‘ਦਿਮਾਗੀ ਨਕਸਲੀ’ ਸ਼ਬਦ ’ਤੇ ਹੰਗਾਮਾ ਕਿਉਂ?
Monday, Aug 17, 2026 - 05:57 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 80ਵੇਂ ਸੁਤੰਤਰਤਾ ਦਿਵਸ ’ਤੇ ਲਾਲ ਕਿਲੇ ਤੋਂ ਕੀਤੇ ਗਏ ਸੰਬੋਧਨ ’ਚ ਦੇਸ਼ ਦੇ ਵਰਤਮਾਨ, ਭਵਿੱਖ, ਵਿਕਸਿਤ ਭਾਰਤ ਦੇ ਟੀਚੇ, ਵਿਸ਼ਵ ਵਿਵਸਥਾ ਆਦਿ ਬਾਰੇ ਇੰਨੇ ਪਹਿਲੂ ਸਨ, ਜਿਨ੍ਹਾਂ ’ਤੇ ਲੰਮੇ ਸਮੇਂ ਤੱਕ ਚਰਚਾ ਹੋ ਸਕਦੀ ਹੈ ਪਰ ਉਨ੍ਹਾਂ ਦੀਆਂ ਕੁਝ ਗੱਲਾਂ ’ਤੇ ਜਿਹੋ ਜਿਹੀ ਤਿੱਖੀ ਪ੍ਰਤੀਕਿਰਿਆ ਅਤੇ ਉਬਾਲ ਦਿਸ ਰਿਹਾ ਹੈ, ਉਸ ’ਤੇ ਗੌਰ ਕਰਨਾ ਲਾਜ਼ਮੀ ਹੈ। ਸਭ ਤੋਂ ਵੱਧ ਵਿਰੋਧ ਉਨ੍ਹਾਂ ਵੱਲੋਂ ‘ਦਿਮਾਗੀ ਨਕਸਲੀ’ ਸ਼ਬਦ ਦੀ ਵਰਤੋਂ ਨੂੰ ਲੈ ਕੇ ਹੋ ਰਿਹਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਇੱਥੋਂ ਤੱਕ ਕਹਿ ਦਿੱਤਾ ਕਿ, ‘‘ਮੈਨੂੰ ਦਿਮਾਗੀ ਨਕਸਲੀ ਹੋਣ ’ਤੇ ਮਾਣ ਹੈ।’’ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਆਪਣੇ ਵਿਰੋਧੀਆਂ ਨੂੰ ਅਰਬਨ ਨਕਸਲ ਕਹਿੰਦੇ ਸਨ ਅਤੇ ਹੁਣ ਦਿਮਾਗੀ ਨਕਸਲ ਕਹਿ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਵਿਰੋਧੀਆਂ ਨੂੰ ਪਹਿਲਾਂ ਅਰਬਨ ਨਕਸਲ ਜਾਂ ਹੁਣ ਦਿਮਾਗੀ ਨਕਸਲ ਕਿਹਾ ਜਾਂਦਾ ਹੈ, ਉਨ੍ਹਾਂ ’ਚੋਂ ਕੁਝ ਮੰਗਾਂ ਜਾਂ ਵਿਚਾਰਾਂ ਨੂੰ ਸਰਕਾਰ ਬਾਅਦ ’ਚ ਸਵੀਕਾਰ ਕਰਦੀ ਰਹੀ ਹੈ। ਸੋਸ਼ਲ ਮੀਡੀਆ ’ਤੇ ਜਾਓਗੇ ਤਾਂ ਭਾਰੀ ਗਿਣਤੀ ’ਚ ਲੋਕ ਖ਼ੁਦ ਨੂੰ ਦਿਮਾਗੀ ਨਕਸਲੀ ਅਤੇ ਪਤਾ ਨਹੀਂ ਕੀ-ਕੀ ਕਹਿ ਰਹੇ ਹਨ। ਇਹ ਸਥਿਤੀ ਚਿੰਤਾ ਪੈਦਾ ਕਰਨ ਵਾਲੀ ਹੈ ਪਰ ਹੈਰਾਨ ਕਰਨ ਵਾਲੀ ਨਹੀਂ।
ਪਹਿਲਾਂ ਇਹ ਦੇਖੀਏ ਕਿ ਆਖ਼ਿਰ ਪ੍ਰਧਾਨ ਮੰਤਰੀ ਨੇ ਕਿਹਾ ਕੀ? ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਹਥਿਆਰਬੰਦ ਨਕਸਲੀ ਤਾਂ ਚਲੇ ਗਏ ਪਰ ਦਿਮਾਗੀ ਨਕਸਲੀ ਮੌਕੇ ਦੀ ਤਲਾਸ਼ ’ਚ ਹਨ। ਸਮਾਜ ਨੂੰ ਗਲਤ ਰਾਹ ’ਤੇ ਲਿਜਾਣ ਲਈ ਤਰ੍ਹਾਂ-ਤਰ੍ਹਾਂ ਦੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਜਿਹੇ ਲੋਕ ਹਿੰਸਾ, ਅਰਾਜਕਤਾ ਦੇ ਰਸਤੇ ਲੱਭ ਰਹੇ ਹਨ। ਇਨ੍ਹਾਂ ਦਿਮਾਗੀ ਨਕਸਲੀਆਂ ਨੂੰ ਪਛਾਣਨਾ ਹੋਵੇਗਾ। ਇਨ੍ਹਾਂ ਨੂੰ ਨੌਜਵਾਨਾਂ ਨੂੰ ਭਟਕਾਉਣ ਤੋਂ ਬਚਾਉਣਾ ਹੋਵੇਗਾ ਅਤੇ ਇਨ੍ਹਾਂ ਨੂੰ ਆਈਸੋਲੇਟ ਕਰਨਾ ਹੋਵੇਗਾ ਅਤੇ ਵਿਕਸਿਤ ਰਾਸ਼ਟਰ ਬਣਾਉਣ ਵੱਲ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਹੋਵੇਗਾ।’’
ਇਹ ਵੀ ਸੱਚ ਹੈ ਕਿ ਹੁਣ ਇਕ ਹੋਰ ਕਿਸਮ ਦੇ ਝੂਠ ਰਾਹੀਂ ਬਣਾਵਟੀ ਅਸੰਤੋਖ ਅਤੇ ਹਿੰਸਕ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ। ਉਦਾਹਰਣ ਲਈ ਹਾਲ ਹੀ ਦੇ ਕੁਝ ਅੰਦੋਲਨ ਦੇਖੋ। ਸਰਕਾਰ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ’ਚ ਧਾਰਮਿਕ ਤੌਰ ’ਤੇ ਸਤਾਏ ਗਏ ਗੈਰ-ਮੁਸਲਮਾਨਾਂ ਲਈ ਨਾਗਰਿਕਤਾ ਕਾਨੂੰਨ ’ਚ ਸੋਧ ਕੀਤੀ ਤਾਂ ਉਸ ਦੇ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ’ਚ ਧਰਨਾ ਸ਼ੁਰੂ ਹੋਇਆ। ਦੇਖਦਿਆਂ-ਦੇਖਦਿਆਂ ਦੇਸ਼ ਅਤੇ ਦੁਨੀਆ ’ਚ ਇਸ ਦਾ ਗ਼ਲਤ ਪ੍ਰਚਾਰ ਹੋਇਆ। ਧਰਨਾ ਸਥਲ ’ਤੇ ਸੜਕ ’ਤੇ ਪੱਕੇ ਨਿਰਮਾਣ ਕਰ ਦਿੱਤੇ ਗਏ। ਜੇਕਰ ਕੋਰੋਨਾ ਸੰਕਟ ਨਾ ਆਉਂਦਾ ਤਾਂ ਇਨ੍ਹਾਂ ਨੂੰ ਹਟਾਉਣਾ ਮੁਸ਼ਕਲ ਸੀ। ਇਸ ਦੇ ਕਾਰਨ ਹਿੰਸਾ ਹੋਈ ਅਤੇ ਅੰਤ ’ਚ ਦਿੱਲੀ ’ਚ ਦੰਗੇ ਤੱਕ ਹੋ ਗਏ। ਮੁਸਲਮਾਨਾਂ ਅਤੇ ਦੂਜੇ ਤੱਤਾਂ ਨੂੰ ਭੜਕਾਇਆ ਗਿਆ ਕਿ ਤੁਹਾਡੀ ਨਾਗਰਿਕਤਾ ਚਲੀ ਜਾਵੇਗੀ। ਅੱਜ ਤੱਕ ਕਿਸੇ ਦੀ ਨਾਗਰਿਕਤਾ ਨਹੀਂ ਗਈ। ਸਾਫ਼ ਹੈ ਕਿ ਇਸ ਦੇ ਪਿੱਛੇ ਦੇਸ਼ ’ਚ ਹਿੰਸਕ ਅਰਾਜਕਤਾ ਹੀ ਪੈਦਾ ਕਰਨ ਦੀ ਕੋਸ਼ਿਸ਼ ਸੀ। ਖੇਤੀ ਕਾਨੂੰਨ ਵਿਰੋਧੀ ਅੰਦੋਲਨ ਨੂੰ ਦੇਖ ਲਓ। ਉਸ ਅੰਦੋਲਨ ’ਚ ਅਸਲੀ ਕਿਸਾਨ ਵੀ ਸਨ ਪਰ ਅਰਾਜਕ ਤੱਤ ਭਾਰੀ ਰਹੇ। ਦਿੱਲੀ ਨੂੰ ਚਾਰੋਂ ਪਾਸਿਓਂ ਘੇਰਿਆ ਗਿਆ। 26 ਜਨਵਰੀ ਦੇ ਦਿਨ ਦਿੱਲੀ ਦੀਆਂ ਸੜਕਾਂ ’ਤੇ ਟਰੈਕਟਰ ਇੰਝ ਦੌੜ ਰਹੇ ਸਨ ਮੰਨੋ ਹਥਿਆਰਬੰਦ ਗੱਡੀਆਂ ਹੋਣ। ਭਾਰੀ ਗਿਣਤੀ ’ਚ ਲੋਕਾਂ ਨੇ ਲਾਲ ਕਿਲੇ ’ਤੇ ਚੜ੍ਹ ਕੇ ਪੁਲਸ ਵਾਲਿਆਂ ਨੂੰ ਧੱਕੇ ਦੇ ਕੇ ਹੇਠਾਂ ਡੇਗਿਆ। ਕਾਫ਼ੀ ਗਿਣਤੀ ’ਚ ਸਾਡੇ ਜਵਾਨ ਜ਼ਖ਼ਮੀ ਵੀ ਹੋਏ। ਇਕ ਕਿਸਾਨ ਨੇਤਾ ਨੇ ਬਾਅਦ ’ਚ ਕਿਹਾ ਕਿ ਥੋੜ੍ਹੀ ਜਿਹੀ ਗ਼ਲਤੀ ਹੋ ਗਈ, ਸੰਸਦ ਤੱਕ ਪਹੁੰਚ ਜਾਂਦੇ ਤਾਂ ਬੰਗਲਾਦੇਸ਼ ਉਸੇ ਦਿਨ ਦੁਹਰਾਅ ਦਿੰਦੇ।
ਤੁਸੀਂ ਇਸ ਕਿਸਮ ਦੇ ਵਿਚਾਰ ਅਤੇ ਵਿਵਹਾਰ ਨੂੰ ਕੀ ਕਹੋਗੇ? ਹੁਣੇ-ਹੁਣੇ ਕਾਕਰੋਚ ਜਨਤਾ ਪਾਰਟੀ ਦੇ ਬੈਨਰ ਹੇਠ ਦਿੱਲੀ ਦੇ ਜੰਤਰ-ਮੰਤਰ ’ਤੇ ਧਰਨਾ ਪ੍ਰਦਰਸ਼ਨ ਹੋਇਆ। ਉੱਥੇ ਨਾਅਰੇ ਕੀ ਲੱਗ ਰਹੇ ਸਨ? ਕੋਈ ਆਜ਼ਾਦੀ ਦੇ ਨਾਅਰੇ ਲਾ ਰਿਹਾ ਸੀ, ਕੋਈ 370 ਹਟਾਉਣ ਦਾ ਵਿਰੋਧ, ਕੋਈ ਸ਼ਰਜੀਲ ਇਮਾਮ ਦੀ ‘ਚਿਕਨ ਨੈੱਕ’ ਨੂੰ ਕੱਟਣ ਦਾ ਸਮਰਥਨ ਕਰ ਰਿਹਾ ਸੀ ਤਾਂ ਕੋਈ ‘ਮੇਰਾ ਲਿੰਗ ਮੇਰਾ ਅਧਿਕਾਰ’ ਤਾਂ ਕੋਈ ਸਮਲਿੰਗਤਾ ਨੂੰ ਲੈ ਕੇ ਝੰਡਾ ਚੁੱਕੀ ਬੈਠਾ ਸੀ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਲਈ ਸ਼ਬਦਾਂ ਦੀ ਵਰਤੋਂ ਹੋਈ ਅਤੇ ਜਿਹੋ ਜਿਹੇ ਪੋਸਟਰ ਦਿਖਾਏ ਗਏ, ਉਨ੍ਹਾਂ ਨਾਲ ਸ਼ਰਮ ਨਾਲ ਸਿਰ ਝੁਕ ਜਾਵੇ। ਉਸ ਅੰਦੋਲਨ ’ਚ ਅਜਿਹੇ ਤੱਤ ਸ਼ਾਮਲ ਸਨ, ਜੋ ਚਿਹਰਾ ਢੱਕ ਕੇ ਪੱਥਰਬਾਜ਼ੀ ਕਰ ਰਹੇ ਸਨ, ਪੁਲਸ ਦੀਆਂ ਗੱਡੀਆਂ ਤੋੜ ਰਹੇ ਸਨ, ਪੁਲਸ ਨਾਲ ਮੁਕਾਬਲਾ ਕਰ ਰਹੇ ਸਨ ਅਤੇ ਅੰਤ ’ਚ ਸੰਸਦ ਮਾਰਚ ਦੇ ਨਾਂ ’ਤੇ ਸੰਸਦ ਦੀ ਦੀਵਾਰ ਤੱਕ ਪਹੁੰਚ ਗਏ।
ਇਹ ਸਭ ਗੁੱਝੇ ਰੂਪ ’ਚ ਮਾਓਵਾਦ ਅਤੇ ਨਕਸਲਵਾਦ ਹੀ ਹੈ। ਆਖ਼ਿਰ ਮੱਲਿਕਾਰਜੁਨ ਖੜਗੇ ਵਰਗੇ ਕਾਂਗਰਸ ਪ੍ਰਧਾਨ ਅਤੇ ਉਨ੍ਹਾਂ ਦਾ ਪੁੱਤਰ ਜੇਕਰ ਸਨਾਤਨ ਦਾ ਵਿਰੋਧ ਕਰਦੇ ਹਨ ਤਾਂ ਇਸ ਦਾ ਕੀ ਅਰਥ ਕੱਢਿਆ ਜਾਵੇ? ਤ੍ਰਾਸਦੀ ਦੇਖੋ ਕਿ ਅੱਜਕੱਲ ਇਹ ਸਭ ਕਹਿੰਦੇ ਹਨ ਕਿ ਅਸੀਂ ਵੀ ਹਿੰਦੂ ਹਾਂ ਅਤੇ ਹਿੰਦੂ ਧਰਮ ’ਤੇ ਸਾਡਾ ਵੀ ਵਿਸ਼ਵਾਸ ਹੈ ਅਤੇ ਉਸ ਰੂਪ ’ਚ ਗੱਲਾਂ ਕੀਤੀਆਂ ਜਾਂਦੀਆਂ ਹਨ। ਰਾਹੁਲ ਗਾਂਧੀ ਨੇ ਤਾਂ ਫੈਜ਼ਾਬਾਦ ਲੋਕ ਸਭਾ ਚੋਣ ਨਤੀਜੇ ਤੋਂ ਬਾਅਦ ਕਹਿ ਦਿੱਤਾ ਕਿ ਅਸੀਂ ਅਯੁੱਧਿਆ ਅੰਦੋਲਨ ਨੂੰ ਹੀ ਹਰਾ ਦਿੱਤਾ।
ਸਨਾਤਨ ਨੂੰ ਡੇਂਗੂ, ਮਲੇਰੀਆ, ਵਿਸ਼ਾਣੂ ਕਹਿਣ ਵਾਲੇ ਵਿਰੁੱਧ ਇਕ ਸ਼ਬਦ ਨਹੀਂ। ਕੁਝ ਕਰਮਚਾਰੀਆਂ ਵੱਲੋਂ ਸ਼੍ਰੀ ਰਾਮ ਮੰਦਰ ਚੜ੍ਹਾਵੇ ਦੀ ਚੋਰੀ ਜਿਹੇ ਘਟੀਆ ਅਪਰਾਧ ਅਤੇ ਪਾਪ ਨੂੰ ਇੰਝ ਪੇਸ਼ ਕੀਤਾ ਗਿਆ ਜਿਵੇਂ ਸ਼੍ਰੀ ਰਾਮ ਮੰਦਰ ਲਈ ਕੰਮ ਕਰਨ ਵਾਲੀਆਂ ਪਾਰਟੀਆਂ ਅਤੇ ਸੰਗਠਨਾਂ ਨੇ ਲੁੱਟ ਮਚਾਈ ਹੋਈ ਹੋਵੇ। ਇਹ ਸਭ ਵਿਚਾਰ ਲੋਕਾਂ ’ਚ ਸਿਰਫ ਗੁੱਸਾ ਅਤੇ ਅੱਤਵਾਦੀ ਭਾਵ ਹੀ ਪੈਦਾ ਨਹੀਂ ਕਰਦੇ, ਸਗੋਂ ਮੰਦਰ ਅਤੇ ਧਰਮ ’ਚ ਆਸਥਾ ’ਤੇ ਵੀ ਸੱਟ ਮਾਰਦੇ ਹਨ।
ਹੈਰਾਨੀ ਦੀ ਗੱਲ ਹੈ ਕਿ ਆਪਣੇ ਕਾਰਜਕਾਲ ’ਚ ਨਕਸਲਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੀ ਬਾਰੂਦੀ ਸੁਰੰਗ ਨਾਲ ਹੱਤਿਆ ਜਾਂ ਫਿਰ ਛੱਤੀਸਗੜ੍ਹ ’ਚ ਕਾਂਗਰਸ ਦੇ ਵੱਧ ਤੋਂ ਵੱਧ ਸੀਨੀਅਰ ਨੇਤਾਵਾਂ ਨੂੰ ਇਕ ਹੀ ਦਿਨ ’ਚ ਖ਼ਤਮ ਕਰਨ ਜਿਹੀਆਂ ਘਟਨਾਵਾਂ ਤੋਂ ਬਾਅਦ ਜਿਸ ਨਕਸਲਵਾਦ ਨੂੰ ਚਿਦਾਂਬਰਮ ਨੇ ਅੱੱਤਵਾਦ ਦੀ ਸੰਗਿਆ ਦੇ ਕੇ ਉਸ ਦਾ ਮੂਲੋਂ ਨਾਸ਼ ਕਰਨ ਦਾ ਸੰਕਲਪ ਲਿਆ ਸੀ, ਉਹ ਅੱਜ ਅਜਿਹੀਆਂ ਗੱਲਾਂ ਬੋਲ ਰਹੇ ਹਨ। ਵਿਰੋਧੀ ਪ੍ਰਧਾਨ ਮੰਤਰੀ ਨੂੰ ਕੁਝ ਵੀ ਕਹਿਣ ਪਰ ਉਨ੍ਹਾਂ ਦੀ ਚਿਤਾਵਨੀ ਸੱਚ ਹੈ ਕਿ ਮਾਨਸਿਕ ਨਕਸਲੀਆਂ ਤੋਂ ਭਾਰਤ ਨੂੰ ਹਰ ਦ੍ਰਿਸ਼ਟੀ ਤੋਂ ਸੁਰੱਖਿਅਤ ਰੱਖਣ ਲਈ ਚੌਕਸ ਅਤੇ ਸੁਚੇਤ ਰਹਿਣਾ ਹੋਵੇਗਾ। ਅਸੀਂ ਵਿਸ਼ਵ ਸ਼ਕਤੀ ਬਣਨਾ ਹੈ ਤਾਂ ਇਨ੍ਹਾਂ ਤੱਤਾਂ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਬਾਹਰ ਕਰਨਾ ਹੀ ਹੋਵੇਗਾ। ਇਹ ਸੰਘਰਸ਼ ਜ਼ਿਆਦਾ ਔਖਾ ਹੈ।
