ਆਦਿੱਤਿਆ ਠਾਕਰੇ ਲਈ ਅਗਨੀ ਪ੍ਰੀਖਿਆ ਹੋਣਗੀਆਂ ਵਿਧਾਨ ਸਭਾ ਚੋਣਾਂ

10/16/2019 1:31:29 AM

ਕਲਿਆਣੀ ਸ਼ੰਕਰ

ਆਪਣੇ ਪੋਤੇ ਆਦਿੱਤਿਆ ਠਾਕਰੇ ਦੇ ਚੋਣ ਰਾਜਨੀਤੀ ’ਚ ਸ਼ਾਮਿਲ ਹੋਣ ਦੇ ਵਿਚਾਰ ’ਤੇ ਸ਼ਿਵ ਸੈਨਾ ਦੇ ਸਾਬਕਾ ਮੁਖੀ ਮਰਹੂਮ ਬਾਲਾ ਸਾਹਿਬ ਠਾਕਰੇ ਕਿਵੇਂ ਪ੍ਰਤੀਕਿਰਿਆ ਦਿੰਦੇ, ਜਦਕਿ ਠਾਕਰੇ ਪਰਿਵਾਰ ਨੂੰ ਅਜੇ ਤਕ ਅਤਿਅੰਤ ਸਫਲਤਾਪੂਰਵਕ ਇਸ ਤੋਂ ਬਾਹਰ ਰੱਖਿਆ ਗਿਆ ਸੀ। ਉਹ ਦੱਬਿਆ ਹਾਸਾ ਹੱਸ ਦਿੰਦੇ। ਅਜੇ ਤਕ ਪਰਿਵਾਰ ਨੇ ਖ਼ੁਦ ਚੋਣ ਲੜੇ ਬਿਨਾਂ ਮਹਾਰਾਸ਼ਟਰ ’ਚ ਇਕ ਸ਼ਕਤੀਸ਼ਾਲੀ ਸਿਆਸੀ ਦਲ ਦਾ ਸੰਚਾਲਨ ਕੀਤਾ ਹੈ। ਸਭ ਤੋਂ ਨੌਜਵਾਨ ਠਾਕਰੇ ਆਦਿੱਤਿਆ ਨੇ ਆਉਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਮੁੰਬਈ ਦੀ ਵਰਲੀ ਸੀਟ ਤੋਂ ਚੋਣ ਲੜ ਕੇ ਇਸ ਰੁਝਾਨ ਨੂੰ ਤੋੜ ਦਿੱਤਾ ਹੈ।

ਬਾਲਾ ਸਾਹਿਬ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੇ 3 ਫੈਸਲੇ ਲਏ ਹਨ–ਉਹ ਕਦੇ ਚੋਣ ਨਹੀਂ ਲੜਨਗੇ, ਉਹ ਆਪਣੀ ਆਤਮ-ਕਥਾ ਨਹੀਂ ਲਿਖਣਗੇ ਅਤੇ ਕੋਈ ਵੀ ਸਰਕਾਰੀ ਅਹੁਦਾ ਹਾਸਿਲ ਨਹੀਂ ਕਰਨਗੇ ਅਤੇ ਅਖੀਰ ਤਕ ਉਹ ਇਸ ’ਤੇ ਅਟੱਲ ਰਹੇ। ਪਹਿਲੀ ਸ਼ਿਵ ਸੈਨਾ-ਭਾਜਪਾ ਸਰਕਾਰ ਬਣਨ (1995-1999) ਤੋਂ ਬਾਅਦ ਬਾਲਾ ਸਾਹਿਬ ਆਮ ਤੌਰ ’ਤੇ ਚੁਟਕੀ ਲੈਂਦੇ ਸਨ ਕਿ ਉਹ ਆਪਣੇ ਹੱਥ ਵਿਚ ਰਿਮੋਟ ਕੰਟਰੋਲ ਨਾਲ ਸੂਬੇ ’ਤੇ ਸ਼ਾਸਨ ਕਰਦੇ ਰਹੇ ਹਨ।

ਬਾਲਾ ਸਾਹਿਬ ਦੇ ਬੇਟੇ ਊਧਵ ਠਾਕਰੇ ਨੇ ਨਾ ਸਿਰਫ ਹੈਰਾਨੀਜਨਕ ਢੰਗ ਨਾਲ ਪਾਰਟੀ ਨੂੰ ਜਿਊਂਦੀ ਰੱਖਿਆ, ਸਗੋਂ ਆਪਣੇ ਪਿਤਾ ਦੀ ਰਿਮੋਟ ਕੰਟਰੋਲ ਨੀਤੀ ਦੀ ਵੀ ਪਾਲਣਾ ਕੀਤੀ ਪਰ 19 ਸਾਲਾ ਆਦਿੱਤਿਆ ਵੱਖਰੇ ਹਨ। ਉਹ ਖਾਹਿਸ਼ੀ ਮਹਾਰਾਸ਼ਟਰੀਅਨ ਨੌਜਵਾਨਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਦੇ ਦਿੱਖ-ਨਿਰਮਾਤਾ ਉਨ੍ਹਾਂ ਨੂੰ ਇਕ ਸਤਿਕਾਰਯੋਗ ਅਤੇ ਅੰਗਰੇਜ਼ੀ ਬੋਲਣ ਵਾਲੇ ਸ਼ਿਵ ਸੈਨਾ ਨੇਤਾ ਦੇ ਤੌਰ ’ਤੇ ਪੇਸ਼ ਕਰਨ ਦਾ ਯਤਨ ਕਰ ਰਹੇ ਹਨ। 9 ਸਾਲ ਪਹਿਲਾਂ ਖ਼ੁਦ ਬਾਲਾ ਸਾਹਿਬ ਨੇ ਅਕਤੂਬਰ 2010 ਵਿਚ ਆਪਣੇ ਪੋਤੇ ਦੀ ਜਾਣ-ਪਛਾਣ ਕਰਵਾਈ ਸੀ ਅਤੇ ਆਦਿੱਤਿਆ ਨੂੰ ਪਾਰਟੀ ਦੀ ਨਵੀਂ ਗਠਿਤ ਯੂਥ ਇਕਾਈ ਦਾ ਪ੍ਰਧਾਨ ਬਣਾਇਆ ਸੀ।

ਸਮਾਂ ਬਿਲਕੁਲ ਸਹੀ

ਠਾਕਰੇ ਪਰਿਵਾਰ ਦੇ ਉੱਤਰਾਧਿਕਾਰੀ ਲਈ ਸਮਾਂ ਬਿਲਕੁਲ ਸਹੀ ਹੈ ਕਿਉਂਕਿ ਭਾਜਪਾ-ਸ਼ਿਵ ਸੈਨਾ ਗੱਠਜੋੜ ਇਸ ਵਾਰ ਵਿਧਾਨ ਸਭਾ ਚੋਣਾਂ ਜਿੱਤਣ ਵੱਲ ਵਧ ਰਿਹਾ ਹੈ। ਹਾਲਾਂਕਿ ਇਹ ਹੈਰਾਨੀਜਨਕ ਨਹੀਂ ਸੀ। ਆਦਿੱਤਿਆ ਨੇ ਹਾਲ ਹੀ ’ਚ ਇਕ ਇੰਟਰਵਿਊ ਵਿਚ ਕਿਹਾ ਸੀ, ‘‘ਮੈਂ ਇਹ ਚੋਣ ਇਸ ਲਈ ਚੁਣੀ ਕਿਉਂਕਿ ਮੈਂ ਸੋਚਿਆ ਕਿ ਇਹ ਸਹੀ ਸਮਾਂ ਹੈ।’’ ਮਹਾਰਾਸ਼ਟਰ ’ਚ ਯੂਥ ਲੀਡਰਸ਼ਿਪ ਦੀ ਘਾਟ ਹੈ, ਜਿਸ ਨੂੰ ਭਰਨ ਦੀ ਉਹ ਆਸ ਕਰ ਰਹੇ ਹਨ।

ਖ਼ੁਦ ਆਦਿੱਤਿਆ ਨੇ ਸਵੀਕਾਰ ਕੀਤਾ ਹੈ ਕਿ ਇਕ ਬੱਚੇ ਦੇ ਤੌਰ ’ਤੇ ਉਹ ਆਪਣੇ ਪਿਤਾ ਅਤੇ ਦਾਦੇ ਨਾਲ ਯਾਤਰਾਵਾਂ ਕਰਦੇ ਸਨ ਅਤੇ ਇਸੇ ਕਾਰਣ ਰਾਜਨੀਤੀ ’ਚ ਉਨ੍ਹਾਂ ਦੀ ਰੁਚੀ ਬਣ ਗਈ। ਆਦਿੱਤਿਆ ਨੇ ਇਸ ਦੀ ਤੁਕ ਦੱਸਦੇ ਹੋਏ ਕਿਹਾ ਕਿ ‘‘ਜੇਕਰ ਤੁਸੀਂ ਸਮਾਜ ਲਈ ਕੁਝ ਚੰਗਾ ਕਰਨਾ ਚਾਹੁੰਦੇ ਹੋ ਤਾਂ ਰਾਜਨੀਤੀ ਇਸ ਦਾ ਰਸਤਾ ਹੈ। ਮੈਂ ਪਿਛਲੇ 5 ਸਾਲਾਂ ਤੋਂ ਆਪਣੀ ਯਾਤਰਾ ਬਾਰੇ ਸੋਚ ਰਿਹਾ ਸੀ। ਅਸੀਂ ਕਈ ਅੰਦੋਲਨ ਕੀਤੇ ਹਨ। ਸ਼ਿਵ ਸੈਨਾ ਨੇ ਬਿਹਤਰ ਢੰਗ ਨਾਲ ਮਹਾਰਾਸ਼ਟਰ ਨੂੰ ਕਿਵੇਂ ਬਚਾਉਣਾ ਹੈ? ਮੈਂ ਹਮੇਸ਼ਾ ਸੋਚਿਆ ਕਿ ਮੈਨੂੰ ਆਪਣੇ ਪਾਰਟੀ ਵਿਧਾਇਕਾਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।’’ ਆਪਣੀ ਚੋਣ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ 2019 ਦੀ ਸਫਲਤਾ ਲਈ ਵੋਟਰਾਂ ਦਾ ਧੰਨਵਾਦ ਕਰਨ ਲਈ ਜੁਲਾਈ ਵਿਚ ‘ਜਨ-ਆਸ਼ੀਰਵਾਦ ਯਾਤਰਾ’ ਕੱਢੀ ਸੀ ਪਰ ਉਨ੍ਹਾਂ ਦਾ ਅਸਲ ਇਰਾਦਾ ਆਪਣੀ ਖ਼ੁਦ ਦੀ ਚੋਣ ਸ਼ੁਰੂਆਤ ਲਈ ਜਨਤਾ ਦੇ ਮੂਡ ਦਾ ਜਾਇਜ਼ਾ ਲੈਣਾ ਸੀ।

ਨੌਜਵਾਨ ਠਾਕਰੇ ਬਦਲਦੇ ਹੋਏ ਸਿਆਸੀ ਦ੍ਰਿਸ਼ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਇਸ ’ਚ ਸ਼ਿਵ ਸੈਨਾ ਦੀ ਸੰਸਕ੍ਰਿਤੀ ਨੂੰ ਵੀ ਵਿਕਸਿਤ ਕਰਦੇ ਹਨ। ਬਾਲਾ ਸਾਹਿਬ ਦੇ ਸਮੇਂ ਤੋਂ ਬਹੁਤ ਕੁਝ ਬਦਲ ਚੁੱਕਾ ਹੈ। ਮਹਾਰਾਸ਼ਟਰ ਦੀ ਰਾਜਨੀਤੀ ’ਚ ਪਾਰਟੀ ਦੀ ਤਾਕਤ ਨਿਸ਼ਚਿਤ ਤੌਰ ’ਤੇ ਘੱਟ ਹੋਈ ਹੈ। ਰਾਜਨੀਤੀ ਬਦਲ ਗਈ ਹੈ, ਵੋਟਰ ਬਦਲ ਗਏ ਹਨ ਅਤੇ ਭਾਜਪਾ-ਸ਼ਿਵ ਸੈਨਾ ਗੱਠਜੋੜ ਦੇ ਸ਼ੁਰੂਆਤੀ ਦਿਨਾਂ ’ਚ ਆਪਣੇ ਦਬਦਬੇ ਦੇ ਮੁਕਾਬਲੇ ਸ਼ਿਵ ਸੈਨਾ ਗੱਠਜੋੜ ਵਿਚ ਜੂਨੀਅਰ ਪਾਰਟਨਰ ਵੀ ਬਣ ਗਈ ਹੈ।

ਪੁਰਾਣੇ ਕਥਾਨਕ ਨੂੰ ਬਦਲਣ ਦਾ ਯਤਨ

ਆਦਿੱਤਿਆ ਇਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਦਾ ਪ੍ਰਯੋਗ ਕਰਦੇ ਹੋਏ ਪੁਰਾਣੇ ਕਥਾਨਕ ਨੂੰ ਬਦਲਣ ਦਾ ਯਤਨ ਕਰ ਰਹੇ ਹਨ। ਸ਼ਿਵ ਸੈਨਾ ਦੀ ਦਿੱਖ ਸ਼ਕਤੀ ਪ੍ਰਦਰਸ਼ਨ ਦੀ ਰਾਜਨੀਤੀ ਦੀ ਰਹੀ ਹੈ ਅਤੇ ਜੇਕਰ ਉਹ ਸਫਲ ਹੋਣਾ ਚਾਹੁੰਦੇ ਹਨ ਤਾਂ ਇਸ ਨੂੰ ਬਦਲਣਾ ਹੋਵੇਗਾ। ਸ਼ਿਵ ਸੈਨਾ ਹੁਣ ਵਿਦਰੋਹ-ਆਤਮਕ ਪਾਰਟੀ ਨਹੀਂ ਰਹੀ। ਅਤੀਤ ਵਿਚ ਇਹ ਦੱਖਣ ਭਾਰਤੀਆਂ, ਗੁਜਰਾਤੀਆਂ, ਬਿਹਾਰੀਆਂ ਅਤੇ ਮੁਸਲਮਾਨਾਂ ਵਿਰੁੱਧ ਅੰਦੋਲਨ ਛੇੜਦੀ ਰਹੀ ਹੈ। ਅੱਜ ਗੈਰ-ਮਹਾਰਾਸ਼ਟਰੀਅਨ ਵੋਟਰਾਂ ਨੂੰ ਲੁਭਾਉਣ ਦੇ ਯਤਨ ’ਚ ਇਸ ਦੇ ਪ੍ਰਚਾਰ ’ਚ ਬਹੁ-ਭਾਸ਼ੀ ਪੋਸਟਰ ਸ਼ਾਮਿਲ ਹਨ। ਉਹ ਧਰਮ ਜਾਂ ਹਿੰਦੂਤਵ ਦਾ ਜ਼ਿਕਰ ਨਹੀਂ ਕਰਦੇ ਅਤੇ ਇਸ ਦੀ ਬਜਾਏ ਰੋਜ਼ਗਾਰੀ ਅਤੇ ਵਿਕਾਸ ਵਰਗੇ ਰੋਜ਼ੀ-ਰੋਟੀ ਨਾਲ ਜੁੜੇ ਮੁੱਦੇ ਉਠਾਉਣ ਨੂੰ ਪਹਿਲ ਦਿੰਦੇ ਹਨ। ਉਹ ਪਲਾਸਟਿਕ ’ਤੇ ਪਾਬੰਦੀ, ਸਮੁੰਦਰੀ ਕੰਢਿਆਂ ਦੀ ਸਫਾਈ ਅਤੇ ਚੌਗਿਰਦੇ ਦੀ ਗੱਲ ਕਰਦੇ ਹਨ। ਆਦਿੱਤਿਆ ਜ਼ਿਆਦਾ ਮਹਾਨਗਰੀ, ਜ਼ਿਆਦਾ ਆਧੁਨਿਕ ਅਤੇ ਆਧੁਨਿਕ ਯੁੱਗ ਦੀ ਚੋਣ ਰਾਜਨੀਤੀ ਲਈ ਖੁੱਲ੍ਹੇ ਹਨ। ਉਨ੍ਹਾਂ ’ਤੇ ‘ਪੇਜ-3’ ਸਮੂਹ ਨਾਲ ਸਹਿਜ ਹੋਣ ਦੇ ਦੋਸ਼ ਲੱਗਦੇ ਹਨ ਪਰ ਉਹ ਆਮ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਹੇ ਹਨ। ਦੂਸਰਾ, ਆਦਿੱਤਿਆ ਨੌਜਵਾਨਾਂ ’ਚ ਆਧਾਰ ਬਣਾ ਕੇ ਆਪਣੇ ਦਾਦੇ ਦੇ ਕਦਮਾਂ ’ਤੇ ਚੱਲ ਰਹੇ ਹਨ। ਬਾਲਾ ਸਾਹਿਬ ਨੂੰ ਜੀਵਨ ਭਰ ਨਿਸ਼ਠਾਵਾਨ ਨੌਜਵਾਨਾਂ ਦਾ ਸਮਰਥਨ ਹਾਸਿਲ ਰਿਹਾ। ਜਦੋਂ ਤਕ ਉਹ ਜਿਊਂਦੇ ਰਹੇ, ਹਰੇਕ ਦੁਸਹਿਰੇ ਨੂੰ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨ ਸ਼ਿਵਾਜੀ ਪਾਰਕ ’ਚ ਉਨ੍ਹਾਂ ਦੀ ਰੈਲੀ ’ਚ ਸ਼ਾਮਿਲ ਹੁੰਦੇ ਸਨ। ਆਦਿੱਤਿਆ ਨੂੰ ਇਕ ਸੰਵੇਦਨਸ਼ੀਲ ਆਧੁਨਿਕ ਨੌਜਵਾਨ ਨੇਤਾ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਲਚਕੀਲਾ ਅਤੇ ਨਵੇਂ ਵਿਚਾਰਾਂ ਲਈ ਖੁੱਲ੍ਹਾ ਹੈ।

ਤੀਸਰਾ, ਆਦਿੱਤਿਆ ਨੂੰ ਚੋਣ ਮੈਦਾਨ ’ਚ ਉਤਰਨ ਲਈ ਸਮਰਥਨ ਪਰਿਵਾਰ ਦਾ ਸੋਚਿਆ-ਸਮਝਿਆ ਫੈਸਲਾ ਸੀ। ਬਾਲ ਠਾਕਰੇ ਰਿਮੋਟ ਕੰਟਰੋਲ ਰਾਹੀਂ ਸਰਕਾਰ ਚਲਾ ਸਕਦੇ ਹਨ। ਊਧਵ ਵੀ ਅਜਿਹਾ ਕਰਨ ’ਚ ਸਫਲ ਰਹੇ ਪਰ ਆਪਣੀ ਮਾਂ ਰਸ਼ਮੀ ਵਲੋਂ ਉਤਸ਼ਾਹਿਤ ਆਦਿੱਤਿਆ ਦਾ ਕਹਿਣਾ ਹੈ ਕਿ ਰਿਮੋਟ ਕੰਟਰੋਲ ਦੇ ਦਿਨ ਚਲੇ ਗਏ ਅਤੇ ਸ਼ਾਸਨ ਚਲਾਉਣ ਲਈ ਸਿਸਟਮ ’ਚ ਸ਼ਾਮਲ ਹੋਣ ਦੀ ਲੋੜ ਹੈ।

ਖ਼ੁਦ ਨੂੰ ਤਾਕਤਵਰ ਬਣਾਉਣਾ ਚਾਹੁੰਦੀ ਹੈ ਸ਼ਿਵ ਸੈਨਾ

ਸਭ ਤੋਂ ਵਧ ਕੇ ਸ਼ਿਵ ਸੈਨਾ ਇਸ ਡਰ ਨਾਲ ਕਿ ਭਾਜਪਾ ਪਾਰਟੀ ਨੂੰ ਨਿਗਲ ਸਕਦੀ ਹੈ, ਖ਼ੁਦ ਨੂੰ ਤਾਕਤਵਰ ਬਣਾਉਣਾ ਚਾਹੁੰਦੀ ਹੈ। ਪਰਿਵਾਰ ਮਹਿਸੂਸ ਕਰਦਾ ਹੈ ਕਿ ਅਗਲੇ ਮੰਤਰੀ ਮੰਡਲ ’ਚ ਜੂਨੀਅਰ ਠਾਕਰੇ ਦੀ ਹਾਜ਼ਰੀ ਉਨ੍ਹਾਂ ਨੂੰ ਕੁਝ ਕੰਟਰੋਲ ਪ੍ਰਦਾਨ ਕਰੇਗੀ।

ਆਦਿੱਤਿਆ ਚੋਣ ਰਾਜਨੀਤੀ ’ਚ ਆਪਣੀ ਪਹਿਲੀ ਜੰਗ ਜਿੱਤਣ ਵੱਲ ਵਧ ਰਹੇ ਹਨ ਅਤੇ ਜੇਕਰ ਕਿਸਮਤ ਉਨ੍ਹਾਂ ’ਤੇ ਮਿਹਰਬਾਨ ਹੁੰਦੀ ਹੈ ਤਾਂ ਉਹ ਉਪ-ਮੁੱਖ ਮੰਤਰੀ ਵੀ ਬਣ ਸਕਦੇ ਹਨ। ਹਾਲਾਂਕਿ ਊਧਵ ਹੁਣ ਕਹਿੰਦੇ ਹਨ ਕਿ ‘‘ਰਾਜਨੀਤੀ ’ਚ ਪਹਿਲੇ ਕਦਮ ਦਾ ਅਰਥ ਇਹ ਨਹੀਂ ਕਿ ਤੁਸੀਂ ਸੂਬੇ ਦੇ ਮੁੱਖ ਮੰਤਰੀ ਬਣੋ। ਉਹ ਅਜੇ ਸਿਆਸਤ ਵਿਚ ਸ਼ਾਮਿਲ ਹੀ ਹੋਇਆ ਹੈ, ਇਹ ਸਿਰਫ ਸ਼ੁਰੂਆਤ ਹੈ।’’ ਜਦੋਂ ਸਮਾਂ ਆਵੇਗਾ, ਉਹ ਆਪਣੇ ਬੇਟੇ ਲਈ ਦਬਾਅ ਬਣਾਉਣਗੇ। ਆਦਿੱਤਿਆ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਹ ਇਕ ਸ਼ਕਤੀਸ਼ਾਲੀ ਸਿਆਸੀ ਪਰਿਵਾਰ ਦੇ ਸਿਰਫ ਇਕ ਹੋਰ ਬੇਟੇ ਹੀ ਨਹੀਂ ਹਨ, ਸਗੋਂ ਆਪਣੇ ਬੂਤੇ ’ਤੇ ਇਕ ਜ਼ਮੀਨੀ ਪੱਧਰ ਦੇ ਨੇਤਾ ਹਨ। ਆਉਣ ਵਾਲੀਆਂ ਚੋਣਾਂ ਆਦਿੱਤਿਆ ਲਈ ਇਕ ਅਗਨੀ ਪ੍ਰੀਖਿਆ ਹੋਣਗੀਆਂ।

(kalyani60@gmail.com)


Bharat Thapa

Content Editor

Related News