ਕੋਈ ਵੀ ਮਰਦ ਦੇਵਤਾ ਨਹੀਂ ਹੁੰਦਾ
Sunday, Aug 25, 2024 - 02:43 PM (IST)

ਪਿਛਲੇ ਦਿਨੀਂ ਵਾਪਰੀਆਂ ਕਈ ਸਮੂਹਿਕ ਜਬਰ-ਜ਼ਨਾਹ ਦੀਆਂ ਘਟਨਾਵਾਂ ਦਰਦਨਾਕ ਤੇ ਦੇਸ਼ ਲਈ ਸ਼ਰਮਨਾਕ ਘਟਨਾਵਾਂ ਹਨ। ਬੰਗਾਲ ’ਚ ਸਮੂਹਿਕ ਜਬਰ-ਜ਼ਨਾਹ ਦੀ ਵਾਪਰੀ ਘਟਨਾ ਇੰਨੀ ਭਿਆਨਕ ਹੈ ਕਿ ਅੰਤਰ-ਆਤਮਾ ਕੰਬ ਜਾਂਦੀ ਹੈ, ਔਰਤ ਹੋਣ ਤੋਂ ਵੀ ਡਰ ਲੱਗਦਾ ਹੈ। ਸਾਰਾ ਦੇਸ਼ ਤੜਫ ਉੱਠਿਆ ਹੈ। ਪੀ. ਜੀ. ਆਈ. ਚੰਡੀਗੜ੍ਹ ਅਤੇ ਦੇਸ਼ ਭਰ ਵਿਚ ਹੜਤਾਲਾਂ ਚੱਲ ਰਹੀਆਂ ਹਨ। ਡਾਕਟਰ ਤੇ ਨਰਸਾਂ ਡਰੇ ਹੋਏ ਹਨ।
ਦਿੱਲੀ ’ਚ ਦਸੰਬਰ 2012 ’ਚ ਇਕ ਕੁੜੀ ਨਾਲ 6 ਲੋਕਾਂ ਵੱਲੋਂ ਕੀਤੇ ਸਮੂਹਿਕ ਜਬਰ-ਜ਼ਨਾਹ ਤੇ ਫਿਰ ਕਤਲ ਵਾਲੇ ਨਿਰਭਯਾ ਕਾਂਡ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਵੀ ਅਜਿਹੇ ਘਿਨਾਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੀ ਸਖਤ ਵਿਵਸਥਾ ਕੀਤੀ ਗਈ ਸੀ ਪਰ ਦੇਸ਼ ਦੀ ਇਹ ਬਦਕਿਸਮਤੀ ਹੈ ਕਿ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਖਿਲਾਫ ਫਾਂਸੀ ਦੀ ਸਜ਼ਾ ਦੀ ਵਿਵਸਥਾ ਕੀਤੇ ਜਾਣ ਦੇ ਬਾਵਜੂਦ ਦੇਸ਼ ’ਚ ਔਰਤਾਂ ਖਿਲਾਫ ਨਾ ਸਿਰਫ ਅਪਰਾਧਿਕ ਅੰਕੜੇ ਵਧੇ ਹਨ, ਸਗੋਂ ਜਬਰ-ਜ਼ਨਾਹ ਤੇ ਕਤਲ ਵਰਗੀਆਂ ਘਟਨਾਵਾਂ ’ਚ ਵੀ ਕੋਈ ਕਮੀ ਨਹੀਂ ਆਉਂਦੀ ਦਿਖਾਈ ਦਿੰਦੀ।
ਇਹੋ ਜਿਹੀਆਂ ਘਟਨਾਵਾਂ ਲਈ ਸਿਰਫ ਸਿਆਸੀ ਪਾਰਟੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਾਡਾ ਸਮਾਜ, ਸਮਾਜਿਕ ਢਾਂਚਾ ਵੀ ਜ਼ਿੰਮੇਵਾਰ ਹੈ। ਅਸੀਂ ਅੱਜ ਵੀ ਕੋਈ 90 ਫੀਸਦੀ ਸਮਾਜ ’ਚ ਪੁਰਸ਼ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਸਾਡੇ ਸਮਾਜ ਦੀ ਇਸ ਭਾਵਨਾ ਨੇ ਸਾਨੂੰ ਬਹੁਤ ਤਬਾਹ ਕੀਤਾ ਹੈ, ਧੀਆਂ ਅਤੇ ਔਰਤਾਂ ਨੂੰ ਨੀਵਾਂ ਦਿਖਾਉਣਾ ਤੇ ਪੁਰਸ਼ ਨੂੰ ਜ਼ਿਆਦਾ ਜ਼ਰੂਰੀ ਸਮਾਜ ਦਾ ਅੰਗ ਸਮਝਣਾ।
ਮੈਂ 58 ਸਾਲ ਦੀ ਉਮਰ ਹੋ ਕੇ ਵੀ ਇਸ ਭਾਵਨਾ ਦਾ ਸ਼ਿਕਾਰ ਹੁੰਦੀ ਰਹਿੰਦੀ ਹਾਂ ਅਤੇ ਸੋਚੋ ਕਿ ਸਮਾਜ ਦੀਆਂ ਆਮ ਵਿਚਰਨ ਵਾਲੀਆਂ ਔਰਤਾਂ ਜ਼ਰੂਰ ਹਰ ਰੋਜ਼ ਇਸ ਦਾ ਸ਼ਿਕਾਰ ਹੁੰਦੀਆਂ ਹੋਣਗੀਆਂ। ਮੇਰੀ ਆਪਣੀ ਇਕਲੌਤੀ ਬੱਚੀ ਵੀ ਡਾਕਟਰ ਹੈ, ਜਦ ਉਹ ਰਾਤ ਨੂੰ ਡਿਊਟੀ ’ਤੇ ਜਾਂਦੀ ਸੀ, ਮੈਂ ਤੇ ਮੇਰਾ ਪਤੀ ਸੌਂ ਨਹੀਂ ਪਾਉਂਦੇ ਸੀ। ਅਸੀਂ ਰਾਤ ਦੇ 2 ਵਜੇ ਵੀ ਉਸ ਦੀ ਸੁੱਖ-ਸਾਂਦ ਦੇਖਣ ਹਸਪਤਾਲ ਚਲੇ ਜਾਂਦੇ ਸੀ। ਮੈਂ ਸਮਝਦੀ ਹਾਂ ਸਾਰੇ ਮਾਪੇ ਸਾਡੇ ਵਾਂਗ ਹੀ ਫਿਕਰਮੰਦ ਹੁੰਦੇ ਹੋਣਗੇ। ਜਿਨ੍ਹਾਂ ਦੀ ਧੀ 19-19 ਘੰਟੇ ਲਗਾਤਾਰ ਪੜ੍ਹਾਈ ਕਰ ਕੇ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੀ ਹੈ, ਉਸ ਦੀ ਸੁਰੱਖਿਆ ਤਾਂ ਬਣਦੀ ਹੈ।
ਦਰਅਸਲ ਅਸੀਂ ਘਰ ’ਚ ਜਨਮੇ ਮੁੰਡੇ ਨੂੰ ਕੁਝ ਵੀ ਨਹੀਂ ਸਿਖਾਉਂਦੇ ਬਸ ਉਸ ਦਾ ਪੁਰਸ਼ ਹੋਣਾ ਹੀ ਉਸ ਨੂੰ ਘਰ ਦਾ ਮੁਖੀ ਬਣਾ ਦਿੰਦਾ ਹੈ। ਬਚਪਨ ’ਚ ਉਹ ਭੈਣਾਂ ਤੋਂ ਲੈ ਕੇ ਮਾਂ ਤੱਕ ਰੋਅਬ ਮਾਰਦਾ ਹੈ ਅਤੇ ਵੱਡਾ ਹੋ ਕੇ ਪਤਨੀ ਅਤੇ ਬੱਚਿਆਂ ਦੀ ਸਾਰੀ ਪਰਿਵਾਰਕ ਜਾਇਦਾਦ ਦਾ ਵੀ ਪੁਰਸ਼ ਹੀ ਮਾਲਕ ਬਣਦਾ ਹੈ। ਪਿਓ-ਦਾਦੀ-ਦਾਦੇ ਦੀ ਛਤਰ-ਛਾਇਆ ਵਿਚ ਪਲਦਾ ਹੈ। ਇਸ ਦੇ ਉਲਟ ਸਾਰੀ ਸਿੱਖਿਆ ਧੀ ਨੂੰ ਹੀ ਦੇ ਦਿੱਤੀ ਜਾਂਦੀ ਹੈ।
ਸਾਡੀ ਸਿੱਖਿਆ ਪ੍ਰਣਾਲੀ ’ਚ ਵੱਡੇ ਪੱਧਰ ’ਤੇ ਸੁਧਾਰ ਦੀ ਜ਼ਰੂਰਤ ਹੈ। ਸਾਡੀ ਸਿੱਖਿਆ ਪ੍ਰਣਾਲੀ ’ਚ ਸਮਾਜ ’ਚ ਵਿਚਰਨ ਬਾਰੇ ਕੁਝ ਵੀ ਨਹੀਂ ਸਿਖਾਇਆ ਜਾਂਦਾ। ਬਰਾਬਰਤਾ ਦੇ ਅਧਿਕਾਰ ਲਈ ਕੁੜੀ ਲੜਦੀ-ਲੜਦੀ ਔਰਤ ਬਣ ਜਾਂਦੀ ਹੈ ਤੇ ਔਰਤ ਤੋਂ ਬੁੱਢੀ ਹੋ ਜਾਂਦੀ ਹੈ। ਕੀ ਕਦੇ ਕਿਸੇ ਆਦਮੀ ਨੂੰ ਵੀ ਆਪਣੇ ਅਧਿਕਾਰ ਲਈ ਲੜਨ ਦੀ ਲੋੜ ਪਈ? ਜ਼ਰਾ ਜਿੰਨਾ ਦਿਮਾਗ ’ਤੇ ਬੋਝ ਪਾਓ, ਇਹ ਸ਼ੁਰੂਆਤ ਸਦੀਆਂ ਤੋਂ ਹੀ ਹੈ।
ਮੈਂ ਇਸ ਦਾ ਕਾਰਨ ਪੁਰਸ਼ ਵਿਚ ਔਰਤਾਂ ਨਾਲੋਂ ਸਰੀਰਕ ਸ਼ਕਤੀ ਜ਼ਿਆਦਾ ਹੋਣਾ ਹੀ ਸਮਝਦੀ ਹਾਂ ਪਰੰਤੂ ਦਿਮਾਗੀ ਤੌਰ ’ਤੇ ਅਤੇ ਸਹਿਣਸ਼ੀਲਤਾ ਨੂੰ ਪਰਖਿਆ ਜਾਵੇ ਤਾਂ ਔਰਤ ਪੁਰਸ਼ ਤੋਂ ਕਿਤੇ ਵੱਧ ਜ਼ਿਆਦਾ ਤਾਕਤਵਰ ਹੈ। ਔਰਤ ਸਿਰਫ ਸਰੀਰ ਦੇ ਪੱਖੋਂ ਹੀ ਪੁਰਸ਼ ਨਾਲੋਂ ਮਾਰ ਖਾਂਦੀ ਹੈ।
ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਮਹਾਪੁਰਸ਼ ਔਰਤ ਦੇ ਹੱਕ ’ਚ ਬੋਲੇ ‘‘ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ।’’ ਪਰ ਫਿਰ ਵੀ ਅਸੀਂ ਬਹੁਤ ਪਿੱਛੇ ਹਾਂ, ਕਮਜ਼ੋਰ ਹਾਂ, ਭਾਵੇਂ ਹਰ ਖੇਤਰ ’ਚ ਕੰਮ ਕਰਦੀਆਂ ਹਾਂ। ਭਾਰਤੀ ਪੁਰਸ਼ ਦੀ ਹੀ ਗੱਲ ਕਰੀਏ ਤਾਂ ਭਾਰਤੀ ਪੁਰਸ਼ ਖੜ੍ਹਾ-ਖੜ੍ਹਾ ਸੋਚ ਵਿਚ ਹੀ ਔਰਤ ਦਾ ਜਬਰ-ਜ਼ਨਾਹ ਕਰ ਦੇਵੇ। ਜਵਾਨੀ ’ਚ ਸਰੀਰਕ ਤਾਕਤ ਕਰ ਕੇ ਤੇ ਚੌੜ-ਚੌੜ ’ਚ ਹਰ ਧੀ-ਭੈਣ ਨੂੰ ਛੇੜਦਾ ਹੈ।
ਜਿਉਂ-ਜਿਉਂ ਸਰੀਰ ਤੋਂ ਤਕੜਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਹੋਛਾਪਨ ਅਤੇ ਵਹਿਸ਼ੀਪੁਣਾ ਵੀ ਵਧ ਜਾਂਦਾ ਹੈ। ਜਿਨ੍ਹਾਂ ਘਰਾਂ ਵਿਚ ਚੰਗੇ ਸੰਸਕਾਰ ਤੇ ਨਿਯਮ ਹੁੰਦੇ ਹਨ, ਉਹ ਵਿਅਕਤੀ ਚੰਗੇ ਨਿਕਲਦੇ ਹਨ ਪਰ ਜਿੱਥੇ ਕੁੱਟਮਾਰ, ਕੁਤਾਹੀ ਤੇ ਭੈੜੇ ਸ਼ਬਦ ਬੋਲੇ ਜਾਂਦੇ ਹਨ ਤਾਂ ਇਨਸਾਨ ਵੀ ਵਿਗੜ ਕੇ ਜਾਨਵਰ ਦੀ ਬਿਰਤੀ ਵਾਲੇ ਬਣ ਜਾਂਦੇ ਹਨ। ਮੈਂ ਸਮਝਦੀ ਹਾਂ ਕਿ ਰੋਟੀ ਮੁਫਤ ਵੰਡਣ ਤੋਂ ਪਹਿਲਾਂ ਘੱਟੋ-ਘੱਟ ਸਕੂਲਾਂ ਚ ਇਕ ਸਮਾਜਿਕ ਸਿੱਖਿਆ ਹੋਣੀ ਬਹੁਤ ਜ਼ਰੂਰੀ ਹੈ, ਜਿਸ ਵਿਚ ਮਾਂ-ਬਾਪ ਨੂੰ ਵੀ ਪਾਠ ਪੜ੍ਹਾਇਆ ਜਾਵੇ ਤੇ ਸਮਾਜ ਵਿਚ ਵੱਡੇ ਪੱਧਰ ’ਤੇ ਕੈਂਪ ਲੱਗਣ ਜਾਂ ਮੁਫਤ ਖਾਣਾ ਲੈਣ ਜਾਣ ਵਾਲੇ ਨੂੰ ਵੀ ਕਿਹਾ ਜਾਵੇ ਕਿ ਬੈਠ ਕੇ ਕੋਈ ਵੀਡੀਓ ਹੀ ਦੇਖੇ ਸਮਾਜਿਕ ਸਿੱਖਿਆ ਬਾਰੇ।
ਅਸੀਂ 21ਵੀਂ ਸਦੀ ’ਚ ਹਾਂ, ਦੁਨੀਆ ਦੇ ਅਮੀਰ ਦੇਸ਼ਾਂ ’ਚੋਂ ਇਕ ਬਣਨ ਜਾ ਰਹੇ ਹਾਂ ਪਰ ਸੋਚ ਬਦਲਣੀ ਬਹੁਤ ਜ਼ਰੂਰੀ ਹੈ। ਅਕਸਰ ਪਹਿਰਾਵੇ ’ਤੇ ਆ ਕੇ ਗੱਲ ਮੁੱਕ ਜਾਂਦੀ ਹੈ। ਮੈਂ ਦੁਨੀਆ ਦੇ ਕਈ ਦੇਸ਼ਾਂ ਵਿਚ ਗਈ ਹਾਂ ਤੇ ਦੇਖਿਆ ਹੈ ਕਿ ਬੁਰਕੇ ’ਚ ਰਹਿਣ ਵਾਲੀਆਂ ਔਰਤਾਂ ਨਾਲ ਵੀ ਜਬਰ-ਜ਼ਨਾਹ ਹੋ ਜਾਂਦੇ ਹਨ।
ਅਮਰੀਕਾ, ਕੈਨੇਡਾ ਜਾਂ ਇਟਲੀ ਵਰਗੇ ਦੇਸ਼ਾਂ ਵਿਚ ਬਿਕਨੀ ਵਿਚ ਸੜਕ ’ਤੇ ਤੁਰਦੀਆਂ ਕੁੜੀਆਂ ਨੂੰ ਕੋਈ ਵੀ ਭੈੜੀ ਨਿਗ੍ਹਾ ਨਾਲ ਨਹੀਂ ਦੇਖਦਾ। ਕੋਈ ਅਪਮਾਨਜਨਕ ਟਿੱਪਣੀ ਨਹੀਂ ਕਰਦਾ। ਬ੍ਰਾਜ਼ੀਲ ਸਾਡੇ ਨਾਲੋਂ ਗਰੀਬ ਅਤੇ ਘੱਟ ਪੜ੍ਹਿਆ-ਲਿਖਿਆ ਦੇਸ਼ ਹੈ। ਬ੍ਰਾਜ਼ੀਲ ਵਰਗੇ ਗਰੀਬ ਦੇਸ਼ ਵਿਚ ਔਰਤ ਨੂੰ ਸੰਪੂਰਨ ਆਜ਼ਾਦੀ ਹੈ ਅਤੇ ਬਰਾਬਰਤਾ ਦਾ ਅਧਿਕਾਰ ਹੈ, ਉੱਥੇ ਪੁਰਸ਼ ਨੂੰ ਮਾਪੇ ਨੀਵਾਂ ਰਹਿਣਾ ਸਿਖਾਉਂਦੇ ਹਨ।
ਅਸੀਂ ਜੋ ਬਹੁਤ ਹੀ ਧਾਰਮਿਕ ਹਾਂ, ਧਰਮ ਦੇ ਵੱਡੇ-ਵੱਡੇ ਠੇਕੇਦਾਰ ਕਹਾਉਂਦੇ ਹਾਂ। ਕੀ ਸਾਡੇ ਮਦਰੱਸਿਆਂ ’ਚ ਕੋਈ ਸਮਾਜਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ? ਜਾਂ ਸਿਰਫ ਇਹੀ ਸਿਖਾਇਆ ਜਾਂਦਾ ਹੈ ਕਿ ਸਾਡਾ ਧਰਮ ਸਭ ਤੋਂ ਬਿਹਤਰ ਹੈ, ਬਾਕੀ ਸਭ ਕਾਫਿਰ ਨੇ, ਔਰਤ ਦੀ ਜੋ ਬੇਅਦਬੀ ਕਰਦੇ ਹਨ ਕੀ ਇਹੀ ਸਿਖਾਇਆ ਜਾਂਦਾ ਹੈ। ਮੰਦਰ ਅਤੇ ਗੁਰਦੁਆਰੇ ਇਹ ਸਿਖਾਉਂਦੇ ਹਨ ਕਿ ਔਰਤ ਨੂੰ ਬਰਾਬਰ ਦੇ ਅਧਿਕਾਰ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਜਿੰਨਾ ਮਰਜ਼ੀ ਕਹਿਣ ਕਿ ਔਰਤ ਦਾ ਸਤਿਕਾਰ ਕਰੋ ਪਰ ਉਸ ਨੂੰ ਸਾਧਾਰਨ ਜੀਵਨ ’ਚ ਕੀ ਇਸ ਧਾਰਨਾ ਨੂੰ ਮੰਨਿਆ ਜਾਂਦਾ ਹੈ ਜਾਂ ਨਹੀਂ? ਕੀ ਕਦੇ ਕੋਈ ਪੁਜਾਰਨ ਦੇਖੀ ਹੈ ਵੱਡੇ ਮੰਦਰ ’ਚ ਜਾਂ ਗ੍ਰੰਥੀ ਸਿੰਘਣੀ ਗੁਰੂ ਘਰ ਵਿਚ? ਸਮਾਜ ਤੇ ਧਰਮ ਦੇ ਠੇਕੇਦਾਰਾਂ ਤੋਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਜੋ ਇਹ ਪੁਰਸ਼ ਅਤੇ ਔਰਤ ਵਿਚ ਫਰਕ ਕਾਇਮ ਕੀਤਾ ਹੋਇਆ ਹੈ, ਇਸ ਨੂੰ ਕਦੋਂ ਬਰਾਬਰ ’ਤੇ ਆਉਣ ਦੇਵੋਗੇ। ਔਰਤ ਨੂੰ ਕਦੋਂ ਅਗਾਂਹ ਵਧ ਕੇ ਬਰਾਬਰ ਅਧਿਕਾਰ ਦੇਵੋਗੇ। ਅਕਸਰ ਧਰਮ ਤੇ ਸਮਾਜ ਦੇ ਠੇਕੇਦਾਰ ਇਹ ਕਹਿੰਦੇ ਸੁਣੇ ਹਨ ਕਿ, ‘‘ਸ਼ਰਮ ਅੱਖਾਂ ’ਚ ਹੁੰਦੀ ਹੈ’’, ਕੀ ਇਹ ਸ਼ਰਮ ਪੁਰਸ਼ ਲਈ ਨਹੀਂ ਹੁੰਦੀ ਜਾਂ ਸਿਰਫ ਔਰਤਾਂ ਨੂੰ ਹੀ ਹਰ ਸਥਿਤੀ ਵਿਚ ਅਗਨੀ ਪ੍ਰੀਖਿਆ ਦੇਣੀ ਹੋਵੇਗੀ।
ਸੁਝਾਅ
ਭਾਵੇਂ ਸੁਪਰੀਮ ਕੋਰਟ ਨੇ ਵੀ ਡਾਕਟਰਾਂ ਦੀ ਸੁਰੱਖਿਆ ਦੀ ਚਿੰਤਾ ਦਰਸਾਈ ਹੈ, ਮੈਂ ਸਮਝਦੀ ਹਾਂ ਕਿ ਇੰਨੇ ਭੈੜੇ ਸਮੇਂ ਵਿਚ ਦੇਸ਼ ਦੀ ਸਰਕਾਰ ਨੂੰ ਐੱਨ. ਜੀ. ਓਜ਼ ਅਤੇ ਸਿਆਸੀ ਪਾਰਟੀਆਂ ਨਾਲ ਮਿਲ ਕੇ ਇਕ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ ਤੇ ਹਰ ਪਿੰਡ-ਸ਼ਹਿਰ ’ਚ, ਹਰ ਗਲੀ-ਮੁਹੱਲੇ ’ਚ ਹਰ ਪੁਰਸ਼ ਨੂੰ ਸਖਤੀ ਨਾਲ ਟੋਕਿਆ ਜਾਵੇ, ਸਮਝਾਇਆ ਜਾਵੇ ਅਤੇ ਔਰਤ ਦੀ ਇੱਜ਼ਤ ਕਰਨਾ ਤੇ ਔਰਤ ਨੂੰ ਸੁਰੱਖਿਅਤ ਰੱਖਣ ਦਾ ਸਾਧਨ ਬਣਾਇਆ ਜਾਵੇ। ਛੋਟੀਆਂ-ਛੋਟੀਆਂ ‘ਸਮਾਜ ਸੁਧਾਰ ਮੁਹਿੰਮਾਂ’ ਚਲਾਈਆਂ ਜਾਣ। ਫੌਜੀ ਪੱਧਰ ’ਤੇ ਕੰਮ ਕੀਤਾ ਜਾਵੇ। ਔਰਤ ਨੂੰ ਦੱਸਿਆ ਜਾਵੇ ਕਿ ਪੁਰਸ਼ ਕੋਈ ਦੇਵਤਾ ਨਹੀਂ ਹੈ।