ਅੱਤਵਾਦੀ ਗਿਰੋਹ ਆਈ.ਐੱਸ.ਆਈ.ਐੱਸ. (ਖੋਰਾਸਾਨ) ਨੇ ਖੇਡੀ ਰੂਸ ’ਚ ਖੂਨ ਦੀ ਹੋਲੀ

03/24/2024 2:49:08 AM

ਰੂਸ ਨੂੰ ਦੁਨੀਆ ਦੇ 3 ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ ਪਰ ਫੌਜੀ ਨਜ਼ਰੀਏ ਤੋਂ ਬੇਹੱਦ ਮਜ਼ਬੂਤ ਸਮਝਿਆ ਜਾਣ ਵਾਲਾ ਇਹ ਦੇਸ਼ ਵੀ ਅੱਤਵਾਦੀਆਂ ਦੇ ਹਮਲਿਆਂ ਤੋਂ ਮੁਕਤ ਨਹੀਂ ਰਿਹਾ, ਜਿਨ੍ਹਾਂ ’ਚੋਂ ਚੰਦ ਹਮਲੇ ਹੇਠਾਂ ਦਰਜ ਹਨ :

* ਅਕਤੂਬਰ, 2002 ’ਚ ਅੱਤਵਾਦੀਆਂ ਨੇ ‘ਮਾਸਕੋ ਥੀਏਟਰ’ ’ਚ ਬੰਦੀ ਬਣਾਏ ਲਗਭਗ 800 ਲੋਕਾਂ ’ਚੋਂ 129 ਲੋਕਾਂ ਦੀ ਹੱਤਿਆ ਕਰ ਦਿੱਤੀ।

* ਸਤੰਬਰ, 2004 ’ਚ 30 ‘ਚੇਚਨੀਆ ਫਾਈਟਰਜ਼’ ਵਲੋਂ ਦੱਖਣੀ ਰੂਸ ਦੇ ‘ਬੇਸਲਾਨ’ ਸਥਿਤ ਸਕੂਲ ’ਚ ਬੰਦੀ ਬਣਾ ਕੇ ਰੱਖੇ ਸੈਂਕੜੇ ਲੋਕਾਂ ’ਚੋਂ 330 ਨੂੰ ਮਾਰ ਦਿੱਤਾ ਗਿਆ।

* 2011 ’ਚ ਮਾਸਕੋ ਦੇ ‘ਡੋਮੋਡੇਡੋਵੋ’ ਹਵਾਈ ਅੱਡੇ ’ਤੇ ਆਤਮਘਾਤੀ ਹਮਲਾਵਰਾਂ ਨੇ 30 ਲੋਕਾਂ ਦੀ ਹੱਤਿਆ ਕਰ ਦਿੱਤੀ।

* 2013 ’ਚ ‘ਵੋਲਵੋਗ੍ਰਾਦ’ ’ਚ ਆਤਮਘਾਤੀ ਹਮਲਾਵਰਾਂ ਨੇ 34 ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ।

* ਅਕਤੂਬਰ, 2015 ’ਚ ਇਸਲਾਮਿਕ ਸਟੇਟ ਨੇ ਸਿਨਾਈ ’ਚ ਰੂਸ ਦੇ ਇਕ ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਸਾਰੇ 224 ਯਾਤਰੀਆਂ ਦੀ ਮੌਤ ਹੋ ਗਈ।

* 2017 ’ਚ ਸੇਂਟ ਪੀਟਰਸਬਰਗ ਮੈਟਰੋ ’ਚ ਇਕ ਧਮਾਕੇ ’ਚ 14 ਲੋਕ ਮਾਰੇ ਗਏ।

* ਅਤੇ ਹੁਣ 22 ਮਾਰਚ ਨੂੰ ਰੂਸ ਦੀ ਰਾਜਧਾਨੀ ਮਾਸਕੋ ’ਚ ਰਾਤ 11.15 ਵਜੇ, ਜਦ ਪ੍ਰਸਿੱਧ ਰੂਸੀ ਰਾਕ ਬੈਂਡ ‘ਪਿਕਨਿਕ’ ਵਲੋਂ ‘ਕ੍ਰੋਕਸ ਸਿਟੀ ਹਾਲ’ ’ਚ ਗੀਤ-ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ, ਫੌਜ ਦੀ ਵਰਦੀ ਪਾ ਕੇ ਆਏ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ.-ਕੇ (ਖੋਰਾਸਾਨ) ਦੇ ਬੰਦੂਕਧਾਰੀਆਂ ਨੇ ਹਾਲ ਦਾ ਮੇਨ ਗੇਟ ਬੰਦ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਗ ਲਾ ਦਿੱਤੀ।

ਇਸ ਦੇ ਨਤੀਜੇ ਵਜੋਂ ਹੁਣ ਤੱਕ ਲਗਭਗ 143 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋ ਗਏ। ਇਸ ਨੂੰ ਪਿਛਲੇ 2 ਦਹਾਕਿਆਂ ਦੌਰਾਨ ਰੂਸ ’ਚ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਇਸ ਹਮਲੇ ਦੀ ਪ੍ਰੇਰਨਾ 2008 ’ਚ ਮੁੰਬਈ ਅੱਤਵਾਦੀ ਹਮਲੇ ਤੋਂ ਲਈ ਸੀ ਜਿਸ ’ਚ 166 ਲੋਕਾਂ ਦੀ ਮੌਤ ਹੋਈ ਸੀ।

ਇਕ ਅੱਖੀਂ ਦੇਖਣ ਵਾਲੇ ਅਨੁਸਾਰ ਹਮਲਾਵਰਾਂ ਨੇ ਦਾੜ੍ਹੀ ਰੱਖੀ ਹੋਈ ਸੀ ਅਤੇ ਉਨ੍ਹਾਂ ਕੋਲ ਏ.ਕੇ. ਸੀਰੀਜ਼ ਦੇ ਹਥਿਆਰ ਸਨ। ਇਕ ਰਿਪੋਰਟ ਅਨੁਸਾਰ ਜਿਸ ਹਾਲ ’ਚ ਇਹ ਘਟਨਾ ਹੋਈ, ਉਸ ’ਚ 6200 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਦੱਸਿਆ ਜਾਂਦਾ ਹੈ ਕਿ ਇਸੇ 7 ਮਾਰਚ ਨੂੰ ਰੂਸ ਸਥਿਤ ਅਮਰੀਕੀ ਦੂਤਾਵਾਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅੱਤਵਾਦੀਆਂ ਵਲੋਂ ਮਾਸਕੋ ’ਚ ਮਿਊਜ਼ਿਕ ਕੰਸਰਟ ’ਚ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਉਸ ਸਮੇਂ ਵਲਾਦੀਮੀਰ ਪੁਤਿਨ ਨੇ ਅਮਰੀਕੀ ਦੂਤਾਵਾਸ ਵਲੋਂ ਦਿੱਤੀ ਗਈ ਇਸ ਚਿਤਾਵਨੀ ਦੀ ਨਿੰਦਾ ਕੀਤੀ ਸੀ।

ਰੂਸ ਦੀ ਸੰਘੀ ਸੁਰੱਖਿਆ ਸੇਵਾ ਦੇ ਮੁਖੀ ਅਨੁਸਾਰ ਇਸ ਸਿਲਸਿਲੇ ’ਚ ਹਿਰਾਸਤ ’ਚ ਲਏ ਗਏ 11 ਲੋਕਾਂ ’ਚੋਂ 4 ਲੋਕ ਸਿੱਧੇ ਇਸ ਹਮਲੇ ’ਚ ਸ਼ਾਮਲ ਸਨ।

ਰੂਸ ਨੇ ਇਸ ਹਮਲੇ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਇਸ ’ਚ ਯੂਕ੍ਰੇਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ, ਜਿਸ ਦਾ ਖੰਡਨ ਕਰਦੇ ਹੋਏ ਯੂਕ੍ਰੇਨ ਨੇ ਕਿਹਾ ਹੈ ਕਿ ‘‘ਇਹ ਕੌਮਾਂਤਰੀ ਭਾਈਚਾਰੇ ’ਚ ਯੂਕ੍ਰੇਨ ਨੂੰ ਬਦਨਾਮ ਕਰਨ ਦਾ ਇਕ ਹਿੱਸਾ ਹੈ। ਸਾਡੇ ਦੇਸ਼ ਵਿਰੁੱਧ ਰੂਸੀ ਨਾਗਰਿਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।’’

ਵਰਨਣਯੋਗ ਹੈ ਕਿ ਆਈ.ਐੱਸ.ਆਈ.ਐੱਸ.-ਕੇ (ਖੋਰਾਸਾਨ) ਆਈ.ਐੱਸ.ਆਈ.ਐੱਸ. ਦੀ ਇਕ ਸ਼ਾਖਾ ਹੈ, ਜਿਸ ਨੂੰ ਜਨਵਰੀ, 2015 ’ਚ ਗਠਿਤ ਕੀਤਾ ਗਿਆ ਸੀ। ਇਸ ਗਰੁੱਪ ’ਚ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜੇ ਲੋਕ ਵੀ ਸ਼ਾਮਲ ਹਨ। ਇਸ ਗਰੁੱਪ ਨੂੰ ਮੁੱਖ ਤੌਰ ’ਤੇ ਸੀਰੀਆ, ਖੋਰਾਸਾਨ ਤੋਂ ਚਲਾਇਆ ਜਾਂਦਾ ਹੈ ਅਤੇ ਇਹ ਪਹਿਲਾਂ ਵੀ ਕਈ ਅੱਤਵਾਦੀ ਹਮਲੇ ਕਰ ਚੁੱਕਾ ਹੈ।

ਬੇਰਹਿਮੀ ਲਈ ਬਦਨਾਮ ਇਸ ਅੱਤਵਾਦੀ ਗਿਰੋਹ ਨੇ ਪਹਿਲਾਂ ਹੀ ਈਰਾਨ, ਤੁਰਕਮੇਨਿਸਤਾਨ ਅਤੇ ਅਫਗਾਨਿਸਤਾਨ ’ਚ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਇਹ ਹੁਣ ਰੂਸ ਤੱਕ ਆ ਪਹੁੰਚਿਆ ਹੈ ਕਿਉਂਕਿ ਮੁਸਲਮਾਨਾਂ ’ਤੇ ਜ਼ੁਲਮਾਂ ਲਈ ਆਈ.ਐੱਸ.ਆਈ.ਐੱਸ. ਰੂਸ ਨੂੰ ਵੀ ਜ਼ਿੰਮੇਵਾਰ ਮੰਨਦਾ ਹੈ।

ਇਸੇ ਸਾਲ 18 ਮਾਰਚ ਨੂੰ ਵਲਾਦੀਮੀਰ ਪੁਤਿਨ ਪੰਜਵੀਂ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ, ਜਿਸ ਦੇ ਬਾਅਦ ਆਪਣੇ ਭਾਸ਼ਣ ’ਚ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਰੂਸ ਪਹਿਲਾਂ ਤੋਂ ਵੀ ਵੱਧ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣੇਗਾ ਪਰ ਪੁਤਿਨ ਦੇ ਉਕਤ ਦਾਅਵੇ ਦੇ ਸਿਰਫ ਪੰਜ ਦਿਨ ਪਿੱਛੋਂ ਹੀ ਅੱਤਵਾਦੀ ਹਮਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੱਤਵਾਦੀਆਂ ਦੇ ਅੱਗੇ ਰੂਸ ਵੀ ਓਨਾ ਹੀ ਬੇਵੱਸ ਹੈ ਜਿੰਨੇ ਦੁਨੀਆ ਦੇ ਹੋਰ ਦੇਸ਼।

ਇਸ ਘਟਨਾਕ੍ਰਮ ਤੋਂ ਜੇ ਕੋਈ ਸਿੱਖਿਆ ਲਈ ਜਾ ਸਕਦੀ ਹੈ ਤਾਂ ਉਹ ਇਹੀ ਹੈ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਆਪਸੀ ਕੁੜੱਤਣ ਛੱਡ ਕੇ ਸਮਾਜ ’ਚ ਹਿੰਸਾ ਫੈਲਾਉਣ ਵਾਲੇ ਤੱਤਾਂ ਦਾ ਖਾਤਮਾ ਕਰਨਾ ਚਾਹੀਦਾ ਹੈ। ਇਕ ਹੀ ਵਾਰ ਮਿਲਣ ਵਾਲੀ ਇਹ ਜ਼ਿੰਦਗੀ ਹੱਸ-ਖੇਡ ਕੇ ਬਿਤਾਉਣ ਅਤੇ ਆਨੰਦ ਮਾਨਣ ਲਈ ਹੈ, ਇਸ ਨੂੰ ਹਿੰਸਾ ਦੀ ਭੇਟ ਚੜ੍ਹਾਉਣਾ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ।

-ਵਿਜੇ ਕੁਮਾਰ


Harpreet SIngh

Content Editor

Related News