ਵਿਦੇਸ਼ ਜਾਣ ਦਾ ‘ਖ਼ਤਰਨਾਕ ਤਰੀਕਾ’ ‘ਡੰਕੀ ਰੂਟ’ ਜਾਂ ‘ਡੰਕੀ ਫਲਾਈਟ’!
Thursday, Jan 18, 2024 - 05:00 AM (IST)
ਕੈਨੇਡਾ ’ਚ ਨੌਕਰੀਆਂ ਲਈ ਮਾਰਾਮਾਰੀ ਦੇ ਕਾਰਨ ਉੱਥੇ ਰਹਿਣ ਵਾਲੇ ਭਾਰਤੀ ਵਿਦਿਆਰਥੀ ਹੁਣ ਨਾ ਤਾਂ ਕੁਝ ਕਮਾ ਪਾ ਰਹੇ ਹਨ ਅਤੇ ਨਾ ਬਚਤ ਕਰ ਪਾ ਰਹੇ ਹਨ। ਵਿਦਿਆਰਥੀਆਂ ਨੂੰ ਕਿਰਾਏ ’ਤੇ ਮਕਾਨ ਨਹੀਂ ਮਿਲ ਰਹੇ ਅਤੇ ਮਜਬੂਰਨ 6-6,8-8 ਵਿਦਿਆਰਥੀਆਂ ਨੂੰ ਸਟੋਰ ਰੂਮਾਂ ਜਾਂ ਘਰਾਂ ਦੀਆਂ ਬੇਸਮੈਂਟਾਂ ’ਚ ਰਹਿਣਾ ਪੈ ਰਿਹਾ ਹੈ। ਹਾਲਾਂਕਿ ਕੈਨੇਡਾ ਸਰਕਾਰ ਹੁਣ ਆਪਣੇ ਦੇਸ਼ ’ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਜਾ ਰਹੀ ਹੈ ਪਰ ਬਿਹਤਰ ਜ਼ਿੰਦਗੀ ਦੀ ਚਾਹਤ ’ਚ ਹਾਲ ਹੀ ਦੇ ਸਾਲਾਂ ’ਚ ਭਾਰਤੀਆਂ ਦਾ ਵਿਦੇਸ਼ ਜਾਣ ਦਾ ਮੋਹ ਘੱਟ ਨਹੀਂ ਹੋ ਰਿਹਾ। ਇਸ ਲਈ ਉਹ ਨਾਜਾਇਜ਼ ਢੰਗ ਵੀ ਅਪਣਾ ਰਹੇ ਹਨ, ਜਿਨ੍ਹਾਂ ’ਚੋਂ ਇਕ ਹੈ ‘ਡੰਕੀ ਰੂਟ’ ਜਾਂ ‘ਡੰਕੀ ਫਲਾਈਟ’।
15 ਜਨਵਰੀ ਨੂੰ ਦਿੱਲੀ ਪੁਲਸ ਨੇ ਨਾਜਾਇਜ਼ ਦਸਤਾਵੇਜ਼ਾਂ ਦੇ ਆਧਾਰ ’ਤੇ ਲੋਕਾਂ ਨੂੰ ‘ਡੰਕੀ ਰੂਟ’ ਰਾਹੀਂ ਯੂਰਪੀ ਦੇਸ਼ਾਂ ’ਚ ਭੇਜਣ ਦੇ ਦੋਸ਼ ’ਚ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਇਕ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕੀਤਾ। ਦੋਸ਼ੀ ਫਰਜ਼ੀ ਵਰਕ ਪਰਮਿਟਾਂ ਦੇ ਬਦਲੇ ਹਰੇਕ ਯਾਤਰੀ ਤੋਂ 15 ਲੱਖ ਰੁਪਏ ਤੱਕ ਵਸੂਲ ਕਰ ਰਹੇ ਸਨ। ਨੌਜਵਾਨ ਜਿਨ੍ਹਾਂ ’ਚ ਜ਼ਿਆਦਾਤਰ ਗੈਰ-ਹੁਨਰਮੰਦ ਕਾਮੇ ਹੁੰਦੇ ਹਨ, ਆਪਣੀ ਜਾਨ ਖ਼ਤਰੇ ’ਚ ਪਾ ਕੇ ਅਮਰੀਕਾ, ਇੰਗਲੈਂਡ ਜਾਂ ਕੈਨੇਡਾ ਪਹੁੰਚ ਰਹੇ ਹਨ। ਟ੍ਰੈਵਲ ਏਜੰਸੀਆਂ ਗਾਰੰਟੀਸ਼ੁਦਾ ਵੀਜ਼ਾ ਦਿਵਾਉਣ ਦਾ ਵਾਅਦਾ ਕਰ ਕੇ ਗਾਹਕਾਂ ਨੂੰ ਭਰਮਾਉਂਦੀਆਂ ਹਨ। ਕੁਝ ਏਜੰਸੀਆਂ ਤਾਂ ਜਾਇਜ਼ ਹਨ ਪਰ ਕੁਝ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਤਰੀਕੇ ਸਹੀ ਨਹੀਂ ਹਨ। ਗਾਹਕ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਇਨ੍ਹਾਂ ਨੂੰ ਭਾਰੀ ਰਕਮਾਂ ਦਾ ਭੁਗਤਾਨ ਕਰ ਕੇ ਖ਼ਤਰਨਾਕ ਸਫ਼ਰ ਤੈਅ ਕਰਦੇ ਹਨ। ਇਸ ਯਾਤਰਾ ਵਿਚਾਲੇ ਕਈ ਅਜਿਹੇ ਪੜਾਅ ਵੀ ਆਉਂਦੇ ਹਨ, ਜਿੱਥੇ ਇਨ੍ਹਾਂ ਲੋਕਾਂ ਨੂੰ ਖ਼ਤਰਨਾਕ ਰਸਤਿਆਂ ਤੋਂ ਹੁੰਦੇ ਹੋਏ ਜਹਾਜ਼ਾਂ, ਮਾਲ ਢੋਣ ਵਾਲੇ ਕੰਟੇਨਰਾਂ ਅਤੇ ਤੇਲ ਦੇ ਟੈਂਕਰਾਂ ’ਚ ਲੁਕ ਕੇ ਇਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰਨੀ ਪੈਂਦੀ ਹੈ।
ਏਜੰਟ ਇਨ੍ਹਾਂ ਨੂੰ ਜਾਅਲੀ ਦਸਤਾਵੇਜ਼, ਰੈਜ਼ੀਡੈਂਸੀ ਪਰਮਿਟ ਅਤੇ ਡਰਾਈਵਿੰਗ ਲਾਇਸੰਸ ਆਦਿ ਵੀ ਮੁਹੱਈਆ ਕਰਵਾਉਂਦੇ ਹਨ, ਜਿਸ ਲਈ ਉਹ ਵੱਖਰੀ ਕੀਮਤ ਵਸੂਲ ਕਰਦੇ ਹਨ। ਅਮਰੀਕਾ ’ਚ ਨਾਜਾਇਜ਼ ਦਾਖਲੇ ਲਈ ਮੈਕਸੀਕੋ, ਨਿਕਾਰਾਗੁਆ ਵਰਗੇ ਮੱਧ-ਅਮਰੀਕੀ ਦੇਸ਼ਾਂ ਦੇ ਰਸਤਿਆਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਅਮਰੀਕਾ ’ਚ ‘ਡੰਕੀ ਫਲਾਈਟ’ ਦੇ ਦੋ ਮਹੱਤਵਪੂਰਨ ਰਾਹ ਕੈਨੇਡਾ ਬਾਰਡਰ ਅਤੇ ਮੈਕਸੀਕੋ ਬਾਰਡਰ ਹਨ। ਅਮਰੀਕਾ ਪਹੁੰਚਣ ’ਚ ਕਈ ਹਫਤੇ ਜਾਂ ਮਹੀਨੇ ਲੱਗ ਜਾਂਦੇ ਹਨ ਅਤੇ ਇਸ ’ਚ ਇਕ ਤਰ੍ਹਾਂ ਨਾਲ ਪੂਰਾ ਗਿਰੋਹ ਕੰਮ ਕਰਦਾ ਹੈ। ਗਾਹਕਾਂ ਨੂੰ ਅੱਗੇ ਤੋਂ ਅੱਗੇ ਵੱਖ-ਵੱਖ ਦਲਾਲਾਂ ਨੂੰ ‘ਵੇਚਿਆ’ ਜਾਂਦਾ ਹੈ। ਇਹ ਲੋਕ ਕਈ ਦੇਸ਼ਾਂ ਤੋਂ ਹੁੰਦੇ ਹੋਏ ਅਮਰੀਕਾ ਪਹੁੰਚਦੇ ਹਨ। ਪਹਿਲਾਂ ਉਨ੍ਹਾਂ ਨੂੰ ਮੱਧ-ਪੂਰਬ ਜਾਂ ਯੂਰਪ ਦੇ ਕਿਸੇ ਦੇਸ਼ ’ਚ ਲਿਜਾਇਆ ਜਾਂਦਾ ਹੈ, ਉੱਥੋਂ ਅਗਲਾ ਪੜਾਅ ਅਮਰੀਕਾ ਜਾਂ ਦੱਖਣੀ ਅਮਰੀਕਾ ਹੁੰਦਾ ਹੈ ਅਤੇ ਫਿਰ ਇਧਰ-ਓਧਰ ਘੁੰਮਾ ਕੇ ਮੈਕਸੀਕੋ ਬਾਰਡਰ ਤੋਂ ਅਮਰੀਕਾ ਪਹੁੰਚਾਇਆ ਜਾਂਦਾ ਹੈ। ਇੰਨਾ ਜੋਖਮ ਉਠਾਉਣ ਪਿੱਛੋਂ ਵੀ ਮੰਜ਼ਿਲ ਤੱਕ ਪਹੁੰਚਣ ਦੀ ਗਾਰੰਟੀ ਨਹੀਂ ਹੁੰਦੀ। ਜੋ ਲੋਕ ਫੜੇ ਜਾਂਦੇ ਹਨ ਉਨ੍ਹਾਂ ਨੂੰ ਜਾਂ ਤਾਂ ਵਾਪਸ ਭੇਜ ਦਿੱਤਾ ਜਾਂਦਾ ਹੈ ਜਾਂ ਜੇਲ੍ਹ ਯਾਤਰਾ ਕਰਨੀ ਪੈਂਦੀ ਹੈ ਅਤੇ ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਜਨਵਰੀ, 2022 ’ਚ ਅਮਰੀਕਾ-ਕੈਨੇਡਾ ਬਾਰਡਰ ਦੇ ਨੇੜੇ ਤੂਫਾਨ ’ਚ ਘਿਰ ਕੇ 4 ਲੋਕਾਂ ਦੀ ਮੌਤ ਵੀ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਜਨਵਰੀ, 2023 ’ਚ ਵੀ ਇਕ ਏਜੰਟ ਰਾਹੀਂ ਅਹਿਮਦਾਬਾਦ ਤੋਂ ਅਮਰੀਕਾ ਲਈ ਨਿਕਲੇ 9 ਲੋਕ ਗ੍ਰਿਫਤਾਰ ਕੀਤੇ ਗਏ ਸਨ, ਜਿਨ੍ਹਾਂ ਦਾ ਅੱਜ ਤਕ ਕੋਈ ਅਤਾ-ਪਤਾ ਨਹੀਂ। 1 ਜਨਵਰੀ, 2023 ਤੋਂ ਪਹਿਲਾਂ ਭਾਰਤੀ ਬਿਨਾਂ ਵੀਜ਼ਾ ਦੇ ਸਰਬੀਆ ਜਾ ਕੇ ਉੱਥੋਂ ਨਾਜਾਇਜ਼ ਢੰਗ ਨਾਲ ਯੂਰਪੀ ਦੇਸ਼ਾਂ ਨੂੰ ਚਲੇ ਜਾਂਦੇ ਸਨ। ਟ੍ਰੈਵਲ ਏਜੰਟ ਉਨ੍ਹਾਂ ਨੂੰ ਦਿੱਲੀ ਤੋਂ ਸਰਬੀਆ ਲਈ ਸਿੱਧੀ ਉਡਾਣ ’ਚ ਚੜ੍ਹਾਉਂਦੇ ਅਤੇ ਬੇਲਗ੍ਰੇਡ ’ਚ ਉਤਾਰਦੇ ਸਨ। ਇੱਥੋਂ ਉਨ੍ਹਾਂ ਨੂੰ ਹੰਗਰੀ ਅਤੇ ਆਸਟ੍ਰੀਆ ਲਿਜਾਇਆ ਜਾਂਦਾ ਸੀ, ਜਿਸ ਦੀ ਸਰਹੱਦ ਇਟਲੀ, ਸਵਿਟਜ਼ਰਲੈਂਡ ਅਤੇ ਜਰਮਨੀ ਨਾਲ ਲੱਗਦੀ ਹੈ। ਭਾਰਤੀ ਨਾਜਾਇਜ਼ ਢੰਗ ਨਾਲ ਉੱਥੇ ਪਹੁੰਚ ਜਾਂਦੇ ਸਨ ਪਰ ਹੁਣ ਸਰਬੀਆ ਨੇ ਭਾਰਤੀਆਂ ਲਈ ਵੀਜ਼ਾ ਫ੍ਰੀ ਯਾਤਰਾ ਬੰਦ ਕਰ ਦਿੱਤੀ ਹੈ।
ਕੁਲ ਮਿਲਾ ਕੇ ਵਿਦੇਸ਼ ਜਾਣ ਦਾ ਇਹ ਤਰੀਕਾ ਜੋਖਮ ਭਰਿਆ ਅਤੇ ਜਾਨ ਨੂੰ ਖ਼ਤਰੇ ’ਚ ਪਾਉਣ ਵਾਲਾ ਹੈ। ਇਸ ਲਈ ਜਾਨ ਜੋਖਮ ’ਚ ਪਾ ਕੇ ਭਾਰੀ ਰਕਮ ਖਰਚ ਕਰ ਕੇ ਵਿਦੇਸ਼ ਜਾਣ ਨਾਲੋਂ ਬਿਹਤਰ ਇਹ ਹੈ ਕਿ ਆਪਣੇ ਹੀ ਦੇਸ਼ ’ਚ ਇੰਨੀ ਰਕਮ ਖਰਚ ਕਰ ਕੇ ਕੋਈ ਸਨਮਾਨਜਨਕ ਕਾਰੋਬਾਰ ਸ਼ੁਰੂ ਕਰ ਲਿਆ ਜਾਵੇ।
- ਵਿਜੇ ਕੁਮਾਰ