ਭਗਤੀ ਅਤੇ ਸ਼ਕਤੀ ਦੇ ਮਹਾਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ

01/17/2024 1:29:23 PM

ਭਾਰਤੀ ਸੱਭਿਆਚਾਰ ਦੇ ਮਹਾਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਤੀ ਅਤੇ ਸ਼ਕਤੀ ਦੇ ਮਹਾਨ ਪੁੰਜ ਹਨ। ਭਾਰਤੀ ਅਧਿਆਤਮ ਚਿੰਤਨ ’ਚ ਉਨ੍ਹਾਂ ਨੇ ਬੁਨਿਆਦੀ ਅਤੇ ਮੁੱਢਲੀ ਤਬਦੀਲੀ ਵੀ ਕੀਤੀ, ਜਿਸ ਦੀ ਪਾਲਣਾ ਅੱਜ ਤੱਕ ਭਾਰਤੀ ਦਾਰਸ਼ਨਿਕ ਰਵਾਇਤਾਂ ਨੂੰ ਨਵਾਂ ਰਾਹ ਦਿਖਾ ਰਹੀ ਹੈ। ਅਜਿਹੇ ਮਹਾਨ ਗੁਰੂ ਦੀ ਸ਼ਖ਼ਸੀਅਤ ਅਤੇ ਰਚਨਾਤਮਿਕਤਾ ਨਾਲ ਭਾਰਤੀ ਸਾਹਿਤ ਅਤੇ ਰਵਾਇਤਾਂ ’ਚ ਨਵੇਂ ਖੂਨ ਦਾ ਸੰਚਾਰ ਹੋਇਆ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਾਸਤਰ ਅਤੇ ਸ਼ਸਤਰ ਦੇ ਧਨੀ ਸਨ। ਉਨ੍ਹਾਂ ਕੋਲੋਂ ਅੱਜ ਦੀ ਨੌਜਵਾਨ ਸ਼ਕਤੀ ਵੀ ਪ੍ਰੇਰਣਾ ਹਾਸਲ ਕਰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਸਿਰਫ ਭੂੋਗੋਲਿਕ ਹੱਦਾਂ ਤੱਕ ਸੀਮਤ ਨਹੀਂ ਸਗੋਂ ਸੰਪੂਰਨ ਬ੍ਰਹਿਮੰਡ ਦਾ ਅਖੰਡ ਹਿੱਸਾ ਹੈ। ਦਸਮ ਪਿਤਾ ਨੇ ਜੋ ਰਾਹ ਸਾਡੇ ਸਾਰਿਆਂ ਲਈ ਖੋਲ੍ਹਿਆ, ਉਸ ’ਤੇ ਵਧਦੇ ਹੋਏ ਅਸੀਂ ਅਖੰਡ ਭਾਰਤ ਦੀ ਉਸ ਮਹਿਮਾ ’ਤੇ ਮੁੜ ਵਿਚਾਰ ਕਰ ਕੇ ਭਵਿੱਖ ਪ੍ਰਤੀ ਜਾਗਰੂਕ ਹੋ ਸਕਦੇ ਹਾਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਿਆਨ, ਬਹਾਦਰੀ, ਦਯਾ, ਸਾਹਸ ਅਤੇ ਧਰਮ ਦੀ ਰੱਖਿਆ ਦੀ ਮੂਰਤ ਸਨ। ਖਾਲਸਾ ਪੰਥ ਦੇ ਸੰਸਥਾਪਕ ਅਤੇ ਆਪਣੇ ਪੂਰੇ ਜੀਵਨ ਨੂੰ ਇਨਸਾਨੀਅਤ ਨੂੰ ਸਮਰਪਿਤ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਗ ਅਤੇ ਬਲੀਦਾਨ ਦਾ ਜੋ ਅਧਿਆਏ ਲਿਖਿਆ, ਉਹ ਦੁਨੀਆ ਦੇ ਇਤਿਹਾਸ ’ਚ ਅਮਰ ਹੋ ਗਿਆ। ਉਨ੍ਹਾਂ ਦੀ ਸਿੱਖਿਆ ਪਟਨਾ ਤੇ ਅਨੰਦਪੁਰ ਸਾਹਿਬ ’ਚ ਹੋਈ। ਮਾਤਾ-ਪਿਤਾ ਨੇ ਉਨ੍ਹਾਂ ਨੂੰ ਸ਼ਸਤਰ ਅਤੇ ਸ਼ਾਸਤਰ ਦੋਵਾਂ ਦੀ ਸਿੱਖਿਆ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ਚ ਬਚਪਨ ਤੋਂ ਹੀ ਆਲੌਕਿਕਤਾ ਦਿਖਾਈ ਦਿੰਦੀ ਸੀ ਅਤੇ ਉਹ ਮਨੁੱਖਤਾ ਲਈ ਜੀਅ-ਜਾਨ ਲਗਾਉਣ ਨੂੰ ਉਤਸੁਕ ਰਹਿੰਦੇ ਸਨ। ਇਕ ਵਾਰ ਸਾਰੇ ਕਸ਼ਮੀਰੀ ਪੰਡਿਤ ਔਰੰਗਜ਼ੇਬ ਵੱਲੋਂ ਜਬਰੀ ਧਰਮ ਤਬਦੀਲ ਕਰਾਏ ਜਾਣ ਤੋਂ ਬਚਣ ਲਈ ਬਾਲ ਗੋਬਿੰਦ ਰਾਏ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਮਦਦ ਮੰਗਣ ਆਏ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ 9 ਸਾਲਾਂ ਦੀ ਸੀ ਪਰ ਕਸ਼ਮੀਰੀ ਪੰਡਿਤਾਂ ਦਾ ਦੁੱਖ ਜਾਣ ਕੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਇਸ ਸਮੇਂ ਧਰਤੀ ’ਤੇ ਤੁਹਾਡੇ ਨਾਲੋਂ ਜ਼ਿਆਦਾ ਮਹਾਨ ਅਤੇ ਸ਼ਕਤੀਸ਼ਾਲੀ ਹੋਰ ਕੌਣ ਹੈ। ਇਸ ਲਈ ਤੁਹਾਨੂੰ ਕਸ਼ਮੀਰੀ ਪੰਡਿਤਾਂ ਦੀ ਮਦਦ ਕਰਨੀ ਚਾਹੀਦੀ ਹੈ। ਆਖਿਰਕਾਰ ਬਾਲ ਗੋਬਿੰਦ ਰਾਏ ਦੀ ਗੱਲ ਸੁਣ ਕੇ ਉਨ੍ਹਾਂ ਦੇ ਪਿਤਾ ਔਰੰਗਜ਼ੇਬ ਨਾਲ ਗੱਲ ਕਰਨ ਲਈ ਜਾਣ ਲਈ ਤਿਆਰ ਹੋਏ। ਪਿਤਾ ਦੇ 1675 ’ਚ ਸ਼ਹੀਦ ਹੋਣ ’ਤੇ 9 ਸਾਲ ਦੀ ਉਮਰ ’ਚ ਹੀ ਉਨ੍ਹਾਂ ਨੂੰ ਸਿੱਖਾਂ ਦੇ ਦਸਵੇਂ ਗੁਰੂ ਦੇ ਤੌਰ ’ਤੇ ਗੱਦੀ ਸੌਂਪ ਦਿੱਤੀ ਗਈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਘੱਟ ਉਮਰ ’ਚ ਹੀ ਸੰਸਕ੍ਰਿਤ, ਉਰਦੂ, ਹਿੰਦੀ, ਗੁਰਮੁਖੀ, ਬ੍ਰਜ, ਪਾਰਸੀ ਆਦਿ ਭਾਸ਼ਾਵਾਂ ’ਚ ਮੁਹਾਰਤ ਹਾਸਲ ਕੀਤੀ ਅਤੇ ਇਨ੍ਹਾਂ ’ਚ ਗੁਰਬਾਣੀ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਇਕ ਵੀਰ ਯੋਧਾ ਵਾਂਗ ਉਨ੍ਹਾਂ ਨੇ ਸਾਰੇ ਹਥਿਆਰਾਂ ਨੂੰ ਚਲਾਉਣ ਦੇ ਨਾਲ ਹੀ ਕਈ ਯੁੱਧ ਕਲਾਵਾਂ ਵੀ ਸਿੱਖ ਲਈਆਂ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਜਨਮਜਾਤ ਯੋਧਾ ਸਨ ਪਰ ਉਹ ਕਦੀ ਆਪਣੀ ਸੱਤਾ ਨੂੰ ਵਧਾਉਣ ਜਾਂ ਕਿਸੇ ਸੂਬੇ ’ਤੇ ਕਾਬਜ਼ ਹੋਣ ਲਈ ਨਹੀਂ ਲੜੇ। ਉਨ੍ਹਾਂ ਦੀ ਲੜਾਈ ਜ਼ੁਲਮ ਨੂੰ ਖਤਮ ਕਰਨ ਅਤੇ ਗਰੀਬਾਂ ਤੇ ਧਰਮ ਦੀ ਰੱਖਿਆ ਲਈ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀਰਤਾ ਨੂੰ ਦਰਸਾਉਂਦੀਆਂ ਹਨ ਇਹ ਪੰਕਤੀਆਂ : ‘ਸਵਾ ਲਾਖ ਸੇ ਏਕ ਲੜਾਊਂ ਚਿੜੀਓਂ ਸੇ ਮੈਂ ਬਾਜ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ।’ ਉਹ ਭਗਤੀ ਤੇ ਸ਼ਕਤੀ ਦੇ ਸ਼ਾਨਦਾਰ ਸੰਗਮ ਸਨ। ਇਸ ਲਈ ਉਨ੍ਹਾਂ ਨੂੰ ‘ਸੰਤ ਸਿਪਾਹੀ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਹਮੇਸ਼ਾ ਪ੍ਰੇਮ, ਸਦਾਚਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਕਿਸੇ ਨੇ ਗੁਰੂ ਜੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਨ੍ਹਾਂ ਨੇ ਆਪਣੀ ਸਹਿਣਸ਼ੀਲਤਾ, ਮਿੱਠੇਪਨ, ਨਿਮਰਤਾ ਨਾਲ ਉਸ ਨੂੰ ਹਰਾਇਆ। ਗੁਰੂ ਜੀ ਦੀ ਮਾਨਤਾ ਸੀ ਕਿ ਮਨੁੱਖ ਨੂੰ ਕਿਸੇ ਨੂੰ ਡਰਾਉਣਾ ਵੀ ਨਹੀਂ ਚਾਹੀਦਾ ਅਤੇ ਨਾ ਕਿਸੇ ਤੋਂ ਡਰਨਾ ਚਾਹੀਦਾ ਹੈ। ਉਹ ਆਪਣੀ ਵਾਣੀ ’ਚ ਉਪਦੇਸ਼ ਦਿੰਦੇ ਹਨ ‘ਭਯ ਕਾਹੂ ਕੋ ਦੇਤ ਨਹਿ, ਨਹਿ ਭਯ ਮਾਨਤ ਆਨ।’ ਉਹ ਬਚਪਨ ਤੋਂ ਹੀ ਸਰਲ, ਸਹਿਜ, ਭਗਤੀ ਭਾਵ ਵਾਲੇ ਕਰਮਯੋਗੀ ਸਨ। ਉਨ੍ਹਾਂ ਦੀ ਵਾਣੀ ’ਚ ਮਿਠਾਸ, ਸਾਦਗੀ, ਸੱਜਣਤਾ, ਵੀਰਤਾ ਤੇ ਵੈਰਾਗ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਪਹਿਲਾ ਦਰਸ਼ਨ ਹੀ ਸੀ ਕਿ ‘ਧਰਮ ਦਾ ਰਾਹ ਸੱਚ ਦਾ ਰਾਹ ਹੈ ਅਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।’

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਨੂੰ ਅਨੰਦਪੁਰ, ਪੰਜਾਬ ’ਚ ਆਪਣੇ ਪੈਰੋਕਾਰਾਂ ਨਾਲ ਮਿਲ ਕੇ ਰਾਸ਼ਟਰਹਿੱਤ ਲਈ ਬਲੀਦਾਨ ਕਰਨ ਵਾਲਿਆਂ ਦਾ ਇਕ ਸਮੂਹ ਬਣਾਇਆ, ਜਿਸ ਨੂੰ ਉਨ੍ਹਾਂ ਨੇ ਨਾਂ ਦਿੱਤਾ ਖਾਲਸਾ ਪੰਥ। ਪੂਰੀ ਦੁਨੀਆ ’ਚ ਖਾਲਸਾ ਪੰਥ ਹੀ ਇਕ ਅਜਿਹਾ ਪੰਥ ਹੈ ਜਿਸ ਦੇ ਗੁਰੂ ਨੇ ਆਪਣੇ ਪੈਰੋਕਾਰਾਂ ਤੋਂ ਅੰਮ੍ਰਿਤ ਪੀ ਕੇ ਉਨ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਹੋਣ ਦਾ ਸਨਮਾਨ ਦਿੱਤਾ। ਅਜਿਹਾ ਕਰ ਕੇ ਗੁਰੂ-ਚੇਲਾ ਬਣਿਆ ਅਤੇ ‘ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ’ ਕਹਿ ਕੇ ਆਪਣੀ ਜਿੱਤ ਨੂੰ ਵੀ ਅਕਾਲ ਪੁਰਖ ਪ੍ਰਭੂ ਨੂੰ ਸਮਰਪਿਤ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਸਨ। ਹਾਕਮਾਂ ਵੱਲੋਂ ਆਮ ਲੋਕਾਂ ’ਤੇ ਕੀਤੇ ਜਾਣ ਵਾਲੇ ਅੱਤਿਆਚਾਰ ਅਤੇ ਸ਼ੋਸ਼ਣ ਵਿਰੁੱਧ ਲੜਾਈ ’ਚ ਉਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਆਪਣੇ ਮਾਤਾ-ਪਿਤਾ, ਆਪਣੇ ਚਾਰੇ ਬੇਟਿਆਂ ਨੂੰ ਵੀ ਉਨ੍ਹਾਂ ਨੇ ਕੁਰਬਾਨ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਸ਼ਟਰ ਦੇ ਨਾਂਦੇੜ ’ਚ 7 ਅਕਤੂਬਰ, 1708 ਨੂੰ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਦੇ ਕੇ ਵਿਅਕਤੀਗਤ ਗੁਰੂ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਲੇਖਕ, ਮੌਲਿਕ ਚਿੰਤਕ ਸਨ ਅਤੇ ਉਨ੍ਹਾਂ ਸੰਸਕ੍ਰਿਤ ਸਮੇਤ ਕਈ ਭਾਸ਼ਾਵਾਂ ’ਚ ਕਈ ਗ੍ਰੰਥਾਂ ਦੀ ਵੀ ਰਚਨਾ ਕੀਤੀ। ਸਦੀਆਂ ਤੋਂ ਗੁਲਾਮੀ ਝੱਲ ਰਹੇ ਹਿੰਦਵਾਸੀਆਂ ਦੇ ਮਨ ’ਚ ਵੀਰਤਾ ਭਰਨ ਲਈ ‘ਚੰਡੀ ਦੀ ਵਾਰ’ ਵਰਗੀਆਂ ਰਚਨਾਵਾਂ ਲਿਖੀਆਂ। ਸੰਗੀਤ ਦੇ ਨਜ਼ਰੀਏ ਨਾਲ ਸਾਰੀਆਂ ਰਚਨਾਵਾਂ ਸ਼ਾਨਦਾਰ ਹਨ ਭਾਵ ਸ਼ਬਦ ਕੀਰਤਨ ਦੇ ਰੂਪ ’ਚ ਉਨ੍ਹਾਂ ਨੂੰ ਸੁਰ ਅਤੇ ਤਾਲ ਦੇ ਨਾਲ ਮਨ ਨੂੰ ਛੂਹ ਲੈਣ ਵਾਲੇ ਅੰਦਾਜ਼ ’ਚ ਗਾਇਆ ਜਾ ਸਕਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀ ਹੋਣ ਦੇ ਨਾਲ-ਨਾਲ ਸੰਗੀਤ ਦੇ ਵੀ ਪਾਰਖੀ ਸਨ। ਕਈ ਸਾਜ਼ਾਂ ’ਚ ਉਨ੍ਹਾਂ ਦੀ ਇੰਨੀ ਜ਼ਿਆਦਾ ਰੁਚੀ ਸੀ ਕਿ ਉਨ੍ਹਾਂ ਨੇ ਆਪਣੇ ਲਈ ਖਾਸ ਤੌਰ ’ਤੇ ਕੁਝ ਨਵੇਂ ਅਤੇ ਅਨੋਖੇ ਸਾਜ਼ਾਂ ਦੀ ਖੋਜ ਕਰ ਦਿੱਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਗਏ ‘ਟਾਸ’ ਅਤੇ ‘ਦਿਲਰੁਬਾ’ ਸਾਜ਼ ਅੱਜ ਵੀ ਸੰਗੀਤ ਦੇ ਖੇਤਰ ’ਚ ਜਾਣੇ ਜਾਂਦੇ ਹਨ। ਉਹ ਵਿਦਵਾਨਾਂ ਦੇ ਵੀ ਸਰਪ੍ਰਸਤ ਸਨ। ਕਵੀ ਅਤੇ ਸਾਹਿਤ ਜਾਣਕਾਰ ਉਨ੍ਹਾਂ ਦੇ ਦਰਬਾਰ ਦੀ ਸ਼ੋਭਾ ਵਧਾਉਂਦੇ ਸਨ। ਇਨ੍ਹਾਂ ਦੇ ਦਰਬਾਰ ’ਚ 52 ਪ੍ਰਸਿੱਧ ਕਵੀ ਸਨ, ਜਿਨ੍ਹਾਂ ਨੇ ਸਿੱਖ ਲਿਟਰੇਚਰ ’ਚ ਆਪਣਾ ਯੋਗਦਾਨ ਦਿੱਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਗ੍ਰੰਥ ‘ਦਸ਼ਮ ਗ੍ਰੰਥ’ ਹੈ। ਦਸ਼ਮ ਗ੍ਰੰਥ ਦੀ ਵੰਡ ‘ਜਪੁ ਸਾਹਿਬ, ‘ਅਕਾਲ ਉਸਤਤ’, ‘ਬਚਿੱਤਰ ਨਾਟਕ’, ‘ਚੰਡੀ ਦੀ ਵਾਰ’, ‘ਵਾਰ ਸ਼੍ਰੀ ਭਗਉਤੀ ਜੀ ਕੀ’, ‘ਗਿਆਨ ਪ੍ਰਬੋਧ’ ,‘ਚੌਪਾਯਾ’, ‘ਸ਼ਬਦ ਹਾਰੇ-ਰਾਮਕਲੀ’, ‘ਸਵੱਈਆ ਬੱਤੀਸ’, ‘ਸ਼ਾਸਤਰ ਨਾਮਮਾਲਾ’, ‘ਜ਼ਫਰਨਾਮਾ’ ਸਿਰਲੇਖਾਂ ’ਚ ਕੀਤੀ ਗਈ ਹੈ। ‘ਜਪੁ ਸਾਹਿਬ’ ’ਚ ਪ੍ਰਮਾਤਮਾ ਦੇ ਰੂਪ ਦਾ ਵਰਨਣ ਹੈ। ‘ਅਕਾਲ ਉਸਤਤ’ ’ਚ ਅਕਾਲ ਪੁਰਖ ਦੀ ਸਤੁਤੀ ਹੈ। ‘ਬਚਿੱਤਰ ਨਾਟਕ’ ਉਨ੍ਹਾਂ ਦੇ ਆਪਣੇ ਪਿਛਲੇ ਜਨਮ ਦੀ ਆਤਮਕਥਾ ਹੈ। ‘ਚੰਡੀ ਚਰਿੱਤਰ’ ਦੁਰਗਾ-ਸਪਤਸ਼ਤੀ ਦੇ ਆਧਾਰ ’ਤੇ ਲਿਖਿਆ ਗਿਆ ਹੈ। ‘ਗਿਆਨ ਪ੍ਰਬੋਧ’ ’ਚ ਦਾਨ, ਧਰਮ ਅਤੇ ਰਾਜ ਧਰਮ ਦਾ ਵਰਨਣ ਹੈ। ‘ਸ਼ਾਸਤਰ ਨਾਮਮਾਲਾ’ ’ਚ ਸ਼ਾਸਤਰਾਂ ਦੇ ਨਾਂ ਰਾਹੀਂ ਪ੍ਰਮਾਤਮਾ ਨੂੰ ਯਾਦ ਕੀਤਾ ਗਿਆ ਹੈ। ਉਨ੍ਹਾਂ ਦੀ ਵਾਣੀ ’ਚ ਭਗਤੀ ਅਤੇ ਦੇਸ਼ ਪ੍ਰੇਮ ਦਾ ਆਲੌਕਿਕ ਵਰਨਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਣੀ ’ਚ ਸ਼ਾਂਤ ਅਤੇ ਵੀਰ-ਰਸ ਪ੍ਰਮੁੱਖ ਹੈ। ਯੁੱਧਾਂ ਦੇ ਵਰਨਣ ’ਚ ਵੀਰ-ਰਸ ਪ੍ਰਧਾਨ ਹੈ। ਈਸ਼ਵਰ ਦੀ ਸਤੁਤੀ ’ਚ ਭਗਤੀ, ਗਿਆਨ ਅਤੇ ਵੈਰਾਗ ਦੀ ਗੰਗਾ ਵਹਿੰਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਲੀਦਾਨ ਅਤੇ ਦੇਸ਼ ਪ੍ਰੇਮ ਨੂੰ ਨਮਨ ਕਰਦੇ ਹਨ। ਮੋਦੀ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ’ਤੇ ਉਨ੍ਹਾਂ ਦੀ ਯਾਦ ’ਚ ਸਿੱਕਾ, ਡਾਕ ਟਿਕਟ ਜਾਰੀ ਕਰਦੇ ਹੋਏ ਉਨ੍ਹਾਂ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਦੀਆਂ ਤੱਕ ਮਨੁੱਖਤਾ ਦੇ ਪ੍ਰੇਰਣਾਸਰੋਤ ਰਹਿਣਗੇ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਉਨ੍ਹਾਂ ਦੇ ਚਰਨਾਂ ’ਚ ਕੋਟਿਨ-ਕੋਟਿ ਪ੍ਰਣਾਮ।

ਤਰੁਣ ਚੁੱਘ (ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)


Rakesh

Content Editor

Related News