ਆਰਥਿਕ ਮੰਦੀ ਦੀ ਸੱਚਾਈ ਤੋਂ ਮੂੰਹ ਕਿਉਂ ਮੋੜ ਰਹੀ ਹੈ ਸਰਕਾਰ

08/22/2019 7:02:46 AM

ਯੋਗੇਂਦਰ ਯਾਦਵ
ਕੀ ਦੇਸ਼ ਆਰਥਿਕ ਮੰਦੀ ਵੱਲ ਵਧ ਰਿਹਾ ਹੈ? ਹੁਣ ਇਸ ਸਵਾਲ ਨੂੰ ਹੋਰ ਨਹੀਂ ਟਾਲਿਆ ਜਾ ਸਕਦਾ। ਜਿਥੇ ਪੂਰਾ ਦੇਸ਼ ਇਕ ਪਾਸੇ ਜੰਮੂ-ਕਸ਼ਮੀਰ ਦੇ ਸਵਾਲ ’ਤੇ ਉਲਝਿਆ ਹੋਇਆ ਹੈ, ਉਥੇ ਹੀ ਅਰਥ ਵਿਵਸਥਾ ਹੌਲੀ-ਹੌਲੀ ਹੇਠਾਂ ਖਿਸਕਦੀ ਜਾ ਰਹੀ ਹੈ। ਪਹਿਲਾਂ ਜੋ ਛੋਟੀ ਸਮੱਸਿਆ ਲੱਗਦੀ ਸੀ, ਹੁਣ ਉਹ ਇਕ ਵੱਡੇ ਸੰਕਟ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਹੁਣੇ ਜਿਹੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਦੇਸ਼ ਨੂੰ ਚਿਤਾਵਨੀ ਦਿੱਤੀ ਕਿ ਆਰਥਿਕ ਮੰਦੀ ਦੇ ਲੱਛਣ ਚਿੰਤਾਜਨਕ ਹਨ, ਇਸ ’ਤੇ ਛੇਤੀ ਹੀ ਕੁਝ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਰਾਜਨ ਉਹ ਅਰਥ ਸ਼ਾਸਤਰੀ ਹਨ, ਜਿਨ੍ਹਾਂ ਨੇ ਪੂਰੀ ਦੁਨੀਆ ’ਚ 2008 ਦੀ ਮੰਦੀ ਦੀ ਸਮਾਂ ਰਹਿੰਦਿਆਂ ਭਵਿੱਖਬਾਣੀ ਕਰ ਕੇ ਪ੍ਰਸਿੱਧੀ ਖੱਟੀ ਸੀ, ਇਸ ਲਈ ਉਨ੍ਹਾਂ ਦੀ ਚਿਤਾਵਨੀ ’ਤੇ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਕੁਝ ਦਿਨਾਂ ਤੋਂ ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਤੋਂ ਬੁਰੀ ਖਬਰ ਆ ਰਹੀ ਹੈ। ਆਟੋ ਉਦਯੋਗ ’ਚ ਮੰਦੀ ਅਤੇ ਮਜ਼ਦੂਰਾਂ ਦੀ ਛਾਂਟੀ ਦੀ ਖਬਰ ਤਾਂ ਹੁਣ ਆਮ ਹੋ ਗਈ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਰਾਹੁਲ ਬਜਾਜ ਵਰਗੇ ਉਦਯੋਗਪਤੀ ਨੂੰ ਖੁੱਲ੍ਹ ਕੇ ਕਹਿਣਾ ਪਿਆ ਕਿ ਅਰਥ ਵਿਵਸਥਾ ’ਚ ਮੰਗ ਨਹੀਂ ਹੈ, ਨਿਵੇਸ਼ ਨਹੀਂ ਹੈ, ਫਿਰ ਵਿਕਾਸ ਕਿੱਥੋਂ ਹੋਵੇਗਾ। ਕਿਸਾਨ ਸੰਗਠਨ ਅਤੇ ਡੇਅਰੀ ਉਤਪਾਦਕ ਵੀ ਕਾਫੀ ਸਮੇਂ ਤੋਂ ਆਪਣੀ ਬਦਹਾਲੀ ਦਾ ਰੋਣਾ ਰੋ ਰਹੇ ਹਨ। ਹੁਣ ਕੱਪੜਾ ਉਤਪਾਦਕਾਂ ਨੇ ਵੀ ਬਕਾਇਦਾ ਇਸ਼ਤਿਹਾਰ ਦੇ ਕੇ ਕਿਹਾ ਹੈ ਕਿ ਕੱਪੜਾ ਖੇਤਰ ’ਚ ਹਾਲਾਤ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਪ੍ਰਾਪਰਟੀ ਦਾ ਧੰਦਾ ਵੀ ਕਈ ਸਾਲਾਂ ਤੋਂ ਮੰਦਾ ਚੱਲ ਰਿਹਾ ਹੈ। ਨੋਟਬੰਦੀ ਦੇ ਸਮੇਂ ਤੋਂ ਰਿਟੇਲ ਵਪਾਰੀ ਆਪਣਾ ਧੰਦਾ ਠੱਪ ਹੋਣ ਦੀ ਸ਼ਿਕਾਇਤ ਕਰਦੇ ਆ ਰਹੇ ਹਨ।

ਆਰਥਿਕ ਵਾਧਾ ਦਰ ’ਚ ਕਮੀ

ਫਿਰ ਵੀ ਲੋਕਾਂ ਦੀ ਕਹੀ-ਸੁਣੀ ਗੱਲ ’ਤੇ ਭਰੋਸਾ ਕਰਨ ਦੀ ਬਜਾਏ ਅੰਕੜਿਆਂ ਦੇ ਆਧਾਰ ’ਤੇ ਆਪਣੀ ਰਾਇ ਬਣਾਉਣੀ ਚਾਹੀਦੀ ਹੈ। ਹੁਣੇ ਜਿਹੇ ਕਈ ਅੰਕੜੇ ਸਾਹਮਣੇ ਆਏ ਹਨ, ਜੋ ਮੰਦੀ ਦੇ ਡਰ ਦੀ ਪੁਸ਼ਟੀ ਕਰਦੇ ਹਨ। ਹਰੇਕ ਤਿੰਨ ਮਹੀਨਿਆਂ ਬਾਅਦ ਸਰਕਾਰ ਅਰਥ ਵਿਵਸਥਾ ਦੇ ਅੰਕੜੇ ਜਾਰੀ ਕਰਦੀ ਹੈ। ਪਿਛਲੇ 9 ਮਹੀਨਿਆਂ ਤੋਂ ਇਨ੍ਹਾਂ ਅੰਕੜਿਆਂ ਦੇ ਹਿਸਾਬ ਨਾਲ ਸਾਡੀ ਆਰਥਿਕ ਵਾਧਾ ਦਰ ਘਟਦੀ ਜਾ ਰਹੀ ਹੈ। ਸਾਡੀ ਅਰਥ ਵਿਵਸਥਾ ਜੋ ਕਦੇ 9-10 ਫੀਸਦੀ ਦੀ ਰਫਤਾਰ ਨਾਲ ਵਧ ਰਹੀ ਸੀ, ਹੁਣ 5.8 ਫੀਸਦੀ ’ਤੇ ਆ ਪਹੁੰਚੀ ਹੈ। ਪਿਛਲੇ 20 ਸਾਲਾਂ ’ਚ ਅਜਿਹਾ ਪਹਿਲਾਂ ਸਿਰਫ 2 ਵਾਰ ਹੋਇਆ ਹੈ ਕਿ ਲਗਾਤਾਰ ਤਿੰਨ ਤਿਮਾਹੀਆਂ ’ਚ ਵਾਧਾ ਦਰ ਘਟੀ ਹੋਵੇ। ਜੇ ਪਿਛਲੇ ਸਾਲ ਭਾਵ 2018 ’ਚ ਜਨਵਰੀ ਤੋਂ ਮਾਰਚ ਦੀ ਤਿਮਾਹੀ ਅਤੇ ਇਸ ਸਾਲ ਇਨ੍ਹਾਂ ਹੀ ਤਿੰਨ ਮਹੀਨਿਆਂ ਦੀ ਆਪਸ ’ਚ ਤੁਲਨਾ ਕਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਲਗਭਗ ਸਾਰੇ ਅਹਿਮ ਖੇਤਰਾਂ ’ਚ ਅਰਥ ਵਿਵਸਥਾ ਵਿਚ ਮੰਦੀ ਆਈ ਹੈ। ਕਾਰਾਂ ਦੀ ਵਿਕਰੀ ’ਚ ਪਿਛਲੀ ਵਾਰ 18 ਫੀਸਦੀ ਦਾ ਵਾਧਾ ਹੋਇਆ ਸੀ, ਜਦਕਿ ਇਸ ਵਾਰ 23 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਕੂਟਰਾਂ ਅਤੇ ਹੋਰ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਵੀ ਪਿਛਲੀ ਵਾਰ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜਦਕਿ ਇਸ ਵਾਰ ਇਸ ’ਚ 12 ਫੀਸਦੀ ਦੀ ਗਿਰਾਵਟ ਆਈ ਹੈ। ਨਿੱਤ ਵਰਤੋਂ ਵਾਲੇ ਖਪਤਕਾਰ ਮਾਲ ਦੀ ਵਿਕਰੀ ’ਚ ਪਿਛਲੀ ਵਾਰ 12 ਫੀਸਦੀ ਵਾਧਾ ਹੋਇਆ ਸੀ, ਜਦਕਿ ਇਸ ਵਾਰ ਸਿਰਫ 5 ਫੀਸਦੀ ਦਾ ਵਾਧਾ ਹੋਇਆ ਹੈ।

ਨਿਵੇਸ਼ ’ਚ ਵੀ ਇਹੋ ਰੁਝਾਨ

ਇਹੋ ਰੁਝਾਨ ਨਿਵੇਸ਼ ’ਚ ਵੀ ਦੇਖਿਆ ਜਾ ਸਕਦਾ ਹੈ। ਪਿਛਲੇ ਸਾਲ ਪਹਿਲੀ ਤਿਮਾਹੀ ’ਚ ਨਵੇਂ ਨਿਵੇਸ਼ ਪ੍ਰਾਜੈਕਟ ਦੀ ਰਕਮ ’ਚ 13 ਫੀਸਦੀ ਦਾ ਵਾਧਾ ਹੋਇਆ, ਜਦਕਿ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਇਸ ਵਿਚ 80 ਫੀਸਦੀ ਦੀ ਕਮੀ ਆਈ। ਮੰਦੀ ਦਾ ਮੁਕਾਬਲਾ ਕਰਨ ’ਚ ਸਰਕਾਰੀ ਖਰਚ ਦੀ ਭੂਮਿਕਾ ਅਹਿਮ ਹੁੰਦੀ ਹੈ ਪਰ ਇਸ ’ਚ ਵੀ ਕਮਜ਼ੋਰੀ ਆਈ ਹੈ। ਪਿਛਲੇ ਸਾਲ ਦੀ ਪਹਿਲੀ ਤਿਮਾਹੀ ’ਚ ਸਰਕਾਰ ਦੀ ਟੈਕਸਾਂ ਤੋਂ ਆਮਦਨ 22 ਫੀਸਦੀ ਵਧੀ ਸੀ ਪਰ ਇਸ ਸਾਲ 1.5 ਫੀਸਦੀ ਹੀ ਵਧੀ। ਦਰਾਮਦ-ਬਰਾਮਦ ਦਾ ਫਰਕ ਪਿਛਲੀ ਵਾਰ 15 ਫੀਸਦੀ ਵਧਿਆ ਸੀ, ਜਦਕਿ ਇਸ ਵਾਰ 1 ਫੀਸਦੀ ਘਟਿਆ ਹੈ।

ਸਾਰੇ ਅੰਕੜਿਆਂ ਨੂੰ ਦੇਖਣ ਤੋਂ ਬਾਅਦ ਕਹਿ ਸਕਦੇ ਹਾਂ ਕਿ ਮੰਦੀ ਆਉਣ ਦੀ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਹੋ ਰੁਝਾਨ ਦੋ ਤਿਮਾਹੀਆਂ ਤਕ ਹੋਰ ਚੱਲਿਆ ਤਾਂ ਇਹ ਪਿਛਲੇ ਤਿੰਨ ਦਹਾਕਿਆਂ ਦੀ ਸਭ ਤੋਂ ਗੰਭੀਰ ਸਥਿਤੀ ਹੋਵੇਗੀ।

ਮੰਦੀ ਨਾਲ ਨਜਿੱਠਿਆ ਜਾ ਸਕਦਾ ਹੈ ਪਰ ਉਸ ਦੇ ਲਈ ਸਭ ਤੋਂ ਪਹਿਲਾਂ ਇਸ ਹਕੀਕਤ ਨੂੰ ਮੰਨਣਾ ਪਵੇਗਾ ਕਿ ਮੰਦੀ ਆਈ ਹੈ ਪਰ ਬਦਕਿਸਮਤੀ ਨਾਲ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ। ਉਹ ਤਾਂ ਬੁਖਾਰ ਦਾ ਇਲਾਜ ਕਰਨ ਦੀ ਬਜਾਏ ਥਰਮਾਮੀਟਰ ਤੋੜਨ ਵੱਲ ਧਿਆਨ ਦੇ ਰਹੀ ਹੈ। ਭਾਰਤ ਦੇ ਅੰਕੜਾ ਵਿਭਾਗ ਦੀ ਇਹ ਪ੍ਰਾਪਤੀ ਰਹੀ ਹੈ ਕਿ ਦੁਨੀਆ ਭਰ ’ਚ ਉਸ ਦੇ ਅੰਕੜਿਆ ਦੀ ਸਾਖ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਜੀ. ਡੀ. ਪੀ. ਦੇ ਅੰਕੜਿਆਂ ’ਚ ਹੇਰ-ਫੇਰ ਕਰ ਰਹੀ ਹੈ। ਬੇਰੋਜ਼ਗਾਰੀ ਬਾਰੇ ਸਰਵੇਖਣ ਦੇ ਅੰਕੜਿਆਂ ਨੂੰ ਦਬਾਇਆ ਗਿਆ ਹੈ। ਖੁਦ ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਣੀਅਨ ਦਾ ਮੰਨਣਾ ਹੈ ਕਿ ਭਾਰਤ ਦੀ ਜੀ. ਡੀ. ਪੀ. ਘੱਟੋ-ਘੱਟ ਦੋ ਤੋਂ ਢਾਈ ਫੀਸਦੀ ਵਧਾ ਕੇ ਦਿਖਾਈ ਜਾ ਰਹੀ ਹੈ।

ਅਜਿਹੀ ਸਥਿਤੀ ’ਚ ਡੂੰਘੀ ਚਿੰਤਾ ਦੀ ਇਕ ਗੱਲ ਇਹ ਵੀ ਹੈ ਕਿ ਸਾਰੇ ਚੰਗੇ ਅਰਥ ਸ਼ਾਸਤਰੀ ਹੌਲੀ-ਹੌਲੀ ਇਸ ਸਰਕਾਰ ਨੂੰ ਛੱਡ ਕੇ ਜਾ ਰਹੇ ਹਨ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ’ਚ ਰਘੂਰਾਮ ਰਾਜਨ ਗਏ ਤੇ ਫਿਰ ਉਰਜਿਤ ਪਟੇਲ ਵੀ ਰਸਤੇ ’ਚ ਛੱਡ ਕੇ ਚਲੇ ਗਏ, ਅਰਵਿੰਦ ਸੁਬਰਾਮਣੀਅਨ ਨੇ ਵੀ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਸਰਕਾਰ ਨੂੰ ਛੱਡ ਦਿੱਤਾ ਅਤੇ ਹੁਣ ਆਰਥਿਕ ਸਲਾਹਕਾਰ ਕਮੇਟੀ ਦੇ ਮੁਖੀ ਵਿਵੇਕ ਦੇਬਰਾਏ ਵੀ ਛੱਡਣ ਲਈ ਤਿਆਰ ਬੈਠੇ ਹਨ।

ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸਤ ਦੇ ਮਾਹਿਰ ਖਿਡਾਰੀ ਹਨ ਅਤੇ ਜਿਵੇਂ ਚਾਹੁੰਦੇ ਹਨ, ਉਹੋ ਜਿਹੇ ਨਤੀਜੇ ਹਾਸਲ ਕਰ ਸਕਦੇ ਹਨ ਪਰ ਅਰਥ ਸ਼ਾਸਤਰ ਇਕ ਬਿਲਕੁਲ ਵੱਖਰਾ ਮਾਮਲਾ ਹੈ। ਨੋਟਬੰਦੀ ਦੇ ਕਾਂਡ ਨੇ ਇਹ ਦਿਖਾ ਦਿੱਤਾ ਕਿ ਸਮਝਦਾਰ ਅਰਥ ਸ਼ਾਸਤਰੀਆਂ ਦੀ ਰਾਇ ਤੋਂ ਬਿਨਾਂ ਕੰਮ ਕਰਨ ਦਾ ਕਿੰਨਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਕ ਨੇਤਾ ਦੇ ਹੰਕਾਰ ਅਤੇ ਅਗਿਆਨ ਦੀ ਕੀਮਤ ਪੂਰਾ ਦੇਸ਼ ਚੁਕਾਉਂਦਾ ਹੈ।

ਮਰੀਜ਼ ਦਾ ਸਰੀਰ ਤਪ ਰਿਹਾ ਹੈ, ਤੀਮਾਰਦਾਰ ਦੂਜੇ ਪਾਸੇ ਮੂੰਹ ਕਰ ਕੇ ਬੈਠੇ ਹਨ, ਥਰਮਾਮੀਟਰ ਨੂੰ ਤੋੜ ਦਿੱਤਾ ਗਿਆ ਹੈ ਅਤੇ ਹੁਣ ਡਾਕਟਰ ਨੂੰ ਵੀ ਭਜਾਇਆ ਜਾ ਰਿਹਾ ਹੈ। ਨਤੀਜਾ ਕੀ ਹੋਵੇਗਾ, ਤੁਸੀਂ ਖੁਦ ਹੀ ਸੋਚ ਲਓ।


Bharat Thapa

Content Editor

Related News