ਅਮਰੀਕਾ ਵਿਚ ਥਰਡ ਜੈਂਡਰ ਨਾਮਨਜ਼ੂਰ : ਇਕ ਅਣਕਿਹਾ ਸੰਘਰਸ਼

Wednesday, Jan 22, 2025 - 05:23 PM (IST)

ਅਮਰੀਕਾ ਵਿਚ ਥਰਡ ਜੈਂਡਰ ਨਾਮਨਜ਼ੂਰ : ਇਕ ਅਣਕਿਹਾ ਸੰਘਰਸ਼

20 ਜਨਵਰੀ, 2025 ਨੂੰ ਡੋਨਾਲਡ ਟਰੰਪ ਨੇ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਦਿਆਂ ਹੀ ਇਕ ਮਹੱਤਵਪੂਰਨ ਕਾਰਜਕਾਰੀ ਆਦੇਸ਼ ਜਾਰੀ ਕੀਤਾ, ਜਿਸ ਦੇ ਤਹਿਤ ਅਮਰੀਕੀ ਸਰਕਾਰ ਦੀ ਅਧਿਕਾਰਤ ਨੀਤੀ ਵਿਚ ਸਿਰਫ਼ ਦੋ ਜੈਂਡਰਾਂ (ਲਿੰਗਾਂ) ਪੁਰਸ਼ ਅਤੇ ਔਰਤ ਨੂੰ ਮਾਨਤਾ ਦਿੱਤੀ ਗਈ ਹੈ।

ਅਮਰੀਕਾ ਵਰਗੇ ਲੋਕਤੰਤਰੀ ਅਤੇ ਪ੍ਰਗਤੀਸ਼ੀਲ ਦੇਸ਼ ਵਿਚ ਵੀ ਥਰਡ ਜੈਂਡਰ (ਤੀਜੇ ਲਿੰਗ) ਭਾਈਚਾਰੇ ਨੂੰ ਮੁੱਖ ਧਾਰਾ ਵਿਚ ਆਪਣੀ ਪਛਾਣ ਪ੍ਰਾਪਤ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ ਹੈ। ਭਾਵੇਂ ਅਮਰੀਕਾ ਵਿਚ ਲਿੰਗ ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੱਲ ਬਹੁਤ ਜ਼ੋਰ-ਸ਼ੋਰ ਨਾਲ ਕੀਤੀ ਜਾਂਦੀ ਹੈ, ਫਿਰ ਵੀ ਤੀਜੇ ਲਿੰਗ ਭਾਈਚਾਰੇ ਨੂੰ ਸਮਾਜਿਕ, ਕਾਨੂੰਨੀ ਅਤੇ ਸੱਭਿਆਚਾਰਕ ਪੱਧਰ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਥਰਡ ਜੈਂਡਰ ਤੋਂ ਭਾਵ ਉਹ ਵਿਅਕਤੀ ਹਨ ਜੋ ਰਵਾਇਤੀ ਲਿੰਗ ਪਛਾਣ (ਮਰਦ ਜਾਂ ਔਰਤ) ਦੇ ਅੰਦਰ ਨਹੀਂ ਆਉਂਦੇ। ਇਸ ਸ਼੍ਰੇਣੀ ਵਿਚ ਟ੍ਰਾਂਸਜੈਂਡਰ, ਨਾਨ-ਬਾਈਨਰੀ, ਅਤੇ ਜੈਂਡਰ-ਨਾਨਕਨਫਾਰਮਿੰਗ ਵਿਅਕਤੀ ਵੀ ਸ਼ਾਮਲ ਹਨ। ‘ਟੂ-ਸਪਿਰਟ’ (ਦੋ-ਆਤਮਾਵਾਂ) ਵਰਗੇ ਸੰਕਲਪ ਪਹਿਲਾਂ ਹੀ ਮੂਲ ਅਮਰੀਕੀ ਭਾਈਚਾਰਿਆਂ ਵਿਚ ਮੌਜੂਦ ਸਨ, ਜੋ ਦਰਸਾਉਂਦੇ ਹਨ ਕਿ ਤੀਜੇ ਲਿੰਗ ਨੂੰ ਵੀ ਰਵਾਇਤੀ ਤੌਰ ’ਤੇ ਮਾਨਤਾ ਪ੍ਰਾਪਤ ਸੀ ਪਰ ਬਸਤੀਵਾਦ ਅਤੇ ਪੁਰਖ-ਪ੍ਰਧਾਨ ਢਾਂਚੇ ਦੇ ਕਾਰਨ ਇਹ ਪਛਾਣ ਅੱਜ ਹੌਲੀ-ਹੌਲੀ ਹਾਸ਼ੀਏ ’ਤੇ ਚਲੀ ਗਈ ਹੈ।

ਟਰੰਪ ਦਾ ਨਵਾਂ ਆਦੇਸ਼ ਥਰਡ ਜੈਂਡਰ ਦੀ ਕਾਨੂੰਨੀ ਮਾਨਤਾ ਨੂੰ ਖਤਮ ਕਰ ਦੇਵੇਗਾ, ਜਿਸ ਨਾਲ ਕਈ ਖੇਤਰਾਂ ਵਿਚ ਟ੍ਰਾਂਸਜੈਂਡਰ ਅਤੇ ਨਾਨ-ਬਾਈਨਰੀ ਵਿਅਕਤੀਆਂ ਦੇ ਅਧਿਕਾਰ ਪ੍ਰਭਾਵਿਤ ਹੋਣਗੇ।

ਕਾਨੂੰਨੀ ਦਸਤਾਵੇਜ਼ਾਂ ਜਿਵੇਂ ਕਿ ਜਨਮ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਵਰਗੇ ਅਧਿਕਾਰਤ ਦਸਤਾਵੇਜ਼ਾਂ ’ਚ ਹੁਣ ‘ਪੁਰਸ਼’ ਅਤੇ ‘ਔਰਤ’ ਤੋਂ ਇਲਾਵਾ ਹੋਰ ਲਿੰਗ ਬਦਲ ਨਹੀਂ ਹੋਣਗੇ, ਜਿਸ ਨਾਲ ਟਰਾਂਸਜੈਂਡਰ ਵਿਅਕਤੀਆਂ ਦੀ ਪਛਾਣ ਨੂੰ ਮਾਨਤਾ ਨਹੀਂ ਹੋਵੇਗੀ।

ਇਹ ਧਿਆਨ ਦੇਣ ਯੋਗ ਹੈ ਕਿ 2015 ਵਿਚ ਓਬਾਮਾ ਪ੍ਰਸ਼ਾਸਨ ਦੌਰਾਨ, ਟਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਸ ਵਿਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ ’ਤੇ ਸਵੀਕਾਰ ਕਰਨਾ ਅਤੇ ਟਰਾਂਸਜੈਂਡਰ ਵਿਅਕਤੀਆਂ ਨੂੰ ਫੌਜ ਵਿਚ ਸੇਵਾ ਕਰਨ ਦੀ ਆਗਿਆ ਦੇਣਾ ਸ਼ਾਮਲ ਸੀ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਵੀ ਟਰਾਂਸਜੈਂਡਰ ਵਿਅਕਤੀਆਂ ਨੂੰ ਫੌਜ ਵਿਚ ਸੇਵਾ ਕਰਨ ਤੋਂ ਰੋਕ ਦਿੱਤਾ ਸੀ, ਜਿਸ ਨੂੰ ਬਾਅਦ ਵਿਚ ਬਾਈਡੇਨ ਪ੍ਰਸ਼ਾਸਨ ਨੇ ਉਲਟਾ ਦਿੱਤਾ। ਜੇਕਰ ਅਸੀਂ ਵਿਸ਼ਵਵਿਆਪੀ ਹਾਲਤ ਦੀ ਗੱਲ ਕਰੀਏ ਤਾਂ ਅੱਜ ਵੀ ਥਰਡ ਜੈਂਡਰ ਭਾਈਚਾਰੇ ਨੂੰ ਵਿਤਕਰੇ, ਹਿੰਸਾ ਅਤੇ ਸਮਾਜਿਕ ਗੈਰ-ਪ੍ਰਵਾਨਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੌਕਰੀ ਦੇ ਮੌਕਿਆਂ, ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਮਾਮਲੇ ਵਿਚ ਉਨ੍ਹਾਂ ਨੂੰ ਨਕਾਰਾਤਮਕ ਤੌਰ ’ਤੇ ਦੇਖਿਆ ਜਾਂਦਾ ਹੈ। 2021 ਦੀ ਰਾਸ਼ਟਰੀ ਬੇਰੋਜ਼ਗਾਰੀ ਦਰ ਦੇ ਅਨੁਸਾਰ, ਟ੍ਰਾਂਸਜੈਂਡਰ ਲੋਕਾਂ ਵਿਚ ਬੇਰੋਜ਼ਗਾਰੀ ਦਰ ਆਮ ਆਬਾਦੀ ਨਾਲੋਂ ਤਿੰਨ ਗੁਣਾ ਵੱਧ ਹੈ।

ਅਮਰੀਕੀ ਸਮਾਜ ਵਿਚ ਖਾਸ ਕਰ ਕੇ ਧਾਰਮਿਕ ਸਮੂਹਾਂ ਵਿਚ ਥਰਡ ਜੈਂਡਰ ਨੂੰ ਨੈਤਿਕ ਅਤੇ ਸੱਭਿਆਚਾਰਕ ਤੌਰ ’ਤੇ ਸਵੀਕਾਰ ਨਹੀਂ ਕੀਤਾ ਜਾਂਦਾ। ਰਵਾਇਤੀ ਪਰਿਵਾਰਕ ਢਾਂਚੇ ਅਤੇ ਲਿੰਗ ਆਧਾਰਤ ਭੂਮਿਕਾਵਾਂ ਨੂੰ ਚੁਣੌਤੀ ਦੇਣ ਵਾਲੇ ਵਿਅਕਤੀਆਂ ਨੂੰ ਅਕਸਰ ‘ਗੈਰ ਕੁਦਰਤੀ’ ਮੰਨਿਆ ਜਾਂਦਾ ਹੈ। ਇਹ ਮਾਨਸਿਕਤਾ ਉਨ੍ਹਾਂ ਦੀ ਵਿਅਕਤੀਗਤ ਅਤੇ ਸਮੂਹਿਕ ਪਛਾਣ ਨੂੰ ਕਮਜ਼ੋਰ ਕਰਦੀ ਹੈ।

ਪਰ ਹਾਲ ਹੀ ਦੇ ਸਾਲਾਂ ਵਿਚ ਥਰਡ ਜੈਂਡਰ ਭਾਈਚਾਰੇ ਅਤੇ ਕਈ ਦੇਸ਼ਾਂ ਨੇ ਆਪਣੇ ਅਧਿਕਾਰਾਂ ਅਤੇ ਪਛਾਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਕੇ. ਕੇ. ਡੀ., ਐੱਸ. ਕੇ. ਡੀ. ਅਤੇ ਟਰੱਸਟ ਵਰਗੀਆਂ ਬਹੁਤ ਸਾਰੀਆਂ ਗੈਰ-ਮੁਨਾਫ਼ਾ ਸੰਸਥਾਵਾਂ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਪੌਪ ਸੱਭਿਆਚਾਰ ਅਤੇ ਮੀਡੀਆ ਵਿਚ ਉਨ੍ਹਾਂ ਦੀ ਸਕਾਰਾਤਮਕ ਪਛਾਣ ਨੇ ਵੀ ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਬਦਲਣ ਵਿਚ ਯੋਗਦਾਨ ਪਾਇਆ ਹੈ।

ਭਾਰਤ ਵਿਚ ਥਰਡ ਜੈਂਡਰ ਭਾਈਚਾਰੇ ਨੂੰ ਪ੍ਰਾਚੀਨ ਸਮੇਂ ਤੋਂ ਹੀ ਸਮਾਜਿਕ ਮਾਨਤਾ ਪ੍ਰਾਪਤ ਹੈ। ਹਿਜੜਾ ਭਾਈਚਾਰੇ ਦਾ ਜ਼ਿਕਰ ਵੇਦਾਂ, ਮਹਾਕਾਵਿ ਅਤੇ ਸਮ੍ਰਿਤੀਆਂ ਵਿਚ ਮਿਲਦਾ ਹੈ। ਮੁਗਲ ਕਾਲ ਦੌਰਾਨ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿਚ ਉਨ੍ਹਾਂ ਦਾ ਮਹੱਤਵਪੂਰਨ ਸਥਾਨ ਸੀ। ਅਮਰੀਕਾ ਨੇ ਵੀ 2022 ਵਿਚ ਪਾਸਪੋਰਟਾਂ ਵਿਚ ਲਿੰਗ ‘ਥਰਡ’ ਜੈਂਡਰ ਜੋੜਨ ਦਾ ਕਦਮ ਚੁੱਕਿਆ ਸੀ, ਇਸ ਦੇ ਨਾਲ ਹੀ ਕਈ ਯੂਰਪੀਅਨ ਦੇਸ਼ਾਂ, ਜਿਵੇਂ ਕਿ ਜਰਮਨੀ, ਨੀਦਰਲੈਂਡ ਆਦਿ ਨੇ ਵੀ ਸਕਾਰਾਤਮਕ ਕਦਮ ਚੁੱਕੇ ਹਨ।

ਦਰਅਸਲ, ਥਰਡ ਜੈਂਡਰ ਭਾਈਚਾਰੇ ਲਈ ਇਕ ਸਮਾਵੇਸ਼ੀ ਸਮਾਜ ਦੀ ਸਿਰਜਣਾ ਸਿਰਫ਼ ਕਾਨੂੰਨੀ ਮਾਨਤਾ ਨਾਲ ਹੀ ਸੰਭਵ ਨਹੀਂ ਹੈ, ਇਸ ਲਈ ਸਮਾਜ ਵਿਚ ਸਿੱਖਿਆ, ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਸਰਕਾਰ ਅਤੇ ਸਮਾਜ ਦੇ ਨੀਤੀ ਪੱਧਰ ’ਤੇ ਥਰਡ ਜੈਂਡਰ ਦੇ ਸਮਾਵੇਸ਼ ਅਤੇ ਸਮਾਨਤਾ ਦਾ ਸੁਪਨਾ ਤਾਂ ਹੀ ਸਾਕਾਰ ਹੋਵੇਗਾ ਜਦੋਂ ਹਰ ਵਿਅਕਤੀ, ਭਾਵੇਂ ਉਸ ਦਾ ਲਿੰਗ ਕੋਈ ਵੀ ਹੋਵੇ, ਆਪਣੀ ਪਛਾਣ ਨੂੰ ਖੁੱਲ੍ਹ ਕੇ ਜਿਊਣ ਲਈ ਆਜ਼ਾਦ ਹੋਵੇਗਾ।

ਅਰਪਿਤ ਕਾਂਕਰੀਆ ‘ਕਾਮਯਾਬ’


author

Rakesh

Content Editor

Related News