ਮੰਦਰ-ਮਸਜਿਦ ਦਾ ਝਗੜਾ ਕਦੋਂ ਤੱਕ ਚੱਲੇਗਾ?
Monday, Feb 12, 2024 - 05:30 PM (IST)
ਅਯੁੱਧਿਆ ’ਚ ਭਗਵਾਨ ਸ਼੍ਰੀਰਾਮ ਦੀ ਵਿਸ਼ਾਲ ਪ੍ਰਾਣ-ਪ੍ਰਤਿਸ਼ਠਾ ਦੇ ਬਾਅਦ ਹੁਣ ਹਿੰਦੂਤਵ ਦੀਆਂ ਸ਼ਕਤੀਆਂ ਦਾ ਧਿਆਨ ਕਾਸ਼ੀ ਦੀ ਗਿਆਨਵਾਪੀ ਮਸਜਿਦ ਅਤੇ ਮਥੁਰਾ ਦੀ ਕ੍ਰਿਸ਼ਨ ਜਨਮਭੂਮੀ ’ਤੇ ਕੇਂਦ੍ਰਿਤ ਹੋ ਗਿਆ ਹੈ। ਵਿਰੋਧੀ ਪਾਰਟੀਆਂ ਇਸ ਗੱਲ ਤੋਂ ਚਿੰਤਤ ਹਨ ਕਿ ਧਰਮ ਦੇ ਨਾਂ ’ਤੇ ਭਾਜਪਾ ਹਿੰਦੂ ਵੋਟਰਾਂ ਉਪਰ ਆਪਣੀ ਪਕੜ ਵਧਾਉਂਦੀ ਜਾ ਰਹੀ ਹੈ। ਇਨ੍ਹਾਂ ਦੋ ਧਾਰਮਿਕ ਅਸਥਾਨਾਂ ਤੋਂ ਮਸਜਿਦ ਹਟਾਉਣ ਦੀ ਜ਼ਿੱਦ ਦਾ ਭਾਜਪਾ ਨੂੰ ਪਹਿਲਾਂ ਵਾਂਗ ਚੋਣਾਂ ’ਚ ਲਾਭ ਮਿਲਦਾ ਰਹੇਗਾ। ਦੂਜੇ ਪਾਸੇ ਧਰਮ ਨਿਰਪੱਖਤਾ ਨੂੰ ਆਦਰਸ਼ ਮੰਨਣ ਵਾਲੀਆਂ ਵਿਰੋਧੀ ਪਾਰਟੀਆਂ ਚਾਹ ਕੇ ਵੀ ਭਾਵਨਾਸ਼ੀਲ ਹਿੰਦੂਆਂ ਨੂੰ ਆਕਰਸ਼ਿਤ ਨਹੀਂ ਕਰ ਸਕਣਗੀਆਂ।
ਇਸ ਧਰਮਨਿਰਪੱਖ ਸਿਆਸਤਦਾਨਾਂ ਦਾ ਸਨਾਤਨ ਧਰਮ ’ਚ ਆਸਥਾ ਦਾ ਪ੍ਰਦਰਸ਼ਨ ਇਨ੍ਹਾਂ ਨੂੰ ਲੋੜੀਂਦੇ ਨਤੀਜੇ ਨਹੀਂ ਦੇ ਸਕਿਆ ਕਿਉਂਕਿ ਭਾਵਨਾਸ਼ੀਲ ਹਿੰਦੂਆਂ ਨੂੰ ਲੱਗਦਾ ਹੈ ਕਿ ਅਜਿਹਾ ਕਰਨਾ ਹੁਣ ਇਨ੍ਹਾਂ ਪਾਰਟੀਆਂ ਦੀ ਮਜਬੂਰੀ ਹੋ ਗਿਆ ਹੈ। ਇਸ ਲਈ ਉਹ ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਦੂਜੇ ਪਾਸੇ ਜੋ ਆਮ ਜਨਤਾ ਦੀ ਜ਼ਿੰਦਗੀ ਨਾਲ ਜੁੜੇ ਜ਼ਰੂਰੀ ਮੁੱਦੇ ਹਨ ਜਿਵੇਂ ਕਿ ਬੇਰੋਜ਼ਗਾਰੀ, ਮਹਿੰਗਾਈ, ਸਸਤੀਆਂ ਸਿਹਤ ਅਤੇ ਸਿੱਖਿਆ ਸੇਵਾਵਾਂ, ਇਨ੍ਹਾਂ ’ਤੇ ਜ਼ੋਰ ਦੇ ਕੇ ਵਿਰੋਧੀ ਧਿਰ ਵੋਟਰਾਂ ਨੂੰ ਧਰਮ ਦੇ ਘੇਰੇ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਕਿੰਨਾ ਸਫਲ ਹੋਵੇਗਾ, ਇਹ ਤਾਂ 2024 ਦੀਆਂ ਚੋਣਾਂ ਦੇ ਨਤੀਜੇ ਦੱਸਣਗੇ।
ਜਿੱਥੋਂ ਤੱਕ ਗੱਲ ਕਾਸ਼ੀ ’ਚ ਗਿਆਨਵਾਪੀ ਮਸਜਿਦ ਅਤੇ ਮਥੁਰਾ ’ਚ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਮਸਜਿਦ ਦੀ ਹੈ ਤਾਂ ਇਹ ਕੋਈ ਨਵਾਂ ਪੈਦਾ ਹੋਇਆ ਵਿਵਾਦ ਨਹੀਂ ਹੈ। ਸੈਂਕੜੇ ਸਾਲ ਪਹਿਲਾਂ ਜਦੋਂ ਇਹ ਦੋਵੇਂ ਮਸਜਿਦਾਂ ਬਣੀਆਂ ਤਾਂ ਹਿੰਦੂਆਂ ਦੇ ਮੰਦਰ ਤੋੜ ਕੇ ਬਣੀਆਂ ਸਨ, ਇਸ ’ਚ ਕੋਈ ਸ਼ੱਕ ਨਹੀਂ ਹੈ। ਉਦੋਂ ਤੋਂ ਅੱਜ ਤੱਕ ਸਨਾਤਨ ਧਰਮੀ ਆਪਣੇ ਇਨ੍ਹਾਂ ਪ੍ਰਮੁੱਖ ਤੀਰਥ ਅਸਥਾਨਾਂ ਤੋਂ ਮੁਸਲਿਮ ਹਮਲਾਵਰਾਂ ਦੇ ਇਨ੍ਹਾਂ ਅਵਸ਼ੇਸ਼ਾਂ ਨੂੰ ਹਟਾਉਣ ਲਈ ਸੰਘਰਸ਼ਸ਼ੀਲ ਰਹੇ ਹਨ।
ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਵੱਡੇ ਹਿੰਦੂ ਸਮਾਜ ’ਚ ਇਕ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਉਸ ਨੂੰ ਭਰੋਸਾ ਹੈ ਕਿ ਇਨ੍ਹਾਂ ਦੋਵਾਂ ਤੀਰਥ ਅਸਥਾਨਾਂ ਤੋਂ ਵੀ ਇਹ ਮਸਜਿਦਾਂ ਅੱਜ ਜਾਂ ਕੱਲ ਹਟਾ ਦਿੱਤੀਆਂ ਜਾਣਗੀਆਂ। ਓਧਰ ਮੁਸਲਿਮ ਧਿਰ ਪਹਿਲਾਂ ਵਾਂਗ ਉਤੇਜਨਾ ਦਿਖਾ ਰਹੀ ਹੈ। ਅਜਿਹੇ ’ਚ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਣਾ ਸੁਭਾਵਿਕ ਹੈ, ਜੋ ਦੋਵਾਂ ਹੀ ਧਿਰਾਂ ਲਈ ਖਤਰਨਾਕ ਸਾਬਤ ਹੋਵੇਗਾ।
ਭਲਾਈ ਇਸੇ ’ਚ ਹੈ ਕਿ ਦੋਵਾਂ ਧਿਰਾਂ ਬੈਠ ਕੇ ਸ਼ਾਂਤੀਪੂਰਨ ਢੰਗ ਨਾਲ ਇਸ ਦਾ ਹੱਲ ਕੱਢ ਲੈਣ। ਹਾਲਾਂਕਿ ਦੋਵਾਂ ਧਿਰਾਂ ਦੇ ਫਿਰਕੂ ਆਗੂ ਆਸਾਨੀ ਨਾਲ ਅਜਿਹਾ ਨਹੀਂ ਹੋਣ ਦੇਣਗੇ। ਇਸ ਲਈ ਜ਼ਿੰਮੇਵਾਰੀ ਦੋਵਾਂ ਧਿਰਾਂ ਦੇ ਸਮਝਦਾਰ ਲੋਕਾਂ ਦੀ ਹੀ ਹੈ ਕਿ ਉਹ ਇਨ੍ਹਾਂ ਦੋਵਾਂ ਮਸਜਿਦਾਂ ਦੇ ਵਿਵਾਦ ਨੂੰ ਬਾਬਰੀ ਮਸਜਿਦ ਵਿਵਾਦ ਵਾਂਗ ਲੰਬਾ ਨਾ ਖਿੱਚਣ ਦੇਣ।
ਮੁਸਲਮਾਨਾਂ ਪ੍ਰਤੀ ਬਿਨਾਂ ਕਿਸੇ ਜ਼ਿੱਦ ਦੇ ਮੇਰਾ ਇਹ ਸ਼ੁਰੂ ਤੋਂ ਮੰਨਣਾ ਹੈ ਕਿ ਮਥੁਰਾ, ਅਯੁੱਧਿਆ ਅਤੇ ਕਾਸ਼ੀ ’ਚ ਜਦੋਂ ਤੱਕ ਮਸਜਿਦਾਂ ਸਾਡੇ ਇਨ੍ਹਾਂ ਪ੍ਰਮੁੱਖ ਤੀਰਥ ਅਸਥਾਨਾਂ ’ਤੇ ਬਣੀਆਂ ਰਹਿਣਗੀਆਂ, ਤਦ ਤੱਕ ਭਾਈਚਾਰਕ ਸਾਂਝ ਸਥਾਪਿਤ ਨਹੀਂ ਹੋ ਸਕਦੀ ਕਿਉਂਕਿ ਭਗਵਾਨ ਕ੍ਰਿਸ਼ਨ, ਭਗਵਾਨ ਰਾਮ ਅਤੇ ਭੋਲੇਨਾਥ ਸਨਾਤਨ ਧਰਮੀਆਂ ਦੇ ਮੁੱਖ ਪੂਜਨੀਕ ਹਨ। ਦੁਨੀਆ ਭਰ ਦੇ ਕਰੋੜਾਂ ਹਿੰਦੂ ਪੂਰੇ ਸਾਲ ਇਨ੍ਹਾਂ ਤੀਰਥਾਂ ਦੇ ਦਰਸ਼ਨ ਕਰਨ ਜਾਂਦੇ ਰਹੇ ਹਨ, ਜਿੱਥੇ ਖੜ੍ਹੀਆਂ ਇਹ ਮਸਜਿਦਾਂ ਉਨ੍ਹਾਂ ਨੂੰ ਉਸ ਬਦਕਿਸਮਤੀ ਪਲ ਦੀ ਯਾਦ ਦਿਵਾਉਂਦੀਆਂ ਹੈ, ਜਦੋਂ ਜ਼ਾਲਮਾਂ ਨੇ ਇੱਥੇ ਖੜ੍ਹੇ ਵਿਸ਼ਾਲ ਮੰਦਰਾਂ ਨੂੰ ਬੇਰਹਿਮੀ ਨਾਲ ਨੇਸਤਨਾਬੂਦ ਕਰ ਦਿੱਤਾ ਸੀ।
ਇਨ੍ਹਾਂ ਨੂੰ ਉੱਥੇ ਦੇਖ ਕੇ ਹਰ ਵਾਰ ਸਾਡੇ ਜ਼ਖਮ ਹਰੇ ਹੋ ਜਾਂਦੇ ਹਨ। ਇਹ ਗੱਲ ਮੈਂ ਆਪਣੇ ਲੇਖਾਂ ਤੇ ਟੀ. ਵੀ. ਰਿਪੋਰਟਾਂ ’ਚ ਪਿਛਲੇ 35 ਸਾਲਾਂ ਤੋਂ ਇਸੇ ਭਾਵਨਾ ਨਾਲ ਲਗਾਤਾਰ ਕਹਿੰਦਾ ਰਿਹਾ ਹੈ। ਜੋ ਧਰਮਨਿਰਪੱਖ ਪਾਰਟੀਆਂ ਇਹ ਤਰਕ ਦਿੰਦੀਆਂ ਹਨ ਕਿ ਦੱਬੇ ਮੁਰਦੇ ਨਹੀਂ ਪੁੱਟਣੇ ਚਾਹੀਦੇ ਕਿਉਂਕਿ ਇਸ ਸਿਲਸਿਲੇ ਦਾ ਕੋਈ ਅੰਤ ਨਹੀਂ ਹੋਵੇਗਾ? ਅੱਜ ਹਿੰਦੂ ਧਿਰ 3 ਥਾਵਾਂ ਤੋਂ ਮਸਜਿਦਾਂ ਹਟਾਉਣ ਦੀ ਮੰਗ ਕਰ ਰਹੀ ਹੈ। ਕੱਲ ਨੂੰ 30 ਜਾਂ 300 ਥਾਵਾਂ ਤੋਂ ਅਜਿਹੀਆਂ ਮੰਗਾਂ ਉੱਠਣਗੀਆਂ ਤਾਂ ਦੇਸ਼ ਦੇ ਹਾਲਾਤ ਕੀ ਬਣਨਗੇ।
ਇਕ ਪਾਸੇ ਤਾਂ ਮੱਕਾ ਮਦੀਨਾ ਹੈ ਜਿੱਥੇ ਗੈਰ-ਮੁਸਲਮਾਨ ਜਾ ਵੀ ਨਹੀਂ ਸਕਦੇ ਅਤੇ ਦੂਜੇ ਪਾਸੇ ਤਪੋਭੂਮੀ ਭਾਰਤ ਹੈ ਜਿੱਥੇ ਸਭ ਨੂੰ ਆਪਣੇ-ਆਪਣੇ ਧਰਮਾਂ ਦੀ ਪਾਲਣਾ ਕਰਨ ਦੀ ਪੂਰੀ ਛੋਟ ਹੈ ਪਰ ਇਸ ਦਾ ਅਰਥ ਇਹ ਤਾਂ ਨਹੀਂ ਕਿ ਇਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਨੂੰ ਨੀਵਾਂ ਦਿਖਾਉਣ ਜਾਂ ਉਸ ਖੌਫਜ਼ਦਾ ਮੰਜ਼ਰ ਦੀ ਯਾਦ ਦਿਵਾਉਣ ਜਦੋਂ ਉਨ੍ਹਾਂ ਨੇ ਆਪਣੀ ਸੱਤਾ ਨੂੰ ਸਥਾਪਿਤ ਕਰਨ ਲਈ ਬਹੁਗਿਣਤੀ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਦਹਾਕਿਆਂ ਤੋਂ ਚੱਲੇ ਅਯੁੱਧਿਆ ਕਾਂਡ ਅਤੇ ਉਸ ਨੂੰ ਲੈ ਕੇ 1984 ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਹਮਲਾਵਰ ਮੁਹਿੰਮ ਤੋਂ ਯਕੀਨੀ ਤੌਰ ’ਤੇ ਭਾਜਪਾ ਨੂੰ ਬਹੁਤ ਲਾਭ ਹੋਇਆ ਹੈ। ਅੱਜ ਭਾਜਪਾ ਵਿਕਾਸ ਜਾਂ ਰੋਜ਼ਗਾਰ ਦੀ ਗੱਲ ਨਹੀਂ ਕਰਦੀ। 2024 ਦੀਆਂ ਚੋਣਾਂ ਸਿਰਫ ਅਯੁੱਧਿਆ ਦੇ ਰਾਮ ਮੰਦਰ ਅਤੇ ਹਿੰਦੂਤਵ ਦੇ ਮੁੱਦੇ ’ਤੇ ਲੜੀਆਂ ਜਾ ਰਹੀਆਂ ਹਨ। ਹਿੰਦੂਆਂ ’ਚ ਆਏ ਇਸ ਵੇਗ ਦੀ ਜੜ੍ਹ ’ਚ ਹੈ ਮੁਸਲਮਾਨਾਂ ਦੀ ਗੈਰ-ਸੰਵੇਦਨਸ਼ੀਲਤਾ।
ਜਦੋਂ 1947 ’ਚ ਧਰਮ ਦੇ ਆਧਾਰ ’ਤੇ ਭਾਰਤ ਦੀ ਵੰਡ ਹੋਈ ਤਾਂ ਵੀ ਭਾਰਤ ਨੇ ਹਰ ਮੁਸਲਮਾਨ ਨੂੰ ਪਾਕਿਸਤਾਨ ਜਾਣ ਲਈ ਮਜਬੂਰ ਨਹੀਂ ਕੀਤਾ। ਇਹ ਬਹੁਗਿਣਤੀ ਹਿੰਦੂ ਸਮਾਜ ਦੀ ਉਦਾਰਤਾ ਦਾ ਸਬੂਤ ਸੀ। ਜਦਕਿ ਕਸ਼ਮੀਰ ਘਾਟੀ, ਪਾਕਿਸਤਾਨ, ਬੰਗਲਾਦੇਸ਼ ਅਤੇ ਹਾਲ ਦੇ ਦਿਨਾਂ ’ਚ ਅਫਗਾਨਿਸਤਾਨ ’ਚ ਹਿੰਦੂਆਂ ’ਤੇ ਜੋ ਜ਼ੁਲਮ ਹੋਏ ਅਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਉੱਥੋਂ ਕੱਢਿਆ ਗਿਆ, ਉਸ ਦੇ ਬਾਅਦ ਵੀ ਇਹ ਦੋਸ਼ ਲਾਉਣਾ ਕਿ ਵਿਹਿਪ, ਸੰਘ ਅਤੇ ਭਾਜਪਾ ਮੁਸਲਮਾਨਾਂ ਪ੍ਰਤੀ ਹਿੰਦੂਆਂ ’ਚ ਉਤੇਜਨਾ ਵਧਾ ਰਹੇ ਹਨ, ਸਹੀ ਨਹੀਂ ਹੈ।
ਭਾਜਪਾ ਹਿੰਦੂਆਂ ਦੇ ਉਸ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਮੁਸਲਮਾਨਾਂ ਦੇ ਜਨਤਕ ਵਤੀਰੇ ਤੋਂ ਪ੍ਰੇਸ਼ਾਨ ਰਹੇ ਹਨ। ਅਸਲ ’ਚ ਧਰਮ ਆਸਥਾ ਅਤੇ ਆਤਮਿਕ ਭਲਾਈ ਦਾ ਜ਼ਰੀਆ ਹੁੰਦਾ ਹੈ। ਇਸ ਦਾ ਪ੍ਰਦਰਸ਼ਨ ਜੇਕਰ ਉਤਸਵ ਦੇ ਰੂਪ ’ਚ ਕੀਤਾ ਜਾਵੇ ਤਾਂ ਉਹ ਇਕ ਸਮਾਜਿਕ-ਸੱਭਿਆਚਾਰਕ ਘਟਨਾ ਮੰਨੀ ਜਾਂਦੀ ਹੈ, ਜਿਸ ਦਾ ਸਾਰੇ ਆਨੰਦ ਮਾਣਦੇ ਸਨ ਭਾਵੇਂ ਵਿਧਰਮੀ ਹੀ ਕਿਉਂ ਨਾ ਹੋਣ।
ਦੀਵਾਲੀ, ਈਦ, ਹੋਲੀ, ਵਿਸਾਖੀ, ਕ੍ਰਿਸਮਸ, ਪੋਂਗਲ, ਮਾਘੀ ਤੇ ਨਵਰਾਤਰੇ ਆਦਿ ਅਜਿਹੇ ਉਤਸਵ ਹਨ ਜਿਨ੍ਹਾਂ ’ਚ ਦੂਜੇ ਧਰਮਾਂ ਨੂੰ ਮੰਨਣ ਵਾਲੇ ਵੀ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਆਪਣੇ-ਆਪਣੇ ਧਰਮਾਂ ਦੀਆਂ ਸੋਭਾ ਯਾਤਰਾਵਾਂ ਕੱਢਣੀਆਂ, ਪੰਡਾਲ ਲਾ ਕੇ ਸਤਿਸੰਗ ਜਾਂ ਪ੍ਰਵਚਨ ਕਰਵਾਉਣਾ, ਨਗਰ ਕੀਰਤਨ ਕੱਢਣਾ ਜਾਂ ਮੁਹੱਰਮ ਦੇ ਤਾਜ਼ੀਏ ਕੱਢਣਾ, ਕੁਝ ਅਜਿਹੇ ਧਾਰਮਿਕ ਕਾਰਜ ਹਨ ਜਿਨ੍ਹਾਂ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ ਜਾਂ ਨਹੀਂ ਹੋਣਾ ਚਾਹੀਦਾ। ਬਸ਼ਰਤੇ ਕਿ ਇਨ੍ਹਾਂ ਨੂੰ ਮਰਿਆਦਾ ਦੇ ਤੌਰ ’ਤੇ, ਬਿਨਾਂ ਕਿਸੇ ਨੂੰ ਦੁੱਖ ਪਹੁੰਚਾਏ, ਆਯੋਜਿਤ ਕੀਤਾ ਜਾਵੇ ਪਰ ਹਰ ਸ਼ੁੱਕਰਵਾਰ ਨੂੰ ਸੜਕਾਂ, ਬਗੀਚਿਆਂ, ਬਾਜ਼ਾਰਾਂ, ਸਰਕਾਰੀ ਦਫਤਰਾਂ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਵਰਗੀਆਂ ਜਨਤਕ ਥਾਵਾਂ ’ਤੇ ਮੁਸੱਲਾ ਵਿਛਾ ਕੇ ਨਮਾਜ਼ ਪੜ੍ਹਨ ਦੀ ਜੋ ਪ੍ਰਵਿਰਤੀ ਰਹੀ ਹੈ, ਉਸ ਨਾਲ ਹਿੰਦੂਆਂ ’ਚ ਮੁਸਲਮਾਨਾਂ ਪ੍ਰਤੀ ਗੁੱਸਾ ਵਧਿਆ ਹੈ। ਠੀਕ ਉਵੇਂ ਹੀ ਜਿਵੇਂ ਗੁੱਸਾ ਅੱਜ ਯੂਰਪ ਦੇ ਦੇਸ਼ਾਂ ’ਚ ਮੁਸਲਮਾਨਾਂ ਦੇ ਇਸੇ ਵਤੀਰੇ ਪ੍ਰਤੀ ਪੈਦਾ ਹੋ ਰਿਹਾ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਮੁਸਲਿਮ ਸਮਾਜ ਬਿਨਾਂ ਨਾਂਹ-ਨੁੱਕਰ ਦੇ ਮਥੁਰਾ ਅਤੇ ਕਾਸ਼ੀ ਦੇ ਧਾਰਮਿਕ ਸਥਾਨਾਂ ਤੋਂ ਮਸਜਿਦਾਂ ਨੂੰ ਖੁਦ ਹੀ ਹਟਾ ਕੇ ਸਨਮਾਨ ਨਾਲ ਦੂਜੀ ਜਗ੍ਹਾ ਸਥਾਪਿਤ ਕਰ ਦੇਵੇ, ਜਿਵੇਂ ਕਿ ਕਈ ਇਸਲਾਮਿਕ ਦੇਸ਼ਾਂ ’ਚ ਕੀਤਾ ਵੀ ਜਾ ਚੁੱਕਾ ਹੈ। ਇਸ ਨਾਲ ਦੋਵਾਂ ਧਿਰਾਂ ਦਰਮਿਆਨ ਭਾਈਚਾਰਾ ਵਧੇਗਾ ਅਤੇ ਕਿਸੇ ਨੂੰ ਵੀ ਫਿਰਕੂਪੁਣੇ ਨੂੰ ਭੜਕਾਉਣ ਦਾ ਮੌਕਾ ਨਹੀਂ ਮਿਲੇਗਾ।