ਜਦੋਂ ਚਰਚਾ ਛਿੜੀ ਮਨਜੀਤ ਸਿੰਘ ਜੀ. ਕੇ. ਦੀ ਵਾਪਸੀ ਦੀ

02/27/2020 1:46:41 AM

ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਸਵ. ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਬੇਟੇ ਰੋਹਨ ਜੇਤਲੀ ਦੇ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮਾਰੋਹ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਬਾਹਰ ਨਿਕਲ ਰਹ ੇ ਹਨ। ਇਸ ਮੌਕੇ ’ਤੇ ਮੌਜੂਦ ਸੱਜਣ ਦੱਸਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਹੀ ਸਾਹਮਣਿਓਂ ਮਨਜੀਤ ਸਿੰਘ ਜੀ. ਕੇ. ਨੂੰ ਆਉਂਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਛੇਤੀ ਨਾਲ ਅੱਗੇ ਵਧ ਕੇ ਗਰਮਜੋਸ਼ੀ ਨਾਲ ਜੀ. ਕੇ. ਨੂੰ ਜੱਫੀ ਪਾ ਲਈ, ਜਵਾਬ ਵਿਚ ਮਨਜੀਤ ਸਿੰਘ ਜੀ. ਕੇ. ਨੂੰ ਵੀ ‘ਮਜਬੂਰਨ’ ਅਜਿਹਾ ਹੀ ਕਰਨਾ ਪਿਆ। ਬਸ ਫਿਰ ਕੀ ਸੀ, ਦੇਖਣ ਵਾਲਿਆਂ ਨੇ ਝੱਟ ਹੀ ਮਨਜੀਤ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਵਾਪਸੀ ਦੀਆਂ ਅਟਕਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁੰਦੇ-ਹੁੰਦੇ ਇਹ ਗੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤਕ ਵੀ ਪਹੁੰਚ ਗਈ। ਕਹਿੰਦੇ ਹਨ ਕਿ ਸਿਰਸਾ ਤਕ ਇਹ ਗੱਲ ਪਹੁੰਚਣ ਦੀ ਦੇਰ ਸੀ ਕਿ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲਣ ਲੱਗੀ। ਕਹਿਣ ਵਾਲੇ ਤਾਂ ਕਹਿੰਦੇ ਹਨ ਕਿ ਗੁਰਦੁਆਰਾ ਕਮੇਟੀ ’ਚੋਂ ਜੀ. ਕੇ. ਦੀ ਮੈਂਬਰਸ਼ਿਪ ਖਤਮ ਕੀਤੀ ਜਾਣੀ ਇਸੇ ਗੱਲ ਦਾ ਨਤੀਜਾ ਸੀ ਕਿਉਂਕਿ ਸਿਰਸਾ ਨੂੰ ਲੱਗਣ ਲੱਗਾ ਸੀ ਕਿ ਜੇ ਜੀ. ਕੇ. ਦੀ ਪਾਰਟੀ ’ਚ ਵਾਪਸੀ ਹੁੰਦੀ ਹੈ ਤਾਂ ਸੁਖਬੀਰ ਬਾਦਲ ਦੇ ਕਹਿਣ ’ਤੇ ਉਨ੍ਹਾਂ ਨੂੰ ਜੀ. ਕੇ. ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਵੇਗਾ। ਇਸ ਲਈ ਸਿਰਸਾ ਨੇ ਛੇਤੀ ਨਾਲ ਇੱਧਰੋਂ–ਉੱਧਰੋਂ ਕਥਿਤ ਦਸਤਾਵੇਜ਼ ਇਕੱਠੇ ਕਰ ਕੇ ਮਨਜੀਤ ਸਿੰਘ ਜੀ. ਕੇ. ’ਤੇ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ ਲਾਇਆ ਅਤੇ ਕਮੇਟੀ ਦੀ ਮਹਾਸਭਾ ਦੀ ਬੈਠਕ ਸੱਦੀ, ਕਈ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਮਨਜੀਤ ਸਿੰਘ ਜੀ. ਕੇ. ਦੀ ਮੈਂਬਰਸ਼ਿਪ ਖਤਮ ਕਰਨ ਦਾ ਮਤਾ ਪਾਸ ਕਰਵਾ ਕੇ ਇਹ ਮੰਨ ਲਿਆ ਕਿ ‘ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬਾਂਸੁਰੀ’ ਮਤਲਬ ਇਹ ਕਿ ਜਦੋਂ ਜੀ. ਕੇ. ਦੀ ਗੁਰਦੁਆਰਾ ਕਮੇਟੀ ’ਚ ਮੈਂਬਰਸ਼ਿਪ ਹੀ ਨਹੀਂ ਰਹੇਗੀ ਤਾਂ ਉਸ ਦਾ ਪ੍ਰਧਾਨ ਅਹੁਦੇ ’ਤੇ ਦਾਅਵਾ ਕਿਵੇਂ ਹੋ ਸਕੇਗਾ।

ਚਰਚਾ ਦਾ ਕਾਰਣ

ਦੱਸਿਆ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਜੀ. ਕੇ. ਦੇ ਇਕ-ਦੂਜੇ ਦੇ ਗਲੇ ਮਿਲਣ ਦੀ ਘਟਨਾ ਨਾਲ ਜੀ. ਕੇ. ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਵਾਪਸੀ ਦੀ ਚਰਚਾ ਛਿੜਨ ਦਾ ਕਾਰਣ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੌਜੂਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਆਪਣੇ ਪ੍ਰਧਾਨਗੀ ਕਾਲ ਦੌਰਾਨ ਜਦੋਂ ਵੀ ਕਦੇ ਆਪਣੇ ਕਿਸੇ ਸਾਥੀ ਦਾ ਕੱਦ ਵਧਦਾ ਹੋਏ ਦੇਖਦੇ ਤਾਂ ਝੱਟ ਉਸ ਨੂੰ ਬੇਇੱਜ਼ਤ ਕਰ ਕੇ ਪਾਰਟੀ ’ਚੋਂ ਬਾਹਰ ਕੱਢ ਦਿੰਦੇ। ਹੌਲੀ-ਹੌਲੀ ਉਸ ਦੇ ਸਾਥੀਆਂ ਨੂੰ ਤੋੜ ਕੇ ਆਪਣੇ ਵੱਲ ਖਿੱਚ ਕੇ ਉਸ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੰਦੇ। ਜਦੋਂ ਉਹ ਦੇਖਦੇ ਕਿ ਉਹ ਇੰਨਾ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਵਿਰੁੱਧ ਅਾਵਾਜ਼ ਤਕ ਨਹੀਂ ਚੁੱਕ ਸਕਦਾ ਤਾਂ ਉਹ ਉਸ ਦੇ ਘਰ ਪਹੁੰਚ ਕੇ ਬੜੀ ਗਰਮਜੋਸ਼ੀ ਨਾਲ ਉਸ ਨੂੰ ਜੱਫੀ ਪਾ ਲੈਂਦੇ ਅਤੇ ਉਸ ਦੀ ਪਾਰਟੀ ’ਚ ਵਾਪਸੀ ਲਈ ‘ਫਤਵਾ’ ਦੇ ਦਿੰਦੇ। ਇਸ ਤਰ੍ਹਾਂ ਪਾਰਟੀ ’ਚ ਵਾਪਸੀ ਕਰ ਰਿਹਾ ਬੰਦਾ ਸਾਰੀ ਉਮਰ ਲਈ ਬਾਦਲ ਸਾਹਬ ਦਾ ਗੁਲਾਮ ਬਣ ਕੇ ਰਹਿ ਜਾਂਦਾ। ਸਾਰੇ ਜਾਣਦੇ ਹਨ ਕਿ ਇਹੀ ਕਾਂਡ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਦੁਹਰਾਇਆ ਗਿਆ ਸੀ। ਇਹੀ ਕਾਰਣ ਸੀ ਕਿ ਜਦੋਂ ਸੁਖਬੀਰ ਅਤੇ ਜੀ. ਕੇ. ਦੇ ਗਰਮਜੋਸ਼ੀ ਨਾਲ ਇਕ-ਦੂਜੇ ਨੂੰ ਜੱਫੀ ਪਾਉਣ ਦੀ ਗੱਲ ਸਾਹਮਣੇ ਆਈ ਤਾਂ ਦੇਖਣ ਵਾਲਿਅ»ਾਂ ਦੀਆਂ ਅੱਖਾਂ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਦੀ ਕੂਟਨੀਤੀ ਆ ਗਈ ਅਤੇ ਉਨ੍ਹਾਂ ਨੇ ਉਸ ਨੂੰ ਹੀ ਆਧਾਰ ਮੰਨ ਕੇ ਜੀ. ਕੇ. ਦੀ ਅਕਾਲੀ ਦਲ ’ਚ ਵਾਪਸੀ ਦੀਆਂ ਅਟਕਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜੀ. ਕੇ. ਦੀ ਪ੍ਰਤੀਕਿਰਿਆ

ਇਨ੍ਹਾਂ ਅਟਕਲਾਂ ਵਿਚਾਲੇ ਸਿਆਸਤਦਾਨਾਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਕਿ ਕੀ ਮਨਜੀਤ ਸਿੰਘ ਜੀ. ਕੇ. ਸੁਖਬੀਰ ਸਿੰਘ ਬਾਦਲ ਦੀ ‘ਜੱਫੀ ਦੇ ਨਿੱਘ’ ਵਿਚ ਆਪਣੀ ਉਸ ਬੇਇੱਜ਼ਤੀ ਨੂੰ ਭੁੱਲ ਜਾਣਗੇ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਨਾ-ਸਿਰਫ ਗੁਰਦੁਆਰਾ ਕਮੇਟੀ ਅਤੇ ਪ੍ਰਦੇਸ਼ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਹਟਣ ਲਈ ਮਜਬੂਰ ਕੀਤਾ ਗਿਆ ਸਗੋਂ ਪਾਰਟੀ ’ਚੋਂ ਵੀ ਬਾਹਰ ਕੱਢ ਦਿੱਤਾ ਗਿਆ? ਦੱਸਿਆ ਗਿਆ ਹੈ ਕਿ ਜਦ ਇਨ੍ਹਾਂ ਅਟਕਲਾਂ ਵਿਚਾਲੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨ ਲਈ ਉਨ੍ਹਾਂ ਦੇ ਹੀ ਕੁਝ ਦੋਸਤਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਇਨ੍ਹਾਂ ਅਟਕਲਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਬਾਦਲ ਅਕਾਲੀ ਦਲ ’ਚ ਵਾਪਸੀ ਕਰ ਕੇ ਫਿਰ ਤੋਂ ਆਤਮਘਾਤ ਕਰਨ ਲਈ ਕਿਵੇਂ ਤਿਆਰ ਹੋ ਸਕਦੇ ਹਨ?

ਵੱਡਾ ਭਰਾ ਬਨਾਮ ਛੋਟਾ ਭਰਾ

ਇਸ ਕਾਲਮ ਦੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁਝ ਹੀ ਸਮਾਂ ਪਹਿਲਾਂ ਪੰਜਾਬ ’ਚ ਬਦਲ ਰਹੇ ਸਿਆਸੀ ਸਮੀਕਰਨਾਂ ਦਾ ਜਾਇਜ਼ਾ ਲੈਂਦੇ ਹੋਏ ਭਵਿੱਖਬਾਣੀ ਕੀਤੀ ਗਈ ਸੀ ਕਿ 3 ਦਹਾਕਿਅਾਂ ਤੋਂ ਅਕਾਲੀ-ਭਾਜਪਾ ਗੱਠਜੋੜ ਵਿਚ ਵੱਡੇ ਭਰਾ ਦੀ ਭੂਮਿਕਾ ਨਿਭਾਉਂਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੇਂ ਛੋਟੇ ਭਰਾ ਦੀ ਭੂਮਿਕਾ ਨਿਭਾਉਣ ਲਈ ਮਜਬੂਰ ਹੋਣਾ ਪਿਆ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਉਸ ਸਮੇਂ ਕੀਤੀ ਗਈ ਇਸ ਭਵਿੱਖਬਾਣੀ ਦੀ ਪੁਸ਼ਟੀ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਦਨ ਮੋਹਨ ਮਿੱਤਲ ਨੇ ਪਿਛਲੇ ਦਿਨੀਂ ਇਹ ਕਹਿ ਕੇ ਕਰ ਦਿੱਤੀ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ (ਭਾਜਪਾ) ਪੰਜਾਬ ਵਿਧਾਨ ਸਭਾ ਦੀਆਂ 59 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਲਈ 58 ਸੀਟਾਂ ਛੱਡੇਗੀ। ਹਾਲਾਂਕਿ ਅਜੇ ਤਕ ਅਕਾਲੀ-ਭਾਜਪਾ ਗੱਠਜੋੜ ਦੀਆਂ ਮਾਨਤਾਵਾਂ ਕਾਰਣ ਭਾਜਪਾ ਵਲੋਂ 23 ਸੀਟਾਂ ’ਤੇ ਅਤੇ ਬਾਦਲ ਅਕਾਲੀ ਦਲ ਵਲੋਂ ਬਾਕੀ 94 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਰਹੇ ਹਨ। ਦੱਸਿਆ ਜਾਂਦਾ ਹੈ ਕਿ ਮਿੱਤਲ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਸੂਬਾਈ ਭਾਜਪਾ ਦੇ ਇਸ ਫੈਸਲੇ ਨੂੰ ਭਾਜਪਾ ਹਾਈਕਮਾਨ ਦੀ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਹੈ ਕਿ ਇਸ ਵਾਰ ਪੰਜਾਬ ਦਾ ਮੁੱਖ ਮੰਤਰੀ ਗੱਠਜੋੜ ਦੀ ਉਸ ਪਾਰਟੀ ਦਾ ਹੋਵੇਗਾ, ਜਿਸ ਦੀਆਂ ਸੀਟਾਂ ਦੂਜੇ ਭਾਈਵਾਲ ਤੋਂ ਵੱਧ ਹੋਣਗੀਆਂ, ਭਾਵ ਬੀਤੇ ਸਮੇਂ ਤੋਂ ਅਕਾਲੀ- ਭਾਜਪਾ ਗੱਠਜੋੜ ਤਹਿਤ ਬਹੁਮਤ ਮਿਲਣ ’ਤੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜੋ ਦਾਅਵਾ ਬਣਿਆ ਚੱਲਿਆ ਆ ਰਿਹਾ ਸੀ, ਉਹ ਖਤਮ ਹੋ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਇਹ ਮੰਨ ਕੇ ਚੱਲੇ ਆ ਰਹੇ ਹਨ ਕਿ ਆਉਣ ਵਾਲੀਅਾਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਗੱਠਜੋੜ ਨੂੰ ਬਹੁਮਤ ਮਿਲਣ ’ਤੇ ਉਹੀ ਮੁੱਖ ਮੰਤਰੀ ਬਣਨਗੇ, ਉਹ ਹੁਣ ਯਕੀਨੀ ਨਹੀਂ ਹੈ। ਹੁਣ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦਾ ਉਸੇ ਹਾਲਤ ਵਿਚ ਹੀ ਮਿਲ ਸਕੇਗਾ, ਜੇ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ’ਚ ਭਾਈਵਾਲ ਪਾਰਟੀ ਭਾਜਪਾ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰਨ ’ਚ ਸਫਲ ਹੋਵੇਗੀ।

...ਅਤੇ ਆਖਿਰ ’ਚ

ਇਨ੍ਹੀਂ ਦਿਨੀਂ ਇਕ ਵਿਦਵਾਨ ਕਥਾਵਾਚਕ ਦੇ ਪ੍ਰਵਚਨ ਸੁਣਨ ਦਾ ਮੌਕਾ ਮਿਲਿਆ। ਉਹ ਕਹਿ ਰਹੇ ਸਨ ਕਿ ਜੇ ਕਿਸੇ ਮੁਸਲਮਾਨ ਨੂੰ ਮੱਕੇ-ਕਾਬੇ ਅਤੇ ਮਸਜਿਦ ’ਚ ਖੁਦਾ ਮਿਲਦਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਮੱਕੇ-ਕਾਬੇ ਅਤੇ ਮਸਜਿਦ ’ਚ ਜਾ ਕੇ ਇਬਾਦਤ ਕਰਨ ਦਾ ਪੂਰਾ ਅਧਿਕਾਰ ਹੈ ਪਰ ਉਸ ਨੂੰ ਇਹ ਅਧਿਕਾਰ ਨਹੀਂ ਕਿ ਉਹ ਮੰਦਰ ਤੋੜਨ ਲੱਗ ਜਾਵੇ। ਇਸੇ ਤਰ੍ਹਾਂ ਜੇ ਕਿਸੇ ਹਿੰਦੂ ਨੂੰ ਕਾਸ਼ੀ-ਮਥੁਰਾ-ਹਰਿਦੁਆਰ ਦੇ ਮੰਦਰਾਂ ’ਚ ਪ੍ਰਮਾਤਮਾ ਮਿਲਦਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਵੀ ਇਹ ਪੂਰਾ ਅਧਿਕਾਰ ਹੈ ਕਿ ਉਹ ਉੱਥੇ ਜਾ ਕੇ ਪੂਜਾ ਕਰੇ ਪਰ ਉਸ ਨੂੰ ਇਹ ਅਧਿਕਾਰ ਨਹੀਂ ਕਿ ਉਹ ਮਸਜਿਦਾਂ ਨੂੰ ਤੋੜਨ ਲੱਗ ਪਵੇ। ਇਸੇ ਤਰ੍ਹਾਂ ਜੇ ਕਿਸੇ ਸਿੱਖ ਨੂੰ ਇਹ ਵਿਸ਼ਵਾਸ ਹੈ ਕਿ ਹਰਿਮੰਦਰ ਸਾਹਿਬ ’ਚ ਅਕਾਲ ਪੁਰਖ ਵਸਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਪੂਰਾ ਅਧਿਕਾਰ ਹੈ ਕਿ ਉਹ ਉੱਥੇ ਜਾ ਕੇ ਸਿਜਦਾ ਕਰੇ ਪਰ ਉਸ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਮੰਦਰ-ਮਸਜਿਦ ਡੇਗਣੀਆਂ ਸ਼ੁਰੂ ਕਰ ਦੇਵੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸਲੀ ਧਾਰਮਿਕ ਵਿਅਕਤੀ ਉਹੀ ਹੈ, ਜੋ ਆਪਣੇ ਧਰਮ ’ਚ ਪੂਰਾ ਵਿਸ਼ਵਾਸ ਰੱਖਦੇ ਹੋਏ ਦੂਜਿਆਂ ਦੇ ਧਾਰਮਿਕ ਵਿਸ਼ਵਾਸ ਦਾ ਸਨਮਾਨ ਕਰੇ।


Bharat Thapa

Content Editor

Related News