ਟ੍ਰੰਪ ਦੀਆਂ ਨਸਲੀ ਟਿੱਪਣੀਆਂ ਅਮਰੀਕੀ ਸੁਭਾਅ ਤੋਂ ਹਟਵੀਆਂ

Thursday, Aug 08, 2024 - 05:02 PM (IST)

ਸੱਚ ਹੈ ਕਿ ਦੁਨੀਆ ’ਚ ਕਦੀ ਵੀ ਸਿਆਸਤ ’ਚ ਕਦ ਕਿਹੜਾ ਨਵਾਂ ਅਧਿਆਏ ਜਾਂ ਘਟਨਾਕ੍ਰਮ ਜੁੜ ਜਾਵੇ, ਕੋਈ ਨਹੀਂ ਜਾਣਦਾ। 14 ਜੁਲਾਈ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਮੀਟਿੰਗ ’ਚ ਹਮਲਾ, ਉਸ ਦੀਆਂ ਤਸਵੀਰਾਂ ਨਾਲ ਇਕ ਦਮ ਉਨ੍ਹਾਂ ਪ੍ਰਤੀ ਹਮਦਰਦੀ ਹੋ ਗਈ। ਤਣਾਅ ਅਤੇ ਗੁੱਸਾ ਵੀ ਦਿਸਣ ਲੱਗਾ। ਇੰਝ ਲੱਗਾ ਕਿ ਇਹ ਚੋਣਾਂ ਇਕਤਰਫਾ ਹੋ ਜਾਣਗੀਆਂ ਕਿਉਂਕਿ ਡੈਮੋਕ੍ਰੇਟਿਕ ਪਾਰਟੀ ਦਾ ਪ੍ਰਚਾਰ ਵੀ ਇਕ ਪਲ ਲਈ ਰੁਕਦਾ ਦਿਸਣ ਲੱਗਾ।

ਟ੍ਰੰਪ ਦਾ ਅਕਸ ਇਕਦਮ ਹੀਰੋ ਵਾਲਾ ਬਣ ਗਿਆ। ਉਨ੍ਹਾਂ ਦੇ ਮੂੰਹ ’ਚੋਂ ਨਿਕਲਿਆ ਫਾਈਟ, ਫਾਈਟ, ਫਾਈਟ ਹਰ ਜ਼ੁਬਾਨ ਤੇ ਕੱਪੜਿਆਂ ਤੱਕ ਛਾ ਗਿਆ। ਚੋਣਾਂ ਤੋਂ ਪਹਿਲਾਂ ਹੀ ਰਿਪਬਲਿਕ ਪਾਰਟੀ ਡੈਮੋਕ੍ਰੇਟਿਕ ਪਾਰਟੀ ਨੂੰ ਵੱਡੀ ਚੁਣੌਤੀ ਦਿੰਦੀ ਦਿਸਣ ਲੱਗੀ। ਕਈ ਕਾਰਨ ਪਹਿਲਾਂ ਤੋਂ ਸਨ ਜੋ ਇਕਦਮ ਉਛਲ ਕੇ ਸਾਹਮਣੇ ਆ ਗਏ। ਜਿੱਥੇ ਮੌਜੂਦਾ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਆਪਣੀ ਯਾਦ ਸ਼ਕਤੀ ਅਤੇ ਕਈ ਹਰਕਤਾਂ ਤੋਂ ਚਰਚਿਆਂ ’ਚ ਆਏ ਅਤੇ ਉਨ੍ਹਾਂ ਦੇ ਕਈ ਵੀਡੀਓ ਅਤੇ ਮੀਮਜ਼ ਨੇ ਵੀ ਦੌੜ ’ਚ ਪਛਾੜਨਾ ਸ਼ੁਰੂ ਕਰ ਦਿੱਤਾ। ਇਸ ਨਾਲ ਮਾਹੌਲ ਇਕਤਰਫਾ ਦਿਸਣ ਲੱਗਾ।

ਕਹਿੰਦੇ ਹਨ ਕਿ ਸਿਆਸਤ ਸ਼ਹਿ ਅਤੇ ਮਾਤ ਦੀ ਖੇਡ ਹੈ। ਅਮਰੀਕਾ ’ਚ ਇਹੀ ਹੋਇਆ। ਹਮਲੇ ਦੇ ਸਿਰਫ 6 ਦਿਨਾਂ ਬਾਅਦ 20 ਜੁਲਾਈ ਨੂੰ ਜਿਉਂ ਹੀ ਜੋੋਅ ਬਾਈਡੇਨ ਨੇ ਆਪਣੀ ਉਮੀਦਵਾਰੀ ਵਾਪਸ ਲਈ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ’ਤੇ ਭਰੋਸਾ ਜਤਾਇਆ ਤਾਂ ਸਭ ਕੁਝ ਬਦਲਣ ਲੱਗਾ। ਚੋਣ ਸੰਘਰਸ਼ ਬਰਾਬਰੀ ’ਤੇ ਆ ਗਿਆ।

ਹੁਣ ਅਮਰੀਕੀ ਚੋਣ ਦ੍ਰਿਸ਼ ਇਕਦਮ ਉਲਟ ਦਿਸ ਰਿਹਾ ਹੈ। ਜਿਹੋ ਜਿਹੀਆਂ ਨਸਲੀ ਟਿੱਪਣੀਆਂ ਹੁਣ ਡੋਨਾਲਡ ਟ੍ਰੰਪ ਕਰ ਰਹੇ ਹਨ ਉਸ ਦੀ ਨਾ ਸਿਰਫ ਅਮਰੀਕਾ ਸਗੋਂ ਪੂਰੀ ਦੁਨੀਆ ’ਚ ਨੁਕਤਾਚੀਨੀ ਹੋ ਰਹੀ ਹੈ। ਬਲੈਕ ਜਰਨਲਿਸਟ ਦੇ ਇਕ ਸੰਮੇਲਨ ’ਚ ਬਹਿਸ ਦੌਰਾਨ ਟ੍ਰੰਪ ਨੇ ਕਮਲਾ ਹੈਰਿਸ ਨੂੰ ਕਾਲੀ ਕਹਿੰਦੇ ਹੋਏ ਉਨ੍ਹਾਂ ਦੀ ਭਾਰਤੀ ਪਛਾਣ ’ਤੇ ਵੀ ਸਵਾਲ ਖੜ੍ਹੇ ਕੀਤੇ।

ਯਕੀਨਨ ਤੌਰ ’ਤੇ ਵੱਡੀ ਗਿਣਤੀ ’ਚ ਅਮਰੀਕਾ ’ਚ ਰਹਿਣ ਵਾਲੇ ਭਾਰਤੀਆਂ ਨੂੰ ਇਹ ਚੰਗਾ ਨਹੀਂ ਲੱਗਾ, ਇਹ ਚੰਗਾ ਲੱਗਣਾ ਵੀ ਨਹੀਂ ਚਾਹੀਦਾ। ਟ੍ਰੰਪ ਕਿਵੇਂ ਭੁੱਲ ਗਏ ਕਿ ਉਨ੍ਹਾਂ ਦਾ ਪਿਛਲੀਆਂ ਚੋਣਾਂ ’ਚ ਭਾਰਤੀਆਂ ਨੇ ਕਿੰਨਾ ਸਾਥ ਦਿੱਤਾ ਸੀ? ਇਹ ਯਕੀਨ ਸਿਰਫ ਹੈਰਿਸ ਦੀ ਉਮੀਦਵਾਰੀ ਨਾਲ ਟੁੱਟ ਗਿਆ? ਯਕੀਨਨ ਅਜਿਹੀਆਂ ਟਿੱਪਣੀਆਂ ਟ੍ਰੰਪ ਦੀ ਨਿਰਾਸ਼ਾ ਨੂੰ ਦਰਸਾਉਂਦੀਆਂ ਹਨ।

ਚੋਣ ਨਤੀਜੇ ਕੀ ਹੋਣਗੇ , ਇਹ ਵੱਖਰੀ ਗੱਲ ਹੈ ਪਰ ਅਜਿਹਾ ਲੱਗਦਾ ਹੈ ਕਿ ਆਪਣੀ ਆਕੜ ਤੇ ਹੰਕਾਰ ਲਈ ਪਛਾਣੇ ਜਾਣ ਵਾਲੇ ਟ੍ਰੰਪ ਨੇ ਕਦੀ ਖੁਦ ਤਾਂ ਆਪਣੇ ਪੈਰ ’ਤੇ ਕੁਹਾੜੀ ਨਹੀਂ ਮਾਰ ਲਈ? ਮਹਿਜ ਇਕ ਪੰਦਰਵਾੜੇ ’ਚ ਹੀ ਹਵਾ ਦਾ ਰੁਖ ਆਪਣੇ ਖਿਲਾਫ ਤਾਂ ਨਹੀਂ ਕਰ ਲਿਆ? ਇੰਨੀ ਜਲਦੀ ਟ੍ਰੰਪ ਕਿਵੇਂ ਭੁੱਲ ਗਏ ਕਿ ਕਦੀ ਉਨ੍ਹਾਂ ਨੇ ਏਸ਼ੀਅਨ-ਅਮਰੀਕਨ ਵਿਰਾਸਤ ’ਤੇ ਜ਼ੋਰ ਦਿੱਤਾ ਸੀ। ਸਹੀ ਹੈ ਕਿ ਕਮਲਾ ਹੈਰਿਸ ਪਹਿਲੀ ਕਾਲੀ ਅਤੇ ਏਸ਼ੀਅਨ-ਅਮਰੀਕਨ ਉਪ-ਰਾਸ਼ਟਰਪਤੀ ਹਨ।

ਉਨ੍ਹਾਂ ਦੀਆਂ ਜੜ੍ਹਾਂ ਭਾਰਤ ਤੇ ਜਮਾਇਕਾ ਨਾਲ ਜੁੜੀਆਂ ਹੋਈਆਂ ਹਨ। ਪੜ੍ਹਾਈ ਬਲੈਕ ਯੂਨੀਵਰਸਿਟੀ ਹਾਰਵਰਡ ਤੋਂ ਹੋਈ। ਉਹ ਕਾਲੇ ਲੋਕਾਂ ਦੇ ਅਲਫਾ ਕੱਪਾ ਮਹਿਲਾ ਸੰਗਠਨ ’ਚ ਸਰਗਰਮ ਰਹੀ। ਅਮਰੀਕਾ ਵਰਗੇ ਵਿਕਸਤ ਅਤੇ ਵੱਖਰੀ ਸੋਚ ਰੱਖਣ ਵਾਲੇ ਦੇਸ਼ ’ਚ ਅਜਿਹੀ ਉਮੀਦ ਇਕ ਸਾਬਕਾ ਰਾਸ਼ਟਰਪਤੀ ਜਾਂ ਭਾਵੀ ਉਮੀਦਵਾਰੀ ਕੋਲੋਂ ਨਹੀਂ ਕੀਤੀ ਜਾ ਸਕਦੀ।

ਕਿਸੇ ਨੂੰ ਹੱਕ ਵੀ ਨਹੀਂ ਕਿ ਚੋਣ ਮਾਹੌਲ ਨੂੰ ਪੱਖ ’ਚ ਕਰਨ ਲਈ ਜਾਂ ਕਿਸੇ ਦੀ ਪਛਾਣ ’ਤੇ ਟਿੱਪਣੀ ਕਰੇ ਜਾਂ ਦੱਸੇ। ਹੁਣ ਅਮਰੀਕਾ ’ਚ ਇਸ ’ਤੇ ਗਰਮਾ-ਗਰਮ ਬਹਿਸਾਂ ਹੋ ਰਹੀਆਂ ਹਨ।

ਟ੍ਰੰਪ ਦੀਆਂ ਨਸਲੀ ਟਿੱਪਣੀਆਂ ਚੋਣ ਮੁੱਦਾ ਬਣਦਾ ਜਾ ਰਿਹਾ ਹੈ। ਇਹ ਉਨ੍ਹਾਂ ਦੀ ਨਾ ਪਹਿਲੀ ਟਿੱਪਣੀ ਹੈ, ਨਾ ਆਖਰੀ ਹੋਵੇਗੀ। ਪਹਿਲਾਂ ਵੀ ਉਨ੍ਹਾਂ ਦੀ ਨਸਲੀ ਭੜਾਸ ਸਾਹਮਣੇ ਆ ਚੁੱਕੀ ਹੈ। ਸਾਰਿਆਂ ਨੂੰ ਯਾਦ ਹੋਵੇਗਾ ਕਿ ਬਰਾਕ ਓਬਾਮਾ ’ਤੇ ਵੀ ਝੂਠੇ ਦੋਸ਼ ਲਾਏ ਸਨ ਕਿ ਉਹ ਅਮਰੀਕਾ ’ਚ ਨਹੀਂ ਜਨਮੇ।

ਆਪਣੀ ਹੀ ਪਾਰਟੀ ਦੀ ਹਰਮਨਪਿਆਰੀ ਆਗੂ ਨਿਕੀ ਹੇਲੀ ’ਤੇ ਵੀ ਗਲਤ ਦੋਸ਼ ਮੜ੍ਹੇ ਕਿ ਜਦ ਉਨ੍ਹਾਂ ਦਾ ਜਨਮ ਹੋਇਆ ਸੀ ਤਦ ਉਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨਹੀਂ ਸਨ। ਪੱਕੇ ਤੌਰ ’ਤੇ ਇਹ ਡੋਨਾਲਡ ਟ੍ਰੰਪ ਦੀ ਤੰਗ ਖਿਆਲੀ ਦਾ ਸੂਚਕ ਹੈ ਜੋ ਨਿੱਜੀ ਟਿੱਪਣੀਆਂ ਤੋਂ ਵੀ ਨਹੀਂ ਕਤਰਾਉਂਦੇ।

ਤੰਗ ਖਿਆਲੀ ਇੰਨੀ ਇਹ ਕਹਿਣ ਤੋਂ ਵੀ ਨਹੀਂ ਉੱਕੇ ਕਿ ਲਾਅ ਦੀ ਪੜ੍ਹਾਈ ਦੌਰਾਨ ਹੈਰਿਸ ਪਹਿਲੀ ਵਾਰ ਅਸਫਲ ਹੋਈ ਅਤੇ ਦੂਜੀ ਵਾਰ ਪਾਸ ਹੋਈ। ਕੈਲੀਫੋਰਨੀਆ ਦੇ ਓਕਲੈਂਡ ’ਚ ਜਨਮੀ ਹੈਰਿਸ ਦੀ ਮਾਂ ਸ਼ਿਆਮਲਾ ਦਾ ਜਨਮ ਭਾਰਤ ’ਚ ਹੋਇਆ, ਦਿੱਲੀ ਯੂਨੀਵਰਸਿਟੀ ’ਚ ਪੜ੍ਹੀ ਅਤੇ ਸਿਰਫ 19 ਸਾਲ ਦੀ ਉਮਰ ’ਚ ਇਕੱਲੀ ਅਮਰੀਕਾ ਆ ਗਈ। ਉਹ ਇਕ ਸਮਾਜਿਕ ਵਰਕਰ ਦੇ ਨਾਲ-ਨਾਲ ਵਿਗਿਆਨੀ ਵੀ ਸੀ। ਉੱਥੇ ਹੀ ਉਨ੍ਹਾਂ ਦੇ ਪਿਤਾ ਜਮਾਇਕਾ ’ਚ ਜਨਮੇ ਸਨ।

ਡੋਨਾਲਡ ਟ੍ਰੰਪ ਦਾ ਜਿੱਦੀ ਸੁਭਾਅ ਕਿਸੇ ਤੋਂ ਲੁਕਿਆ ਹੋਇਆ ਨਹੀਂ। ਬਾਈਡੇਨ ਦੇ ਦੌੜ ਤੋਂ ਹਟਣ ਨੂੰ ਤਖਤਾ ਪਲਟ ਅਤੇ ਕਮਲਾ ਹੈਰਿਸ ਲਈ ਇਹ ਕਹਿਣ ਤੋਂ ਵੀ ਨਹੀਂ ਉੱਕਦੇ ਕਿ ਉਹ ਅਮਰੀਕਾ ’ਚ ਅਪਰਾਧ, ਅਰਾਜਕਤਾ, ਅਸ਼ਾਂਤੀ ਅਤੇ ਕਤਲੇਆਮ ਦਾ ਕਾਰਨ ਬਣੇਗੀ। ਯਕੀਨਨ ਤੌਰ ’ਤੇ ਡੋਨਾਲਡ ਟ੍ਰੰਪ ਦੇ ਬੇਤੁਕੇ ਬਿਆਨ ਅਤੇ ਖਿੱਝ ਨੇ ਹਮਲੇ ਪਿੱਛੋਂ ਬਣੀ ਹਮਦਰਦੀ ਨੂੰ ਘੱਟ ਕੀਤਾ ਹੈ। ਸ਼ਾਇਦ ਇਕ ਵੱਡੇ ਅੰਪਾਇਰ ਦੇ ਮਾਲਕ ਟ੍ਰੰਪ, ਆਪਣੀ ਹਰਮਨਪਿਆਰਤਾ ਜਾਂ ਚੋਣ ਪਕੜ ਨੂੰ ਲੈ ਕੇ ਓਨੇ ਆਸਵੰਦ ਪਹਿਲਾਂ ਵੀ ਨਹੀਂ ਸਨ ਅਤੇ ਹੁਣ ਉਨ੍ਹਾਂ ਦੀ ਵਧਦੀ ਨਿਰਾਸ਼ਾ ਕਿਤੇ ਨਾ ਕਿਤੇ ਵਾਪਸ ਬੈਕਫੁੱਟ ’ਤੇ ਲਿਜਾ ਰਹੀ ਹੈ।

ਹੁਣ ਟ੍ਰੰਪ ਦੀ ਸੱਤਾ ਵਾਪਸੀ ’ਚ ਵੱਡਾ ਰੋੜਾ ਬਣਦੀ ਕਮਲਾ ਹੈਰਿਸ ਨੇ ਚੋਣਾਂ ਨੂੰ ਦਿਲਚਸਪ ਬਣਾ ਦਿੱਤਾ ਹੈ। ਕਿੱਥੇ ਕੱਲ ਤੱਕ ਬਾਈਡੇਨ ਦੀ ਉਮਰ ਨੂੰ ਲੈ ਕੇ ਸਵਾਲ ਕਰਦੇ ਸਨ, ਹੁਣ 78 ਸਾਲਾ ਟ੍ਰੰਪ ਦੀ ਉਮਰ ਨੂੰ ਲੈ ਕੇ 59 ਸਾਲਾ ਹੈਰਿਸ ਚਰਚਾ ’ਚ ਹੈ। ਦੇਖਣਾ ਹੋਵੇਗਾ ਕਿ ਸਿਆਸੀ ਅਤੇ ਕੂਟਨੀਤਕ ਲੜਾਈ ਤੋਂ ਵੱਧ ਮਾਨਸਿਕਤਾ ਅਤੇ ਸਿਹਤ ਨੂੰ ਲੈ ਕੇ ਅਮਰੀਕਾ ’ਚ ਕੌਣ ਕਿਸ ’ਤੇ ਭਾਰੀ ਪੈਂਦਾ ਹੈ।

ਪਰ ਇਹ ਸਹੀ ਹੈ ਕਿ ਨਸਲੀ ਟਿੱਪਣੀ, ਨਿੱਜੀ ਹਮਲੇ ਅਤੇ ਭਾਰਤ ਦਾ ਜ਼ਿਕਰ ਕਰ ਕੇ ਟ੍ਰੰਪ ਕਿਤੇ ਨਾ ਕਿਤੇ ਆਪਣਾ ਵੱਡਾ ਨੁਕਸਾਨ ਜ਼ਰੂਰ ਕਰ ਬੈਠੇ ਹਨ।

ਰਿਤੂਪਰਨ ਦਵੇ


Rakesh

Content Editor

Related News