੇਜ਼ੀ ਮੀਡੀਅਮ ਉਹ ਕੁਝ ਚੁਨਿੰਦਾ ਫਿਲਮਾਂ ਜਿਹੜੀਆਂ ਇਸ ਅਦਾਕਾਰ ਦੇ ਹੁਨਰ ਨੂੰ ਰਹਿੰਦੀ ਦੁਨੀਆਂ ਤੱਕ ਸਲਾਹੁੰਦੀਆਂ ਰਹਿਣਗੀਆਂ।

ਪੈਰੇਲਲ ਸਿਨੇਮਾ ਦੇ ਇਸ ਅਦਾਕਾਰ ਦਾ ਸਭ ਕੁਝ ਹੀ ਵਿਲੱਖਣ ਸੀ ਭਾਵੇਂ ਇਸ ਦੀ ਆਵਾਜ਼ ਦੀ ਗੱਲ ਕਰ ਲਈਏ, ਚਾਲ ਦੀ ਗੱਲ ਕਰ ਲਈਏ, ਡਾਇਲਾਗ ਡਲਿਵਰੀ ਤੇ ਜਾਂ ਫਿਰ ਅੱਖਾਂ ਦੀ ਤੱਕਣੀ ਦੀ। ਅਦਾਕਾਰੀ ਵਿਚ ਕਿਸੇ ਤਰ੍ਹਾਂ ਦੀ ਕੋਈ ਜਲਦਬਾਜ਼ੀ ਨਹੀਂ ਬੜੇ ਹੀ ਸਹਿਜ ਸੁਭਾਅ ਨਾਲ ਇਰਫਾਨ ਵਲੋਂ ਆਪਣੇ ਕਰੈਕਟਰ ਨੂੰ ਨਿਭਾਇਆ ਕੀ ਭਾਵੇਂ ਉਹ ਫਿਰ ਸੀਰੀਅਸ ਰੋਲ ਕਾਮੇਡੀ ਤਾਂ ਫਿਰ ਖਲਨਾਇਕ ਦੀ ਭੂਮਿਕਾ ’ਚੋਂ ਨਾ ਹੋਵੇ ।

ਇਰਫਾਨ ਦਾ ਸਿਨੇਮਾ ਮਨ ਨੂੰ ਸਕੂਨ ਅਤੇ ਅਨੰਦ ਦਿੰਦਾ ਹੈ ਅਤੇ ਇਸ ਕਲਾਕਾਰ ਦੇ ਜ਼ਿਕਰ ਤੋਂ ਬਿਨਾਂ ਭਾਰਤੀ ਸਿਨੇਮਾ ਦਾ ਇਤਿਹਾਸ ਹਮੇਸ਼ਾਂ ਹੀ ਅਧੂਰਾ ਰਹੇਗਾ। ਜੇਕਰ ਸਦੀ ਦੇ ਵਿਚ ਮਹਾਂ ਨਾਇਕ ਵੀ ਕੋਈ ਕੋਈ ਆਉਂਦਾ ਹੈ ਤਾਂ ਇਸ ਗੱਲ ਵਿਚ ਕੋਈ ਵੀ ਦੋ ਰਾਏ ਨਹੀਂ  ਕਿ ਇਰਫਾਨ ਵੀਂ ਰੋਜ਼ ਰੋਜ਼ ਨਹੀਂ ਜੰਮਦੇ।


author

rajwinder kaur

Content Editor

Related News