ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ ਪੰਜਾਬ ’ਚ ਬਿਜਲੀ ਦਾ ਇਤਿਹਾਸ

02/22/2024 4:25:14 PM

ਪੰਜਾਬ ’ਚ ਬਿਜਲੀ ਦਾ ਇਤਿਹਾਸ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ। ਪਾਵਰਕਾਮ ਦੇ ਸੰਚਾਲਨ ਜ਼ੋਨ ਬਾਰਡਰ ਦੇ ਮੁੱਖ ਇੰਜੀਨੀਅਰ ਇੰਜੀ. ਸਤਿੰਦਰ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਹਾਲ ਗੇਟ ਦੇ ਸਭ ਤੋਂ ਪੁਰਾਣੇ ਬਿਜਲੀ ਵਿਭਾਗ ਦੇ ਸਭ ਤੋਂ ਪੁਰਾਣੇ ਦਫਤਰ ਵੱਲੋਂ ਲੱਭੇ ਗਏ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਪਹਿਲਾ ਬਿਜਲੀ ਕੁਨੈਕਸ਼ਨ ਮੁੱਖ ਇਲੈਕਟ੍ਰੀਕਲ ਇੰਜੀਨੀਅਰ ਐੱਚ. ਸੀ. ਗ੍ਰੀਨਵੁੱਡ ਵੱਲੋਂ ਮਨਜ਼ੂਰ ਕੀਤਾ ਗਿਆ ਸੀ। 11 ਦਸੰਬਰ, 1915 ਨੂੰ ਮਿਊਂਸਪਲ ਇਲੈਕਟ੍ਰੀਸਿਟੀ ਵਿਭਾਗ ਵੱਲੋਂ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਲਈ ਪਹਿਲਾ ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ ਬੇਨਤੀ ਪੱਤਰ ਦਿੱਤਾ ਗਿਆ। ਸੀ. ਐੱਮ. ਕਿੰਗ ਉਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ।

ਪਾਏਦਾਰ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਜਲੀ ਖਪਤਕਾਰਾਂ ਤੱਕ ਪਹੁੰਚਾਉਣ ਲਈ ਪੰਜਾਬ ਦੇ ਸੰਚਾਲਨ ਦੇ ਜ਼ੋਨਾਂ ਨੂੰ ਵੱਖ-ਵੱਖ ਭਾਗਾਂ ’ਚ ਵੰਡਿਆ ਗਿਆ, ਜਿਸ ਅਨੁਸਾਰ ਜ਼ਿਲਾ ਅੰਮ੍ਰਿਤਸਰ ਅਤੇ ਜ਼ਿਲਾ ਗੁਰਦਾਸਪੁਰ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੇ ਨਾਲ-ਨਾਲ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਦੇ ਉੱਤਰ ਜ਼ੋਨ ’ਚ ਰੱਖਿਆ ਗਿਆ ਸੀ, ਜਿਸ ਅਨੁਸਾਰ ਅੰਮ੍ਰਿਤਸਰ, ਗੁਰਦਾਸਪੁਰ ਦੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ (ਸਿਵਾਏ ਮਿਊਂਸਪਲ ਕਾਰਪੋਰੇਸ਼ਨ, ਅੰਮ੍ਰਿਤਸਰ ਦੀ ਹਦੂਦ) ’ਚ ਬਿਜਲੀ ਸਬੰਧੀ ਸਾਰੇ ਕਾਰ-ਵਿਹਾਰ ਪਾਵਰਕਾਮ ਪਹਿਲਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵੱਲੋਂ ਕੀਤੇ ਜਾਂਦੇ ਸਨ।

ਪਾਵਰਕਾਮ ਦੇ ਸੰਚਾਲਨ ਬਾਰਡਰ ਜ਼ੋਨ ਦੇ ਮੁੱਖ ਇੰਜੀਨੀਅਰ ਇੰਜੀ. ਸਤਿੰਦਰ ਸ਼ਰਮਾ ਅਨੁਸਾਰ ਦਸੰਬਰ 2023 ਦੇ ਅੰਕੜਿਆਂ ਮੁਤਾਬਕ ਸੰਚਾਲਨ ਬਾਰਡਰ ਜ਼ੋਨ 20,86,839 ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਰਿਹਾ ਹੈ, ਜਿਨ੍ਹਾਂ ’ਚ 15,46,979 ਘਰੇਲੂ ਖਪਤਕਾਰ ਅਤੇ 2,76,979 ਖੇਤੀਬਾੜੀ ਟਿਊਬਵੈੱਲ ਖਪਤਕਾਰ ਹਨ। ਸਮੇਂ ਦੇ ਅਨੁਸਾਰ ਬਿਜਲੀ ਕੁਨੈਕਸ਼ਨਾਂ ਦੀ ਮੰਗ ਵਧਣ ਦੇ ਨਾਲ 7 ਅਪ੍ਰੈਲ, 1983 ਨੂੰ ਅੰਮ੍ਰਿਤਸਰ ਜ਼ਿਲੇ ’ਚ (ਦਿਹਾਤੀ ਹਲਕਾ ਅੰਮ੍ਰਿਤਸਰ ’ਚੋਂ) ਕੁਝ ਇਲਾਕਾ ਵੱਖ ਕਰ ਕੇ ਤਰਨਤਾਰਨ ਸਰਕਲ ਬਣਾਇਆ ਗਿਆ, ਜਿਸ ’ਚ ਬੋਹੜੂ ਪੁਲ ਤੋਂ ਲੈ ਕੇ ਖੇਮਕਰਨ ਅਤੇ ਹਰੀਕੇ ਦਰਿਆ ਦੇ ਨਾਲ-ਨਾਲ ਦੇ ਇਲਾਕਿਆਂ ਨੂੰ 5 ਮੰਡਲ ਦਫਤਰਾਂ ’ਚ ਵੰਡਿਆ ਗਿਆ।

ਅੰਮ੍ਰਿਤਸਰ ਸ਼ਹਿਰੀ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਬਿਜਲੀ ਵਿਭਾਗ ਵੱਲੋਂ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਸਾਲ 1915 ਤੋਂ ਕੀਤੀ ਜਾ ਰਹੀ ਹੈ। ਦਸੰਬਰ 1915 ’ਚ ਬਿਜਲੀ ਦੀ ਦੇਖ-ਰੇਖ ਤੇ ਵੰਡ ਲਈ ਪਹਿਲੇ ਚੀਫ ਇਲੈਕਟ੍ਰੀਕਲ ਇੰਜੀਨੀਅਰ ਸ਼੍ਰੀ ਐੱਚ. ਸੀ. ਗਰੀਨਵੁੱਡ ਨੂੰ ਤਾਇਨਾਤ ਕੀਤਾ ਗਿਆ ਸੀ। ਉਸ ਸਮੇਂ ਅੰਮ੍ਰਿਤਸਰ ਸ਼ਹਿਰ ’ਚ ਬਿਜਲੀ ਦੀ ਪੂਰਤੀ ਸੁਲਤਾਨਵਿੰਡ ਨਹਿਰ ’ਤੇ ਲੱਗੀ ਟਰਬਾਈਨ ਤੋਂ ਕੀਤੀ ਜਾਂਦੀ ਸੀ।

1959 ’ਚ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵਿਚ ਆਉਣ ਤੋਂ ਬਾਅਦ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਬਿਜਲੀ ਵਿਭਾਗ ’ਚ ਬਿਜਲੀ ਦੀ ਸਪਲਾਈ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵੱਲੋਂ ਕੀਤੀ ਜਾਣ ਲੱਗੀ ਪ੍ਰੰਤੂ ਇਲਾਕੇ ਦੀ ਬਿਜਲੀ ਵੰਡ ਪ੍ਰਣਾਲੀ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਬਿਜਲੀ ਵਿਭਾਗ ਕੋਲ ਹੀ ਰਹੀ। 1 ਅਪ੍ਰੈਲ, 1995 ਨੂੰ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਬਿਜਲੀ ਵਿਭਾਗ ਨੂੰ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵਲੋਂ (ਸਮੇਤ ਸਟਾਫ ਤੇ ਬਿਲਡਿੰਗ) ਆਪਣੇ ਅਧੀਨ ਕਰ ਲਿਆ ਗਿਆ ਅਤੇ ਇਸ ਨੂੰ ਅੰਮ੍ਰਿਤਸਰ ਸ਼ਹਿਰੀ ਹਲਕਾ ਨਾਂ ਦਿੱਤਾ ਗਿਆ।

1 ਅਪ੍ਰੈਲ, 1995 ਨੂੰ ਉੱਤਰ ਜ਼ੋਨ ਦੇ ਅਧੀਨ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ ਦੇ ਨਾਲ-ਨਾਲ ਅੰਮ੍ਰਿਤਸਰ ਸਬ-ਅਰਬਨ, ਗੁਰਦਾਸਪੁਰ ਹਲਕਾ, ਤਰਨਤਾਰਨ ਹਲਕਾ ਅਤੇ ਅੰਮ੍ਰਿਤਸਰ ਸ਼ਹਿਰੀ ਹਲਕਾ ਹੋਣ ਕਾਰਨ ਵਰਕ ਲੋਡ ’ਚ ਵਾਧਾ ਹੋਣ ਕਾਰਨ 16 ਜੂਨ, 1995 ਨੂੰ ਇਕ ਨਵਾਂ ਸੰਚਾਲਨ ਜ਼ੋਨ ਬਣਾਇਆ ਗਿਆ ਜਿਸ ਨੂੰ ਬਾਰਡਰ ਜ਼ੋਨ ਦਾ ਨਾਂ ਦਿੱਤਾ ਗਿਆ। ਇਸ ’ਚ ਵੰਡ ਸਿਸਟਮ ਅਧੀਨ 4 ਹਲਕਾ ਦਫਤਰ ਅਟੈਚ ਕੀਤੇ ਗਏ, ਜਿਸ ’ਚ ਅੰਮ੍ਰਿਤਸਰ (ਸ਼ਹਿਰੀ), ਅੰਮ੍ਰਿਤਸਰ (ਦਿਹਾਤੀ), ਗੁਰਦਾਸਪੁਰ ਅਤੇ ਤਰਨਤਾਰਨ ਆਉਂਦੇ ਹਨ।

ਪਾਵਰਕਾਮ ਦੇ ਸੰਚਾਲਨ ਸ਼ਹਿਰੀ ਹਲਕਾ ਦੇ ਉਪ ਮੁੱਖ ਇੰਜੀਨੀਅਰ ਇੰਜੀ. ਰਾਜੀਵ ਪਰਾਸ਼ਰ ਦੇ ਅਨੁਸਾਰ ਅੰਮ੍ਰਿਤਸਰ ਸ਼ਹਿਰ ਵਿਚ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ, ਅਟਾਰੀ ਬਾਰਡਰ, ਕਿਲ੍ਹਾ ਗੋਬਿੰਦਗੜ੍ਹ ਆਦਿ ਹੋਣ ਕਾਰਨ ਧਾਰਮਿਕ ਅਤੇ ਟੂਰਿਸਟ ਹੱਬ ਹੈ, ਜਿਥੇ ਲੱਖਾਂ ਸ਼ਰਧਾਲੂ ਰੋਜ਼ਾਨਾ ਦਰਸ਼ਨਾਂ ਲਈ ਆਉਂਦੇ ਹਨ। ਇਸੇ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਐੱਸ. ਜੀ. ਪੀ. ਸੀ. ਦੇ ਸਹਿਯੋਗ ਨਾਲ 66 ਕੇ. ਵੀ. ਗੈਸ ਇੰਸੂਲੇਟਿਡ ਸਬ ਸਟੇਸ਼ਨ ਲਗਾਇਆ ਗਿਆ, ਜਿਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਰਵਿਘਨ ਬਿਜਲੀ ਦੀ ਪੂਰਤੀ ਕੀਤੀ ਜਾ ਰਹੀ ਹੈ। ਇਸੇ ਹੀ ਤਰ੍ਹਾਂ ਸ਼੍ਰੀ ਦੁਰਗਿਆਣਾ ਮੰਦਰ ਨੂੰ 66 ਕੇ. ਵੀ. ਹਾਲ ਗੇਟ ਬਿਜਲੀ ਘਰ ਤੋਂ ਡੈਡੀਕੇਟਿਡ 11 ਕੇ. ਵੀ. ਫੀਡਰ ਤੋਂ ਨਿਰਵਿਘਨ ਬਿਜਲੀ ਦੀ ਪੂਰਤੀ ਕੀਤੀ ਜਾ ਰਹੀ ਹੈ।

ਸਾਲ 2013-14 ’ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਸ਼ਹਿਰ ’ਚ ਬੀ. ਆਰ. ਟੀ. ਐੱਸ. ਪ੍ਰਾਜੈਕਟ ਸ਼ੁਰੂ ਕੀਤਾ ਗਿਆ, ਜਿਸ ਅਨੁਸਾਰ ਅੰਮ੍ਰਿਤਸਰ ਸ਼ਹਿਰ ਦੀਆਂ ਮਹੱਤਵਪੂਰਨ ਸੜਕਾਂ (ਜੀ. ਟੀ. ਰੋਡ, ਮਾਲ ਰੋਡ, ਸਰਕੂਲਰ ਰੋਡ, ਕੋਰਟ ਰੋਡ, ਬਟਾਲਾ ਰੋਡ) ’ਚ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਨੂੰ ਖਤਮ ਕਰਦਿਆਂ ਹੋਇਆਂ ਤਾਰਾਂ ਦੀ ਰੋਡ ਕਰਾਸਿੰਗ ਪੂਰਨ ਤੌਰ ’ਤੇ ਖਤਮ ਕੀਤੀ ਗਈ। ਇਸ ਦੇ ਨਾਲ ਹੀ ਸਾਲ 2015-16 ’ਚ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਦੁਰਗਿਆਣਾ ਮੰਦਰ ਦੇ ਆਲੇ-ਦੁਆਲੇ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਫਸਾਡ ਪ੍ਰਾਜੈਕਟ ਲਾਂਚ ਕੀਤਾ ਗਿਆ ਜਿਸ ਵਿਚ ਹਾਲ ਗੇਟ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਅਤੇ ਹਾਥੀ ਗੇਟ ਤੋਂ ਲੈ ਕੇ ਦੁਰਗਿਆਣਾ ਮੰਦਰ ਤੱਕ ਸਾਰੀਆਂ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕੀਤਾ ਗਿਆ। ਅੰਮ੍ਰਿਤਸਰ ’ਚ ਕੀਤਾ ਇਹ ਕੰਮ ਪੰਜਾਬ ’ਚ ਅੰਡਰ ਗਰਾਊਂਡਿੰਗ ਕਰਨ ਲਈ ਪਹਿਲਾ ਪ੍ਰਾਜੈਕਟ ਹੈ। 

ਮਨਮੋਹਨ ਸਿੰਘ (ਉਪ ਸਕੱਤਰ ਲੋਕ ਸੰਪਰਕ, ਪੀ.ਐੱਸ.ਪੀ.ਸੀ.ਐੱਲ.)


Rakesh

Content Editor

Related News