ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ
Saturday, Aug 22, 2026 - 03:05 PM (IST)
ਅਸਲੀਅਤ ਕੀ ਹੈ : ਸਰਕਾਰ ਇਹ ਤੈਅ ਕਰਦੀ ਹੈ ਕਿ ਕੀ ਪੜ੍ਹਾਇਆ ਜਾਵੇਗਾ ਅਤੇ ਕਿਹੜੀਆਂ ਪ੍ਰੀਖਿਆਵਾਂ ਰਾਹੀਂ ਉਸ ਨੂੰ ਪਰਖਿਆ ਜਾਵੇਗਾ, ਮਾਪੇ ਇਹ ਤੈਅ ਕਰਦੇ ਹਨ ਕਿ ਉਸ ਪੜ੍ਹਾਈ ਦਾ ਅੰਤ ਕਿਸ ਮੁਕਾਮ ’ਤੇ ਹੋਣਾ ਚਾਹੀਦਾ ਹੈ ਅਤੇ ਵਿਦਿਆਰਥੀ ਉਹ ਵਿਅਕਤੀ ਹੈ ਜਿਸ ਨੂੰ ਇਨ੍ਹਾਂ ਦੋਵਾਂ ਦੇ ਫੈਸਲਿਆਂ ਵਿਚਾਲੇ ਆਪਣੀ ਪੂਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ। ਇਹ ਵਿਵਸਥਾ ਉਸ ਮਸ਼ੀਨ ਵਾਂਗ ਹੈ ਜਿਸ ’ਤੇ ਕਨਵੇਅਰ ਬੈਲਟ ਚੱਲਦੀ ਹੈ।
ਇਕ ਪੜਾਅ ਤੋਂ ਦੂਜੇ ਪੜਾਅ ਤੱਕ ਜਾਣ ਤੋਂ ਸਿਵਾਏ ਕੁਝ ਨਹੀਂ। ਇਸ ਨੂੰ ਇਸ ਤਰ੍ਹਾਂ ਸਮਝੋ, ਸਕੂਲ ’ਚੋਂ ਇਕ ਧਾਰਾ ਨਿਕਲਦੀ ਹੈ, ਦਾਖਲਾ ਪ੍ਰੀਖਿਆ ਤੱਕ ਪਹੁੰਚਦੀ ਹੈ ਅਤੇ ਕਿਸੇ ਸਨਮਾਨਜਨਕ ਡਿਗਰੀ ਤੱਕ ਲੈ ਜਾਂਦੀ ਹੈ। ਉਸ ’ਚੋਂ ਨੌਕਰੀ ਜਾਂ ਐਂਟਰਪ੍ਰੀਨਿਓਰਸ਼ਿਪ ਨਿਕਲਦੀ ਹੈ ਤਾਂ ਜੋ ਰਿਸ਼ਤੇਦਾਰ ਵਿਆਹ-ਸ਼ਾਦੀਆਂ ’ਚ, ਘਰ ਵਾਲੇ ਪਰਿਵਾਰਕ ਸਮਾਗਮਾਂ ’ਚ ਅਤੇ ਨੇਤਾ ਜੀ ਜਨਤਕ ਮੰਚਾਂ ਤੋਂ ਦਿੱਤੇ ਭਾਸ਼ਣਾਂ ’ਚ ਇਸ ਦਾ ਜ਼ਿਕਰ ਮਾਣ ਨਾਲ ਕਰ ਸਕਣ। ਇਹ ਅਜਿਹੀ ਕਸਰਤ ਜਾਂ ਦੌੜ ਹੈ ਜਿਸ ’ਚ ਨੌਜਵਾਨਾਂ ਦੀ ਜਿਗਿਆਸਾ, ਯੋਗਤਾ ਅਤੇ ਸੁਭਾਅ ਚੁੱਪਚਾਪ ਪਿੱਛੇ ਰਹਿ ਜਾਂਦੇ ਹਨ ਅਤੇ ਤ੍ਰਾਸਦੀ ਇਹ ਹੈ ਕਿ ਅਗਲੇ 40-50 ਜਾਂ ਇਸ ਤੋਂ ਵੱਧ ਸਾਲ ਸਮਾਜ ਦੇ ਬਣਾਏ ਹੋਏ ਢਾਂਚੇ ’ਚ ਬੀਤ ਜਾਂਦੇ ਹਨ ਅਤੇ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ। ਸਵਾਲ ਇਹ ਹੈ ਕਿ ਫੈਸਲਾ ਕਿਸ ਦਾ ਹੋਣਾ ਚਾਹੀਦਾ ਹੈ—‘ਵਿਦਿਆਰਥੀ ਦਾ, ਮਾਪਿਆਂ ਦਾ ਜਾਂ ਅਧਿਆਪਕ ਦਾ’? ਇਸ ਦਾ ਉੱਤਰ ਕਿਸੇ ਨਾਅਰੇ ਜਾਂ ਇਕ ਲਾਈਨ ’ਚ ਨਹੀਂ ਦਿੱਤਾ ਜਾ ਸਕਦਾ। ਅਧਿਆਪਕ ਸੈਂਕੜੇ ਘੰਟਿਆਂ ਤੱਕ ਕਿਸੇ ਬੱਚੇ ਨੂੰ ਸੋਚਦਿਆਂ, ਸਵਾਲ ਕਰਦਿਆਂ ਅਤੇ ਆਪਣੀ ਗੱਲ ਰੱਖਦਿਆਂ ਵੇਖਦਾ ਹੈ ਜਿਸ ਨੂੰ ਮਾਪੇ ਨਹੀਂ ਵੇਖ ਸਕਦੇ।
ਉਹ ਅਕਸਰ ਘਰ ’ਚ ਬੱਚੇ ਨੂੰ ਥੱਕਿਆ ਹੋਇਆ, ਪ੍ਰੇਸ਼ਾਨ, ਬੇਚੈਨ ਅਤੇ ਇਕ ਅਣਜਾਣ ਡਰ ਤੋਂ ਸਹਿਮਿਆ ਹੋਇਆ ਵੇਖਦੇ ਹਨ। ਬੱਚਾ ਵੀ ਸਿੱਖ ਚੁੱਕਾ ਹੁੰਦਾ ਹੈ ਕਿ ਘਰ ’ਚ ਆਪਣੇ ਮਨ ਦੀ ਉਥਲ-ਪੁਥਲ ਦੇ ਕਿਹੜੇ ਹਿੱਸੇ ਨੂੰ ਦਿਖਾਉਣਾ ਹੈ ਅਤੇ ਭਾਵੇਂ ਉਹ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖ ਚੁੱਕਿਆ ਹੋਵੇ, ਮਨ ਦੀ ਗੱਲ ਨਹੀਂ ਕਰ ਪਾਉਂਦਾ। ਇਸ ਦੇ ਉਲਟ ਅਧਿਆਪਕ ਉਸ ਬੱਚੇ ਦੀ ਪ੍ਰਤਿਭਾ ਨੂੰ ਸਮਝਦਿਆਂ ਹੋਇਆਂ ਵੀ ਕੁਝ ਪ੍ਰਗਟ ਨਹੀਂ ਹੋਣ ਦਿੰਦਾ। ਹੁੰਦਾ ਇਹ ਹੈ ਕਿ ਜਿਹੜਾ ਬੱਚਾ ਜਮਾਤ ’ਚ ਵਾਦ-ਵਿਵਾਦ ਜਾਂ ਬਹਿਸ ਦੌਰਾਨ ਵਾਹਵਾ ਖੱਟਦਾ ਹੈ, ਉਹ ਪ੍ਰੀਖਿਆ ਦੇ ਨਾਂ ਤੋਂ ਘਬਰਾ ਜਾਂਦਾ ਹੈ। ਮਤਲਬ ਇਹ ਹੈ ਕਿ ਅਧਿਆਪਕ ਹੀ ਵਿਦਿਆਰਥੀ ਨੂੰ ਟ੍ਰੇਂਡ ਕਰਦਾ ਹੈ ਕਿ ਉਸ ਨੇ ਪ੍ਰੀਖਿਆ ਕਿਵੇਂ ਦੇਣੀ ਹੈ ਪਰ ਜੇ ਸਾਰੀ ਜ਼ਿੰਮੇਵਾਰੀ ਅਧਿਆਪਕ ’ਤੇ ਹੀ ਪਾ ਦਿੱਤੀ ਜਾਵੇ ਤਾਂ ਇਹ ਬੇਇਨਸਾਫ਼ੀ ਹੋਵੇਗੀ। ਅਧਿਆਪਕ ਆਮ ਤੌਰ ’ਤੇ ਵਿਦਿਆਰਥੀ ਨੂੰ ਇਕ ਵਿਸ਼ੇ, ਇਕ ਜਮਾਤ ਅਤੇ ਇਕ ਅਕਾਦਮਿਕ ਸਾਲ ਦੇ ਦਾਇਰੇ ’ਚ ਜਾਣਦਾ ਹੈ।
ਅਧਿਆਪਕ ਦੀ ਸਲਾਹ ’ਤੇ ਕੋਈ ਬੱਚਾ ਕਿਸੇ ਖਾਸ ਵਿਸ਼ੇ ਨੂੰ ਚੁਣਦਾ ਹੈ ਅਤੇ ਕੁਝ ਸਾਲਾਂ ਬਾਅਦ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ’ਚ ਮੁਸ਼ਕਲ ਆਉਂਦੀ ਹੈ, ਤਾਂ ਭਵਿੱਖ ਦੀ ਚਿੰਤਾ ਅਧਿਆਪਕ ਨਹੀਂ, ਸਗੋਂ ਪਰਿਵਾਰ ਕਰਦਾ ਹੈ। ਤਾਂ ਫਿਰ ਅਸਲ ’ਚ ਕੌਣ ਫੈਸਲਾ ਕਰ ਰਿਹਾ ਹੈ? ਇਕ ਕਰੀਅਰ-ਗਾਈਡੈਂਸ ਸਰਵੇਖਣ ’ਚ 100 ’ਚੋਂ 60 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੇ ਕਰੀਅਰ ਦੇ ਫੈਸਲੇ ਨੂੰ ਮਾਪਿਆਂ ਨੇ ਪ੍ਰਭਾਵਿਤ ਕੀਤਾ, ਬਾਕੀ ਲੋਕਾਂ ਨੂੰ ਅਜਿਹੇ ਵਿਅਕਤੀ ਤੋਂ ਸਲਾਹ ਮਿਲੀ ਜਿਸ ਨੂੰ ਉਸ ਖੇਤਰ ਦਾ ਅਸਲ ਤਜਰਬਾ ਸੀ। ਇਕ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ 14 ਤੋਂ 21 ਸਾਲ ਦੀ ਉਮਰ ਦੇ 93 ਫੀਸਦੀ ਭਾਰਤੀ ਵਿਦਿਆਰਥੀ ਸਿਰਫ ਸੱਤ ਕਰੀਅਰ ਬਦਲਾਂ ਤੋਂ ਜਾਣੂ ਹਨ, ਜਦਕਿ ਅੱਜ 250 ਤੋਂ ਵੱਧ ਮਾਨਤਾ ਪ੍ਰਾਪਤ ਕਰੀਅਰ ਦੇ ਰਸਤੇ ਮੌਜੂਦ ਹਨ। ਇਹ ਸਿਰਫ ਕੁਝ ਨਵਾਂ ਅਤੇ ਵੱਖਰਾ ਕਰਨ ਦੀ ਚਾਹ ਰੱਖਣ ਵਾਲੇ ਅੱਲ੍ਹੜਾਂ ਦੀ ਕਹਾਣੀ ਨਹੀਂ ਹੈ। ਇਹ ਉਨ੍ਹਾਂ ਦਰਵਾਜ਼ਿਆਂ ਦੀ ਕਹਾਣੀ ਹੈ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕਦੇ ਦੱਸਿਆ ਹੀ ਨਹੀਂ ਗਿਆ।
ਅਕਸਰ ਮਾਪੇ ਵੀ ਆਪਣੇ ਬੱਚਿਆਂ ਦੇ ਸਾਹਮਣੇ ਉਨ੍ਹਾਂ ਰਸਤਿਆਂ ਨੂੰ ਰੱਖਦੇ ਹਨ ਜਿਨ੍ਹਾਂ ਨੂੰ ਉਹ ਖੁਦ ਜਾਣਦੇ ਹਨ—‘‘ਇੰਜੀਨੀਅਰਿੰਗ, ਮੈਡੀਕਲ, ਕਾਨੂੰਨ ਜਾਂ ਸਰਕਾਰੀ ਨੌਕਰੀ।’’ ਉਮਰ ਵਧਣ ਦੇ ਨਾਲ ਫੈਸਲੇ ਦੀ ਵਾਗਡੋਰ ਹੌਲੀ-ਹੌਲੀ ਵਿਦਿਆਰਥੀ ਦੇ ਹੱਥ ’ਚ ਆਉਣੀ ਚਾਹੀਦੀ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ‘ਰਾਹ ਰੋਕਣ ਵਾਲੇ ਦਰਬਾਨ ਦੀ ਨਹੀਂ, ਸਗੋਂ ਰਾਹ ਦਿਖਾਉਣ ਵਾਲੇ ਟਾਰਚਧਾਰੀ ਦੀ’ ਹੋਣੀ ਚਾਹੀਦੀ ਹੈ। ਤੁਲਨਾ ਕਰਨਾ ਜ਼ਰੂਰੀ ਹੈ : ਭਾਰਤ ਦੀ ਤੁਲਨਾ ਵਿਦੇਸ਼ਾਂ ਦੀ ਸਿੱਖਿਆ-ਪ੍ਰਣਾਲੀ ਨਾਲ ਕਰਨਾ ਸਿਰਫ਼ ‘ਦੂਜੇ ਦੇਸ਼ ’ਚ ਸਭ ਕੁਝ ਬਿਹਤਰ ਹੈ’ ਵਾਲੀ ਘਿਸੀ-ਪਿਟੀ ਸੋਚ ਨਹੀਂ ਰਹਿ ਜਾਂਦੀ, ਸਗੋਂ ਇਹ ਸਮਝਣ ਦਾ ਇਕ ਤਰੀਕਾ ਹੈ ਕਿ ਵੱਖ-ਵੱਖ ਸਿੱਖਿਆ-ਪ੍ਰਣਾਲੀਆਂ ਵਿਦਿਆਰਥੀਆਂ ਨੂੰ ਫੈਸਲੇ ਲੈਣ ਦੀ ਕਿੰਨੀ ਆਜ਼ਾਦੀ ਦਿੰਦੀਆਂ ਹਨ। ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਆਸਟ੍ਰੇਲੀਆ ਅਤੇ ਪੱਛਮੀ ਯੂਰਪ ਦੇ ਕਈ ਹਿੱਸਿਆਂ ’ਚ ਸਿੱਖਿਆ ਦੀ ਬਣਤਰ ਹੀ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਵਿਦਿਆਰਥੀ ਆਪਣੇ ਫੈਸਲੇ ਖੁਦ ਲੈਂਦਾ ਹੈ ਜਦਕਿ ਭਾਰਤ ’ਚ ਉਹ ਤਿਕੋਣ ’ਚ ਫਸ ਜਾਂਦਾ ਹੈ। ਕਈ ਵਿਦੇਸ਼ੀ ਯੂਨੀਵਰਸਿਟੀਆਂ ’ਚ ਵਿਦਿਆਰਥੀ ਬਿਨਾਂ ਕਿਸੇ ਯਕੀਨੀ ਵਿਸ਼ੇ ਨੂੰ ਐਲਾਨੇ ਜਾਣ ਤੋਂ ਬਿਨਾਂ ਕਾਲਜ ’ਚ ਦਾਖਲਾ ਲੈ ਸਕਦੇ ਹਨ।
ਹਾਲਾਂਕਿ ਰਾਸ਼ਟਰੀ ਸਿੱਖਿਆ ਨੀਤੀ 2020 ’ਚ ਬਹੁ-ਵਿਸ਼ੇਸ਼ ਸਿੱਖਿਆ ਅਤੇ ਡਿਗਰੀ ਪ੍ਰੋਗਰਾਮਾਂ ’ਚ ਬਦਲਾਅ ਕਰਨਾ ਇਹ ਦੱਸਦਾ ਹੈ ਕਿ ਖੁਦ ਨੀਤੀ-ਘਾੜੇ ਇਹ ਮੰਨ ਰਹੇ ਹਨ ਕਿ ਪੁਰਾਣੀ ਸਿੱਖਿਆ-ਵਿਵਸਥਾ ਹਰ ਵਿਦਿਆਰਥੀ ਲਈ ਕੰਮ ਨਹੀਂ ਕਰ ਰਹੀ ਸੀ। ਇਸ ਦੇ ਪਿੱਛੇ ਅਜਿਹੇ ਅੰਕੜੇ ਹਨ ਜਿਨ੍ਹਾਂ ਨੂੰ ਵੇਖ ਕੇ ਦਿਲ ਦਹਿਲ ਜਾਂਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਅਨੁਸਾਰ, ਭਾਰਤ ’ਚ 2023 ’ਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ 13,892 ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਦਹਾਕੇ ਦੀ ਤੁਲਨਾ ’ਚ 65 ਫੀਸਦੀ ਵੱਧ ਸਨ।
ਹੱਲ ਕੀ ਹੈ : ਅੱਜ ਕੰਮ ਦੀ ਦੁਨੀਆ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ 16 ਸਾਲ ਦੀ ਉਮਰ ’ਚ ਲਿਆ ਗਿਆ ਕਰੀਅਰ ਦਾ ਫੈਸਲਾ ਵਿਦਿਆਰਥੀ ਦੇ ਗ੍ਰੈਜੂਏਟ ਹੋਣ ਤੱਕ ਉਸ ਰੂਪ ’ਚ ਮੌਜੂਦ ਹੀ ਨਾ ਰਹੇ! ਆਟੋਮੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਮ ਦੇ ਪੂਰੇ ਖੇਤਰਾਂ ਨੂੰ ਬਦਲ ਰਹੇ ਹਨ। ਅਜਿਹੇ ਸਮੇਂ ’ਚ ਬਹੁਤ ਘੱਟ ਉਮਰ ’ਚ ਕਿਸੇ ਇਕ ਖੇਤਰ ’ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੰਨ੍ਹ ਦੇਣਾ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਵਿਦਿਆਰਥੀ, ਮਾਪੇ ਅਤੇ ਅਧਿਆਪਕ—ਇਨ੍ਹਾਂ ਤਿੰਨਾਂ ’ਚੋਂ ਕਿਸੇ ਇਕ ਨੂੰ ਵੀ ਇਸ ਫੈਸਲੇ ’ਤੇ ਇਕਤਰਫ਼ਾ ਅਧਿਕਾਰ ਨਹੀਂ ਮਿਲਣਾ ਚਾਹੀਦਾ ਅਤੇ ਸਭ ਤੋਂ ਜ਼ਰੂਰੀ ਹੈ ਕਿ ਸਮਾਜ ਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਕਰੀਅਰ ਬਦਲਣਾ ਅਸਫ਼ਲਤਾ ਨਹੀਂ ਹੈ। ਕਲਮ ਵਿਦਿਆਰਥੀ ਦੇ ਹੱਥ ’ਚ ਹੋਣੀ ਚਾਹੀਦੀ ਹੈ, ਪਰ ਉਹ ਕਲਮ ਉਸ ਨੂੰ ਹੌਲੀ-ਹੌਲੀ ਸੌਂਪੀ ਜਾਣੀ ਚਾਹੀਦੀ ਹੈ ਕਿਉਂਕਿ ਅੰਤ ’ਚ ਇਹ ਉਸ ਦੀ ਜ਼ਿੰਦਗੀ ਹੈ ਅਤੇ ਜਦੋਂ ਜ਼ਿੰਦਗੀ ਉਸ ਦੀ ਹੈ, ਤਾਂ ਆਖ਼ਰੀ ਫੈਸਲਾ ਵੀ ਉਸ ਦਾ ਹੀ ਹੋਣਾ ਚਾਹੀਦਾ ਹੈ।
-ਪੂਰਨ ਚੰਦ ਸਰੀਨ
