ਅਸੀਂ ਜੀ 20 ਨੂੰ ਦੁਨੀਆ ਦੇ ਅੰਤਿਮ ਸਿਰੇ ਤੱਕ ਲੈ ਜਾਣਾ ਹੈ, ਕਿਸੇ ਨੂੰ ਪਿੱਛੇ ਨਹੀਂ ਛੱਡਣਾ ਹੈ : PM ਮੋਦੀ

Thursday, Sep 07, 2023 - 02:07 PM (IST)

ਅਸੀਂ ਜੀ 20 ਨੂੰ ਦੁਨੀਆ ਦੇ ਅੰਤਿਮ ਸਿਰੇ ਤੱਕ ਲੈ ਜਾਣਾ ਹੈ, ਕਿਸੇ ਨੂੰ ਪਿੱਛੇ ਨਹੀਂ ਛੱਡਣਾ ਹੈ : PM ਮੋਦੀ

ਨਵੀਂ ਦਿੱਲੀ- 'ਵਸੁਧੈਵ ਕੁਟੁੰਬਕਮ'- ਸਾਡੀ ਭਾਰਤੀ ਸੰਸਕ੍ਰਿਤੀ ਦੇ ਇਨ੍ਹਾਂ ਦੋ ਸ਼ਬਦਾਂ ਵਿਚ ਇਕ ਡੂੰਘਾ ਦਾਰਸ਼ਨਿਕ ਵਿਚਾਰ ਸਮਾਇਆ ਹੈ। ਇਸ ਦਾ ਅਰਥ ਹੈ, 'ਪੂਰੀ ਦੁਨੀਆ ਇਕ ਪਰਿਵਾਰ ਹੈ'। ਇਹ ਇੱਕ ਸਰਵਵਿਆਪੀ ਦ੍ਰਿਸ਼ਟੀਕੋਣ ਹੈ ਜੋ ਸਾਨੂੰ ਇਕ ਆਲਮੀ ਪਰਿਵਾਰ ਦੇ ਰੂਪ ਵਿੱਚ ਪ੍ਰਗਤੀ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇੱਕ ਅਜਿਹਾ ਪਰਿਵਾਰ ਜਿਸ ਵਿੱਚ ਸੀਮਾ, ਭਾਸ਼ਾ ਅਤੇ ਵਿਚਾਰਧਾਰਾ ਦਾ ਕੋਈ ਬੰਧਨ ਨਾ ਹੋਵੇ। ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ, ਇਹ ਵਿਚਾਰ ਮਾਨਵ-ਕੇਂਦ੍ਰਿਤ ਪ੍ਰਗਤੀ ਦੇ ਸੱਦੇ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਅਸੀਂ One Earth (ਇਕ ਪ੍ਰਿਥਵੀ) ਦੇ ਰੂਪ ਵਿੱਚ, ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਇਕੱਠੇ ਹੋ ਰਹੇ ਹਾਂ। ਅਸੀਂ One Family (ਇਕ ਪਰਿਵਾਰ) ਦੇ ਰੂਪ ਵਿੱਚ ਵਿਕਾਸ ਲਈ ਇੱਕ ਦੂਜੇ ਦੇ ਸਹਿਯੋਗੀ ਬਣ ਰਹੇ ਹਾਂ। ਅਤੇ One Future (ਇਕ ਭਵਿੱਖ) ਦੇ ਲਈ ਅਸੀਂ ਸਾਂਝੇ ਉੱਜਵਲ ਭਵਿੱਖ ਵੱਲ ਇਕੱਠੇ ਅੱਗੇ ਵਧ ਰਹੇ ਹਾਂ।

  • ਕੋਰੋਨਾ ਆਲਮੀ ਮਹਾਮਾਰੀ ਤੋਂ ਬਾਅਦ ਦੀ ਵਿਸ਼ਵ ਵਿਵਸਥਾ ਇਸ ਤੋਂ ਪਹਿਲਾਂ ਦੀ ਦੁਨੀਆ ਨਾਲੋਂ ਬਹੁਤ ਅਲੱਗ ਹੈ। ਕਈ ਹੋਰਨਾਂ ਗੱਲਾਂ ਤੋਂ ਇਲਾਵਾ, ਤਿੰਨ ਮਹੱਤਵਪੂਰਨ ਪਰਿਵਰਤਨ ਹੋਏ ਹਨ।
  • ਪਹਿਲਾ, ਇਸ ਗੱਲ ਦਾ ਅਹਿਸਾਸ ਵਧ ਰਿਹਾ ਹੈ ਕਿ ਦੁਨੀਆ ਦੇ ਜੀਡੀਪੀ-ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਹਟਕੇ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਵੱਲ ਵਧਣ ਦੀ ਜ਼ਰੂਰਤ ਹੈ।
  • ਦੂਸਰਾ, ਦੁਨੀਆ ਗਲੋਬਲ ਸਪਲਾਈ ਚੇਨਾਂ ਵਿੱਚ ਮਜ਼ਬੂਤੀ ਅਤੇ ਭਰੋਸੇਯੋਗਤਾ ਦੇ ਮਹੱਤਵ ਨੂੰ ਪਹਿਚਾਣ ਰਹੀ ਹੈ।
  • ਤੀਸਰਾ, ਆਲਮੀ ਸੰਸਥਾਵਾਂ ਵਿੱਚ ਸੁਧਾਰ ਦੇ ਮਾਧਿਅਮ ਨਾਲ ਬਹੁਪੱਖਵਾਦ ਨੂੰ ਹੁਲਾਰਾ ਦੇਣ ਦਾ ਸਮੂਹਿਕ ਸੱਦਾ ਸਾਹਮਣੇ ਹੈ।
  • ਜੀ-20 ਦੀ ਸਾਡੀ ਪ੍ਰਧਾਨਗੀ ਨੇ ਇਨ੍ਹਾਂ ਬਦਲਾਵਾਂ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਈ ਹੈ।
  • ਦਸੰਬਰ 2022 ਵਿੱਚ ਜਦੋਂ ਅਸੀਂ ਇੰਡੋਨੇਸ਼ੀਆ ਤੋਂ ਪ੍ਰਧਾਨਗੀ ਦਾ ਚਾਰਜ ਸੰਭਾਲਿਆ ਸੀ, ਉਦੋਂ ਮੈਂ ਇਹ ਲਿਖਿਆ ਸੀ ਕਿ ਜੀ-20 ਨੂੰ ਮਾਨਸਿਕਤਾ ਵਿੱਚ ਇਨਕਲਾਬੀ ਪਰਿਵਰਤਨ ਦਾ ਵਾਹਨ ਬਣਨਾ ਚਾਹੀਦਾ ਹੈ।
  • ਵਿਕਾਸਸ਼ੀਲ ਦੇਸ਼ਾਂ, ਗਲੋਬਲ ਸਾਊਥ ਦੇ ਦੇਸ਼ਾਂ ਅਤੇ ਅਫਰੀਕੀ ਦੇਸ਼ਾਂ ਦੀਆਂ ਹਾਸ਼ੀਏ 'ਤੇ ਪਈਆਂ ਇੱਛਾਵਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਇਸ ਦੀ ਵਿਸ਼ੇਸ਼ ਜ਼ਰੂਰਤ ਹੈ।

ਇਸੇ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੇ ‘ਵਾਇਸ ਆਫ਼ ਗਲੋਬਲ ਸਾਊਥ ਸਮਿਟ’ ਦਾ ਆਯੋਜਨ ਭੀ ਕੀਤਾ ਸੀ। ਇਸ ਸਮਿਟ ਵਿੱਚ 125 ਦੇਸ਼ ਭਾਗੀਦਾਰ ਬਣੇ। ਇਹ ਭਾਰਤ ਦੀ ਪ੍ਰਧਾਨਗੀ ਤਹਿਤ ਕੀਤੀ ਗਈ ਸਭ ਤੋਂ ਮਹੱਤਵਪੂਰਨ ਪਹਿਲਾਂ ਵਿੱਚੋਂ ਇੱਕ ਰਹੀ। ਇਹ ਗਲੋਬਲ ਸਾਊਥ ਦੇ ਦੇਸ਼ਾਂ ਤੋਂ ਉਨ੍ਹਾਂ ਦੇ ਵਿਚਾਰ ਅਤੇ ਅਨੁਭਵ ਜਾਣਨ ਦਾ ਇਹ ਇੱਕ ਮਹੱਤਵਪੂਰਨ ਯਤਨ ਸੀ। ਇਸ ਤੋਂ ਇਲਾਵਾ, ਸਾਡੀ ਪ੍ਰਧਾਨਗੀ ਨੇ ਨਾ ਸਿਰਫ ਅਫਰੀਕੀ ਦੇਸ਼ਾਂ ਦੀ ਹੁਣ ਤੱਕ ਦੀ ਸਭ ਤੋਂ ਬੜੀ ਭਾਗੀਦਾਰੀ ਦੇਖੀ ਗਈ ਹੈ, ਬਲਕਿ ਜੀ-20 ਦੇ ਸਥਾਈ ਮੈਂਬਰ ਵਜੋਂ ਅਫਰੀਕੀ ਯੂਨੀਅਨ ਨੂੰ ਸ਼ਾਮਲ ਕਰਨ 'ਤੇ ਵੀ ਜ਼ੋਰ ਦਿੱਤਾ ਹੈ। ਸਾਡੀ ਦੁਨੀਆ ਪਰਸਪਰ ਜੁੜੀ ਹੋਈ ਹੈ, ਇਸਦਾ ਮਤਲਬ ਹੈ ਕਿ ਵਿਭਿੰਨ ਖੇਤਰਾਂ ਵਿੱਚ ਸਾਡੀਆਂ ਚੁਣੌਤੀਆਂ ਵੀ ਆਪਸ ਵਿਚ ਜੁੜੀਆਂ ਹੋਈਆਂ ਹਨ। ਇਹ 2030 ਏਜੰਡੇ ਦੇ ਮੱਧ-ਕਾਲ ਦਾ ਸਾਲ ਹੈ ਅਤੇ ਬਹੁਤ ਸਾਰੇ ਚਿੰਤਾ ਜਤਾ ਰਹੇ ਹਨ ਕਿ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼) ਦੇ ਮੁੱਦੇ 'ਤੇ ਪ੍ਰਗਤੀ ਪਟੜੀ ਤੋਂ ਉਤਰ ਗਈ ਹੈ।

ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼) ਦੇ ਮੋਰਚੇ 'ਤੇ ਤੇਜ਼ੀ ਲਿਆਉਣ ਨਾਲ ਸਬੰਧਿਤ ਜੀ-20 2023 ਐਕਸ਼ਨ ਪਲਾਨ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰੇਗਾ। ਇਹ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼)  ਨੂੰ ਪ੍ਰਾਪਤ ਕਰਨ ਲਈ ਰਾਹ ਪੱਧਰਾ ਕਰੇਗਾ। ਭਾਰਤ ਵਿੱਚ, ਪ੍ਰਾਚੀਨ ਕਾਲ ਤੋਂ ਕੁਦਰਤ ਦੇ ਨਾਲ ਇੱਕਸੁਰਤਾ ਵਿੱਚ ਅੱਗੇ ਵਧਣਾ ਸਾਡਾ ਆਦਰਸ਼ ਰਿਹਾ ਹੈ ਅਤੇ ਅਸੀਂ ਆਧੁਨਿਕ ਸਮੇਂ ਵਿੱਚ ਵੀ ਕਲਾਇਮੇਟ ਐਕਸ਼ਨ ਵਿੱਚ ਯੋਗਦਾਨ ਪਾ ਰਹੇ ਹਾਂ। ਗਲੋਬਲ ਸਾਊਥ ਦੇ ਕਈ ਦੇਸ਼ ਵਿਕਾਸ ਦੇ ਵਿਭਿੰਨ ਪੜਾਵਾਂ ਵਿੱਚ ਹਨ ਅਤੇ ਇਸ ਸਮੇਂ ਦੌਰਾਨ ਕਲਾਇਮੇਟ ਐਕਸ਼ਨ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕਲਾਇਮੇਟ ਐਕਸ਼ਨ ਦੀ ਇੱਛਾ ਦੇ ਨਾਲ, ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਕਲਾਇਮੇਟ ਫਾਇਨੈਂਸ ਅਤੇ ਟ੍ਰਾਂਸਫਰ ਆਨ੍ ਟੈਕਨੋਲੋਜੀ ਦਾ ਭੀ ਧਿਆਨ ਰੱਖਿਆ ਜਾਵੇ। ਸਾਡਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਜਿੱਠਣ ਲਈ ਪਾਬੰਦੀਆਂ ਵਾਲਾ ਰਵੱਈਆ ਬਦਲਣਾ ਚਾਹੀਦਾ ਹੈ। 'ਕੀ ਨਹੀਂ ਕਰਨਾ ਚਾਹੀਦਾ' ਤੋਂ ਹਟਕੇ 'ਕੀ ਕੀਤਾ ਜਾ ਸਕਦਾ ਹੈ' ਦੀ ਸੋਚ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਉਸਾਰੂ ਕਾਰਜ ਸੰਸਕ੍ਰਿਤੀ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਇਕ ਟਿਕਾਊ ਅਤੇ ਮਜ਼ਬੂਤ ਬਲੂ ਇਕਨੌਮੀ ਦੇ ਲਈ ਚੇਨਈ ਐੱਚਐੱਲਪੀ ਸਾਡੇ ਮਹਾਸਾਗਰਾਂ ਨੂੰ ਸਵਸਥ ਰੱਖਣ ਵਿੱਚ ਜੁਟੀ ਹੈ।

ਗ੍ਰੀਨ ਹਾਈਡ੍ਰੋਜਨ ਇਨੋਵੇਸ਼ਨ ਸੈਂਟਰ ਦੇ ਨਾਲ, ਸਾਡੀ ਅਗਵਾਈ ਵਿੱਚ ਸਵੱਛ ਅਤੇ ਗ੍ਰੀਨ ਹਾਈਡ੍ਰੋਜਨ ਨਾਲ ਸਬੰਧਿਤ ਦਾ ਇੱਕ ਗਲੋਬਲ ਈਕੋਸਿਸਟਮ ਤਿਆਰ ਹੋਵੇਗਾ। ਸਾਲ 2015 ਵਿੱਚ, ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਸ਼ੁਰੂਆਤ ਕੀਤੀ। ਹੁਣ, ਗਲੋਬਲ ਬਾਇਓਫਿਊਲ ਅਲਾਇੰਸ ਰਾਹੀਂ ਅਸੀਂ ਦੁਨੀਆ ਨੂੰ ਐਨਰਜੀ ਟ੍ਰਾਂਜ਼ਿਸ਼ਨ ਦੇ ਯੋਗ ਬਣਾਉਣ ਲਈ ਸਹਿਯੋਗ ਕਰਾਂਗੇ। ਇਸ ਨਾਲ ਸਰਕੁਲਰ ਇਕੌਨਮੀ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗਾ। ਕਲਾਇਮੇਟ ਐਕਸ਼ਨ ਨੂੰ ਲੋਕਤੰਤਰੀਕਰਣ ਸਰੂਪ ਦੇਣਾ, ਇਸ ਅੰਦੋਲਨ ਨੂੰ ਗਤੀ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਿਸ ਤਰ੍ਹਾਂ ਲੋਕ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਾਨਾ ਫ਼ੈਸਲੇ ਲੈਂਦੇ ਹਨ, ਉਸੇ ਤਰ੍ਹਾਂ ਉਹ ਧਰਤੀ ਦੀ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿਚ ਰੱਖ ਕੇ ਆਪਣੀ ਜੀਵਨ ਸ਼ੈਲੀ ਵੀ ਤੈਅ ਕਰ ਸਕਦੇ ਹਨ। ਜਿਵੇਂ ਯੋਗ ਆਲਮੀ ਜਨ ਅੰਦੋਲਨ ਬਣ ਗਿਆ ਹੈ, ਉਸੇ ਤਰ੍ਹਾਂ ਅਸੀਂ 'ਲਾਇਫਸਟਾਇਲ ਫੌਰ ਸਸਟੇਨੇਬਲ ਐਨਵਾਇਰਨਮੈਂਟ' (ਲਾਇਫ) ਨੂੰ ਭੀ ਉਤਸ਼ਾਹਿਤ ਕਰ ਰਹੇ ਹਾਂ। ਜਲਵਾਯੂ ਪਰਿਵਰਤਨ ਦੇ ਕਾਰਨ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਬੜੀ ਚੁਣੌਤੀ ਹੋਵੇਗੀ। ਇਸ ਨਾਲ ਨਜਿੱਠਣ ਵਿੱਚ ਮੋਟੇ ਅਨਾਜ ਜਾਂ ਸ਼੍ਰੀਅੰਨ ਤੋਂ ਬਹੁਤ ਬੜੀ ਮਦਦ ਮਿਲ ਸਕਦੀ ਹੈ। ਸ਼੍ਰੀਅੰਨ ਕਲਾਇਮੇਟ ਸਮਾਰਟ ਐਗਰੀਕਲਚਰ ਨੂੰ ਹੁਲਾਰਾ ਦੇ ਰਿਹਾ ਹੈ। ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਦੌਰਾਨ, ਅਸੀਂ ਸ਼੍ਰੀਅੰਨ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਇਆ ਹੈ। ਦ ਡੇਕਨ ਹਾਈ ਲੈਵਲ ਪ੍ਰਿੰਸੀਪਲਸ ਔਨ ਫੂਡ ਸਕਿਉਰਿਟੀ ਐਂਡ ਨਿਊਟ੍ਰੀਸ਼ਨ ਨਾਲ ਭੀ ਇਸ ਦਿਸ਼ਾ ਵਿੱਚ ਸਹਾਇਤਾ ਮਿਲ ਸਕਦੀ ਹੈ।

ਟੈਕਨੋਲੋਜੀ ਪਰਿਵਰਤਨਕਾਰੀ ਹੈ ਲੇਕਿਨ ਇਸ ਨੂੰ ਸਮਾਵੇਸ਼ੀ ਬਣਾਉਣ ਦੀ ਜਰੂਰਤ ਹੈ। ਅਤੀਤ ਵਿੱਚ, ਤਕਨੀਕੀ ਪ੍ਰਗਤੀ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਰੂਪ ਵਿੱਚ ਨਹੀਂ ਮਿਲੇ। ਪਿਛਲੇ ਸਾਲਾਂ ਦੌਰਾਨ, ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਟੈਕਨੋਲੋਜੀ ਦਾ ਲਾਭ ਉਠਾ ਕੇ ਅਸਮਾਨਤਾਵਾਂ ਨੂੰ ਘਟਾਇਆ ਜਾ ਸਕਦਾ ਹੈ। ਉਦਾਹਰਣ ਲਈ, ਦੁਨੀਆ ਭਰ ਦੇ ਅਰਬਾਂ ਲੋਕ ਜਿਨ੍ਹਾਂ ਕੋਲ ਬੈਂਕ ਸੁਵਿਧਾ ਨਹੀਂ ਹੈ, ਜਾਂ ਜਿਨ੍ਹਾਂ ਕੋਲ ਡਿਜੀਟਲ ਪਹਿਚਾਣ ਨਹੀਂ ਹੈ, ਉਨ੍ਹਾਂ ਨੂੰ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦੇ ਜ਼ਰੀਏ ਲਿਆਂਦਾ ਜਾ ਸਕਦਾ ਹੈ। ਡੀਪੀਆਈ ਦਾ ਉਪਯੋਗ ਕਰਕੇ ਅਸੀਂ ਜੋ ਨਤੀਜੇ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਅਤੇ ਉਸ ਦੇ ਮਹੱਤਵ ਨੂੰ ਸਵੀਕਾਰ ਕਰ ਰਹੀ ਹੈ। ਹੁਣ, ਜੀ 20 ਦੇ ਜ਼ਰੀਏ ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਡੀਪੀਆਈ ਅਪਣਾਉਣ, ਤਿਆਰ ਕਰਨ ਅਤੇ ਉਸ ਦਾ ਵਿਸਤਾਰ ਕਰਨ ਵਿੱਚ ਮਦਦ ਕਰਾਂਗੇ ਤਾਕਿ ਸਮਾਵੇਸ਼ੀ ਵਿਕਾਸ ਦੀ ਤਾਕਤ ਹਾਸਲ ਕਰ ਸਕੀਏ। ਭਾਰਤ ਦਾ ਸਭ ਤੋਂ ਤੇਜ਼ ਗਤੀ ਨਾਲ ਬੜੀ ਅਰਥਵਿਵਸਥਾ ਬਣਨਾ ਕੋਈ ਅਚਾਨਕ ਘਟਨਾ ਨਹੀਂ ਹੈ। ਸਾਡੇ ਸਰਲ, ਵਿਹਾਰਕ ਅਤੇ ਸਸਟੇਨੇਬਲ ਤਰੀਕਿਆਂ ਨੇ ਕਮਜ਼ੋਰ ਅਤੇ ਵੰਚਿਤ ਲੋਕਾਂ ਨੂੰ ਸਾਡੀ ਵਿਕਾਸ ਯਾਤਰਾ ਦੀ ਅਗਵਾਈ ਕਰਨ ਲਈ ਸਸ਼ਕਤ ਬਣਾਇਆ ਹੈ। ਪੁਲਾੜ ਤੋਂ ਲੈ ਕੇ ਖੇਡਾਂ ਤੱਕ, ਅਰਥਵਿਵਸਥਾ ਤੋਂ ਲੈ ਕੇ ਉੱਦਮਤਾ ਤੱਕ, ਭਾਰਤੀ ਮਹਿਲਾਵਾਂ ਵਿਭਿੰਨ ਖੇਤਰਾਂ ਵਿੱਚ ਅੱਗੇ ਵਧ ਰਹੀਆਂ ਹਨ। ਅੱਜ ਮਹਿਲਾਵਾਂ ਦੇ ਵਿਕਾਸ ਤੋਂ ਅੱਗੇ ਵਧਕੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਮੰਤਰ 'ਤੇ ਭਾਰਤ ਅੱਗੇ ਵੱਧ ਰਿਹਾ ਹੈ। ਸਾਡੀ ਜੀ -20 ਪ੍ਰੈਜ਼ੀਡੈਂਸੀ ਜੈਂਡਰ ਡਿਜੀਟਲ ਡਿਵਾਈਡ ਨੂੰ ਪੂਰਨ, ਲੇਬਰ ਫੋਰਸ ਵਿੱਚ ਭਾਗੀਦਾਰੀ ਦੇ ਅੰਤਰ ਨੂੰ ਘਟਾਉਣ ਅਤੇ ਫ਼ੈਸਲੇ ਲੈਣ ਵਿੱਚ ਮਹਿਲਾਵਾਂ ਦੀ ਇੱਕ ਬੜੀ ਭੂਮਿਕਾ ਨੂੰ ਸਮਰੱਥ ਬਣਾਉਣ 'ਤੇ ਕੰਮ ਕਰ ਰਹੀ ਹੈ।

ਭਾਰਤ ਦੇ ਲਈ, ਜੀ-20 ਦੀ ਪ੍ਰਧਾਨਗੀ ਕੇਵਲ ਉੱਚ ਪੱਧਰੀ ਕੂਟਨੀਤਕ ਕੋਸ਼ਿਸ਼ ਨਹੀਂ ਹੈ। ਮਦਰ ਆਵ੍ ਡੈਮੋਕ੍ਰੇਸੀ ਅਤੇ ਮਾਡਲ ਆਫ਼ ਡਾਇਵਰਸਿਟੀ ਦੇ ਰੂਪ ਵਿੱਚ ਅਸੀਂ ਇਸ ਅਨੁਭਵ ਦੇ ਦਰਵਾਜ਼ੇ ਦੁਨੀਆ ਲਈ ਖੋਲ੍ਹ ਦਿੱਤੇ ਹਨ। ਅੱਜ ਜਦੋਂ ਬੜੇ ਪੱਧਰ 'ਤੇ ਕੋਈ ਭੀ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਸਹਿਜੇ ਹੀ ਭਾਰਤ ਦਾ ਨਾਮ ਆ ਜਾਂਦਾ ਹੈ। ਜੀ-20 ਦੀ ਪ੍ਰਧਾਨਗੀ ਵੀ ਇਸ ਦਾ ਅਪਵਾਦ ਨਹੀਂ ਹੈ। ਇਹ ਭਾਰਤ ਵਿੱਚ ਇੱਕ ਜਨ ਅੰਦੋਲਨ ਬਣ ਗਿਆ ਹੈ। ਜੀ-20 ਪ੍ਰੈਜ਼ੀਡੈਂਸੀ ਦਾ ਸਾਡਾ ਕਾਰਜਕਾਲ ਖ਼ਤਮ ਹੋਣ ਤੱਕ ਭਾਰਤ ਦੇ 60 ਸ਼ਹਿਰਾਂ ਵਿੱਚ 200 ਤੋਂ ਵੱਧ ਬੈਠਕਾਂ ਆਯੋਜਿਤ ਹੋ ਚੁੱਕੀਆਂ ਹੋਣਗੀਆਂ। ਇਸ ਸਮੇਂ ਦੌਰਾਨ ਅਸੀਂ 125 ਦੇਸ਼ਾਂ ਦੇ ਲਗਭਗ 100,000 ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰ ਚੁੱਕੇ ਹੋਵਾਂਗੇ। ਕਿਸੇ ਭੀ ਪ੍ਰੈਜ਼ੀਡੈਂਸੀ ਨੇ ਕਦੇ ਭੀ ਇਤਨੇ ਵਿਸ਼ਾਲ ਅਤੇ ਵਿਵਿਧ ਭੂਗੋਲਿਕ ਵਿਸਤਾਰ ਨੂੰ ਇਸ ਤਰ੍ਹਾਂ ਸ਼ਾਮਲ ਨਹੀਂ ਕੀਤਾ ਹੈ। ਭਾਰਤ ਦੀ ਡੈਮੋਗ੍ਰਾਫੀ, ਡੈਮੋਕ੍ਰੇਸੀ, ਡਾਇਵਰਸਿਟੀ ਅਤੇ ਡਿਵੈਲਪਮੈਂਟ ਬਾਰੇ ਕਿਸੇ ਹੋਰ ਤੋਂ ਸੁਣਨਾ ਇੱਕ ਗੱਲ ਹੈ ਅਤੇ ਇਸ ਨੂੰ ਪ੍ਰਤੱਖ ਰੂਪ ਵਿੱਚ ਅਨੁਭਵ ਕਰਨਾ ਬਿਲਕੁਲ ਅਲੱਗ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਜੀ-20 ਦੇ ਪ੍ਰਤੀਨਿਧੀ ਇਸ ਨੂੰ ਖ਼ੁਦ ਮਹਿਸੂਸ ਕਰਨਗੇ। ਸਾਡੀ ਜੀ-20 ਦੀ ਪ੍ਰੈਜ਼ੀਡੈਂਸੀ ਪਾੜੇ ਨੂੰ ਪੂਰਨ, ਰੁਕਾਵਟਾਂ ਨੂੰ ਦੂਰ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਡੀ ਭਾਵਨਾ ਇੱਕ ਅਜਿਹੀ ਦੁਨੀਆ ਦੇ ਨਿਰਮਾਣ ਦੀ ਹੈ, ਜਿੱਥੇ ਏਕਤਾ ਮਤਭੇਦ ਤੋਂ ਉੱਪਰ ਹੋਵੇ, ਜਿੱਥੇ ਸਾਂਝਾ ਲਕਸ਼  ਵਖਰੇਵੇਂ ਦੀ ਸੋਚ ਨੂੰ ਖ਼ਤਮ ਕਰ ਦੇਵੇ। ਜੀ-20 ਪ੍ਰਧਾਨ ਦੇ ਰੂਪ ਵਿੱਚ ਅਸੀਂ ਆਲਮੀ ਮੰਚ ਨੂੰ ਵਿਸ਼ਾਲ ਬਣਾਉਣ ਦਾ ਸੰਕਲਪ ਲਿਆ ਸੀ, ਜਿਸ ਵਿੱਚ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਹਰ ਆਵਾਜ਼ ਸੁਣੀ ਜਾਵੇ ਅਤੇ ਹਰ ਦੇਸ਼ ਆਪਣਾ ਯੋਗਦਾਨ ਦੇਵੇ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਕਾਰਜਾਂ ਅਤੇ ਸਪਸ਼ਟ ਨਤੀਜਿਆਂ ਦੇ ਨਾਲ ਆਪਣੇ ਸੰਕਲਪ ਪੂਰੇ ਕੀਤੇ ਹਨ।


author

DIsha

Content Editor

Related News