ਭਾਜਪਾ ਨੇ ਮਹਾਰਾਸ਼ਟਰ ’ਚ ਪੋਖਰਣ ਵਰਗਾ ਖੁਫੀਆਪਣ ਅਪਣਾਇਆ

Sunday, Nov 24, 2019 - 01:39 AM (IST)

ਭਾਜਪਾ ਨੇ ਮਹਾਰਾਸ਼ਟਰ ’ਚ ਪੋਖਰਣ ਵਰਗਾ ਖੁਫੀਆਪਣ ਅਪਣਾਇਆ

ਵਰਿੰਦਰ ਕਪੂਰ

ਮਹਾਰਾਸ਼ਟਰ ’ਚ ਜਿਵੇਂ ਤਖਤਾ ਪਲਟ ਗਿਆ ਹੋਵੇ। ਇਸ ਦੀ ਕਿਸੇ ਨੂੂੰ ਵੀ ਭਿਣਕ ਨਹੀਂ ਲੱਗੀ। ਇਸ ਘਟਨਾਚੱਕਰ ਨੇ ਕਾਂਗਰਸ ਦੇ ਫਿਰਕਿਆਂ ਬਾਰੇ ਹੰਕਾਰ ਨੂੰ ਵੀ ਖੋਹ ਲਿਆ। ਮਹਾਰਾਸ਼ਟਰ ਵਿਚ ਜੋ ਜਿੱਤਿਆ, ਉਹੀ ਸਿਕੰਦਰ ਵਾਲੀ ਗੱਲ ਸਾਬਿਤ ਹੋਈ। ਸਿਰਫ ਇਕ ਹੀ ਜੇਤੂ ਐਲਾਨਿਆ ਗਿਆ ਅਤੇ ਬਾਕੀ ਦੇ ਸਾਰੇ ਸਿਆਸੀ ਖੇਡ ਵਿਚ ਮਾਤ ਖਾ ਗਏ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਿਰਫ ਚਲਾਕ ਸ਼ਰਦ ਪਵਾਰ ਨੂੰ ਸਕਤੇ ਵਿਚ ਹੀ ਨਹੀਂ ਪਾਇਆ, ਸਗੋਂ ਸ਼ਾਹ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਧਰਮ ਨਿਰਪੱਖ ਹੰਕਾਰ ਨੂੰ ਵੀ ਚੂਰ-ਚੂਰ ਕਰ ਦਿੱਤਾ। ਸੱਤਾ ਹਥਿਆਉਣ ਲਈ ਹਰੇਕ ਦਲ ਇਕ-ਦੂਜੇ ਨਾਲ ਮਿਲ-ਬੈਠਣ ਲਈ ਤਿਆਰ ਸੀ।

ਅਖੀਰ ਇਕ ਮਹੀਨੇ ਤਕ ਚੱਲੇ ਲੰਮੇ ਨਾਟਕ ਦਾ ਅੰਤ ਹੋਇਆ। ਭਾਜਪਾ ਨੇ ਚੋਣਾਂ ਤੋਂ ਪਹਿਲਾਂ ਦੇ ਸਹਿਯੋਗੀ ਦਲ ਨੂੰ ਨਕਾਰਿਆ। ਸ਼ਨੀਵਾਰ ਦੀ ਸਵੇਰ ਨੂੰ ਮਹਾਰਾਸ਼ਟਰ ਵਿਚ ਤਖਤਾ ਪਲਟ ਵਰਗਾ ਹੀ ਘਟਨਾਚੱਕਰ ਦੇਖਿਆ ਗਿਆ। ਭਾਜਪਾ ਨੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਨੂੰ ਸਹਿਯੋਗੀ ਬਣਾਇਆ, ਜਦਕਿ ਧਰਮ ਨਿਰਪੱਖ ਕਾਂਗਰਸ ਨੂੰ ਹਿੰਦੂਵਾਦੀ ਸ਼ਿਵ ਸੈਨਾ ਦਾ ਸਹਿਯੋਗ ਮਿਲਿਆ ਹੈ। ਭਾਜਪਾ ਨੇ ਇਸ ਗੱਲ ਦੀ ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਲੱਗਣ ਦਿੱਤੀ। ਭਾਜਪਾ ਨੇ ਸ਼ਰਦ ਪਵਾਰ, ਸੋਨੀਆ ਗਾਂਧੀ ਅਤੇ ਊਧਵ ਠਾਕਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਇਸ ਦੌਰਾਨ ਆਖਰੀ ਪਲਾਂ ਤਕ ਪੋਖਰਣ ਵਰਗਾ ਖੁਫੀਆਪਣ ਰੱਖਿਆ ਗਿਆ। ਮਹਾਰਾਸ਼ਟਰ ਦੇ ਰਾਜਪਾਲ ਬੀ. ਐੱਸ. ਕੋਸ਼ਿਆਰੀ ਨੇ ਦੇਵੇਂਦਰ ਫੜਨਵੀਸ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਅਹੁਦੇ ਦੀ ਅਤੇ ਉਨ੍ਹਾਂ ਦੇ ਨਵੇਂ ਸਹਿਯੋਗੀ ਅਜੀਤ ਪਵਾਰ ਨੂੰ ਉਪ-ਮੁੱਖ ਮੰਤਰੀ ਦੀ ਸਹੁੰ ਚੁਕਾਈ। ਸੋਨੀਆ-ਸ਼ਰਦ-ਊਧਵ ਕੋਲ ਹੁਣ ਹੰਝੂ ਵਹਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਰਿਹਾ। ਸ਼ਰਦ ਪਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਿਵੇਂ ਉਨ੍ਹਾਂ ਦੇ ਭਤੀਜੇ ਅਜੀਤ ਸ਼ਨੀਵਾਰ ਦੀ ਸਵੇਰ ਮੁੰਬਈ ਰਾਜਭਵਨ ਵਿਚ ਕਿਹੜਾ ਰਾਹ ਫੜਨ ਵਾਲੇ ਹਨ, ਓਧਰ ਊਧਵ ਠਾਕਰੇ ਤਾਂ ਆਪਣੇ ਬਿਸਤਰੇ ’ਤੇ ਲੇਟ ਕੇ ਆਪਣੇ ਮੰਤਰਾਲੇ ਦੇ ਗਠਨ ਦਾ ਸੁਪਨਾ ਲੈ ਰਹੇ ਸਨ।

ਸਾਬਕਾ ਨਿਊਜ਼ ਪੇਪਰ ਕਲਰਕ ਸੰਜੇ ਰਾਊਤ ਨੇ ਸੂਬੇ ਦੀ ਰਾਜਨੀਤੀ ਵਿਚ ਉਥਲ-ਪੁਥਲ ਮਚਾਉਣ ਲਈ ਇਕ ਅਜਿਹੀ ਮਸ਼ਹੂਰ ਖੇਡ ਖੇਡੀ, ਜਿਸ ਨਾਲ ਉਨ੍ਹਾਂ ਦੇ ਬੌਸ ਊਧਵ ਠਾਕਰੇ ਬਾਜ਼ਾਰ ਵਿਚ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹੋਣਗੇ। 50-50 ਦੀ ਮੰਗ ਬੋਗਸ ਦਿਖਾਈ ਦਿੱਤੀ ਕਿਉਂਕਿ ਆਪਣੇ ਸੀਨੀਅਰ ਸਹਿਯੋਗੀ ਦਲ ਤੋਂ ਅੱਧੀਆਂ ਹੀ ਸੀਟਾਂ ਜਿੱਤੀਆਂ।

ਦਿਲਚਸਪ ਗੱਲ ਇਹ ਰਹੀ ਕਿ ਸ਼ਰਦ ਪਵਾਰ ਦੀ ਬੇਟੀ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਟਵੀਟ ਕੀਤਾ ਕਿ ਪਰਿਵਾਰ ਅਤੇ ਪਾਰਟੀ ਵਿਚ ਤਰੇੜ ਸੀ। ਇਹ ਸੱਚ ਹੈ ਕਿ ਭਤੀਜੇ ਨੇ ਚਾਚੇ ਨੂੰ ਮਾਤ ਦਿੱਤੀ। ਪਾਰਟੀ ਨੂੰ ਅਸਲ ਵਿਚ ਅਜੀਤ ਨੇ ਆਪਣੇ ਕੰਟਰੋਲ ਵਿਚ ਰੱਖਿਆ। ਅਜੀਤ ਕੋਲ ਹੁਣ ਵਾਧੂ ਫਾਇਦਾ ਹੋਣਾ ਚਾਹੀਦਾ ਹੈ ਕਿ 54 ਮੈਂਬਰੀ ਰਾਕਾਂਪਾ ’ਚ ਫਿਰ ਫੁੱਟ ਪਵੇਗੀ। ਬਤੌਰ ਉਪ-ਮੁੱਖ ਮੰਤਰੀ ਉਹ ਮੰਤਰੀ ਅਹੁਦੇ ਆਪਣੇ ਵਿਧਾਇਕਾਂ ਨੂੰ ਦਿਵਾ ਸਕਣਗੇ। ਸ਼ਰਦ ਪਵਾਰ ਦੀ ਉਮਰ ਅਤੇ ਉਨ੍ਹਾਂ ਦੀ ਡਿਗਦੀ ਸਿਹਤ ਵੀ ਉਨ੍ਹਾਂ ਦੇ ਵਿਰੁੱਧ ਸੀ। ਆਖਿਰਕਾਰ ਰਾਕਾਂਪਾ ਵਿਚ ਉੱਤਰਾਧਿਕਾਰੀ ਹੁਣ ਤੈਅ ਹੋ ਚੁੱਕਾ ਹੈ ਅਤੇ ਉਹ ਸੁਪ੍ਰਿਆ ਤੋਂ ਜ਼ਿਆਦਾ ਅਜੀਤ ਨੂੰ ਸਮਝਿਆ ਜਾਵੇਗਾ, ਜਿਨ੍ਹਾਂ ਦਾ ਸ਼ਰਦ ਪਵਾਰ ਨੇ ਇਕ ਦਹਾਕੇ ਪਹਿਲਾਂ ਸਿਆਸਤ ਵਿਚ ਦਾਖਲਾ ਕਰਵਾਇਆ ਸੀ। ਅਜੀਤ ਪਵਾਰ ਨੇ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਬੇਟੇ ਨੂੰ ਵੀ ਖੜ੍ਹਾ ਕੀਤਾ ਸੀ, ਹਾਲਾਂਕਿ ਉਹ ਜਿੱਤਣ ਵਿਚ ਨਾਕਾਮ ਰਿਹਾ।

ਇਸ ਦੌਰਾਨ ਮੁੰਬਈ ਵਿਚ ਸ਼ਨੀਵਾਰ ਦੀ ਸਵੇਰ ਨੇ ਸਾਰੀਆਂ ਅਟਕਲਾਂ ’ਤੇ ਰੋਕ ਲਾ ਦਿੱਤੀ। ਇਥੇ ਇਹ ਕਹਿਣਾ ਵੀ ਕਾਫੀ ਹੋਵੇਗਾ ਕਿ ਵਿਰੋਧੀ ਪਾਰਟੀਆਂ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਦੀਆਂ ਪ੍ਰੇਸ਼ਾਨੀਆਂ ਤੋਂ ਉਤਸ਼ਾਹਿਤ ਨਜ਼ਰ ਆ ਰਹੀਆਂ ਸਨ। ਉਨ੍ਹਾਂ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਹੁਣ ਉਹ ਪਾਰਲੀਮੈਂਟ ਵਿਚ ਹੋਰ ਜ਼ਿਆਦਾ ਹਮਲਾਵਰੀ ਦਿਖਾਈ ਦੇਣਗੀਆਂ। ਅਸਫਲ ਲੋਕ ਰੈਫਰੀ ਨੂੰ ਹੀ ਦੋਸ਼ ਦੇਣਗੇ ਅਤੇ ਰੀ-ਮੈਚ ਕਰਵਾਉਣ ਦੀ ਮੰਗ ਕਰਨਗੀਆਂ।

ਓਧਰ ਮੀਡੀਆ ਨੂੰ ਵੀ ਕੋਈ ਭਿਣਕ ਨਾ ਲੱਗੀ। ਪਿਛਲੇ ਇਕ ਮਹੀਨੇ ਤੋਂ ਸਿਆਸੀ ਪਾਰਟੀਆਂ ਇਕੱਠੀਆਂ ਬੈਠ ਕੇ ਸਰਕਾਰ ਦੇ ਗਠਨ ਲਈ ਕੋਈ ਹੱਲ ਲੱਭ ਰਹੀਆਂ ਸਨ। ਕਾਂਗਰਸ ਅਤੇ ਸ਼ਿਵ ਸੈਨਾ ਮਹਾਰਾਸ਼ਟਰ ਵਰਗੇ ਵੱਡੇ ਸੂਬੇ ਵਿਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਸੰਭਾਵੀ ਸੁਪਨੇ ਦੇਖ ਰਹੀਆਂ ਸਨ। ਪਾਠਕਾਂ ਦੀ ਯਾਦਦਾਸ਼ਤ ਲਈ ਇੰਨਾ ਦੱਸਣਾ ਜ਼ਰੂਰੀ ਹੈ ਕਿ ਸ਼ਿਵ ਸੈਨਾ ਸੰਸਥਾਪਕ ਬਾਲ ਠਾਕਰੇ ਇਕ ਨਿਊਜ਼ ਪੇਪਰ ਕਾਰਟੂਨਿਸਟ ਸਨ। ਉਸ ਸਮੇਂ ਉਨ੍ਹਾਂ ਨੂੰ ਅਤੇ ਮਰਹੂਮ ਰਜਨੀ ਪਟੇਲ ਨੂੰ ਟੈਕਸਟਾਈਲ ਮਿੱਲਾਂ ਵਿਚ ਮਜ਼ਬੂਤ ਟ੍ਰੇਡ ਯੂਨੀਅਨਾਂ ਦੇ ਗੜ੍ਹ ਨੂੰ ਤੋੜਨ ਲਈ ਮਹਾਰਾਸ਼ਟਰ ਦੇ ਕਾਂਗਰਸੀ ਮੁੱਖ ਮੰਤਰੀ ਵੀ. ਪੀ. ਨਾਇਕ ਨੇ ਉਤਸ਼ਾਹਿਤ ਕੀਤਾ ਸੀ। 60 ਦੇ ਦਹਾਕੇ ਵਿਚ ਨਵੀਂ ਗਠਿਤ ਸ਼ਿਵ ਸੈਨਾ ਨੇ ਬਾਹਰੀ ਲੋਕਾਂ ਵਿਰੁੱਧ ਮੁਹਿੰਮ ਛੇੜੀ। ਦੱਖਣੀ ਭਾਰਤੀਆਂ ਜਾਂ ‘ਲੂੰਗੀ ਵਾਲੇ’, ਜਿਵੇਂ ਕਿ ਠਾਕਰੇ ਉਨ੍ਹਾਂ ਨੂੰ ਸੱਦਦੇ ਸਨ, ਨੂੰ ਨਿਸ਼ਾਨਾ ਬਣਾਇਆ ਗਿਆ। ਠਾਕਰੇ ਦਾ ਮੰਨਣਾ ਸੀ ਕਿ ਇਹ ਲੋਕ ਮਹਾਰਾਸ਼ਟਰ ਵਾਸੀਆਂ ਤੋਂ ਨੌਕਰੀਆਂ ਖੋਹ ਰਹੇ ਹਨ। ਉਨ੍ਹਾਂ ਨੇ ਮਰਾਠੀ ਮਾਨੁਸ਼ ਦੀ ਗੱਲ ਕੀਤੀ। ਇਸੇ ਕਾਰਣ ਠਾਕਰੇ ਨੂੰ ਸਥਾਨਕ ਲੋਕਾਂ ਵਿਚ ਮਹੱਤਤਾ ਮਿਲੀ। ਇਸ ਦੌਰਾਨ ਮਿੱਲ ਮਾਲਕਾਂ ਨੇ ਸ਼ਿਵ ਸੈਨਾ ਨੂੰ ਉਤਸ਼ਾਹਿਤ ਕੀਤਾ ਕਿ ਸੈਨਾ ਨੂੰ ਆਪਣਾ ਵਿਰੋਧੀ ਟ੍ਰੇਡ ਯੂਨੀਅਨ ਵਿੰਗ ਸਥਾਪਿਤ ਕਰਨਾ ਚਾਹੀਦਾ ਹੈ।

ਇਸ ਦੌਰਾਨ ਇੰਦਰਾ ਗਾਂਧੀ ਦੀ ਕਾਂਗਰਸ ਵਿਚ ਨਾਇਕ ਅਤੇ ਪਟੇਲ ਨੇ ਆਪਣਾ ਪ੍ਰਭਾਵ ਗੁਆ ਦਿੱਤਾ, ਓਧਰ ਮੁੰਬਈ ਵਿਚ ਸ਼ਿਵ ਸੈਨਾ ਨੇ ਖ਼ੁਦ ਨੂੰ ਸਥਾਪਿਤ ਕਰ ਲਿਆ। ਓਧਰ ਤੱਤਕਾਲੀ ਕਾਂਗਰਸੀ ਮੁੱਖ ਮੰਤਰੀ ਵਸੰਤ ਦਾਦਾ ਪਾਟਿਲ ਨੇ ਸ਼ਿਵ ਸੈਨਾ ਨੂੂੰ ਸੁਝਾਇਆ ਕਿ ਉਹ ਬਾਂਬੇ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਕਦਮ ਨੂੰ ਅੱਗੇ ਵਧਾਉਣ। ਸ਼ਿਵ ਸੈਨਾ ਨੇ ਮਰਾਠੀ ਸੰਵੇਦਨਾਵਾਂ ਨੂੰ ਸਮਝਦੇ ਹੋਏ ਬੀ. ਐੱਮ. ਸੀ. ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ। ਦੇਸ਼ ਦੀ ਸਭ ਤੋਂ ਅਮੀਰ ਮਿਊਂਸੀਪਲ ਬਾਡੀ ਸ਼ਿਵ ਸੈਨਾ ਦੇ ਹੱਥਾਂ ਵਿਚ ਆ ਗਈ, ਜਿਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਕੁਝ ਸਾਲਾਂ ਬਾਅਦ ਸ਼ਿਵ ਸੈਨਾ ਅਤੇ ਭਾਜਪਾ ਨੇ ਹੱਥ ਨਾਲ ਹੱਥ ਮਿਲਾਇਆ, ਤਾਂ ਕਿ ਕਾਂਗਰਸ ਨੂੰ ਚੁਣੌਤੀ ਦਿੱਤੀ ਜਾ ਸਕੇ। ਮੋਦੀ ਦੀ ਅਗਵਾਈ ਵਾਲੀ ਭਾਜਪਾ ਇਕ ਪ੍ਰਭਾਵਸ਼ਾਲੀ ਸਹਿਯੋਗੀ ਦੇ ਤੌਰ ’ਤੇ ਉੱਭਰ ਕੇ ਆਈ। ਇਕ-ਦੂਜੇ ਨੂੂੰ ਨੀਵਾਂ ਦਿਖਾਉਣ ਵਾਲੀ ਕਾਂਗਰਸ ਅਤੇ ਸ਼ਿਵ ਸੈਨਾ ਹੁਣ ਨੇੜੇ ਆਉਣ ਬਾਰੇ ਸੋਚਣਗੀਆਂ, ਹਾਲਾਂਕਿ ਰਾਜਨੀਤੀ ਦੇ ਦੋਵਾਂ ਬ੍ਰਾਂਡਾਂ ਨੂੰ ਹੁਣ ਪਛਾਣ ਸਕਣਾ ਮੁਸ਼ਕਿਲ ਹੋਵੇਗਾ। ਆਪਣੀ ਵਿਚਾਰਧਾਰਾ ਨੂੰ ਬਚਾਉਣ ਲਈ ਦੋਵੇਂ ਪਾਰਟੀਆਂ ਹੀ ਅਸਫਲ ਹੋਈਆਂ ਹਨ।

(virendra1946@yahoo.co.in)


author

Bharat Thapa

Content Editor

Related News