ਅਚੂਕ ਆਰਥਿਕ ਮੰਤਰ ਹੈ ਆਤਮਨਿਰਭਰਤਾ

08/19/2020 4:32:47 AM

ਵਰਿੰਦਰ ਭਾਟੀਆ

ਦੇਸ਼ ’ਚ ਆਤਮਨਿਰਭਰਤਾ ਨੂੰ ਇਕ ਵੱਡੇ ਆਰਥਿਕ ਮੰਤਰ ਦੇ ਰੂਪ ’ਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ, ਇਸਦੇ ਅਨੁਸਾਰ ਜੇ ਅਸੀਂ ਸਥਾਨਕ ਪੱਧਰ ’ਤੇ ਤਿਆਰ ਵਸਤਾਂ ਦਾ ਇਸਤੇਮਾਲ ਕਰਨ ਲੱਗੇ ਤਾਂ ਨਾ ਸਿਰਫ ਆਰਥਿਕ ਤੌਰ ’ਤੇ ਮਜ਼ਬੂਤ ਹੋਵਾਂਗੇ ਸਗੋਂ ਉਦਯੋਗਾਂ ਦੇ ਵਿਕਾਸ ਦਾ ਰਾਹ ਵੀ ਸਾਫ ਹੋਵੇਗਾ। ਅੱਜ ਕਈ ਵਸਤਾਂ ਲਈ ਦਰਾਮਦ ’ਤੇ ਨਿਰਭਰਤਾ ਨਾਲ ਸਾਡਾ ਵਪਾਰ ਘਾਟਾ ਲਗਾਤਾਰ ਵਧਦਾ ਗਿਆ ਹੈ ਅਤੇ ਉਨ੍ਹਾਂ ਵਸਤਾਂ ਨੂੰ ਦੇਸ਼ ’ਚ ਹੀ ਉਤਪਾਦਿਤ ਕਰਨ ਦੀਆਂ ਸੰਭਾਵਨਾਵਾਂ ਵੀ ਘੱਟ ਹੁੰਦੀਆਂ ਗਈਆਂ ਹਨ। ਵਿਦੇਸ਼ਾਂ ’ਚ ਜਾਂਦੇ ਆਪਣੇ ਉਸ ਧਨ ਨੂੰ ਅਸੀਂ ਇੱਥੇ ਨਿਵੇਸ਼ ਕਰ ਕੇ ਰੋਜ਼ਗਾਰ ਦੇ ਮੌਕਿਆਂ ਨੂੰ ਵੀ ਪੈਦਾ ਕਰ ਸਕਦੇ ਹਾਂ ਅਤੇ ਤਕਨੀਕ ਅਤੇ ਹੁਨਰ ਦੇ ਖੇਤਰ ’ਚ ਵਿਕਾਸ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰ ਸਕਦੇ ਹਾਂ। ਜੇ ਵਿਦੇਸ਼ਾਂ ’ਚ ਬਣੀਆਂ ਚੀਜ਼ਾਂ ਲਈ ਭਾਰਤ ਇਕ ਵੱਡਾ ਬਾਜ਼ਾਰ ਹੋ ਸਕਦਾ ਹੈ ਤਾਂ ਭਾਰਤ ਆਪਣੇ ਹੀ ਬਣਾਏ ਉਤਪਾਦਾਂ ਦੀ ਖਪਤ ਵੀ ਕਰ ਸਕਦਾ ਹੈ। ਰੋਜ਼ਗਾਰ, ਉਤਪਾਦਨ ਅਤੇ ਮੰਗ ਦੇ ਸਿਲਸਿਲੇ ਨੂੰ ਮਜ਼ਬੂਤ ਕਰ ਕੇ ਅਸੀਂ ਆਪਣੀ ਅਰਥਵਿਵਸਥਾ ਨੂੰ ਅੱਗੇ ਲਿਜਾਣ ਦੀ ਸਮਰੱਥਾ ਰੱਖਦੇ ਹਾਂ। ਸਥਾਨਕ ਉਤਪਾਦਾਂ ਲਈ ਅਪੀਲ ਅਤੇ ਆਦਰ ਦਾ ਭਾਵ ਵੀ ਪੈਦਾ ਕਰਨ ਦੀ ਲੋੜ ਹੈ। ਆਤਮਨਿਰਭਰਤਾ ਸਾਡੇ ਸਮਾਜ ਦੇ ਅੰਦਰ ਤੱਕ ਫੈਲ ਚੁੱਕੀ ਆਰਥਿਕ ਕਮਜ਼ੋਰੀ ਦਾ ਇਲਾਜ ਵੀ ਹੋ ਸਕਦੀ ਹੈ। ਆਰਥਿਕ ਅਤੇ ਉਦਯੋਗਿਕ ਵਿਕਾਸ ’ਚ ਫੈਲੀ ਖੇਤਰੀ ਨਾ-ਬਰਾਬਰੀ ਨੂੰ ਖਤਮ ਕਰਨ ਦਾ ਵੀ ਇਹ ਇਕ ਸਹੀ ਢੰਗ ਹੈ ਪਰ ਇਸਦਾ ਅਰਥ ਇਹ ਨਹੀਂ ਹੈ ਕਿ ਅਜਿਹਾ ਕਰ ਕੇ ਭਾਰਤ ਵੈਸ਼ਵੀਕਰਨ ਅਤੇ ਕੌਮਾਂਤਰੀ ਵਿਵਸਥਾ ਤੋਂ ਪਰ੍ਹਾਂ ਜਾ ਰਿਹਾ ਹੈ ਪਰ ਇਸਦੇ ਉਲਟ ਕੁਝ ਦੇਸ਼ਾਂ ’ਤੇ ਬਹੁਤ ਸਾਰੇ ਦੇਸ਼ਾਂ ਦੀ ਨਿਰਭਰਤਾ ਅਤੇ ਇਸਦੇ ਬਦਲੇ ਉਨ੍ਹਾਂ ਦੇ ਦਬਾਅ ਤੋਂ ਨਿਕਲਣ ਦਾ ਇਹੀ ਰਾਹ ਹੈ। ਅਸੀਂ ਉਤਪਾਦਨ ’ਚ ਵਾਧਾ ਕਰ ਕੇ ਬਰਾਮਦ ਦੇ ਮੋਰਚੇ ’ਤੇ ਚੰਗਾ ਕਰ ਸਕਦੇ ਹਾਂ ਅਤੇ ਘਰੇਲੂ ਉਦਯੋਗ ਲਈ ਬਾਹਰੀ ਨਿਵੇਸ਼ ਨੂੰ ਆਕਰਸ਼ਿਤ ਕਰ ਸਕਦੇ ਹਾਂ।

ਮਹਾਤਮਾ ਗਾਂਧੀ ਜੀ ਦੇ ਹਿੰਦ ਸਵਰਾਜ ’ਚ ਭਾਰਤ ਦੇ ਆਤਮਨਿਰਭਰਤਾ ਦੇ ਵਿਚਾਰ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਗਾਂਧੀ ਜੀ ਨੇ ਸਵਦੇਸ਼ੀ ਵਿਚਾਰ ’ਚ ਭਾਰਤ ਦੇ ਉਸ ਬਸਤੀਵਾਦੀ ਸ਼ੋਸ਼ਣ ਨੂੰ ਖਾਰਿਜ ਕੀਤਾ ਸੀ, ਜਿਸ ਨਾਲ ਬ੍ਰਿਟਿਸ਼ ਖਜ਼ਾਨੇ ਭਰਦੇ ਸਨ ਅਤੇ ਨਤੀਜੇ ’ਚ ਭਾਰਤ ਦੇ ਗਰੀਬ ਅਤੇ ਕੁਚਲੇ ਹੋਏ ਲੋਕ ਘਾਟੇ ’ਚ ਰਹਿੰਦੇ ਸਨ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹੀ ਗੱਲ ਇਕ ਮਹਾਮਾਰੀ ਦੇ ਸਬੰਧ ’ਚ ਫਿਰ 3 ਵਾਰ ਦੁਹਰਾਉਣੀ ਪਈ, ਆਤਮਨਿਰਭਰ, ਆਤਮਨਿਰਭਰ, ਆਤਮਨਿਰਭਰ। ਆਤਮਨਿਰਭਰਤਾ ਸਾਡੀ ਸੰਸਕ੍ਰਿਤੀ ਦਾ ਮੁੱਢਲਾ ਤੱਤ ਹੈ ਅਤੇ ਇਹ ਅੱਜ ਦੀ ਸੰਕਟਗ੍ਰਸਤ ਵੈਸ਼ਵੀਕ੍ਰਿਤ ਦੁਨੀਆ ’ਚ ਸਾਡੇ ਲਈ ਮਾਣ ਵਾਲੀ ਜਗ੍ਹਾ ਹਾਸਲ ਕਰਨ ਦਾ ਸੂਤਰ ਵੀ ਬਣ ਸਕਦਾ ਹੈ। ਕੇਂਦਰ ਸਰਕਾਰ ਪਹਿਲਾਂ ਤੋਂ ਹੀ ਮੇਕ ਇਨ ਇੰਡੀਆ ਵਰਗੀਆਂ ਪਹਿਲਾਂ ਨਾਲ ਆਤਮਨਿਰਭਰਤਾ ਦੇ ਟੀਚੇ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ’ਚ ਜੁਟੀ ਹੋਈ ਹੈ। ਜਾਗਰੂਕ ਰਾਸ਼ਟਰ ਦੇ ਜੀਵਨ ’ਚ ਆਤਮਨਿਰਭਰਤਾ ਬਹੁਤ ਜ਼ਰੂਰੀ ਹੈ। ਜਿਸ ਦੇਸ਼ ’ਚ ਆਤਮਨਿਰਭਰਤਾ ਹੁੰਦੀ ਹੈ, ਉਹ ਜੀਵਨ ’ਚ ਕਦੀ ਹਾਰ ਨਹੀਂ ਸਕਦਾ ਅਤੇ ਆਪਣਾ ਟੀਚਾ ਆਸਾਨੀ ਨਾਲ ਹਾਸਲ ਕਰ ਸਕਦਾ ਹੈ।

ਜਿਸ ਬੇਹੱਦ ਜ਼ਰੂਰੀ ਆਤਮਨਿਰਭਰਤਾ ਵੱਲ ਅਸੀਂ ਜਾਣਾ ਚਾਹੁੰਦੇ ਹਾਂ, ਉਸ ਦਾ ਰਾਹ ਪਿੰਡਾਂ ਨੂੰ ਪਹਿਲ ਦੇਣ ਨਾਲ ਹੀ ਹੋ ਸਕਦਾ ਹੈ। ਆਤਮਨਿਰਭਰਤਾ ਨਾਲ ਦੇਸ਼ ’ਚ ਅਮੀਰ ਅਤੇ ਗਰੀਬ ਵਿਚਾਲੇ ਦਾ ਫਾਸਲਾ ਘੱਟ ਕਰਨ ’ਚ ਆਸਾਨੀ ਹੋਵੇਗੀ, ਲੱਖਾਂ ਲੋਕਾਂ ਨੂੰ ਸਵੈ-ਰੋਜ਼ਗਾਰ ਮਿਲ ਸਕੇਗਾ ਅਤੇ ਦੇਸ਼ ਦੁਨੀਆ ਤੋਂ ਵੱਧ ਸਮਰੱਥ ਹੋਵੇਗਾ। ਜੇ ਅਸੀਂ ਮਹਾਤਮਾ ਗਾਂਧੀ ਦੇ ‘ਗ੍ਰਾਮ ਸਵਰਾਜ’ ਜਾਂ ਦੀਨਦਿਆਲ ਉਪਾਧਿਆਏ ਦੇ ‘ਅੰਤੋਦਿਆ’ ’ਤੇ ਅਮਲ ਕਰ ਕੇ ਆਪਣੀ ਜ਼ਿੰਦਗੀ ਨੂੰ ਚਲਾਉਂਦੇ ਹੁੰਦੇ ਤਾਂ ਇਸ ਸਮੇਂ ’ਚ ਇੰਨੀ ਵੱਡੀ ਹਿਜਰਤ ਜਾਂ ਇੰਨੀਆਂ ਮੁਸ਼ਕਲਾਂ ਨਾ ਆਉਂਦੀਆਂ। ਸਾਡਾ ਦੇਸ਼ 130 ਕਰੋੜ ਦੀ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਇੰਨੀ ਆਬਾਦੀ ਦੇਸ਼ ਲਈ ਸਮੱਸਿਆ ਵੀ ਹੈ ਅਤੇ ਉਸਦੀ ਆਪਣੀ ਤਾਕਤ ਵੀ ਹੈ। ਆਬਾਦੀ ਦੇ ਲਾਭ ਵੀ ਹਨ। ਵਿਸ਼ਵ ਦਾ ਸਭ ਤੋਂ ਵੱਡਾ ਬਾਜ਼ਾਰ ਭਾਰਤ ਹੈ, ਇਸ ਵਿਸ਼ੇਸ਼ਤਾ ਨੂੰ ਆਪਣੀ ਤਾਕਤ ਬਣਾ ਕੇ ਅਸੀਂ ਆਤਮਨਿਰਭਰ ਬਣੀਏ, ਸਵਦੇਸ਼ੀ ਅਪਣਾਓ ਦਾ ਸਿਰਫ ਨਾਅਰਾ ਹੀ ਨਾ ਰਹੇ ਸਗੋਂ ਜ਼ਰੂਰੀ ਹੈ ਕਿ ਇਸ ’ਤੇ ਕੰਮ ਵੀ ਹੋਵੇ।

ਜਿਸ ਤਰ੍ਹਾਂ ਨਾਲ ਟੀਚਾ ਮੰਨ ਕੇ 4 ਐੱਲ ਭਾਵ ਲੈਂਡ, ਲੇਬਰ, ਲਿਕਵਿਡਿਟੀ ਅਤੇ ਲਾਅ ਨਾਲ ਜੁੜੀਆਂ ਬਾਰੀਕੀਆਂ ’ਤੇ ਜ਼ੋਰ ਦਿੰਦੇ ਹੋਏ ਇਕਾਨਮੀ, ਇਨਫਰਾਸਟ੍ਰਕਚਰ, ਸਿਸਟਮ, ਡੈਮੋਗ੍ਰਾਫੀ ਅਤੇ ਡਿਮਾਂਡ ਵਰਗੇ 5 ਪਿਲਰਾਂ ਨੂੰ ਮਜ਼ਬੂਤੀ ਦੇਣ ਦਾ ਸੱਦਾ ਦਿੱਤਾ ਗਿਆ ਹੈ, ਉਸ ਤੋਂ ਇਹ ਸਾਫ ਹੈ ਕਿ ਇਨ੍ਹਾਂ ਸ਼ਬਦਾਂ ਦੀਆਂ ਪੌੜੀਆਂ ਦੇ ਸਹਾਰੇ ਆਤਮਨਿਰਭਰਤਾ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਲਈ ਇਸ ’ਤੇ ਬਿਨਾਂ ਦੇਰੀ ਫੋਕਸ ਕੀਤੇ ਜਾਣ ਦੀ ਲੋੜ ਹੈ। ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਆਖਿਰ ਨਿਵੇਸ਼ਕਾਂ ਨੂੰ ਚੀਨ ਨੇ ਕਿਉਂ ਪ੍ਰਭਾਵਿਤ ਕੀਤਾ? ਜਵਾਬ ਤਾਂ ਅਨੁਕੂਲ ਮਾਹੌਲ ਦੀ ਗੱਲ ਹੈ। ਐੱਫ. ਡੀ. ਆਈ. ਨੂੰ ਆਕਰਸ਼ਿਤ ਕਰਨ ਲਈ ਚੀਨੀ ਸੂਬੇ ਅਤੇ ਸ਼ਹਿਰ ਇਕ-ਦੂਜੇ ਨਾਲ ਮੁਕਾਬਲਾ ਕਰਦੇ ਹਨ। ਉਹ ਨਿਵੇਸ਼ਕਾਂ ਨਾਲ ਸਿੱਧੇ ਜੁੜਦੇ ਹਨ, ਉਨ੍ਹਾਂ ਨੂੰ ਫਾਸਟ ਟਰੈਕ ਕਲੀਅਰੈਂਸ ਦਿੰਦੇ ਹਨ। ਭਾਰਤ ’ਚ ਅਜਿਹਾ ਨਹੀਂ ਹੈ। ਸਾਨੂੰ ਆਪਣੇ ਇਥੇ ਦੀ ਮਾਨਸਿਕਤਾ ਨੂੰ ਸੁਧਾਰਨਾ ਪਵੇਗਾ। ਸਾਡਾ ਤੰਤਰ ਨਿਵੇਸ਼ਕਾਂ ਅਤੇ ਕੰਪਨੀਆਂ ਨੂੰ ਸਹੂਲਤ ਦੇਣ ਦੀ ਬਜਾਏ ਉਨ੍ਹਾਂ ਦੀ ਰੈਗੂਲੇਟਰੀ ਦੇ ਤੌਰ ’ਤੇ ਜ਼ਿਆਦਾ ਕੰਮ ਕਰਦਾ ਨਜ਼ਰ ਆਉਂਦਾ ਹੈ, ਕੀ ਇਹ ਠੀਕ ਹੈ?

ਆਤਮਨਿਰਭਰਤਾ ਸਿਰਫ ਵਿਅਕਤੀ ਲਈ ਹੀ ਨਹੀਂ, ਦੇਸ਼ ਲਈ ਵੀ ਜ਼ਰੂਰੀ ਹੈ। ਸੁਤੰਤਰਤਾ ਤੋਂ ਬਾਅਦ ਕਈ ਸਾਲਾਂ ਤੱਕ ਭਾਰਤ ਅਨਾਜ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਸੀ। ਇਸਦੇ ਕਾਰਨ ਇਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। 60 ਦੇ ਦਹਾਕੇ ’ਚ ਆਈ ਹਰੀ ਕ੍ਰਾਂਤੀ ਤੋਂ ਬਾਅਦ ਭਾਰਤ ਅਨਾਜ ਦੇ ਮਾਮਲੇ ’ਚ ਆਤਮਨਿਰਭਰ ਬਣਿਆ। ਇਹ ਭਾਰਤ ਦੀ ਆਤਮਨਿਰਭਰਤਾ ਦਾ ਹੀ ਨਤੀਜਾ ਰਿਹਾ ਕਿ ਦੇਸ਼ ਦੀ ਜਨਤਾ ਦੀ ਖੁਸ਼ਹਾਲੀ ’ਚ ਸੁਭਾਵਿਕ ਤੌਰ ’ਤੇ ਵਾਧਾ ਹੋਇਆ ਹੈ। ਸਾਡੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਿਹਾ ਹੈ, ‘‘ਇਕ ਰਾਸ਼ਟਰ ਦੀ ਸ਼ਕਤੀ ਉਸਦੀ ਆਤਮਨਿਰਭਰਤਾ ’ਚ ਹੈ, ਦੂਜਿਆਂ ਤੋਂ ਉਧਾਰ ਲੈ ਕੇ ਕੰਮ ਚਲਾਉਣ ’ਚ ਨਹੀਂ।’’ ਆਤਮਨਿਰਭਰਤਾ ਨਾਲ ਹੀ ਮਨੁੱਖ ਦੀ ਤਰੱਕੀ ਸੰਭਵ ਹੈ। ਆਤਮਨਿਰਭਰਤਾ ਅੱਜ ਵੀ ਇਕ ਅਚੂਕ ਆਰਥਿਕ ਮੰਤਰ ਹੈ। ਕਿਸ ਨੂੰ ਭੁੱਲਿਆ ਹੋਵੇਗਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਠੀਕ 100 ਸਾਲ ਪਹਿਲਾਂ 1920 ’ਚ ਸਵਰਾਜ ਦੇ ਜ਼ਰੀਏ ਆਤਮਨਿਰਭਰ ਹੋਣ ਦੀ ਗੱਲ ਕਹੀ ਸੀ ਪਰ ਸਾਡੇ ਕੋਲ ਇਸ ਗੱਲ ਦਾ ਜਵਾਬ ਕਿੱਥੇ ਹੈ ਕਿ ਬੀਤੇ 100 ਸਾਲਾਂ ’ਚ ਅੱਜ ਤੱਕ ਆਖਿਰ ਅਜਿਹਾ ਕਿਉਂ ਨਹੀਂ ਹੋ ਸਕਿਆ।


Bharat Thapa

Content Editor

Related News