ਵਾਇਸ ਕਲੋਨਿੰਗ : ਨਵੇਂ ਸਾਈਬਰ ਅਪਰਾਧ ਤੋਂ ਰਹੋ ਸਾਵਧਾਨ

Friday, Mar 15, 2024 - 12:42 PM (IST)

ਵਾਇਸ ਕਲੋਨਿੰਗ : ਨਵੇਂ ਸਾਈਬਰ ਅਪਰਾਧ ਤੋਂ ਰਹੋ ਸਾਵਧਾਨ

ਸਾਈਬਰ ਅਪਰਾਧਾਂ ’ਚ ਸ਼ਾਮਲ ਅਪਰਾਧੀ ਹਰ ਦਿਨ ਨਵੇਂ ਢੰਗ ਨਾਲ ਆਪਣੇ ਸ਼ਿਕਾਰਾਂ ਨੂੰ ਫਸਾਉਣ ਦੇ ਤਰੀਕੇ ਲੱਭਦੇ ਰਹਿੰਦੇ ਹਨ। ਜੇਕਰ ਤੁਸੀਂ ਜਾਗਰੂਕ ਹੋ ਤਾਂ ਤੁਸੀਂ ਇਨ੍ਹਾਂ ਦੇ ਜਾਲ ਵਿਚ ਫਸਣ ਤੋਂ ਬਚ ਸਕਦੇ ਹੋ। ਜੇਕਰ ਤੁਸੀਂ ਘਬਰਾਹਟ ਵਿਚ ਕੁਝ ਕਰਦੇ ਹੋ ਤਾਂ ਤੁਸੀਂ ਆਸਾਨੀ ਨਾਲ ਉਨ੍ਹਾਂ ਦੇ ਜਾਲ ਵਿਚ ਫਸ ਸਕਦੇ ਹੋ। ਅੱਜ ਇਸ ਕਾਲਮ ਵਿਚ ਅਸੀਂ ਸਾਈਬਰ ਅਪਰਾਧ ਦੀ ਇਕ ਨਵੀਂ ਵਿਧੀ, ਵਾਇਸ ਕਲੋਨਿੰਗ ਬਾਰੇ ਗੱਲ ਕਰਾਂਗੇ ਜੋ ਅੱਜਕੱਲ੍ਹ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ।

ਕੁੱਝ ਸਮਾਂ ਪਹਿਲਾਂ ਤੱਕ ਸਾਈਬਰ ਅਪਰਾਧੀਆਂ ਵਲੋਂ ਵ੍ਹਟਸਐਪ ’ਤੇ ਵੀਡੀਓ ਕਾਲ ਕਰ ਕੇ ਲੋਕਾਂ ਤੋਂ ਪੈਸਾ ਠੱਗਿਆ ਜਾ ਰਿਹਾ ਸੀ। ਜਿਵੇਂ-ਜਿਵੇਂ ਇਸ ਤਰ੍ਹਾਂ ਦੇ ਸਾਈਬਰ ਅਪਰਾਧ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗਾ ਤਾਂ ਇਨ੍ਹਾਂ ਸਾਈਬਰ ਠੱਗਾਂ ਦੇ ਅਪਰਾਧਾਂ ’ਚ ਕਮੀ ਆਉਣ ਲੱਗੀ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਨਵੇਂ ਦੌਰ ’ਚ ਸਾਈਬਰ ਠੱਗੀ ਦੇ ਨਵੇਂ ਤਰੀਕੇ ਵੀ ਸਾਹਮਣੇ ਆਉਣ ਲੱਗੇ ਹਨ। ਇਨ੍ਹਾਂ ’ਚ ਇਕ ਤਾਜ਼ਾ ਤਰੀਕਾ ਹੈ ਵਾਇਸ ਕਲੋਨਿੰਗ। ਇਹ ਇਕ ਅਜਿਹੀ ਤਕਨੀਕ ਹੈ ਜਿਸ ਨਾਲ ਕਿ ਕੰਪਿਊਟਰ ਰਾਹੀਂ ਕਿਸੇ ਦੀ ਵੀ ਆਵਾਜ਼ ਦੀ ਨਕਲ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਆਵਾਜ਼ ਦੀ ਇਸ ਤਰ੍ਹਾਂ ਨਕਲ ਨੂੰ ਪਛਾਣ ਸਕਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ।

ਕੁੱਝ ਦਿਨ ਪਹਿਲਾਂ ਮੈਨੂੰ ਮੇਰੇ ਇਕ ਮਿੱਤਰ ਜਤਿਨ ਦਾ ਘਬਰਾਹਟ ’ਚ ਫੋਨ ਆਇਆ। ਉਸ ਦੀ ਘਬਰਾਹਟ ਦਾ ਕਾਰਨ ਇਹ ਸੀ ਕਿ ਖੁਦ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦਾ ਇਕ ਅਧਿਕਾਰੀ ਦੱਸਣ ਵਾਲਾ ਵਿਅਕਤੀ ਉਸ ਨੂੰ ਧਮਕਾ ਰਿਹਾ ਸੀ। ਉਸ ਵਿਅਕਤੀ ਨੇ ਜਤਿਨ ਨੂੰ ਫੋਨ ’ਤੇ ਇਹ ਕਹਿੰਦਿਆਂ ਧਮਕਾਇਆ ਕਿ ਉਸ ਦਾ ਬੇਟਾ ਪੁਲਸ ਹਿਰਾਸਤ ’ਚ ਹੈ। ਜਦ ਉਸ ਨੇ ਆਪਣੇ ਬੇਟੇ ਦੀ ਗ੍ਰਿਫਤਾਰੀ ਦੀ ਵਜ੍ਹਾ ਪੁੱਛੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਬੇਟਾ ਆਪਣੇ ਕਾਲਜ ਦੀਆਂ ਲੜਕੀਆਂ ਨੂੰ ਅਸ਼ਲੀਲ ਮੈਸੇਜ ਭੇਜਦਾ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ। ਕਿਉਂਕਿ ਜਤਿਨ ਦਾ ਬੇਟਾ ਅੱਜਕੱਲ੍ਹ ਦੇ ਨੌਜਵਾਨਾਂ ਵਾਂਗ ਮਸਤ-ਮੌਲਾ ਵਿਚਾਰਾਂ ਦਾ ਨਹੀਂ ਹੈ, ਇਸ ਲਈ ਉਸ ਨੂੰ ਇਸ ਗੱਲ ’ਤੇ ਯਕੀਨ ਨਾ ਹੋਇਆ ਪਰ ਫਿਰ ਵੀ ਇਕ ਘਬਰਾਏ ਹੋਏ ਪਿਤਾ ਵਾਂਗ ਜਤਿਨ ਨੇ ਵੀ ਇਹ ਜਾਨਣਾ ਚਾਹਿਆ ਕਿ ਉਸ ਦਾ ਬੇਟਾ ਕਿਹੜੇ ਥਾਣੇ ’ਚ ਹੈ ਅਤੇ ਉਸ ਨੂੰ ਕਿਵੇਂ ਛੁਡਾਇਆ ਜਾ ਸਕੇਗਾ? ਪਰ ਤਦ ਹੀ ਕਿਸੇ ਕਾਰਨ ਫੋਨ ਕੱਟਿਆ ਗਿਆ।

ਇਸੇ ਦਰਮਿਆਨ ਜਤਿਨ ਨੇ ਮੈਨੂੰ ਫੋਨ ਕਰ ਕੇ ਆਪਣੀ ਪ੍ਰੇਸ਼ਾਨੀ ਦੱਸੀ। ਸਭ ਤੋਂ ਪਹਿਲਾਂ ਮੈਂ ਉਸ ਕੋਲੋਂ ਪੁੱਛਿਆ ਕਿ ਉਸ ਦਾ ਬੇਟਾ ਇਸ ਸਮੇਂ ਕਿੱਥੇ ਹੈ? ਉਸ ਨੇ ਦੱਸਿਆ ਕਿ ਉਹ ਕਾਲਜ ਗਿਆ ਹੈ। ਮੈਂ ਉਸ ਨੂੰ ਪੁੱਛਿਆ ਕਿ ਫੋਨ ਕਿਸ ਨੰਬਰ ਤੋਂ ਆਇਆ ਸੀ? ਕੀ ਫੋਨ ਉਸ ਦੇ ਬੇਟੇ ਦੇ ਫੋਨ ਤੋਂ ਆਇਆ ਸੀ? ਚੈੱਕ ਕਰਨ ’ਤੇ ਪਤਾ ਲੱਗਾ ਕਿ ਫੋਨ ਕਿਸੇ ਅਣਜਾਣ ਨੰਬਰ ਤੋਂ ਆਇਆ ਸੀ। ਇੰਨਾ ਹੀ ਨਹੀਂ ਉਸ ਨੰਬਰ ਤੋਂ ਪਹਿਲਾਂ +92 ਲੱਗਿਆ ਸੀ, ਜਿਸ ਤੋਂ ਸ਼ੱਕ ਹੋਇਆ ਕਿ ਇਹ ਇਕ ਫਰਾਡ ਕਾਲ ਹੈ ਕਿਉਂਕਿ ਭਾਰਤ ਦੇ ਸਾਰੇ ਫੋਨ ਨੰਬਰਾਂ ਤੋਂ ਪਹਿਲਾਂ +92 ਨਹੀਂ ਸਗੋਂ +91 ਲੱਗਦਾ ਹੈ। ਮੈਂ ਜਤਿਨ ਨੂੰ ਸ਼ਾਂਤ ਕਰਦੇ ਹੋਏ ਇਹ ਗੱਲ ਸਮਝਾਈ ਕਿ ਜੇ ਪੁਲਸ ਕਿਸੇ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਮਾਤਾ-ਪਿਤਾ ਨਾਲ ਗੱਲ ਕਰਦੀ ਤਾਂ ਜਾਂ ਤਾਂ ਉਹ ਥਾਣੇ ਦੇ ਫੋਨ ਤੋਂ ਕਰੇਗੀ ਜਾਂ ਵਿਦਿਆਰਥੀ ਦੇ ਹੀ ਫੋਨ ਤੋਂ ਜਾਂ ਪੁਲਸ ਅਧਿਕਾਰੀ ਆਪਣੇ ਫੋਨ ਤੋਂ ਹੀ ਕਾਲ ਕਰੇਗਾ ਜਿਸ ਤੋਂ ਪਹਿਲਾਂ +91 ਲੱਗਾ ਹੋਵੇਗਾ।

ਇਸ ’ਤੇ ਜਤਿਨ ਨੂੰ ਕੁੱਝ ਗੱਲ ਤਾਂ ਸਮਝ ’ਚ ਆਈ ਪਰ ਉਸ ਨੇ ਇਹ ਵੀ ਕਿਹਾ ਕਿ ਉਸ ਪੁਲਸ ਅਧਿਕਾਰੀ ਨੇ ਉਸ ਦੇ ਬੇਟੇ ਦੀ ਫੋਨ ਰਿਕਾਰਡਿੰਗ ਦੇ ਕੁੱਝ ਅੰਸ਼ ਵੀ ਸੁਣਾਏ ਹਨ, ਜਿਨ੍ਹਾਂ ਨੂੰ ਸੁਣ ਕੇ ਉਸ ਨੂੰ ਚਿੰਤਾ ਹੋਈ, ਇਸ ਲਈ ਮੈਂ ਜਤਿਨ ਨੂੰ ਕਿਹਾ ਕਿ ਉਸ ਨੇ ਆਪਣੇ ਬੇਟੇ ਨਾਲ ਉਸ ਦੇ ਫੋਨ ’ਤੇ ਗੱਲ ਕੀਤੀ? ਤਾਂ ਉਹ ਬੋਲਿਆ ਕਿ ਘਬਰਾਹਟ ’ਚ ਉਸ ਨੇ ਪਹਿਲਾ ਫੋਨ ਮੈਨੂੰ ਹੀ ਕੀਤਾ। ਜਿਓਂ ਹੀ ਜਤਿਨ ਨੇ ਦੂਜੇ ਫੋਨ ਤੋਂ ਆਪਣੇ ਬੇਟੇ ਨਾਲ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਬਿਲਕੁਲ ਠੀਕ-ਠਾਕ ਹੈ ਅਤੇ ਆਪਣੇ ਕਾਲਜ ’ਚ ਹੈ। ਮੈਂ ਜਤਿਨ ਨੂੰ ਵਾਇਸ ਕਲੋਨਿੰਗ ਸਕੈਮ ਬਾਰੇ ਜੋ ਦੱਸਿਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਵੀ ਜ਼ਰੂਰੀ ਹੈ। ਉਗਰਾਹੀ ਦੇ ਇਸ ਨਵੇਂ ਢੰਗ ਨੂੰ ਜੇ ਤੁਸੀਂ ਜਾਣ ਲਓਗੇ ਤਾਂ ਸ਼ਾਇਦ ਤੁਸੀਂ ਵੀ ਇਨ੍ਹਾਂ ਜਾਅਲਸਾਜ਼ਾਂ ਦਾ ਸ਼ਿਕਾਰ ਹੋਣ ਤੋਂ ਬਚ ਸਕੋਗੇ।

ਵਾਇਸ ਕਲੋਨਿੰਗ ਸਾਈਬਰ ਠੱਗਾਂ ਦਾ ਸਭ ਤੋਂ ਤਾਜ਼ਾ ਹਥਿਆਰ ਸਾਬਤ ਹੋ ਰਿਹਾ ਹੈ। ਸਾਈਬਰ ਠੱਗ ਤੁਹਾਨੂੰ ਫੋਨ ’ਤੇ ਕਿਸੇ ਬੈਂਕ, ਫੋਨ ਜਾਂ ਬੀਮਾ ਕੰਪਨੀ ਦਾ ਅਧਿਕਾਰੀ ਬਣ ਕੇ ਤੁਹਾਡੇ ਨਾਲ ਗੱਲ ਕਰਦੇ ਹਨ। ਇਸ ਪਿੱਛੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਵਾਇਸ ਕਲੋਨਿੰਗ ਸਾਫਟਵੇਅਰ ’ਚ ਤੁਹਾਡੀ ਆਵਾਜ਼ ’ਚ ਆਸਾਨੀ ਨਾਲ ਬਦਲਾਅ ਕਰ ਕੇ ਤੁਹਾਡੀ ਆਵਾਜ਼ ਦੀ ਨਕਲ ਜਾਂ ਵਾਇਸ ਕਲੋਨਿੰਗ ਕਰ ਲੈਂਦੇ ਹਨ। ਮਤਲਬ ਤੁਹਾਡੀ ਹੀ ਆਵਾਜ਼ ’ਚ ਗੱਲਬਾਤ ਦਾ ਵਿਸ਼ਾ ਬਦਲ ਦਿੰਦੇ ਹਨ। ਇਨ੍ਹਾਂ ਸਾਈਬਰ ਠੱਗਾਂ ਕੋਲ ਤੁਹਾਡੇ ਨੇੜਲੇ ਰਿਸ਼ਤੇਦਾਰਾਂ ਦੇ ਨੰਬਰ ਹੁਣ ਕੋਈ ਵੱਡੀ ਗੱਲ ਨਹੀਂ ਹੈ। ਇਸ ਕਾਰਨ ਉਹ ਵਾਇਸ ਕਲੋਨਿੰਗ ਦੀ ਮਦਦ ਨਾਲ ਤੁਹਾਡੀ ਨਕਲੀ ਆਵਾਜ਼ ਰਾਹੀਂ ਸਕੈਮ ਕਰਨ ’ਚ ਕਾਮਯਾਬ ਹੋ ਰਹੇ ਹਨ। ਇਸ ਲਈ ਤੁਹਾਡੇ ਸਭ ਲਈ ਕੁੱਝ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ।

ਪਹਿਲਾ, ਜੇ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਅਜਿਹਾ ਵਾਇਸ ਕਲੋਨਿੰਗ ਵਾਲਾ ਫੋਨ ਆਵੇ ਤਾਂ ਪਹਿਲਾਂ ਇਹ ਨਿਸ਼ਚਿਤ ਕਰ ਲਓ ਕਿ ਤੁਹਾਡੇ ਜਿਸ ਰਿਸ਼ਤੇਦਾਰ ਬਾਰੇ ਗੱਲ ਕੀਤੀ ਜਾ ਰਹੀ ਹੈ, ਕੀ ਉਹ ਉਸ ਦੀ ਹੀ ਆਵਾਜ਼ ਹੈ? ਦੂਜਾ, ਕਿਸੇ ਨਾ ਕਿਸੇ ਬਹਾਨੇ ਨਾਲ ਫੋਨ ਨੂੰ ਕੱਟ ਕੇ ਆਪਣੇ ਉਸੇ ਰਿਸ਼ਤੇਦਾਰ ਨੂੰ ਫੋਨ ਕਰ ਕੇ ਉਸ ਨਾਲ ਗੱਲ ਜ਼ਰੂਰ ਕਰੋ। ਤੀਜਾ, ਜੇ ਕੋਈ ਵੀ ਖੁਦ ਨੂੰ ਪੁਲਸ ਅਧਿਕਾਰੀ ਦੱਸਦਾ ਹੈ ਤਾਂ ਪਹਿਲਾਂ ਉਸ ਵਿਅਕਤੀ ਦੀ ਪੂਰੀ ਪਛਾਣ ਮੰਗੋ ਅਤੇ ਅਧਿਕਾਰਤ ਫੋਨ ਨੰਬਰ ਮੰਗ ਲਓ। ਜੇ ਸੰਭਵ ਹੋਵੇ ਤਾਂ ਫੌਰਨ ਉਸ ਦੀ ਦੱਸੀ ਪਛਾਣ ਦੀ ਪੁਸ਼ਟੀ ਵੀ ਕਰ ਲਓ। ਕਦੀ ਵੀ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ, ਖਾਸ ਕਰ ਕੇ ਜਿਸ ਦੇ ਨੰਬਰ ਤੋਂ ਪਹਿਲਾਂ +92 ਲੱਗਾ ਹੋਵੇ, ਉਸ ਨੂੰ ਨਾ ਚੁੱਕੋ। ਕਾਲ ਕਰਨ ਵਾਲੇ ਦੇ ਲੱਖ ਕਹਿਣ ’ਤੇ ਵੀ ਉਸ ਦੀਆਂ ਗੱਲਾਂ ’ਚ ਨਾ ਆਓ। ਆਪਣੇ ਬੈਂਕ ਖਾਤੇ ਜਾਂ ਹੋਰ ਜ਼ਰੂਰੀ ਜਾਣਕਾਰੀ ਨੂੰ ਕਦੀ ਸਾਂਝੀ ਨਾ ਕਰੋ। ਅਜਿਹੇ ਨੰਬਰਾਂ ਨੂੰ ਤੁਰੰਤ ਬਲਾਕ ਕਰੋ। ਜਿਓਂ ਹੀ ਪਤਾ ਲੱਗੇ ਕਿ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ ਜਾਂ ਤੁਸੀਂ ਇਨ੍ਹਾਂ ਦੇ ਸ਼ਿਕਾਰ ਹੋ ਚੱੁਕੇ ਹੋ ਤਾਂ ਪੁਲਸ ਨੂੰ ਇਸ ਦੀ ਤੁਰੰਤ ਇਤਲਾਹ ਦਿਓ। ਤੁਸੀਂ ਜਾਣਕਾਰ ਹੋਵੋਗੇ ਤਾਂ ਸੁਰੱਖਿਅਤ ਰਹੋਗੇ।

ਰਜਨੀਸ਼ ਕਪੂਰ


author

Rakesh

Content Editor

Related News