ਤਿਰੂਪਤੀ ਪ੍ਰਸ਼ਾਦ ਮਾਮਲਾ : ਆਸਥਾ ਨਾਲ ਖਿਲਵਾੜ, ਜ਼ਿੰਮੇਵਾਰ ਕੌਣ?

Thursday, Sep 26, 2024 - 03:19 PM (IST)

ਤਿਰੂਪਤੀ ਪ੍ਰਸ਼ਾਦ ਮਾਮਲਾ : ਆਸਥਾ ਨਾਲ ਖਿਲਵਾੜ, ਜ਼ਿੰਮੇਵਾਰ ਕੌਣ?

ਬੀਤੀ 19 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਤਿਰੂਪਤੀ ਤਿਰੂਮਾਲਾ ਮੰਦਰ ’ਚ ਪ੍ਰਸ਼ਾਦ ਸਬੰਧੀ ਜੋ ਖੁਲਾਸਾ ਕੀਤਾ ਉਸ ਨਾਲ ਅਣਗਿਣਤ ਸ਼ਰਧਾਵਾਨ ਹਿੰਦੂਆਂ ਦਾ ਦਿਲ ਦਹਿਲ ਗਿਆ। ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਜਾਂਚ ਰਿਪੋਰਟ ਅਨੁਸਾਰ , ਜਿਸ ਘਿਓ ਨਾਲ ਆਂਧਰਾ ਪ੍ਰਦੇਸ਼ ਦੇ ਸ਼੍ਰੀਵੈਂਕਟੇਸ਼ਰ ਸਵਾਮੀ ਮੰਦਰ (ਤਿਰੂਪਤੀ ਮੰਦਰ) ਦਾ ਜਗਤ ਪ੍ਰਸਿੱਧ ਪ੍ਰਸ਼ਾਦ (ਲੱਡੂ) ਤਿਆਰ ਕੀਤਾ ਜਾ ਰਿਹਾ ਸੀ, ਉਹ ਨਾ ਸਿਰਫ ਮਿਲਾਵਟੀ ਹੈ, ਸਗੋਂ ਉਸ ’ਚ ‘ਫਿਸ਼ ਆਇਲ’, ‘ਬੀਫ-ਟੈਲੋ’ ਅਤੇ ‘ਲਾਰਡ’ (ਸੂਰ ਦੀ ਚਰਬੀ) ਵਰਗੇ ਤੱਤ ਵੀ ਪਾਏ ਗਏ ਹਨ।

ਕਰੋੜਾਂ ਭਗਤਾਂ ਦੀ ਆਸਥਾ ਅਤੇ ਪਵਿੱਤਰਤਾ ’ਤੇ ਸਾਲਾਂ ਤੋਂ ਹਮਲਾ ਹੁੰਦਾ ਰਿਹਾ ਅਤੇ ਕਿਸੇ ਦੇ ਕੰਨ ’ਤੇ ਜੂੰ ਤਕ ਨਹੀਂ ਸਰਕੀ। ਇਸ ਖਬਰ ਦੇ ਜਨਤਕ ਹੋਣ ਪਿੱਛੋਂ ਹੁਣ ਤਕ ਕੀ ਹੋਇਆ? ਜੇਕਰ ਸਿਆਸੀ ਦੋਸ਼ਾਂ-ਪ੍ਰਤੀਦੋਸ਼ਾਂ, ਹਮਲਾਵਰ ਮੀਡੀਆ ਰਿਪੋਰਟਿੰਗ ਅਤੇ ਕਾਨੂੰਨੀ ਕਾਰਵਾਈ ਨੂੰ ਛੱਡ ਦਈਏ , ਤਾਂ ਸਾਧੂ-ਸੰਤਾਂ ਵਲੋਂ ਮੰਦਰ ਦੇ ਸ਼ੁੱਧੀਕਰਨ ਤੋਂ ਇਲਾਵਾ ਹਿੰਦੂ ਸਮਾਜ ਵੱਡੇ ਪੱਧਰ ’ਤੇ ਸ਼ਾਂਤ ਹੀ ਰਿਹਾ।

ਇਹ ਕਿਹਾ ਜਾ ਸਕਦਾ ਹੈ ਕਿ ਕੁਝ ਹਿੰਦੂ ਇਸ ਖੁਲਾਸੇ ਤੋਂ ਸਦਮੇ ’ਚ ਆ ਗਏ, ਜਦੋਂ ਕਿ ਕੁਝ ਨੂੰ ਇਸ ’ਤੇ ਆਪਣੀ ਬੇਵੱਸੀ ਮਹਿਸੂਸ ਹੋਈ। ਇਸ ਦਾ ਕਾਰਨ ਕੀ ਹੈ? ਸ਼ਾਇਦ ਸਦੀਆਂ ਤੋਂ ਜ਼ੁਲਮ ਸਹਿਣ ਤੋਂ ਬਾਅਦ ਹਿੰਦੂ ਸਮਾਜ ਦੀ ਸੰਵੇਦਨਸ਼ੀਲਤਾ ਨੀਰਸ ਹੋ ਗਈ ਹੈ, ਇਸ ਲਈ ਘੋਰ ਅਨਿਆਂ ਦੇ ਬਾਵਜੂਦ, ਉਨ੍ਹਾਂ ਦਾ ਪ੍ਰਤੀਕਰਮ ਆਮ ਤੌਰ ’ਤੇ ਬਹੁਤ ਸੀਮਤ ਜਾਂ ਫਿਰ ਨਾਂਹ ਦੇ ਬਰਾਬਰ ਹੁੰਦਾ ਹੈ।

ਇਹ ਪਹਿਲੀ ਵਾਰ ਨਹੀਂ ਹੈ। ਜਦੋਂ ਅਗਸਤ 1947 ਵਿਚ ਅੰਗਰੇਜ਼ਾਂ, ਖੱਬੇਪੱਖੀਆਂ ਅਤੇ ਮੁਸਲਿਮ ਲੀਗ ਨੇ ਮਿਲ ਕੇ ਭਾਰਤ ਦੀ ਵੰਡ ਕੀਤੀ, ਜਿਸ ਵਿਚ ਕਰੋੜਾਂ ਲੋਕ ਬੇਘਰ ਹੋ ਗਏ ਅਤੇ ਲੱਖਾਂ ਨਿਰਦੋਸ਼ ਲੋਕ ਮਾਰੇ ਗਏ, ਤਦ ਬਿਨਾਂ ਕਿਸੇ ਵਿਆਪਕ ਰੋਹ ਦੇ, ਹਿੰਦੂ ਸਮਾਜ ਦਾ ਵੱਡਾ ਹਿੱਸਾ ਵੰਡੇ ਹੋਏ ਭਾਰਤ ਵਿਚ ਆਪਣੀਆਂ ਜ਼ਿੰਦਗੀਆਂ ਨੂੰ ਸਮੇਟਣ ’ਚ ਰੁੱਝ ਗਿਆ ਅਤੇ ਆਪਣੀ ਮਿਹਨਤ ਅਤੇ ਬੁੱਧੀ ਨਾਲ ਜ਼ਿੰਦਗੀ ਨੂੰ ਸੁਧਾਰਨ ਲੱਗਾ। ਪੰਡਿਤ ਨਹਿਰੂ ਵੱਲੋਂ ਦਿੱਤੇ ਧਰਮ ਨਿਰਪੱਖਤਾ ਦੇ ਨਾਂ ’ਤੇ ਵੀ ਸਮੇਂ ਦੇ ਨਾਲ ਸਿਆਸੀ ਅਤੇ ਸਮਾਜਿਕ ਤੌਰ ’ਤੇ ਉਸ ਵਰਗ ਨੂੰ ਪ੍ਰਵਾਨ ਕਰ ਲਿਆ, ਜਿਸ ਦੇ ਪ੍ਰਭਾਵ ਕਾਰਨ ਦੇਸ਼ ਸਿੱਧੇ ਜਾਂ ਅਸਿੱਧੇ ਤੌਰ ’ਤੇ ਵੰਡਿਆ ਗਿਆ ਸੀ।

ਹਿੰਦੂਆਂ ਦੀ ਇਸ ਮਾਨਸਿਕਤਾ ਨੂੰ ਸ਼ਾਇਦ ਇਕ ਸਦੀ ਪਹਿਲਾਂ ਗਾਂਧੀ ਜੀ ਨੇ ਪਛਾਣ ਲਿਆ ਸੀ, ਇਸ ਲਈ ਜਦੋਂ ਖ਼ਿਲਾਫ਼ਤ ਅੰਦੋਲਨ (1919-24) ਦੁਆਰਾ ਪੈਦਾ ਹੋਏ ਫ਼ਿਰਕੂ ਦੰਗਿਆਂ ਵਿਚ ਜ਼ਿਆਦਾਤਰ ਥਾਵਾਂ ’ਤੇ ਜੇਹਾਦੀ ਹਿੰਦੂਆਂ ’ਤੇ ਕਹਿਰ ਕਰ ਰਹੇ ਸਨ, ਤਾਂ 29 ਮਈ 1924 ਨੂੰ ਉਨ੍ਹਾਂ ਨੇ ‘ਯੰਗ ਇੰਡੀਆ’ ਵਿਚ, ਮੁਸਲਮਾਨਾਂ ਨੂੰ ‘ਧੀਂਗ’ (ਬਦਮਾਸ਼) ਕਹਿ ਕੇ ਸੰਬੋਧਨ ਕੀਤਾ ਜਦੋਂ ਕਿ ਹਿੰਦੂਆਂ ਨੂੰ ‘ਦੱਬੂ’ ਕਹਿ ਕੇ ਸੰਬੋਧਨ ਕੀਤਾ ਸੀ।

ਆਜ਼ਾਦ ਭਾਰਤ ਵਿਚ ਹਿੰਦੂ ਸੰਵੇਦਨਹੀਣਤਾ ਦਾ ਪਹਿਲਾ ਵੱਡਾ ਮਾਮਲਾ 1980-90 ਦੇ ਦੌਰ ਵਿਚ ਸਾਹਮਣੇ ਆਇਆ, ਜਦੋਂ ਵਾਦੀ ਵਿਚ ਕਸ਼ਮੀਰੀ ਪੰਡਿਤਾਂ ਨੂੰ ਆਪਣੀ ਪੂਜਾ-ਪਾਠ ਪ੍ਰਣਾਲੀ ਅਤੇ ਸਨਾਤਨ ਪ੍ਰੰਪਰਾ ਕਾਰਨ ਜੇਹਾਦ ਦਾ ਸ਼ਿਕਾਰ ਹੋਣਾ ਪਿਆ। ਸਿਰਫ਼ ਹਿੰਦੂ ਮੰਦਰਾਂ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਗਿਆ, ਸਗੋਂ ਕਸ਼ਮੀਰ ਵਿਚ ਦਹਿਸ਼ਤ ਫੈਲਾਉਣ ਲਈ ਦਹਿਸ਼ਤਗਰਦਾਂ ਨੇ ਸਥਾਨਕ ਮੁਸਲਮਾਨਾਂ ਦੀ ਮਦਦ ਨਾਲ ਪ੍ਰਭਾਵਸ਼ਾਲੀ ਹਿੰਦੂਆਂ ਨੂੰ ਸ਼ਰੇਆਮ ਕਤਲ ਕਰਨਾ ਅਤੇ ਉਨ੍ਹਾਂ ਦੀਆਂ ਨੂੰਹਾਂ-ਧੀਆਂ ਦੀ ਇੱਜ਼ਤ ਲੁੱਟਣੀ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ, ਕਸ਼ਮੀਰੀ ਪੰਡਿਤਾਂ ਨੂੰ ਰਾਤੋ-ਰਾਤ ਵਾਦੀ ਵਿਚ ਕਰੋੜਾਂ ਰੁਪਏ ਦੀ ਆਪਣੀ ਜੱਦੀ ਜ਼ਮੀਨ ਛੱਡ ਕੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਉੱਜੜੇ ਲੋਕਾਂ ਵਾਂਗ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ। ਉਦੋਂ ਵੀ ਬਾਕੀ ਭਾਰਤ ਵਿਚ ਹਿੰਦੂ ਸਮਾਜ ਦਾ ਇਕ ਵੱਡਾ ਵਰਗ ਦਰਸ਼ਕ ਬਣਿਆ ਰਿਹਾ।

ਇਸ ਘਟਨਾਕ੍ਰਮ ਦੇ ਲਗਭਗ ਇਕ ਦਹਾਕੇ ਬਾਅਦ, 27 ਫਰਵਰੀ 2002 ਨੂੰ, ਗੁਜਰਾਤ ਦੇ ਗੋਧਰਾ ਰੇਲਵੇ ਸਟੇਸ਼ਨ ਦੇ ਨੇੜੇ, ਜੇਹਾਦੀਆਂ ਨੇ 59 ਕਾਰ ਸੇਵਕਾਂ ਨੂੰ ਰੇਲ ਦੇ ਡੱਬੇ ਵਿਚ ਸਾੜ ਦਿੱਤਾ। ਘਟਨਾ ਦੇ ਅਗਲੇ ਦਿਨ ਸੰਸਦ ਦੇ ਅੰਦਰੋਂ ਜਾਂ ਬਾਹਰੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਉਸ ਸਮੇਂ ਇਕ ਨਾਮਵਰ ਅੰਗਰੇਜ਼ੀ ਅਖਬਾਰ ਨੇ ਆਪਣੇ ਸੰਪਾਦਕੀ ਵਿਚ ਇਸ ਘਿਨੌਣੇ ਕਤਲੇਆਮ ਲਈ ਪੀੜਤ ਹਿੰਦੂਆਂ ਨੂੰ ਇਹ ਕਹਿ ਕੇ ਜ਼ਿੰਮੇਵਾਰ ਠਹਿਰਾਇਆ ਸੀ ਕਿ ਉਹ ਅਯੁੱਧਿਆ ਦੀ ਯਾਤਰਾ ਤੋਂ ਪਰਤਦੇ ਸਮੇਂ ਮੁਸਲਿਮ ਬਹੁਲਤਾ ਵਾਲੇ ਇਲਾਕੇ ਵਿਚ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾ ਰਹੇ ਸਨ।

ਜਿਵੇਂ ਹੀ ਗੋਧਰਾ ਕਾਂਡ ਦੇ ਜਵਾਬ ਵਿਚ ਗੁਜਰਾਤ ਵਿਚ ਫਿਰਕੂ ਹਿੰਸਾ ਫੈਲ ਗਈ, ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ (2004-14) ਨੇ ਬਾਅਦ ਵਿਚ ਇਸਲਾਮੀ ਕੱਟੜਵਾਦ ਨੂੰ ਅਸਿੱਧੇ ਤੌਰ ’ਤੇ ਮਨਜ਼ੂਰੀ ਦੇਣ ਜਾਂ ਜਾਇਜ਼ ਠਹਿਰਾਉਣ ਲਈ ‘ਹਿੰਦੂ/ਭਗਵਾ ਅੱਤਵਾਦ’ ਦੇ ਝੂਠੇ-ਮਿੱਥ ਸਿਧਾਂਤ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਿੰਦੂ-ਵਿਰੋਧੀ ‘ਫਿਰਕੂ ਬਿੱਲ’ ਪਾਸ ਕਰਨ ਦੀ ਅਸਫਲ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਹ ਤ੍ਰਾਸਦੀ ਹੈ ਕਿ ਜਦੋਂ ਤੋਂ ਤਿਰੂਪਤੀ ਤਿਰੂਮਾਲਾ ਮੰਦਰ ਦੇ ਚੜ੍ਹਾਵੇ ਵਿਚ ਪਸ਼ੂਆਂ ਦੀ ਚਰਬੀ ਪਾਏ ਜਾਣ ਦਾ ਪਤਾ ਲੱਗਾ ਹੈ, ਉਦੋਂ ਤੋਂ ਇਸ ਘੋਰ ਪਾਪ ਨੂੰ ਰੋਕਣ ਲਈ ਕੋਈ ਸਰਕਾਰੀ ਪਹਿਲਕਦਮੀ ਨਹੀਂ ਕੀਤੀ ਗਈ, ਜਿਵੇਂ ਕਿ ਦਸੰਬਰ 1963 ’ਚ ਪੈਗੰਬਰ ਮੁਹੰਮਦ ਸਾਹਿਬ ਦੀ ਦਾੜ੍ਹੀ ਦਾ ਵਾਲ (ਮੂ-ਏ-ਮੁਕੱਦਸ) ਗੁਆਚਣ ’ਤੇ ਹੋਇਆ ਸੀ।

ਮੁਸਲਮਾਨਾਂ ਦੀ ਮਾਨਤਾ ਹੈ ਕਿ ਸ੍ਰੀਨਗਰ ਸਥਿਤ ਹਜ਼ਰਤਬਲ ਦਰਗਾਹ ਵਿਚ ਪੈਗੰਬਰ ਮੁਹੰਮਦ ਸਾਹਿਬ ਦੀ ਦਾੜ੍ਹੀ ਦਾ ਵਾਲ (ਮੂ-ਏ-ਮੁਕੱਦਸ) ਰੱਖਿਆ ਹੋਇਆ ਹੈ, ਜਿਸ ਦੇ 26 ਦਸੰਬਰ 1963 ਨੂੰ ਚੋਰੀ ਹੋਣ ਦੀ ਅਫਵਾਹ ਜੰਗਲ ਦੀ ਅੱਗ ਵਾਂਗ ਫੈਲ ਗਈ। ਪਾਕਿਸਤਾਨ ਅਤੇ ਕਸ਼ਮੀਰ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਵਿਚ ਹਜ਼ਾਰਾਂ ਮੁਸਲਮਾਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਇਸ ਮਾਮਲੇ ਨੂੰ ਸੰਭਾਲਣ ਲਈ ਆਪਣੇ ਸੀਨੀਅਰ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਭਾਰਤੀ ਖੁਫੀਆ ਏਜੰਸੀ ਦੇ ਤਤਕਾਲੀ ਮੁਖੀ ਭੋਲਾਨਾਥ ਮਲਿਕ ਦੇ ਨਾਲ ਕਸ਼ਮੀਰ ਭੇਜਿਆ। ਮੀਡੀਆ ਰਿਪੋਰਟਾਂ ਅਨੁਸਾਰ, ਅਪ੍ਰੈਲ 2024 ਤੱਕ ਤਿਰੂਪਤੀ ਟਰੱਸਟ ਦੇ ਬੈਂਕ ਖਾਤੇ ਵਿਚ 18,817 ਕਰੋੜ ਰੁਪਏ ਦੀ ਰਕਮ ਸੀ। ਮੰਦਰ ਪ੍ਰਬੰਧਨ ਨੂੰ ਲਗਭਗ 500 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ। ਟਰੱਸਟ ਕੋਲ ਕੁੱਲ 11,329 ਕਿਲੋ ਸੋਨਾ ਹੈ, ਜਿਸ ਦੀ ਕੀਮਤ ਕਰੀਬ 8,496 ਕਰੋੜ ਰੁਪਏ ਹੈ।

ਇਕ ਰਿਪੋਰਟ ਅਨੁਸਾਰ, ਔਸਤਨ 87 ਹਜ਼ਾਰ ਸ਼ਰਧਾਲੂ ਹਰ ਰੋਜ਼ ਤਿਰੂਪਤੀ ਮੰਦਰ ਦੇ ਦਰਸ਼ਨ ਕਰਦੇ ਹਨ। ਪ੍ਰਸ਼ਾਦ ਦੇ ਤੌਰ ’ਤੇ ਮਿਲਣ ਵਾਲੇ ਲੱਡੂ ਬਣਾਉਣ ਲਈ ਹਰ ਮਹੀਨੇ 42 ਹਜ਼ਾਰ ਕਿਲੋ ਘਿਓ, 22,500 ਕਿਲੋ ਕਾਜੂ, 15 ਹਜ਼ਾਰ ਕਿਲੋ ਸੌਗੀ ਅਤੇ 6 ਹਜ਼ਾਰ ਕਿਲੋ ਇਲਾਇਚੀ ਲੱਗਦੀ ਹੈ। ਅਸਲ ਸਵਾਲ ਇਹ ਹੈ ਕਿ ਆਧੁਨਿਕ ਪ੍ਰਯੋਗਸ਼ਾਲਾ ਵਿਚ ਰੋਜ਼ਾਨਾ ਇਨ੍ਹਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਦੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ? ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਦ ਵਿਚ ਪਸ਼ੂਆਂ ਦੀ ਚਰਬੀ ਮਿਲਣ ਦੇ ਮਹਾ ਪਾਪ ਦਾ ਖੁਲਾਸਾ ਹੋਣ ਤੋਂ ਬਾਅਦ ਵੀ ਇਸ ਸਬੰਧੀ ਕੋਈ ਗੱਲ ਨਹੀਂ ਹੋ ਰਹੀ।

-ਬਲਬੀਰ ਪੁੰਜ


author

Tanu

Content Editor

Related News