‘ਜੈ ਸ਼੍ਰੀਰਾਮ’ ਦੇ ਨਾਅਰੇ ’ਤੇ ਜਿੱਤ-ਹਾਰ ਦੀ ਧਮਾਕਾਖੇਜ਼ ਰਣਨੀਤੀ

06/08/2019 6:29:40 AM

ਵਿਸ਼ਣੂ ਗੁਪਤ
ਕੁਝ ਨਾਅਰੇ ਅਮਰ ਹੁੰਦੇ ਹਨ, ਨਾਅਰਿਆਂ ਦਾ ਸਬੰਧ ਤਬਦੀਲੀ ਨਾਲ ਹੁੰਦਾ ਹੈ, ਨਾਅਰਿਆਂ ਦਾ ਸਬੰਧ ਇਨਕਲਾਬ ਨਾਲ ਹੁੰਦਾ ਹੈ, ਨਾਅਰਿਆਂ ਦਾ ਸਬੰਧ ਆਸਥਾ ਨਾਲ ਵੀ ਹੁੰਦਾ ਹੈ। ਨਾਅਰਿਆਂ ਦਾ ਸਬੰਧ ਰੂੜੀਆਂ ਅਤੇ ਅੰਧ-ਵਿਸ਼ਵਾਸਾਂ ਨੂੰ ਤੋੜਨ ਨਾਲ ਹੁੰਦਾ ਹੈ, ਨਾਅਰਿਆਂ ’ਤੇ ਜਨ-ਭਾਵਨਾਵਾਂ ਵੀ ਅੰਦੋਲਨ ਦਾ ਰੂਪ ਧਾਰਦੀਆਂ ਹਨ। ਦੇਸ਼-ਦੁਨੀਆ ’ਚ ਬਹੁਤ ਸਾਰੇ ਨਾਅਰਿਆਂ ਨੇ ਆਪਣੇ ਇਤਿਹਾਸ ਬਣਾਏ ਹਨ, ਜਨ-ਸੰਵੇਦਨਾਵਾਂ ’ਚ ਡੂੰਘੇ ਸਬੰਧ ਸਥਾਪਿਤ ਕੀਤੇ ਹਨ, ਤਬਦੀਲੀ ਅਤੇ ਇਨਕਲਾਬ ਦੇ ਪ੍ਰਤੀਕ ਬਣੇ ਹਨ, ਜਿਨ੍ਹਾਂ ਪ੍ਰਤੀ ਲੋਕਾਂ ਦਾ ਸਮਰਪਣ ਭਾਵ ਜੁੜਿਆ ਹੁੰਦਾ ਹੈ। ਸਾਡੇ ਦੇਸ਼ ’ਚ ਅਜਿਹੇ ਲੋਕਪ੍ਰਿਯ ਨਾਅਰਿਆਂ ਦਾ ਲੰਬਾ-ਚੌੜਾ ਇਤਿਹਾਸ ਰਿਹਾ ਹੈ ਅਤੇ ਲੋਕਾਂ ’ਚ ਪੈਠ ਬਣਾਈ ਹੈ, ਜਿਨ੍ਹਾਂ ਨਾਲ ਲੋਕਾਂ ਦੀਆਂ ਸ਼ਖਸੀਅਤਾਂ ਵੀ ਜੁੜੀਆਂ ਹਨ। ਸਾਡੇ ਦੇਸ਼ ’ਚ ਸੁਭਾਸ਼ ਚੰਦਰ ਬੋਸ ਨੇ ‘ਤੁਮ ਮੁਝੇ ਖੂਨ ਦੋ, ਮੈਂ ਤੁਮਹੇਂ ਆਜ਼ਾਦੀ ਦੂੰਗਾ’ ਦਾ ਨਾਅਰਾ ਦਿੱਤਾ ਸੀ। ਹਾਲਾਂਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਆਜ਼ਾਦੀ ਨਹੀਂ ਦਿਵਾ ਸਕੀ ਸੀ, ਫਿਰ ਵੀ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਇਸ ਨਾਅਰੇ ਨੇ ਵਿਦੇਸ਼ੀ ਸਰਕਾਰ ਦੇ ਦੰਦ ਖੱਟੇ ਕਰ ਦਿੱਤੇ ਸਨ, ਹਿਟਲਰ ਦੀ ਹਾਰ ਨਾ ਹੁੰਦੀ, ਅਮਰੀਕਾ ਨੇ ਨਾਗਾਸਾਕੀ ਅਤੇ ਹੀਰੋਸ਼ੀਮਾ ’ਤੇ ਪ੍ਰਮਾਣੂ ਬੰਬ ਵਰ੍ਹਾ ਕੇ ਤਬਾਹੀ ਨਾ ਕੀਤੀ ਹੁੰਦੀ ਤਾਂ ਫਿਰ ਆਜ਼ਾਦ ਹਿੰਦ ਫੌਜ ਦੇਸ਼ ਨੂੰ ਆਜ਼ਾਦ ਵੀ ਕਰਵਾ ਸਕਦੀ ਸੀ। 1942 ’ਚ ਮਹਾਤਮਾ ਗਾਂਧੀ ਨੇ ‘ਅੰਗਰੇਜ਼ੋ ਦੇਸ਼ ਛੋੜੋ’ ਦਾ ਨਾਅਰਾ ਦਿੱਤਾ ਸੀ ਅਤੇ ਪੂਰਾ ਦੇਸ਼ ਮਹਾਤਮਾ ਗਾਂਧੀ ਦੇ ਨਾਅਰਿਆਂ ‘ਅੰਗਰੇਜ਼ੋ ਦੇਸ਼ ਛੋੜੋ’ ਨਾਲ ਅੰਦੋਲਨ ਕਰ ਰਿਹਾ ਸੀ। ਜੇਲ ਜਾਣ ਜਾਂ ਫਿਰ ਗੋਲੀਆਂ ਖਾਣ ਤੋਂ ਡਰਿਆ ਨਹੀਂ ਸੀ। ਇਸ ਤੋਂ ਪਹਿਲਾਂ ਵੀ ਲੋਕਮਾਨਯ ਬਾਲ ਗੰਗਾਧਰ ਤਿਲਕ ਨੇ ‘ਆਜ਼ਾਦੀ ਹਮਾਰਾ ਜਨਮਸਿੱਧ ਅਧਿਕਾਰ ਹੈ’ ਦਾ ਨਾਅਰਾ ਦਿੱਤਾ ਸੀ। ਬਾਲ ਗੰਗਾਧਰ ਤਿਲਕ ਦੇ ਇਸ ਨਾਅਰੇ ਨੇ ਅੰਗਰੇਜ਼ੀ ਸਰਕਾਰ ਦੀ ਨੀਂਹ ਹਿਲਾਉਣ ਦਾ ਕੰਮ ਕੀਤਾ ਸੀ। ਆਜ਼ਾਦ ਭਾਰਤ ’ਚ ਵੀ ਕਈ ਅਜਿਹੇ ਨਾਅਰੇ ਹੋਂਦ ’ਚ ਰਹੇ ਹਨ, ਜੋ ਦੇਸ਼ ਦੀ ਜਨਤਾ ’ਤੇ ਛਾਪ ਛੱਡ ਗਏ ਸਨ, ਸਗੋਂ ਦੇਸ਼ ਦੇ ਸਵੈ-ਅਭਿਮਾਨ ਨੂੰ ਵੀ ਜਿਨ੍ਹਾਂ ਨੇ ਜਗਾਈ ਰੱਖਿਆ, ਖਾਸ ਕਰਕੇ ਲਾਲ ਬਹਾਦੁਰ ਸ਼ਾਸਤਰੀ ਦਾ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ। ਇਹ ਸਹੀ ਗੱਲ ਹੈ ਕਿ ਉਹੀ ਨਾਅਰੇ ਇਤਿਹਾਸ ਬਣਦੇ ਹਨ, ਕਾਲਜਯੀ ਬਣ ਜਾਂਦੇ ਹਨ, ਜਿਨ੍ਹਾਂ ਦੇ ਪਿੱਛੇ ਕੋਈ ਨਿੱਜੀ ਸੁਆਰਥ ਨਹੀਂ ਜੁੜਿਆ ਹੁੰਦਾ, ਸਗੋਂ ਉਸ ਦੇ ਪਿੱਛੇ ਜਨ-ਭਾਵਨਾਵਾਂ ਹੁੰਦੀਆਂ ਹਨ, ਜਨਹਿੱਤ ਹੁੰਦਾ ਹੈ। ਤਬਦੀਲੀ ਅਤੇ ਇਨਕਲਾਬ ਹੁੰਦਾ ਹੈ।

ਮੌਜੂਦਾ ਸਮੇਂ ’ਚ ਜੈ ਸ਼੍ਰੀਰਾਮ ਦਾ ਨਾਅਰਾ ਰਾਜਨੀਤੀ ਦੇ ਕੇਂਦਰੀ ਵਿਚਾਰ ਦੇ ਕੇਂਦਰ ’ਚ ਆ ਗਿਆ ਹੈ। ਜੈ ਸ਼੍ਰੀਰਾਮ ਦੇ ਨਾਅਰੇ ਨੂੰ ਲੈ ਕੇ ਧਮਾਕਾਖੇਜ਼ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸਿਰਫ ਇੰਨਾ ਹੀ ਨਹੀਂ, ਸਗੋਂ ਜਿੱਤ-ਹਾਰ ਦੀ ਰਾਜਨੀਤੀ ਵੀ ਮੰਨ ਲਈ ਗਈ ਹੈ। ਇਸ ਤਰ੍ਹਾਂ ਤਾਂ ਇਹ ਨਾਅਰਾ ਰਾਮ ਮੰਦਰ ਅੰਦੋਲਨ ਦੇ ਨਾਲ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਖਾਸ ਕਰਕੇ ਸੱਤਾ ਰਾਜਨੀਤੀ ’ਚ ਕੇਂਦਰੀ ਭੂਮਿਕਾ ਨਿਭਾ ਰਹੀ ਹੈ। ਵਿਰੋਧੀ ਸ਼ਕਤੀਆਂ ਕਹਿੰਦੀਆਂ ਹਨ ਕਿ ਜੈ ਸ਼੍ਰੀਰਾਮ ਦੇ ਨਾਅਰੇ ਦੇ ਨਾਲ ਹੀ ਧਾਰਮਿਕ ਭਾਵਨਾਵਾਂ ਜੁੜਦੀਆਂ ਹਨ, ਧਾਰਮਿਕ ਭਾਵਨਾਵਾਂ ਤਬਾਹਕਾਰੀ ਹੁੰਦੀਆਂ ਹਨ, ਸੱਟ ਮਾਰਨ ਵਾਲੀਆਂ ਹੁੰਦੀਆਂ ਹਨ। ਇਸ ਲਈ ਇਸ ਤਰ੍ਹਾਂ ਦੇ ਨਾਅਰੇ ਬੰਦ ਹੋਣੇ ਚਾਹੀਦੇ ਹਨ, ਜਦਕਿ ਸਮਰਥਕ ਧਾਰਾਵਾਂ ਜੈ ਸ਼੍ਰੀਰਾਮ ਦੇ ਨਾਅਰੇ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੀਆਂ ਹਨ, ਦੇਸ਼ ਦੇ ਸਵੈ-ਅਭਿਮਾਨ ਨਾਲ ਜੋੜਦੀਆਂ ਹਨ। ਸਾਡੀ ਸੰਸਕ੍ਰਿਤੀ ਦੀ ਤਬਾਹੀ ਨੂੰ ਲੈ ਕੇ ਕੋਈ ਇਕ ਨਹੀਂ, ਸਗੋਂ ਸੈਂਕੜੇ ਨਾਅਰੇ ਸਰਗਰਮ ਰਹੇ ਹਨ, ਜਿਨ੍ਹਾਂ ਨੂੰ ਕਾਂਗਰਸ ਅਤੇ ਖੱਬੇਪੱਖੀ ਸਰਗਰਮ ਰੱਖ ਰਹੇ ਹਨ ਪਰ ਉਨ੍ਹਾਂ ’ਤੇ ਕੋਈ ਅਪਮਾਨਜਨਕ ਜਾਂ ਫਿਰ ਚੋਭ ਭਰੀਆਂ ਟਿੱਪਣੀਆਂ ਨਹੀਂ ਹੁੰਦੀਆਂ, ਸਿਰਫ ਸਾਡੇ ਸਵੈ-ਅਭਿਮਾਨ ਪ੍ਰਤੀ ਨਾਅਰੇ ’ਤੇ ਹੀ ਇੰਨੀ ਹਾਹਾਕਾਰ ਕਿਉਂ ਮਚਦੀ ਹੈ। ਹਾਹਾਕਾਰ ਮਚਾਉਣ ਵਾਲੀ ਰਾਜਨੀਤੀ ਕਿਹੋ ਜਿਹੇ ਤੁਸ਼ਟੀਕਰਨ ਦੀ ਖੇਡ ਖੇਡਦੀ ਹੈ, ਕਥਿਤ ਘੱਟਗਿਣਤੀਆਂ ਨੂੰ ਬਹੁਗਿਣਤੀਆਂ ਪ੍ਰਤੀ ਅਸਹਿਣਸ਼ੀਲਤਾ ਭਰੇ ਭਾਵ ਰੱਖਣ ਲਈ ਉਕਸਾਇਆ ਜਾਂਦਾ ਹੈ। ਇਹ ਵੀ ਦੇਸ਼ ਦੀ ਰਾਜਨੀਤੀ ’ਚ ਜਗ ਜ਼ਾਹਿਰ ਹੈ। ਕੋਈ ਕਹਿੰਦਾ ਹੈ ਕਿ ਦੇਸ਼ ਦੇ ਸੋਮਿਆਂ ’ਤੇ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ ਤਾਂ ਕੋਈ ਕਹਿੰਦਾ ਹੈ ਕਿ ਕਿਤੇ ਦੰਗਾ ਹੋਇਆ ਤਾਂ ਫਿਰ ਸ਼ਿਕਾਰ ਹੋਣ ਦੇ ਬਾਵਜੂਦ ਹਿੰਦੂਆਂ ਨੂੰ ਹੀ ਅਪਰਾਧੀ ਮੰਨਿਆ ਜਾਵੇਗਾ? ਬਹੁਗਿਣਤੀ ਭਾਵਨਾਵਾਂ ਇਹ ਹਨ ਕਿ ਸਿਆਸੀ ਤੁਸ਼ਟੀਕਰਨ ਦਾ ਜਵਾਬ ਜੈ ਸ਼੍ਰੀਰਾਮ ਦੀਆਂ ਬਹੁਗਿਣਤੀ ਜਨ-ਭਾਵਨਾਵਾਂ ਹਨ।

ਪੱਛਮੀ ਬੰਗਾਲ ’ਚ ਉੱਠ ਰਹੀ ‘ਜੈ ਸ਼੍ਰੀਰਾਮ’ ਦੀ ਬਹੁਗਿਣਤੀ ਜਨ-ਭਾਵਨਾ ਤੋਂ ਖਾਸ ਕਰਕੇ ਮਮਤਾ ਬੈਨਰਜੀ ਕਿਵੇਂ ਭੜਕੀ ਹੈ, ਜੈ ਸ਼੍ਰੀਰਾਮ ਦੇ ਉੱਠ ਰਹੇ ਨਾਅਰੇ ਅਤੇ ਬਹੁਗਿਣਤੀ ਜਨ-ਭਾਵਨਾਵਾਂ ਨੇ ਮਮਤਾ ਬੈਨਰਜੀ ਦੀ ਕਿਵੇਂ ਨੀਂਦ ਉਡਾਈ ਹੈ, ਗੁੱਸੇ ’ਚ ਮਮਤਾ ਬੈਨਰਜੀ ਕਿਹੋ ਜਿਹੇ ਬੋਲ ਬੋਲ ਰਹੀ ਹੈ, ਇਹ ਵੀ ਜਗ ਜ਼ਾਹਿਰ ਹੋ ਚੁੱਕਾ ਹੈ। ਮਮਤਾ ਬੈਨਰਜੀ ਇਹ ਕਹਿ ਰਹੀ ਹੈ ਕਿ ਜੈ ਸ਼੍ਰੀਰਾਮ ਦੇ ਨਾਅਰੇ ਦੇ ਨਾਲ ਹੀ ਭਾਜਪਾ ਨਫਰਤ ਫੈਲਾ ਰਹੀ ਹੈ। ਸਿਆਸਤ ’ਚ ਕਿਰਿਆ ਦੇ ਉਲਟ ਪ੍ਰਤੀਕਿਰਿਆ ਹੁੰਦੀ ਹੈ, ਹੱਥਕੰਡੇ ਦੇ ਵਿਰੁੱਧ ਹੱਥਕੰਡਾ ਹੁੰਦਾ ਹੈ। ਇਹ ਸਹੀ ਹੈ ਕਿ ਭਾਜਪਾ ਨੇ ਮਮਤਾ ਬੈਨਰਜੀ ਦੀ ਸੱਤਾ ਨੂੰ ਉਖਾੜ ਦੇਣ ਲਈ ਜੈ ਸ਼੍ਰੀਰਾਮ ਦਾ ਨਾਅਰਾ ਦਿੱਤਾ ਹੈ, ਜੈ ਸ਼੍ਰੀਰਾਮ ਦੇ ਨਾਅਰੇ ਨਾਲ ਭਾਜਪਾ ਇਹ ਪ੍ਰਦਰਸ਼ਿਤ ਕਰ ਰਹੀ ਹੈ ਕਿ ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਹਿੰਦੂਆਂ ਨਾਲ ਨਾਇਨਸਾਫੀ ਕਰ ਰਹੀ ਹੈ, ਭੇਦਭਾਵ ਕਰ ਰਹੀ ਹੈ, ਹਿੰਦੂਆਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾ ਰਹੀ ਹੈ। ਇਹ ਵੀ ਸਹੀ ਹੈ ਕਿ ਸਿਆਸੀ ਹੱਥਕੰਡੇ ਦੀ ਕਸੌਟੀ ’ਤੇ ਮਮਤਾ ਬੈਨਰਜੀ ਵੀ ਦੁੱਧ ਦੀ ਧੋਤੀ ਨਹੀਂ ਹੈ। ਉਹ ਵੀ ਕੋਈ ਅਪ੍ਰਤੱਖ ਨਹੀ ਸਗੋਂ ਪ੍ਰਤੱਖ ਅਤੇ ਉਹ ਵੀ ਖੁੱਲ੍ਹੇਆਮ ਮੁਸਲਿਮ ਤੁਸ਼ਟੀਕਰਨ ਦੀ ਨੀਤੀ ’ਤੇ ਸਵਾਰ ਰਹੀ ਹੈ, ਮੁਸਲਿਮ ਤੁਸ਼ਟੀਕਰਨ ਦੀ ਨੀਤੀ ਉਸ ਦੀ ਸੱਤਾ ਸੂਤਰ ਹੈ। ਹਿੰਦੂ ਤਿਉਹਾਰਾਂ ’ਤੇ ਮਮਤਾ ਬੈਨਰਜੀ ਨੇ ਕੈਂਚੀ ਚਲਾਉਣ ’ਚ ਕੋਈ ਕਸਰ ਨਹੀਂ ਛੱਡੀ। ਮੁਸਲਿਮ ਤੁਸ਼ਟੀਕਰਨ ਦੀ ਖੇਡ ਵੀ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੀ ਹੈ, ਖਾਸ ਕਰਕੇ ਪੱਛਮੀ ਬੰਗਾਲ ’ਚ ਰੋਹਿੰਗਿਆ ਮੁਸਲਮਾਨਾਂ ਅਤੇ ਬੰਗਾਲਦੇਸ਼ੀ ਮੁਸਲਮਾਨਾਂ ਦੀ ਖੁੱਲ੍ਹੇਆਮ ਘੁਸਪੈਠ ਨੂੰ ਸੁਰੱਖਿਆ ਦੇਣਾ ਅਤੇ ਰੋਹਿੰਗਿਆ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਨਾਗਰਿਕਤਾ ਕਾਰਡ ਦੇ ਕੇ ਨਾਗਰਿਕ ਦੀ ਹਰ ਸਹੂਲਤ ਮੁਹੱਈਆ ਕਰਾਉਣ ਦੀ ਸੱਤਾ ਰਾਜਨੀਤੀ ਚੋਟੀ ’ਤੇ ਹੈ।

ਅਜਿਹੀ ਹਾਲਤ ’ਚ ਬਹੁਗਿਣਤੀ ਵਰਗ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੀ ਸੁਭਾਵਿਕ ਹੈ। ਜੈ ਸ਼੍ਰੀਰਾਮ ਦੀਆਂ ਬਹੁਗਿਣਤੀ ਭਾਵਨਾਵਾਂ ਦਾ ਪ੍ਰਗਟਾਵਾ ਲੋਕ ਸਭਾ ਚੋਣਾਂ ’ਚ ਸਾਫ ਦੇਖਿਆ ਗਿਆ। ਭਾਜਪਾ ਜੋ ਪੱਛਮੀ ਬੰਗਾਲ ’ਚ ਕੁਝ ਖਾਸ ਪ੍ਰਭਾਵ ਨਹੀਂ ਰੱਖਦੀ ਸੀ, ਇਹ ਪਹਿਲਾਂ ਖੱਬੇਪੱਖੀਆਂ ਦੀ ਤਾਨਾਸ਼ਾਹੀ ਭੂਮੀ ਸੀ, ਜਿਸ ’ਤੇ ਮਮਤਾ ਬੈਨਰਜੀ ਰਾਜ ਕਰ ਰਹੀ ਹੈ ਪਰ ਅੱਜ ਭਾਜਪਾ ਸੱਤਾ ਦੇ ਦਾਅਵੇਦਾਰ ਦੇ ਰੂਪ ’ਚ ਖੜ੍ਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ’ਚ 42 ’ਚੋਂ 18 ਸੀਟਾਂ ਜਿੱਤ ਕੇ ਭਾਜਪਾ ਨੇ ਮਮਤਾ ਬੈਨਰਜੀ ਦੀ ਨੀਂਦ ਉਡਾ ਦਿੱਤੀ ਹੈ। ਮਮਤਾ ਬੈਨਰਜੀ ਨੂੰ ਦੇਖਦੇ ਹੀ ਬਹੁਗਿਣਤੀ ਲੋਕ ਜੈ ਸ਼੍ਰੀਰਾਮ ਦੇ ਨਾਅਰੇ ਲਾ ਰਹੇ ਹਨ ਅਤੇ ਮਮਤਾ ਬੈਨਰਜੀ ਜੈ ਸ਼੍ਰੀਰਾਮ ਦੇ ਨਾਅਰੇ ਲਾਉਣ ਵਾਲਿਆਂ ਨੂੰ ਬਾਹਰੀ ਭਾਵ ਪੱਛਮੀ ਬੰਗਾਲ ਤੋਂ ਬਾਹਰ ਦੇ ਅਨਸਰ ਦੱਸ ਰਹੀ ਹੈ ਅਤੇ ਜੇਲ ਭਿਜਵਾਉਣ ਦੀਆਂ ਧਮਕੀਆਂ ਦੇ ਰਹੀ ਹੈ। ਸਿਰਫ ਇੰਨਾ ਹੀ ਨਹੀਂ, ਸਗੋਂ ਜੈ ਸ਼੍ਰੀਰਾਮ ਦਾ ਨਾਅਰਾ ਲਾਉਣ ਵਾਲੇ ਸੈਂਕੜੇ ਲੋਕਾਂ ਨੂੰ ਜੇਲ ਵੀ ਭਿਜਵਾ ਚੁੱਕੀ ਹੈ। ਉਨ੍ਹਾਂ ’ਤੇ ਗੰਭੀਰ ਕਿਸਮ ਦੇ ਮੁਕੱਦਮੇ ਵੀ ਲੱਦੇ ਗਏ ਹਨ। ਰੋਹਿੰਗਿਆ-ਬੰਗਲਾਦੇਸ਼ੀ ਘੁਸਪੈਠੀਆਂ ਦੇ ਵਿਰੁੱਧ ਇਕ ਸ਼ਬਦ ਨਾ ਬੋਲਣ ਵਾਲੀ ਮਮਤਾ ਬੈਨਰਜੀ ਦੇਸ਼ ਦੇ ਨਾਗਰਿਕਾਂ ਨੂੰ ਹੀ ਬਾਹਰੀ ਅਨਸਰ ਦੱਸ ਰਹੀ ਹੈ। ਅਜਿਹੀ ਹਾਲਤ ’ਚ ਮਮਤਾ ਬੈਨਰਜੀ ’ਤੇ ਬਹੁਗਿਣਤੀ ਜਨ-ਭਾਵਨਾਵਾਂ ਵਿਰੋਧੀ ਹੋ ਕੇ ਉਨ੍ਹਾਂ ਲਈ ਨੁਕਸਾਨਦੇਹ ਹੀ ਬਣਨਗੀਆਂ।

1990 ਦੇ ਦਹਾਕੇ ’ਚ ਅਜਿਹੀ ਹੀ ਖੇਡ ਉੱਤਰ ਪ੍ਰਦੇਸ਼ ’ਚ ਖੇਡੀ ਗਈ ਸੀ, ਜਿਥੇ ਜੈ ਸ਼੍ਰੀਰਾਮ ਦਾ ਨਾਅਰਾ ਲਾਉਣ ਵਾਲੇ ਲੋਕਾਂ ਨੂੰ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਰਗੀਆਂ ਸੈਕੁਲਰ ਪਾਰਟੀਆਂ ਦੀ ਕਰੋਪੀ ਦਾ ਸ਼ਿਕਾਰ ਬਣਨਾ ਪੈਂਦਾ ਸੀ। ਨਤੀਜਾ ਇਹ ਹੋਇਆ ਕਿ ਉੱਤਰ ਪ੍ਰਦੇਸ਼ ’ਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ ਸੀ, ਕਲਿਆਣ ਸਿੰਘ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਸਨ। ਅੱਜ ਵੀ ਭਾਜਪਾ ਕੇਂਦਰ ’ਚ ਜੋ ਰਾਜ ਕਰ ਰਹੀ ਹੈ, ਉਸ ਦੇ ਪਿੱਛੇ ਉੱਤਰ ਪ੍ਰਦੇਸ਼ ਦੀ ਸਿਆਸੀ ਸ਼ਕਤੀ ਵੱਡੀ ਭੂਮਿਕਾ ਨਿਭਾ ਰਹੀ ਹੈ। ਮੌਜੂਦਾ ਸਥਿਤੀ ਇਹ ਹੈ ਕਿ ਬਹੁਗਿਣਤੀ ਵਰਗ ਵੀ ਆਪਣੇ ਹਿੱਤ ਅਤੇ ਆਪਣੇ ਸਵੈ-ਅਭਿਮਾਨ ਪ੍ਰਤੀ ਸੁਚੇਤ, ਗੰਭੀਰ ਅਤੇ ਸਰਗਰਮੀ ਨਾਲ ਅੰਦੋਲਨਕਾਰੀ ਹੋ ਗਏ ਹਨ, ਇਨ੍ਹਾਂ ਨੂੰ ਹੁਣ ਤੁਸ਼ਟੀਕਰਨ ਕਰਨ ਵਾਲੀਆਂ ਸੈਕੁਲਰ ਪਾਰਟੀਆਂ ਨਾਲ ਨਾਰਾਜ਼ਗੀ ਹੈ, ਇਹ ਮੰਨ ਚੁੱਕੇ ਹਨ ਕਿ ਸੈਕੁਲਰ ਕਹਿਣ ਵਾਲੀਆਂ ਪਾਰਟੀਆਂ ਦੀ ਧਰਮ-ਨਿਰਪੱਖਤਾ ਜਾਅਲੀ ਹੈ, ਇਹ ਸਿਰਫ ਅਤੇ ਸਿਰਫ ਬਹੁਗਿਣਤੀ ਵਰਗ ਦੀਆਂ ਭਾਵਨਾਵਾਂ ਹੀ ਕੁਚਲਦੀਆਂ ਹਨ, ਘੱਟਗਿਣਤੀ ਅਪਰਾਧਾਂ, ਜੇਹਾਦ ਤੇ ਹਿੰਸਕ ਭਾਵਨਾਵਾਂ ’ਤੇ ਇਨ੍ਹਾਂ ਦੀ ਚੁੱਪ ਕਦੇ ਟੁੱਟਦੀ ਨਹੀਂ ਹੈ। ਇਸ ਦਾ ਪ੍ਰਗਟਾਵਾ ਹੁਣੇ-ਹੁਣੇ ਲੋਕ ਸਭਾ ਚੋਣਾਂ ਦਾ ਨਤੀਜਾ ਹੈ, ਨਰਿੰਦਰ ਮੋਦੀ ਫਿਰ ਤੋਂ ਪ੍ਰਚੰਡ ਬਹੁਮਤ ਨਾਲ ਸੱਤਾ ’ਚ ਪਰਤੇ ਹਨ, ਨਰਿੰਦਰ ਮੋਦੀ ਦੀ ਜਿੱਤ ਦੇਸ਼ਭਗਤੀ ਦੀ ਜਿੱਤ, ਦੇਸ਼ ਦੀ ਬਹੁਗਿਣਤੀ ਦੀਆਂ ਭਾਵਨਾਵਾਂ ਦੀ ਜਿੱਤ ਮੰਨੀ ਜਾ ਰਹੀ ਹੈ।

ਰਾਮ ਤਾਂ ਭਾਰਤੀ ਸੰਸਕ੍ਰਿਤੀ ’ਚ ਪੂਜਣਯੋਗ ਹਨ। ਇਹ ਤਾਂ ਮਰਿਆਦਾ ਪੁਰਸ਼ੋਤਮ ਹਨ। ਮਹਾਤਮਾ ਗਾਂਧੀ ਵੀ ਭਗਵਾਨ ਰਾਮ ਦੀ ਪੂਜਾ ਕਰਦੇ ਸਨ। ਸਭ ਤੋਂ ਵੱਡੀ ਗੱਲ ਡਾ. ਰਾਮ ਮਨੋਹਰ ਲੋਹੀਆ ਦਾ ਭਗਵਾਨ ਰਾਮ ਦਰਸ਼ਨ ਹੈ। ਡਾ. ਰਾਮ ਮਨੋਹਰ ਲੋਹੀਆ ਭਗਵਾਨ ਰਾਮ ਦੇ ਜੀਵਨ ’ਤੇ ਆਧਾਰਿਤ ‘ਰਾਮ ਮੇਲਾ’ ਦਾ ਆਯੋਜਨ ਕਰਦੇ ਸਨ, ਜਿਸ ’ਚ ਦੇਸ਼ ਭਰ ਦੇ ਸਮਾਜਵਾਦੀ ਧਾਰਾ ਦੇ ਲੋਕ ਇਕੱਠੇ ਹੁੰਦੇ ਸਨ। ਮਮਤਾ ਬੈਨਰਜੀ ਹੀ ਕਿਉਂ ਸਗੋਂ ਦੇਸ਼ ਦੀਆਂ ਸਾਰੀਆਂ ਸੈਕੁਲਰ ਪਾਰਟੀਆਂ ਨੂੰ ਆਪਾ-ਪੜਚੋਲ ਕਰਨੀ ਚਾਹੀਦੀ ਹੈ ਕਿ ਆਖਿਰ ਕਿਉਂ ਬਹੁਗਿਣਤੀ ਜਨ-ਭਾਵਨਾਵਾਂ ਨੂੰ ਠੇਸ ਲੱਗੀ ਹੈ? ਬਹੁਗਿਣਤੀ ਜਨ-ਭਾਵਨਾਵਾਂ ਆਖਿਰ ਕਿਉਂ ਆਪਣੇ ਹਿੱਤ ਅਤੇ ਆਪਣੇ ਸਵੈ-ਅਭਿਮਾਨ ਲਈ ‘ਜੈ ਸ਼੍ਰੀਰਾਮ’ ਦੇ ਨਾਅਰੇ ਦੀ ਸ਼ਰਨ ’ਚ ਗਈਆਂ?
 


Bharat Thapa

Content Editor

Related News