ਭਾਰਤ ’ਤੇ ਟਰੰਪ ਦਾ ਪ੍ਰਭਾਵ

Sunday, Nov 24, 2024 - 12:30 PM (IST)

ਭਾਰਤ ’ਤੇ ਟਰੰਪ ਦਾ ਪ੍ਰਭਾਵ

ਡੋਨਾਲਡ ਟਰੰਪ ਅਜੇ ਤੱਕ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਹਨ। ਉਹ ਤਰੀਕ 7 ਹਫਤੇ ਦੂਰ ਹੈ ਪਰ ਪੂਰੀ ਦੁਨੀਆ ’ਚ ਚਰਚਾ ਇਸ ਗੱਲ ਦੀ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਦਾ ਦੁਨੀਆ ’ਤੇ ਕੀ ਪ੍ਰਭਾਵ ਹੋਵੇਗਾ? ਤੁਹਾਡੇ ਦੇਸ਼ ’ਤੇ, ਤੁਹਾਡੇ ਸ਼ਹਿਰ ’ਤੇ, ਤੁਹਾਡੀ ਨੌਕਰੀ ’ਤੇ ਜਾਂ ਲਗਭਗ ਹਰ ਚੀਜ਼ ’ਤੇ ਕੀ ਪ੍ਰਭਾਵ ਪਵੇਗਾ? ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਪਿੱਛੋਂ, ਬਾਜ਼ਾਰ ਸੂਚਕਅੰਕ ’ਚ ਗਿਰਾਵਟ ਆਈ ਹੈ। 5 ਨਵੰਬਰ ਨੂੰ ਸੈਂਸੈਕਸ 78, 782 ’ਤੇ ਬੰਦ ਹੋਇਆ ਅਤੇ ਰੁਪਈਆ-ਡਾਲਰ ਦੀ ਦਰ 84.11 ਰੁਪਏ ਸੀ। ਜਦ ਮੈਂ ਲਿਖ ਰਿਹਾ ਹਾਂ, ਤਦ ਸੈਂਸੈਕਸ 77,156 ’ਤੇ ਬੰਦ ਹੋਇਆ ਅਤੇ ਰੁਪਈਆ-ਡਾਲਰ ਦੀ ਦਰ 84.50 ਰੁਪਏ ਸੀ।

ਟਰੰਪ ਵਪਾਰੀਵਾਦੀ

ਆਓ, ਟਰੰਪ ਦੀਆਂ ਮੂਲ ਮਾਨਤਾਵਾਂ ’ਤੇ ਨਜ਼ਰ ਮਾਰੀਏ। ਅਸੀਂ ਜਾਣਦੇ ਹਾਂ ਕਿ ਉਹ ਇਕ ਵਪਾਰੀਵਾਦੀ ਹਨ ਅਤੇ ਉਨ੍ਹਾਂ ਦੀ ਮਾਨਤਾ ਹੈ ਕਿ ਸਿਰਫ ਉੱਚ ਟੈਰਿਫ ਹੀ ਅਮਰੀਕੀ ਹਿੱਤਾਂ ਦੀ ਰੱਖਿਆ ਕਰ ਸਕਦੇ ਹਨ। ਉਨ੍ਹਾਂ ਨੇ ਦਰਾਮਦ ਵਸਤੂਆਂ, ਖਾਸ ਤੌਰ ’ਤੇ ਚੀਨ ਤੋਂ ਦਰਾਮਦ ਵਸਤੂਆਂ ’ਤੇ ਉੱਚ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਬਾਈਡਨ ਪ੍ਰਸ਼ਾਸਨ ਵਲੋਂ ਚੀਨ ਦੇ ਨਾਲ ਅਮਰੀਕਾ ਦਾ ਵਪਾਰ ਘਾਟਾ 352 ਅਮਰੀਕੀ ਡਾਲਰ (2021), 382 ਬਿਲੀਅਨ ਅਮਰੀਕੀ ਡਾਲਰ (2022), 279 ਬਿਲੀਅਨ ਅਮਰੀਕੀ ਡਾਲਰ (2023) ਅਤੇ 217 ਬਿਲੀਅਨ ਅਮਰੀਕੀ ਡਾਲਰ (ਸਤੰਬਰ 2024 ਤੱਕ) ਸੀ। ਅਮਰੀਕਾ ਦੀ ਖੁਸ਼ਹਾਲ ਅਬਾਦੀ ਨੂੰ ਚੀਨ ਦੇ ਮਾਲ, ਕੱਪੜੇ, ਇਲੈਕਟ੍ਰਾਨਿਕਸ ਅਤੇ ਮਸ਼ੀਨਰੀ ਦੀ ਵੱਡੀ ਤਾਦਾਦ ’ਚ ਲੋੜ ਹੈ। ਉੱਚ ਟੈਰਿਫ ਅਮਰੀਕੀ ਅਤੇ ਖਪਤਕਾਰਾਂ ਦੀ ਲਾਗਤ ਵਧਾਉਣਗੇ, ਮੁਦਰਾਸਫੀਤੀ ਵਧੇਗੀ ਅਤੇ ਅਮਰੀਕੀ ਫੈੱਡ ਨੀਤੀਗਤ ਵਿਆਜ ਦਰ ਵਧਾਵੇਗਾ, ਜਿਸ ਨੂੰ ਉਸ ਨੇ ਇਸ ਸਾਲ 2 ਵਾਰ ਘਟਾਇਆ ਸੀ।

ਦੂਜੇ ਪਾਸੇ, ਰੋਜ਼ਗਾਰ ਬਣਾਈ ਰੱਖਣ ਲਈ ਚੀਨ ਨੂੰ ਮਾਲ ਦੀ ਪੈਦਾਵਾਰ ਜਾਰੀ ਰੱਖਣੀ ਚਾਹੀਦੀ ਹੈ। ਅਮਰੀਕੀ ਟੈਰਿਫ ਕਾਰਨ ਚੀਨ ਦੂਜੇ ਦੇਸ਼ਾਂ ’ਤੇ ਮਾਲ ‘ਡੰਪ’ ਕਰੇਗਾ। ਭਾਰਤ ’ਚ ਪਹਿਲਾਂ ਤੋਂ ਹੀ ਚੀਨੀ ਸਾਮਾਨ ’ਤੇ ਸਭ ਤੋਂ ਵੱਧ ਐਂਟੀ-ਡੰਪਿੰਗ ਕਸਟਮ ਹੈ। ਉੱਚ ਅਮਰੀਕੀ ਟੈਰਿਫ ਜਵਾਬੀ ਟੈਰਿਫ ਨੂੰ ਮਿੱਥ ਸਕਦੇ ਹਨ ਅਤੇ ਵਿਸ਼ਵ ਵਪਾਰ ਲਈ ਖਤਰਨਾਕ ਨਤੀਜੇ ਹੋ ਸਕਦੇ ਹਨ। ਅਮਰੀਕਾ ’ਚ ਬਹੁਤ ਘੱਟ ਲੋਕ ਸਰਕਾਰੀ ਖਜ਼ਾਨੇ ਦੇ ਘਾਟੇ ਬਾਰੇ ਉਸ ਤਰ੍ਹਾਂ ਗੱਲ ਕਰਦੇ ਹਨ ਜਿਸ ਤਰ੍ਹਾਂ ਭਾਰਤ ਅਤੇ ਹੋਰ ਦੇਸ਼ ਸਰਕਾਰੀ ਖਜ਼ਾਨੇ ਦੇ ਘਾਟੇ ਨੂੰ ਕੰਟਰੋਲ ਕਰਨ ਬਾਰੇ ਚਿੰਤਤ ਹਨ। ਇਸਦਾ ਕਾਰਨ ਇਹ ਹੈ ਕਿ ਅਮਰੀਕਾ ਆਪਣੇ ਘਾਟੇ ਨੂੰ ਆਸਾਨੀ ਨਾਲ ਪੂਰਾ ਕਰ ਲੈਂਦਾ ਹੈ ਕਿਉਂਕਿ ਚੀਨ ਸਮੇਤ ਹੋਰ ਦੇਸ਼ ਅਮਰੀਕੀ ਟ੍ਰੈਜ਼ਰੀ ਬਾਂਡ ਖਰੀਦਦੇ ਹਨ।

21,000 ਬਿਲੀਅਨ ਅਮਰੀਕੀ ਡਾਲਰ ਦੇ ਕੁੱਲ ਅਮਰੀਕੀ ਰਾਸ਼ਟਰੀ ਕਰਜ਼ੇ ’ਚੋਂ ਚੀਨ ਦੇ ਕੋਲ ਲਗਭਗ 1170 ਬਿਲੀਅਨ ਅਮਰੀਕੀ ਡਾਲਰ ਹੈ ਪਰ ਜੇ ਅਮਰੀਕਾ ਦਾ ਸਰਕਾਰੀ ਖਜ਼ਾਨੇ ਦਾ ਘਾਟਾ ਵਧਦਾ ਹੈ ਤਾਂ ਇਸ ਨਾਲ ਮੁਦਰਾਸਫੀਤੀ ਵਧ ਜਾਵੇਗੀ। ਇਸ ਦੇ ਸਿੱਟੇ ਵਜੋਂ ਉੱਚ ਵਿਆਜ ਦਰਾਂ ਪੂੰਜੀ ਦੇ ਪ੍ਰਵਾਹ ਨੂੰ ਉਲਟਾ ਦੇਣਗੀਆਂ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਧਨ ਦਾ ਪ੍ਰਵਾਹ ਹੋਵੇਗਾ। ਮਜ਼ਬੂਤ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦਾ ਮੁੱਲ ਘੱਟ ਹੋ ਜਾਵੇਗਾ।

ਟਰੰਪ

ਟਰੰਪ ਨੇ ਕਾਰਖਾਨਿਆਂ ਨੂੰ ਵਾਪਸ ਸੰਯੁਕਤ ਰਾਜ ਅਮਰੀਕਾ ’ਚ ਲਿਆਉਣ ਦਾ ਵਾਅਦਾ ਕੀਤਾ ਹੈ। ਉਹ ਅਮਰੀਕੀ ਉਦਯੋਗ ਨੂੰ ਆਪਣੇ ਕਾਰਖਾਨੇ ਅਮਰੀਕਾ ’ਚ ਸਥਾਪਤ ਕਰਨ ਲਈ ਵੱਡੇ ਪ੍ਰੋਤਸਾਹਨ ਦੇ ਸਕਦੇ ਹਨ ਅਤੇ ਇਸ ਨਾਲ ਪ੍ਰਤੱਖ ਵਿਦੇਸ਼ੀ ਨਵਿੇਸ਼ ਘੱਟ ਹੋ ਜਾਵੇਗਾ। ਜੇ ਕਾਰੋਬਾਰੀ ਅਜੇ ਵੀ ਆਪਣੇ ਕਾਰਖਾਨਿਆਂ ਨੂੰ ਵਿਦੇਸ਼ ’ਚ ਸਥਾਪਤ ਕਰਨਾ ਚਾਹੁੰਦੇ ਹਨ ਤਾਂ ਟਰੰਪ ਤਕਨਾਲੋਜੀ ਦੀ ਬਰਾਮਦ ’ਤੇ ਪਾਬੰਦੀ ਲਾ ਸਕਦੇ ਹਨ।

ਟਰੰਪ ਨੇ ਅਤੀਤ ’ਚ ਭਾਰਤ ’ਤੇ ਅਮਰੀਕੀ ਵਸਤੂਆਂ ’ਤੇ ਉੱਚ ਟੈਰਿਫ ਲਗਾਉਣ ਅਤੇ ‘ਮੁਦਰਾ ਹੇਰ-ਫੇਰ’ ਕਰਨ ਦਾ ਦੋਸ਼ ਲਾਇਆ ਹੈ। ਕੀ ਟਰੰਪ ਅਤੇ ਪੀ.ਐੱਮ. ਮੋਦੀ ਦਰਮਿਆਨ ‘ਦੋਸਤੀ’ ਭਾਰਤ ਪ੍ਰਤੀ ਉਨ੍ਹਾਂ ਦੇ ਰਵੱਈਏ ਨੂੰ ਨਰਮ ਕਰੇਗੀ ਅਤੇ ਭਾਰਤ ਲਈ ਅਪਵਾਦ ਬਣਾਏਗੀ, ਇਹ ਇਕ ਵਵਿਾਦ ਭਰਿਆ ਸਵਾਲ ਹੈ।

ਦੂਜਾ ਗੰਭੀਰ ਮੁੱਦਾ ਕਥਿਤ ‘ਨਾਜਾਇਜ਼’ ਪਰਵਾਸ ਹੈ ਜਿਸ ਲਈ ਟਰੰਪ ਬੇਰੋਜ਼ਗਾਰੀ ਤੋਂ ਲੈ ਕੇ ਅਪਰਾਧ ਅਤੇ ਡਰੱਗਜ਼ ਤੱਕ ਸਭ ਕੁਝ ਨੂੰ ਦੋਸ਼ ਠਹਿਰਾਉਂਦੇ ਹਨ। ਟਰੰਪ ਨੇ ਪਹਿਲੇ 100 ਦਿਨਾਂ ’ਚ 10 ਲੱਖ ਤੋਂ ਵੱਧ ਨਾਜਾਇਜ਼ ਪ੍ਰਵਾਸੀਆਂ ਨੂੰ ਜ਼ਬਰਦਸਤੀ ਦੇਸ਼ ’ਚੋਂ ਕੱਢਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ‘ਨਾਜਾਇਜ਼ ਪ੍ਰਵਾਸੀਆਂ ਦੇ ਸਮੁੱਚੇ ਦੇਸ਼ ਨਿਕਾਲੇ’ ਦੇ ਇੰਚਾਰਜ ਵਜੋਂ ਇਕ ਕੱਟੜਪੰਥੀ ਟਾਮ ਹੋਮਨ ਨੂੰ ਚੁਣਿਆ ਹੈ।

ਕਿੰਨੇ ਭਾਰਤੀਆਂ ਨੂੰ ਦੇਸ਼ ’ਚੋਂ ਕੱਢਿਆ ਜਾਵੇਗਾ ਇਹ ਪਤਾ ਨਹੀਂ ਹੈ ਪਰ ਕੁਝ ਨੂੰ ਕੱਢਿਆ ਜਾਵੇਗਾ ਅਤੇ ਇਸਦਾ ਭਾਰਤ-ਅਮਰੀਕਾ ਸੰਬੰਧਾਂ ’ਤੇ ਅਸਰ ਪਵੇਗਾ। ਟਰੰਪ ਐੱਚ1-ਬੀ1 ਵੀਜ਼ਾ ਪ੍ਰਾਪਤ ਕਰਨ ਦੇ ਨਿਯਮਾਂ ਨੂੰ ਵੀ ਸਖਤ ਕਰ ਸਕਦੇ ਹਨ। ਹਾਲਾਂਕਿ ਅਮਰੀਕੀ ਉਦਯੋਗ, ਯੂਨੀਵਰਸਿਟੀਆਂ ਅਤੇ ਸੇਵਾ ਪ੍ਰਣਾਲੀ ਚਾਹੁੰਦੇ ਹਨ ਕਿ ਜ਼ਿਆਦਾ ਯੋਗ ਭਾਰਤੀ ਅਮਰੀਕਾ ’ਚ ਫਿਰ ਤੋਂ ਵੱਸ ਜਾਣ ਅਤੇ ਅਖੀਰ ’ਚ ਅਮਰੀਕੀ ਨਾਗਰਿਕ ਬਣ ਜਾਣ। ਜੇ ਟਰੰਪ ਦ੍ਰਿੜ੍ਹ ਰਹਿੰਦੇ ਹਨ ਅਤੇ ਅਮਰੀਕੀ ਰੋਜ਼ਗਾਰਦਾਤਾ ਵੀ ਦ੍ਰਿੜ੍ਹ, ਤਾਂ ਇਹ ਇਕ ਉਲਟ ਸ਼ਕਤੀ ਦਾ ਇਕ ਅਚੱਲ ਵਿਰੋਧ ਨਾਲ ਸਾਹਮਣਾ ਕਰਨ ਵਰਗਾ ਹੋਵੇਗਾ।

ਟਰੰਪ: ਜਲਵਾਯੂ

ਟਰੰਪ ਦੇ ਰਾਸ਼ਟਰਪਤੀ ਬਣਨ ਨਾਲ ਤੇਲ ਅਤੇ ਦਵਾਈ ਉਦਯੋਗਾਂ ’ਤੇ ਡੂੰਘਾ ਅਸਰ ਪਵੇਗਾ। ਟਰੰਪ ਨੇ ਕ੍ਰਿਸ ਰਾਈਟ ਨੂੰ ਊਰਜਾ ਸਕੱਤਰ ਵਜੋਂ ਨਾਮਜ਼ਦ ਕੀਤਾ ਹੈ। ਰਾਈਟ ਫ੍ਰੈਕਿੰਗ ਅਤੇ ਡ੍ਰਿੰਲਿੰਗ ਦੇ ਪੱਕੇ ਹਮਾਇਤੀ ਹਨ ਅਤੇ ਜਲਵਾਯੂ ਸੰਕਟ ਤੋਂ ਇਨਕਾਰ ਕਰਦੇ ਹਨ। ਜਲਵਾਯੂ ਤਬਦੀਲੀ ’ਤੇ ਸੀ.ਓ.ਪੀ. ਵਾਰਤਾ ਅਸਫਲ ਨਹੀਂ ਹੋ ਸਕਦੀ ਪਰ ਇਸ ਨੂੰ ਗੰਭੀਰ ਝਟਕਾ ਲੱਗ ਸਕਦਾ ਹੈ।

ਭਾਰਤ ਦੀ ਮੌਜੂਦਾ ਸਥਿਤੀ ਇਹ ਹੈ ਕਿ ਉਹ ਸੀ.ਓ.ਪੀ. ਦੇ ਯਤਨ ਦੀ ਹਮਾਇਤ ਕਰਦਾ ਹੈ, ਪਰ ਚਾਹੁੰਦਾ ਹੈ ਕਿ ਰਫਤਾਰ ਹੌਲੀ ਹੋਵੇ ਅਤੇ ਅਜਿਹਾ ਹੋ ਸਕਦਾ ਹੈ। ਦਵਾਈਆਂ ਦੇ ਮੋਰਚੇ ’ਤੇ, ਘੱਟ ਰੈਗੂਲੇਸ਼ਨ ਅਤੇ ਉੱਚ ਕੀਮਤਾਂ ਦੀ ਉਮੀਦ ’ਚ ਯੂ.ਐੱਸ. ’ਚ ਫਾਰਮਾ ਸਟਾਕ ’ਚ ਵਾਧਾ ਹੋਇਆ ਹੈ। ਦੁਨੀਆ ਭਰ ’ਚ ਦਵਾਈਆਂ ਦੀਆਂ ਕੀਮਤਾਂ ਵਧਣਗੀਆਂ ਅਤੇ ਸਿਹਤ ਸੇਵਾਵਾਂ ਨੂੰ ਸਾਰਿਆਂ ਲਈ ਬਣਾਉਣ ਦੇ ਸਾਡੇ ਯਤਨ ’ਚ ਅੜਿੱਕਾ ਪਵੇਗਾ।

ਅਖੀਰ ’ਚ ਟਰੰਪ ਦਾ ਉਨ੍ਹਾਂ ਦੋ ਯੁੱਧਾਂ ਬਾਰੇ ਕੀ ਰਵੱਈਆ ਹੋਵੇਗਾ ਜੋ ਹਰ ਰੋਜ਼ ਦਰਜਨਾਂ ਮਾਸੂਮ ਲੋਕਾਂ ਦੀ ਜਾਨ ਲੈ ਰਹੇ ਹਨ ਅਤੇ ਸਕੂਲਾਂ ਅਤੇ ਹਸਪਤਾਲਾਂ ਵਰਗੇ ਅਹਿਮ ਬੁਨਿਆਦੀ ਢਾਂਚੇ ਨੂੰ ਨਸ਼ਟ ਕਰ ਰਹੇ ਹਨ? ਟਰੰਪ ਨੇ ‘ਯੁੱਧਾਂ ਨੂੰ ਰੋਕਣ’ ਦਾ ਵਾਅਦਾ ਕੀਤਾ ਹੈ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਕੀ ਕਰਨਗੇ।

ਉਨ੍ਹਾਂ ਦੇ ਪਿਛਲੇ ਰਿਕਾਰਡ ਅਤੇ ਐਲਾਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਇਜ਼ਰਾਈਲ ਦੀ ਹਮਾਇਤ ਕਰਨਗੇ। ਉਹ ਜ਼ੇਲੈਂਸਕੀ ’ਤੇ ਰੂਸ ਨਾਲ ਸਮਝੌਤਾ ਕਰਨ ਲਈ ਦਬਾਅ ਪਾ ਸਕਦੇ ਹਨ। ਕਿਸੇ ਵੀ ਜਲਦਬਾਜ਼ੀ ਵਾਲੇ ਕਦਮ ਦੇ ਨਤੀਜੇ ਹੋਣਗੇ ਅਤੇ ਇਸ ਗੱਲ ਦੀ ਕੋਈ ਨਿਸ਼ਚਿਤਤਾ ਨਹੀਂ ਹੈ ਕਿ ਕੋਈ ਵੀ ਯੁੱਧ ਖਤਮ ਹੋ ਜਾਵੇਗਾ ਅਤੇ ਸਥਾਈ ਸ਼ਾਂਤੀ ਵੱਲ ਲੈ ਜਾਵੇਗਾ। ਇਸਦੇ ਉਲਟ, ਜੇ ਯੁੱਧ ਤੇਜ਼ ਹੋ ਜਾਂਦੇ ਹਨ ਤਾਂ ਸਪਲਾਈ ਲੜੀਆਂ ਹੋਰ ਵੀ ਰੁਕਣਗੀਆਂ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰਨਗੀਆਂ।

ਟਰੰਪ ਦਾ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ’ ਗ੍ਰਹਿ ਨੂੰ ਬਿਹਤਰ ਜਾਂ ਸੁਰੱਖਿਅਤ ਜਾਂ ਵੱਧ ਖੁਸ਼ਹਾਲ ਸਥਾਨ ਬਣਾਉਣ ਦੀ ਸੰਭਾਵਨਾ ਨਹੀਂ ਹੈ। ਟਰੰਪ ਅਨੁਸਾਰ, ਇਹ ਅਮਰੀਕਾ ਦੇ ਹਿੱਤ ’ਚ ਹੈ। ਅਮਰੀਕੀ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਟਰੰਪ ਦੇ ਹਿੱਤ ’ਚ ਹੀ ਹਨ।

-ਪੀ. ਚਿਦਾਂਬਰਮ


author

Tanu

Content Editor

Related News