ਚੀਨ ’ਚ ਰੇਸਤਰਾਂ ਦੇ ਬੰਦ ਹੋਣ ਨਾਲ ਯੰਤਰ ਰੀਸਾਈਕਲ ਕਾਰੋਬਾਰ ਦੀ ਚਾਂਦੀ
Friday, Nov 03, 2023 - 01:55 PM (IST)
ਚੀਨ ਦੀ ਖ਼ਰਾਬ ਅਰਥਵਿਵਸਥਾ ਦਾ ਪਰਛਾਵਾਂ ਚੀਨ ਦੇ ਹਰ ਸੈਕਟਰ ’ਤੇ ਪੈਂਦਾ ਹੈ। ਰੇਸਤਰਾਂ ਅਤੇ ਫੂਡ ਸਰਵਿਸ ਉਦਯੋਗ ਵੀ ਇਸ ਤੋਂ ਅਛੂਤਾ ਨਹੀਂ ਹੈ। ਪਿਛਲੇ ਕੁਝ ਸਮੇਂ ’ਚ ਚੀਨ ਦੀ ਮੁੱਖ ਭੂਮੀ ’ਚ ਢੇਰ ਸਾਰੇ ਰੇਸਤਰਾਂ ਨੂੰ ਬੰਦ ਕਰਨਾ ਪਿਆ ਸੀ, ਇਸ ਦਾ ਕਾਰਨ ਸੀ ਕਿ ਇਹ ਰੇਸਤਰਾਂ ਜ਼ਿਆਦਾ ਗਾਹਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੇ, ਜਿਸ ਕਾਰਨ ਇਨ੍ਹਾਂ ਨੂੰ ਮੁਨਾਫਾ ਨਹੀਂ ਹੋ ਰਿਹਾ ਸੀ। ਇਸ ਸਮੇਂ ਚੀਨ ’ਚ 20 ਲੱਖ ਤੋਂ ਵੱਧ ਰੇਸਤਰਾਂ ਅਜਿਹੇ ਹਨ ਜੋ ਸਿਰਫ ਹਾਟ ਪਾਟ, ਠੰਡੇ ਪੀਣ ਵਾਲੇ ਪਦਾਰਥ ਅਤੇ ਬਾਰਬੀ ਕਿਊ ਦੀਆਂ ਸੇਵਾਵਾਂ ਹੀ ਦਿੰਦੇ ਹਨ। ਬਾਵਜੂਦ ਇਸ ਦੇ ਨਵੇਂ ਲੋਕ ਇਸ ਸੈਕਟਰ ’ਚ ਬੜੇ ਉਤਸ਼ਾਹ ਨਾਲ ਰੇਸਤਰਾਂ ਖੋਲ੍ਹਦੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਕੁਝ ਮਹੀਨਿਆਂ ਪਿੱਛੋਂ ਹੀ ਇਹ ਲੋਕ ਆਪਣਾ ਸ਼ਟਰ ਡੇਗ ਦਿੰਦੇ ਹਨ ਅਤੇ ਥੋੜ੍ਹੀ-ਬਹੁਤ ਕੀਮਤ ’ਚ ਆਪਣੇ ਰੇਸਤਰਾਂ ਦਾ ਸਾਮਾਨ ਨੁਕਸਾਨ ’ਚ ਵੇਚ ਕੇ ਚਲੇ ਜਾਂਦੇ ਹਨ। ਵੇਚਣ ਵਾਲੇ ਸਾਮਾਨ ’ਚ ਟੇਬਲ-ਕੁਰਸੀਆਂ, ਰੈਫਰੀਜਰੇਟਰ, ਗੈਸ ਦੇ ਚੁੱਲ੍ਹੇ ਅਤੇ ਥੋੜ੍ਹੇ-ਬਹੁਤ ਭਾਂਡੇ ਹੁੰਦੇ ਹਨ ਪਰ ਜਿੰਨਾ ਪੈਸਾ ਲਾ ਕੇ ਇਹ ਲੋਕ ਆਪਣਾ ਰੇਸਤਰਾਂ ਖੋਲ੍ਹਦੇ ਹਨ, ਉਸ ਨੂੰ ਬੰਦ ਕਰਦੇ ਸਮੇਂ ਇਨ੍ਹਾਂ ਨੂੰ ਸਾਮਾਨ ਵੇਚਣ ਨਾਲ ਜੋ ਪੈਸੇ ਮਿਲਦੇ ਹਨ, ਉਹ ਇੰਨੇ ਘੱਟ ਹੁੰਦੇ ਹਨ ਕਿ ਉਸ ’ਚ ਇਨ੍ਹਾਂ ਦੇ ਇਕ ਮਹੀਨੇ ਦਾ ਰਾਸ਼ਨ ਤੱਕ ਨਹੀਂ ਆਉਂਦਾ।
ਇਕ ਪਾਸੇ ਜਿੱਥੇ ਇਨ੍ਹਾਂ ਰੇਸਤਰਾਂ ਦੇ ਮਾਲਕਾਂ ਦਾ ਚੰਗਾ-ਭਲਾ ਨੁਕਸਾਨ ਹੁੰਦਾ ਹੈ ਤਾਂ ਉੱਥੇ ਕੁਝ ਅਜਿਹੇ ਲੋਕ ਵੀ ਹਨ ਜੋ ਇਨ੍ਹਾਂ ਕੋਲੋਂ ਸਸਤੇ ’ਚ ਸਾਮਾਨ ਖਰੀਦ ਕੇ ਉਸ ਨੂੰ ਦੂਜੇ ਰੇਸਤਰਾਂ ਖੋਲ੍ਹਣ ਵਾਲੇ ਲੋਕਾਂ ਨੂੰ 50 ਫੀਸਦੀ ਤੋਂ ਵੱਧ ਦੇ ਮੁਨਾਫੇ ’ਤੇ ਵੇਚ ਦਿੰਦੇ ਹਨ। ਇਨ੍ਹੀਂ ਦਿਨੀਂ ਰੀਸਾਈਕਲ ਕਰਨ ਵਾਲੇ ਕਾਰੋਬਾਰ ਬਹੁਤ ਵਧ-ਫੁੱਲ ਰਹੇ ਹਨ। ਰੇਸਤਰਾਂ ਦੇ ਸਾਮਾਨ ਤੇ ਯੰਤਰ ਨੂੰ ਰੀਸਾਈਕਲ ਕਰਨ ਵਾਲੇ ਲੋਕ ਇਨ੍ਹੀਂ ਦਿਨੀਂ ਬਹੁਤ ਚੰਗਾ ਕਾਰੋਬਾਰ ਕਰ ਰਹੇ ਹਨ ਕਿਉਂਕਿ ਆਮ ਤੌਰ ’ਤੇ ਹਰ ਮਹੀਨੇ ’ਚ ਉਨ੍ਹਾਂ ਕੋਲ ਲਗਭਗ 20 ਅਜਿਹੇ ਲੋਕ ਆਉਂਦੇ ਹਨ ਜੋ ਆਪਣਾ ਰੇਸਤਰਾਂ ਬੰਦ ਕਰਨਾ ਚਾਹੁੰਦੇ ਹਨ ਅਤੇ ਆਪਣਾ ਸਾਮਾਨ ਇਨ੍ਹਾਂ ਲੋਕਾਂ ਨੂੰ ਵੇਚ ਦਿੰਦੇ ਹਨ। ਬੀਜਿੰਗ, ਖਬੇਈ ਅਤੇ ਥਿਏਨਚਿਨ ਖੇਤਰ ’ਚ ਅਜਿਹੇ ਕੁਝ ਵਪਾਰੀ ਉਭਰਨ ਲੱਗੇ ਹਨ ਜਿਨ੍ਹਾਂ ਦਾ ਕੰਮ ਬਹੁਤ ਚੰਗਾ ਚੱਲ ਰਿਹਾ ਹੈ।
ਇਕ ਉਦਾਹਰਣ ਵਜੋਂ ਇਕ ਰੇਸਤਰਾਂ ਮਾਲਕ ਜਿਸ ਨੇ ਰਾਜਧਾਨੀ ਬੀਜਿੰਗ ’ਚ ਆਪਣਾ ਕਾਰੋਬਾਰ 2 ਲੱਖ 30 ਹਜ਼ਾਰ ਯੂਆਨ ਭਾਵ 25 ਲੱਖ ਰੁਪਏ ਦੇ ਯੰਤਰ ਖਰੀਦ ਕੇ ਸ਼ੁਰੂ ਕੀਤਾ ਸੀ, ਜਦ ਉਸ ਨੇ ਰੀਸਾਈਕਲ ਵਪਾਰੀ ਨੂੰ ਆਪਣੇ ਯੰਤਰ ਵੇਚੇ ਤਾਂ ਉਸ ਨੂੰ ਸਿਰਫ 1800 ਯੂਆਨ ਹੀ ਮਿਲੇ। ਰੀਸਾਈਕਲ ਕਰਨ ਵਾਲੇ ਵਪਾਰੀਆਂ ’ਚੋਂ ਇਕ, ਜਿਸ ਨੇ 5000 ਵਰਗ ਮੀਟਰ ’ਚ ਆਪਣੀ ਦੁਕਾਨ ਰਾਜਧਾਨੀ ਬੀਜਿੰਗ ’ਚ ਖੋਲ੍ਹੀ ਹੈ, ਉਸ ਦਾ ਵਪਾਰ ਇਨ੍ਹੀਂ ਦਿਨੀਂ ਬਹੁਤ ਚੰਗਾ ਚੱਲ ਰਿਹਾ ਹੈ। ਰੋਜ਼ਾਨਾ ਕੁਝ ਰੇਸਤਰਾਂ ਮਾਲਕ ਉਸ ਕੋਲੋਂ ਆਪਣੇ ਯੰਤਰਾਂ ਦੀ ਕੀਮਤ ਬਾਰੇ ਪੁੱਛਦੇ ਹਨ, ਜਿਸ ਨਾਲ ਉਹ ਜਲਦੀ ਹੀ ਆਪਣਾ ਰੇਸਤਰਾਂ ਬੰਦ ਕਰ ਕੇ ਕੁਝ ਹੋਰ ਕਰ ਸਕਣ ਅਤੇ ਆਪਣੇ ਨੁਕਸਾਨ ’ਤੇ ਰੋਕ ਲਾ ਸਕਣ। ਇਨ੍ਹਾਂ ’ਚੋਂ ਕੁਝ ਲੋਕ ਇਸ ਵਪਾਰੀ ਤੋਂ ਆਪਣੇ ਰੇਸਤਰਾਂ ਕਾਰੋਬਾਰ ’ਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਪੁੱਛਦੇ ਹਨ ਕਿ ਉਸ ਨੂੰ ਕਿਵੇਂ ਦੂਰ ਕੀਤਾ ਜਾਵੇ। ਹਾਲਾਂਕਿ ਅਜਿਹੇ ਵਪਾਰੀਆਂ ਦਾ ਧੰਦਾ ਰੇਸਤਰਾਂ ਮਾਲਕਾਂ ਦੇ ਨੁਕਸਾਨ ਨਾਲ ਚੱਲ ਰਿਹਾ ਹੈ ਪਰ ਇਨ੍ਹਾਂ ਵਪਾਰੀਆਂ ਨੂੰ ਰੇਸਤਰਾਂ ਮਾਲਕਾਂ ਦੇ ਹੋਣ ਵਾਲੇ ਨੁਕਸਾਨ ਨਾਲ ਹਮਦਰਦੀ ਜ਼ਰੂਰ ਹੁੰਦੀ ਹੈ। ਬੀਜਿੰਗ ’ਚ ਕੁਝ ਰੀਸਾਈਕਲ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਜੂਨ ਅਤੇ ਜੁਲਾਈ ਮਹੀਨੇ ’ਚ ਉਨ੍ਹਾਂ ਕੋਲ ਰੋਜ਼ਾਨਾ 25 ਰੇਸਤਰਾਂ ਮਾਲਕਾਂ ਦੇ ਫੋਨ ਆਉਂਦੇ ਸਨ ਜੋ ਆਪਣਾ ਰੇਸਤਰਾਂ ਬੰਦ ਕਰਨਾ ਚਾਹੁੰਦੇ ਸਨ ਅਤੇ ਇਨ੍ਹਾਂ ਕੋਲੋਂ ਆਪਣੇ ਰੇਸਤਰਾਂ ’ਚ ਪਏ ਪੁਰਾਣੇ ਯੰਤਰਾਂ ਦੇ ਭਾਅ ਪੁੱਛਦੇ ਸਨ।
ਜਦੋਂ ਤੋਂ ਚੀਨ ਦੀ ਅਰਥਵਿਵਸਥਾ ਬੈਠੀ ਹੈ, ਉਸ ਪਿੱਛੋਂ ਉੱਥੇ ਜੇ ਕੁਝ ਚੱਲ ਰਿਹਾ ਸੀ ਤਾਂ ਉਹ ਸੀ ਰੇਸਤਰਾਂ ਅਤੇ ਸੜਕ ਕਿਨਾਰੇ ਠੇਲੇ, ਖੋਮਚੇ ਲਾ ਕੇ ਖਾਣ-ਪੀਣ ਦੀਆਂ ਵਸਤੂਆਂ ਵੇਚਣ ਦਾ ਛੋਟਾ-ਮੋਟਾ ਕਾਰੋਬਾਰ, ਮੁਸੀਬਤ ਦੇ ਮਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣ ਕਾਰਨ ਉਨ੍ਹਾਂ ਲੋਕਾਂ ਨੇ ਜਦ ਇਸ ਦਾ ਫਾਇਦਾ ਦੇਖਿਆ ਤਾਂ ਸਾਰੇ ਲੋਕ ਇਸ ’ਚ ਕੁੱਦ ਪਏ, ਨਤੀਜਾ ਇਹ ਹੋਇਆ ਕਿ ਕੁਝ ਹੀ ਮਹੀਨੇ ’ਚ ਇਨ੍ਹਾਂ ਨੂੰ ਆਪਣਾ ਰੇਸਤਰਾਂ ਬੰਦ ਕਰਨਾ ਪਿਆ ਅਤੇ ਬਹੁਤ ਘੱਟ ਰੇਟਾਂ ’ਚ ਆਪਣੇ ਯੰਤਰ ਵੇਚਣੇ ਪਏ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਚੀਨ ’ਚ ਇਸ ਸਮੇਂ ਕਾਰੋਬਾਰੀ ਦਰ ਬਹੁਤ ਵੱਧ ਹੈ। ਲੋਕ ਆਪਣਾ ਪੈਸਾ ਬਹੁਤ ਸੋਚ ਸਮਝ ਕੇ ਖਰਚ ਕਰ ਰਹੇ ਹਨ, ਇਸ ਲਈ ਇਨ੍ਹਾਂ ਨੂੰ ਕੋਈ ਗਾਹਕ ਨਹੀਂ ਮਿਲ ਰਿਹਾ, ਜਿਸ ਦੀ ਘਾਟ ’ਚ ਇਨ੍ਹਾਂ ਨੂੰ ਰੇਸਤਰਾਂ ਬੰਦ ਕਰਨਾ ਪੈ ਰਿਹਾ ਹੈ।
ਇਨ੍ਹਾਂ ਲੋਕਾਂ ਨੂੰ ਉਹੀ ਰੇਸਤਰਾਂ ਮਾਲਕ ਆਪਣੇ ਯੰਤਰ ਵੇਚਦਾ ਹੈ ਜੋ ਆਪਣਾ ਰੇਸਤਰਾਂ ਖੁਦ ਨਹੀਂ ਚਲਾ ਸਕਦਾ ਅਤੇ ਆਪਣੇ ਰੇਸਤਰਾਂ ਨੂੰ ਕਿਸੇ ਦੂਜੇ ਨੂੰ ਕਿਰਾਏ ’ਤੇ ਨਹੀਂ ਦੇ ਸਕਦਾ। ਚਚਯਾਂਗ ਸੂਬੇ ਦੇ ਚਾਓਸ਼ਿੰਗ ਸ਼ਹਿਰ ਦੇ ਇਕ ਫ੍ਰੈਂਚਾਈਜ਼ੀ ਰੇਸਤਰਾਂ ਬ੍ਰਾਂਡ ਦੇ ਮੁਲਾਜ਼ਮ ਨੇ ਦੱਸਿਆ ਕਿ ਹਰ ਸਾਲ ਉਹ ਚੀਨ ਦੇ ਕਈ ਸ਼ਹਿਰਾਂ ’ਚ 300 ਰੇਸਤਰਾਂ ਬਰਾਂਚਾਂ ਖੋਲ੍ਹਦੇ ਹਨ ਪਰ ਉਨ੍ਹਾਂ ’ਚੋਂ ਸਿਰਫ 100 ਫੀਸਦੀ ਹੀ ਚੱਲਦੀਆਂ ਹਨ, ਬਾਕੀ ਸਭ ਬੰਦ ਹੋ ਗਈਆਂ ਹਨ। ਰੀਸਾਈਕਲ ਕਾਰੋਬਾਰ ਅੱਗੇ ਵਧਣ ਦੇ ਨਾਲ-ਨਾਲ ਇਸ ’ਚ ਵੀ ਮੁਕਾਬਲਾ ਵਧਦਾ ਜਾ ਰਿਹਾ ਹੈ। ਕਿੰਨੇ ਸਾਰੇ ਲੋਕ ਇਸ ਵਪਾਰ ’ਚ ਉਤਰ ਰਹੇ ਹਨ, ਜਿਸ ਨਾਲ ਪੁਰਾਣੇ ਵਪਾਰੀਆਂ ਦੇ ਕੰਮ ’ਤੇ ਬੁਰਾ ਅਸਰ ਪੈਣ ਲੱਗਾ ਹੈ।