ਪਰਾਲੀ ਕਿੰਨੀ ਅਨਮੋਲ ਕਾਸ਼! ਸਮਝਦੇ ਇਸ ਦਾ ਮੁੱਲ...!

Sunday, Oct 29, 2023 - 04:17 PM (IST)

ਲੱਗਦਾ ਨਹੀਂ ਕਿ ਪਰਾਲੀ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਇਲਾਕਿਆਂ ’ਚ ਸਮੱਸਿਆ ਤੋਂ ਵੱਧ ਚਰਚਾ ਸੁੱਖ ਦਾ ਵਿਸ਼ਾ ਹੈ? ਹਰ ਸਾਲ ਠੰਡ ਆਉਂਦਿਆਂ ਹੀ ਸੁਰਖੀਆਂ ’ਚ ਰਹਿਣ ਦੇ ਬਾਵਜੂਦ ਕਿਸੇ ਤਰ੍ਹਾਂ ਦੇ ਹੱਲ ਤੋਂ ਦੂਰ ਹੈ। ਸਭ ਤੋਂ ਜ਼ਿਆਦਾ ਚਰਚਾ ਅਕਤੂਬਰ ਅਖੀਰ ਤੋਂ ਨਵੰਬਰ-ਦਸੰਬਰ ਤਕ ਪੂਰੇ ਦੇਸ਼ ’ਚ ਇਸ ’ਤੇ ਹੁੰਦੀ ਹੈ ਜਦਕਿ ਹਕੀਕਤ ਇਹ ਨਹੀਂ ਹੈ।

ਦੇਸ਼ ਦੇ ਦੂਜੇ ਸੂਬਿਆਂ ’ਚ ਵੀ ਪਰਾਲੀ ਡੱਟ ਕੇ ਸਾੜੀ ਜਾਂਦੀ ਹੈ। ਸਵਾਲ ਇਹ ਨਹੀਂ ਕਿ ਪਰਾਲੀ ’ਤੇ ਬਹਿਸ ਨਹੀਂ ਹੋਣੀ ਚਾਹੀਦੀ ਅਤੇ ਇਹ ਵੀ ਨਹੀਂ ਕਿ ਪੰਜਾਬ ਦੀ ਪਰਾਲੀ ਹੀ ਹਮੇਸ਼ਾ ਵਿਵਾਦਾਂ ਦੀ ਜ਼ੱਦ ’ਚ ਕਿਉਂ ਰਹਿੰਦੀ ਹੈ। ਸਵਾਲ ਇਹ ਹੈ ਕਿ ਸਭ ਨੂੰ ਪਤਾ ਹੈ ਕਿ ਬਹੁ-ਉਪਯੋਗੀ ਅਤੇ ਬੇਹੱਦ ਫਾਇਦੇਮੰਦ ਪਰਾਲੀ ਦਾ ਕਾਰੋਬਾਰੀ ਨਿਪਟਾਰਾ ਕਿਵੇਂ ਹੋਵੇ? ਸਿਰਫ ਸਾੜ ਦੇਣਾ ਸਮੱਸਿਆ ਦਾ ਹੱਲ ਨਹੀਂ ਹੈ। ਇਸ ਬਾਈ-ਪ੍ਰੋਡਕਟ ਦੀਆਂ ਸੰਭਾਵਨਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਜ਼ਰੂਰੀ ਹੈ।

ਇਸ ਬਾਰੇ ਯੋਜਨਾਵਾਂ ਅਤੇ ਉਨ੍ਹਾਂ ਦੀ ਹਮਾਇਤ ’ਚ ਜਾਗਰੂਕਤਾ ਦੀ ਜ਼ਿਆਦਾ ਲੋੜ ਹੈ। ਇਸ ਗੱਲ ’ਚ ਵੀ ਕੋਈ ਸ਼ੱਕ ਨਹੀਂ ਕਿ ਨਵੰਬਰ-ਦਸੰਬਰ ਮਹੀਨੇ ’ਚ ਉਹ ਦੌਰ ਵੀ ਆਵੇਗਾ ਜਦ ਭਾਰਤ ਦੇ ਚੰਦ ਮਹਾਨਗਰ ਅਤੇ ਦੂਜੇ ਇਲਾਕੇ ਦੁਨੀਆ ’ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋਣਗੇ।

ਕੋਈ ਇਕ ਪੰਦਰਵਾੜੇ ਬਾਅਦ ਪਰਾਲੀ ਤੇ ਦੀਵਾਲੀ ਦੇ ਪਟਾਕਿਆਂ ਦਾ ਧੂੰਆਂ ਵੀ ਪ੍ਰਦੂਸ਼ਣ ਦੇ ਨਾਂ ’ਤੇ ਕਹਿਰ ਬਣ ਕੇ ਟੁੱਟੇਗਾ। ਇਹ ਸੱਚ ਹੈ ਅਤੇ ਕਈਆਂ ਨੇ ਭੁਗਤਿਆ ਵੀ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੰਜਾਬ, ਹਿਮਾਚਲ ’ਚ ਇਹ ਸਾਹ ਸਮੇਤ ਚਿਹਰੇ, ਅੱਖ, ਨੱਕ ’ਤੇ ਵੀ ਕਿੰਨਾ ਭਾਰੀ ਪੈਂਦਾ ਹੈ।

ਜਿਵੇਂ-ਜਿਵੇਂ ਖੇਤੀਬਾੜੀ ’ਤੇ ਉੱਨਤ ਤੌਰ-ਤਰੀਕਿਆਂ ਅਤੇ ਬੇਹੱਦ ਪੈਦਾਵਾਰ ਦੇ ਸਭ ਯਤਨ ਕੀਤੇ ਗਏ ਉਵੇਂ-ਉਵੇਂ ਪੈਦਾਵਾਰ ਸਮਰੱਥਾ ਤਾਂ ਵਧੀ ਪਰ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਪੈਦਾਵਾਰ ਦੀ ਰਹਿੰਦ-ਖੂੰਹਦ ਵੀ ਭਾਰੀ ਪੈ ਸਕਦੀ ਹੈ। ਸੱਚ ਹੈ ਕਿ ਪਰਾਲੀ ਸਾੜਨ ਨਾਲ ਹਵਾ ਦੀ ਗੁਣਵੱਤਾ ’ਤੇ ਬਹੁਤ ਭਾਰੀ ਅਸਰ ਪੈਂਦਾ ਹੈ ਕਿਉਂਕਿ ਵਾਯੂਮੰਡਲ ’ਚ ਰਹਿਣ ਵਾਲੀਆਂ ਸਾਰੀਆਂ ਗੈਸਾਂ ਦਾ ਕੁਦਰਤੀ ਸੰਤੁਲਨ ਵਿਗੜ ਜਾਂਦਾ ਹੈ।

ਪਰਾਲੀ ਦੇ ਸੜਨ ਨਾਲ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਬਹੁਤ ਤੇਜ਼ੀ ਨਾਲ ਨਿਕਲਦੀਆਂ ਹਨ, ਜਿਨ੍ਹਾਂ ਨਾਲ ਕੁਦਰਤੀ ਸੰਤੁਲਨ ਵਿਗੜਦਾ ਹੈ। ਇਹ ਅਸੰਤੁਲਨ ਕੁਦਰਤੀ ਤੋਂ ਜ਼ਿਆਦਾ ਇਨਸਾਨ ਦੀਆਂ ਕਰਤੂਤਾਂ ਨਾਲ ਹੁੰਦਾ ਹੈ। ਬਸ ਇਸ ਨੂੰ ਰੋਕਣਾ, ਘੱਟ ਕਰਨਾ ਜਾਂ ਦੂਜੇ ਤਰੀਕਿਆਂ ਨਾਲ ਖਤਮ ਕਰਨ ’ਤੇ ਧਿਆਨ ਦੇਣ ਦੀ ਥਾਂ ਪੁਰਾਣੇ ਤੌਰ-ਤਰੀਕਿਆਂ , ਕਾਨੂੰਨ ਦਾ ਡਰ ਦਿਖਾ ਕੇ ਪਰਾਲੀ ਨਿਪਟਾਰੇ ਨੂੰ ਰੋਕਣ ’ਚ ਜ਼ਿਆਦਾ ਫਿਕਰਮੰਦ ਦਿਸਦੇ ਹਨ। ਇਹ ਗਲਤ ਹੈ।

ਜਿਸ ਤਰ੍ਹਾਂ ਦੁਨੀਆ ’ਚ ਕਚਰੇ ਨਾਲ ਕਈ ਤਰ੍ਹਾਂ ਦੀ ਊਰਜਾ ਦੇ ਨਵੇਂ-ਨਵੇਂ ਸਰੋਤ ਬਣਾਏ ਜਾ ਰਹੇ ਹਨ। ਛੱਤੀਸਗੜ੍ਹ ਵਾਂਗ ਗੋਹੇ ਦੀ ਠੀਕ ਵਰਤੋਂ ਪਰਾਲੀ ਨਾਲ ਵੀ ਹੋ ਸਕਦੀ ਹੈ। ਪਰਾਲੀ ਦੇ ਤਾਂ ਤਮਾਮ ਦੂਜੇ ਉਪਯੋਗ ਵੀ ਸੰਭਵ ਹਨ। ਇਸ ਨਾਲ ਸੌਖਿਆਂ ਹੀ ਬੇਹੱਦ ਹਰਮਨਪਿਆਰੇ ਉਤਪਾਦ ਅਤੇ ਬਿਜਲੀ ਤਕ ਬਣ ਸਕਦੀ ਹੈ। ਲੋੜ ਹੈ ਪਰਾਲੀ ਦੇ ਨਿਪਟਾਰੇ ਅਤੇ ਦੂਜੇ ਉਤਪਾਦਾਂ ਦੇ ਸਸਤੇ ਨਿਰਮਾਣ ਖਾਤਿਰ ਖੋਜ ਅਤੇ ਸਰੋਤਾਂ ਦੀ।

ਰਾਸ਼ਟਰੀ ਹਰਿਤ ਅਥਾਰਿਟੀ ਭਾਵ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਪਰਾਲੀ ਸਾੜਨਾ ਸਜ਼ਾਯੋਗ ਅਪਰਾਧ ਐਲਾਨਿਆ ਹੈ। ਇਸੇ ਹਫਤੇ ਫਿਰ ਗੰਭੀਰ ਚਿੰਤਾ ਜਤਾਈ ਅਤੇ ਪੰਜਾਬ ਦੇ ਮੁੱਖ ਸਕੱਤਰ ਸਮੇਤ ਕੇਂਦਰੀ ਪ੍ਰਦੂਸ਼ਣ ਬੋਰਡ ਦੇ ਮੈਂਬਰ ਸਕੱਤਰ ਨੂੰ ਨੋਟਿਸ ਭੇਜਿਆ। ਅਗਲੀ ਸੁਣਵਾਈ 8 ਨਵੰਬਰ ਨੂੰ ਹੋਵੇਗੀ। ਉੱਥੇ ਹੀ ਪੰਜਾਬ ਪ੍ਰਦੂਸ਼ਣ ਬੋਰਡ ਨੇ ਪਹਿਲਾਂ ਹੀ ਪਰਾਲੀ ਸਾੜਨ ’ਚ 50 ਫੀਸਦੀ ਦੀ ਕਮੀ ਦਾ ਫਰਮਾਨ ਜਾਰੀ ਕੀਤਾ ਹੋਇਆ ਹੈ। ਐੱਨ. ਜੀ. ਟੀ. ਨੇ ਮੀਡੀਆ ’ਚ ਹੋ ਰਹੀ ਬਹਿਸ ਅਤੇ ਛਪਣ ਪਿੱਛੋਂ ਨੋਟਿਸ ਦਿੱਤਾ ਹੈ। ਕਿੰਨਾ ਦੁਖਦਾਈ ਹੈ ਕਿ ਨੁਮਾਇੰਦੇ, ਜ਼ਿੰਮੇਵਾਰ, ਸਰਕਾਰ ਅਤੇ ਬਿਊਰੋਕ੍ਰੇਟਸ ਕਿਸ ਤਰ੍ਹਾਂ ਬੇਖਬਰ ਹਨ?

ਹੁਣ ਤਾਂ ਕਈ ਅਜਿਹੇ ਯੰਤਰ ਬਣ ਚੁੱਕੇ ਹਨ, ਜਿਨ੍ਹਾਂ ਨਾਲ ਪਰਾਲੀ ਤੋਂ ਦੂਜੇ ਅਤੇ ਜ਼ਿਆਦਾ ਮੰਗ ਵਾਲੇ ਉਤਪਾਦ ਬਣਾਏ ਜਾ ਸਕਣ ਤਾਂ ਕਿ ਜਾਨਲੇਵਾ ਪ੍ਰਦੂਸ਼ਣ ਦੀ ਥਾਂ ਲਾਭ ਦਾ ਧੰਦਾ ਬਣ ਸਕੇ। ਇਸ ਲਈ ਯੰਤਰਾਂ ’ਤੇ 50 ਤੋਂ 80 ਫੀਸਦੀ ਦੀ ਸਰਕਾਰੀ ਸਬਸਿਡੀ ਵੀ ਹੈ ਪਰ ਘੱਟ ਜਾਣਕਾਰੀ ਅਤੇ ਥਕਾ ਦੇਣ ਵਾਲੀ ਕਾਗਜ਼ੀ ਕਾਰਵਾਈ ਤੋਂ ਕਿਸਾਨ ਇਸ ’ਚ ਉਲਝਣ ਦੀ ਥਾਂ ਸਾੜਨਾ ਹੀ ਉਚਿਤ ਸਮਝਦੇ ਹਨ। ਇਸੇ ਦੂਰੀ ਨੂੰ ਘੱਟ ਕਰ ਕੇ ਆਪਸੀ ਤਾਲਮੇਲ ਮਜ਼ਬੂਤ ਕਰਨਾ ਹੋਵੇਗਾ। ਕਈ ਵਾਰ ਲੱਗਦਾ ਹੈ ਕਿ ਕਿਸਾਨ ਮਜਬੂਰੀ ’ਚ ਜਾਣ ਕੇ ਅਣਜਾਣ ਰਹਿੰਦੇ ਹਨ। ਜਿਸ ਪਰਾਲੀ ਨੂੰ ਅਸੀਂ ਬੋਝ ਸਮਝਦੇ ਹਾਂ, ਉਸ ਦੀਆਂ ਖੂਬੀਆਂ ’ਤੇ ਵੀ ਤਾਂ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਇਸ ’ਚ ਫਸਲ ਦੇ ਸਭ ਤੋਂ ਜ਼ਰੂਰੀ ਪੋਸ਼ਕ ਤੱਤ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ (ਐੱਨ. ਪੀ. ਕੇ.) ਸਮੇਤ ਮਿੱਟੀ ਦੀ ਸਿਹਤ ਖਾਤਿਰ ਸਭ ਤੋਂ ਜ਼ਰੂਰੀ ਬੈਕਟੀਰੀਆ ਅਤੇ ਫੰਗਸ ਵੀ ਹੁੰਦੇ ਹਨ। ਇਹ ਫਸਲ ਲਈ ਵਰਦਾਨ ਹਨ ਪਰ ਅਸੀਂ ਮੰਨ ਬੈਠੇ ਹਾਂ ਕਿ ਪਰਾਲੀ ਦਾ ਹੱਲ ਨਹੀਂ ਹੈ, ਇਸ ਲਈ ਸਿੱਧਾ ਸਾੜਨਾ ਹੀ ਬਿਹਤਰ ਹੈ।

ਕਾਸ਼ ਪਰਾਲੀ ਦੀਆਂ ਖੂਬੀਆਂ ਨੂੰ ਵੀ ਸਮਝਿਆ ਜਾਂਦਾ। ਕਿਵੇਂ ਜ਼ਮੀਨ ਦੇ ਕਾਰਬਨਿਕ ਤੱਤ, ਕੀਮਤੀ ਬੈਕਟੀਰੀਆ, ਫੰਗਸ ਇਸ ਨੂੰ ਸਾੜਨ ਨਾਲ ਨਸ਼ਟ ਹੋ ਜਾਂਦੇ ਹਨ। ਉੱਥੇ ਹੀ ਵਾਤਾਵਰਣ ਨੂੰ ਨੁਕਸਾਨ ਅਤੇ ਗਲੋਬਲ ਵਾਰਮਿੰਗ ਵੱਖਰੀ। ਅਣਜਾਣਪੁਣੇ ’ਚ ਜਾਂ ਮਜਬੂਰਨ ਉਸੇ ਖੇਤ ਦੀ ਘੱਟ ਤੋਂ ਘੱਟ 25 ਫੀਸਦੀ ਖਾਦ ਵੀ ਨਸ਼ਟ ਹੋ ਜਾਂਦੀ ਹੈ। ਪ੍ਰਤੀ ਏਕੜ ਪਰਾਲੀ ਸਾੜ ਕੇ ਕਈ ਪੋਸ਼ਕ ਤੱਤਾਂ ਸਮੇਤ ਤਕਰੀਬਨ 400 ਕਿਲੋਗ੍ਰਾਮ ਫਾਇਦੇਮੰਦ ਕਾਰਬਨ, ਇਕ ਗ੍ਰਾਮ ਮਿੱਟੀ ’ਚ ਮੌਜੂਦ 10 ਤੋਂ 40 ਕਰੋੜ ਬੈਕਟੀਰੀਆ ਅਤੇ 1 ਤੋਂ 2 ਲੱਖ ਫੰਗਸ ਵੀ ਸਾੜ ਬੈਠਦੇ ਹਾਂ ਜੋ ਫਸਲ ਲਈ ਜ਼ਬਰਦਸਤ ਪੋਸ਼ਕ ਹੁੰਦੇ ਹਨ।

ਇਹ ਤ੍ਰਾਸਦੀ ਨਹੀਂ ਤਾਂ ਕੀ ਹੈ ਕਿ ਫਸਲ ਦੇ ਪੋਸ਼ਣ ਲਈ ਉਹੀ ਤੱਤ ਉੱਚੀਆਂ ਕੀਮਤਾਂ ’ਤੇ ਵੱਖ-ਵੱਖ ਨਾਂ ਨਾਲ ਫਿਰ ਖਰੀਦਦੇ ਹਾਂ। ਹੁਣ ਤਾਂ ਲਗਭਗ ਸਾਰੇ ਰਹਿੰਦ-ਖੂੰਹਦ ਪਦਾਰਥਾਂ ਦੀ ਕਿਸੇ ਨਾ ਕਿਸੇ ਰੂਪ ’ਚ ਵਰਤੋਂ ਹੋਣ ਲੱਗੀ ਹੈ। ਪਲਾਸਟਿਕ ਕਚਰੇ ਤੋਂ ਲੈ ਕੇ ਕਾਗਜ਼, ਕਾਰਟੂਨਾਂ ਦੀ ਰੱਦੀ, ਧਾਤੂਆਂ, ਰਬੜ ਸਭ ਕੁਝ ਰੀਸਾਈਕਲ ਹੋਣ ਲੱਗੇ ਹਨ।

ਸੁੱਕਾ ਕੂੜਾ-ਗਿੱਲਾ ਕੂੜਾ ਦੇ ਡੱਬੇ ਹਰ ਕਿਤੇ ਵੱਖਰੇ ਸੰਦੇਸ਼ ਦਿੰਦੇ ਹਨ। ਸਬਜ਼ੀ-ਭਾਜੀ ਦੇ ਛਿਲਕੇ ਤੱਕ ਦੀ ਵਰਤੋਂ ਹੋ ਰਹੀ ਹੈ। ਪਰਾਲੀ ਤੋਂ ਪਲਾਈ, ਚਟਾਈ ਅਤੇ ਛੋਟੇ ਮੇਜ਼, ਮੂੜ੍ਹੇ ਵਰਗੀਆਂ ਚੀਜ਼ਾਂ ਬਣਦੀਆਂ ਹਨ। ਪਰਾਲੀ, ਕਣਕ ਅਤੇ ਸੋਇਆਬੀਨ ਦੀ ਰਹਿੰਦ-ਖੂੰਹਦ ਨਾਲ ਬਣੀ ਪਲਾਈ ਤਾਂ ਵੱਖਰਾ ਹੀ ਕਮਾਲ ਦਿਖਾਉਣ ਵਾਲੀ ਹੈ। ਇਸ ਤੋਂ ਇਲਾਵਾ ਕਈ ਸੂਬਿਆਂ ’ਚ ਜੈਵਿਕ ਊਰਜਾ ਨੀਤੀ ਤਹਿਤ ਪਰਾਲੀ ਤੋਂ ਬਾਇਓਫਿਊਲ ਦੀ ਦਿਸ਼ਾ ’ਚ ਨਵੇਂ ਉਤਪਾਦ, ਨਵੇਂ ਭਵਿੱਖ ਦੀ ਦਿਸ਼ਾ ’ਚ ਸੋਚਿਆ ਜਾ ਰਿਹਾ ਹੈ।

ਜੇ ਪਰਾਲੀ ਦੀਆਂ ਖੂਬੀਆਂ ਨੂੰ ਵੀ ਸਿਹਤ, ਜਲ-ਜੀਵਨ, ਸਵੱਛਤਾ ਮਿਸ਼ਨ ਵਾਂਗ ਸਭ ਨੂੰ ਸਮਝਾਇਆ ਜਾਂਦਾ ਤਾਂ ਕਿਸਾਨ ਥੋੜ੍ਹਾ ਠਹਿਰ ਕੇ ਹੀ ਸਹੀ ਸੁਚੱਜੀ ਵਰਤੋਂ ਬਾਰੇ ਸਮਝ ਕੇ ਕਮਾਈ ਕਰਦੇ ਅਤੇ ਖੇਤਾਂ ਨੂੰ ਨਵੀਂ ਖਾਦ ਦੀ ਤਾਕਤ ਵੀ ਦੇ ਸਕਦੇ। ਬਸ ਇਸ ਲਈ ਲੋੜ ਹੈ ਜਾਗਰੂਕਤਾ, ਸਮਝਾਉਣ ਦੀ, ਭਰਪੂਰ ਪ੍ਰਚਾਰ-ਪ੍ਰਸਾਰ ਦੀ ਤਾਂ ਕਿ ਸਭ ਸਮਝ ਸਕਦੇ ਕਿ ਪਰਾਲੀ ਹੈ ਅਨਮੋਲ ਹੁਣ ਤਾਂ ਸਮਝੋ ਇਸ ਦਾ ਮੁੱਲ!

ਰਿਤੂਪਰਣ ਦਵੇ


Rakesh

Content Editor

Related News