ਸਸਤੀ ਬਿਜਲੀ ਦਾ ਸਰੋਤ : ਆਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ
Thursday, Jul 27, 2023 - 01:54 PM (IST)

ਕਿਸੇ ਵੀ ਸੂਬੇ ਦੀ ਤਰੱਕੀ ਲਈ ਬਿਜਲੀ ਦੀ ਪੈਦਾਵਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿਚ ਉਹੀ ਸੂਬੇ ਤਰੱਕੀ ਕਰ ਸਕਦੇ ਹਨ ਜੋ ਕਿ ਸਸਤੀਆਂ ਦਰਾਂ ’ਤੇ ਆਪਣੇ ਖਪਤਕਾਰਾਂ ਨੂੰ ਬਿਜਲੀ ਮੁਹੱਈਆ ਕਰਵਾ ਸਕਦੇ ਹੋਣ। ਕਿਸੇ ਵੀ ਸੂਬੇ ਵਿਚ ਉਦਯੋਗਿਕ ਅਤੇ ਖੇਤੀਬਾੜੀ ਖੇਤਰ ਦੇ ਪਸਾਰ ਤੇ ਤਰੱਕੀ ਲਈ ਜ਼ਰੂਰਤ ਅਨੁਸਾਰ ਬਿਜਲੀ ਦੀ ਪੈਦਾਵਾਰ ਹੋਣਾ ਬਹੁਤ ਜ਼ਰੂਰੀ ਹੈ। ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਭਾਖੜਾ ਡੈਮ ਦੀ ਡਾਊਨਸਟ੍ਰੀਮ ਤੋਂ ਰੋਪੜ ਵਾਲੇ ਪਾਸੇ ਲਗਭਗ 32 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਇਸ ਪ੍ਰੋਜੈਕਟ ਦਾ ਨਾਮ ਖਾਲਸਾ ਪੰਥ ਦੇ ਜਨਮ ਸਥਾਨ ਅਨੰਦਪੁਰ ਸਾਹਿਬ ਦੇ ਪ੍ਰਸਿੱਧ ਇਤਿਹਾਸਕ ਪਵਿੱਤਰ ਸ਼ਹਿਰ ਦੇ ਨੇੜੇ ਹੋਣ ਕਰਕੇ ਰੱਖਿਆ ਗਿਆ ਹੈ। ਇਹ ਕਸਬਾ ਆਪਣੇ ਆਪ ਵਿਚ ਸੁੰਦਰ ਸ਼ਿਵਾਲਿਕ ਪਹਾੜੀ ਸ਼੍ਰੇਣੀ ਦੀਆਂ ਪਹਾੜੀਆਂ ’ਤੇ ਸਥਿਤ ਹੈ ਅਤੇ ਮਾਰਚ ਦੇ ਮਹੀਨੇ ਵਿਚ ਹੋਲਾ ਮਹੱਲਾ ਤਿਉਹਾਰ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੂੰ ਆਪਣੇ ਵੱਲ ਕੇਂਦਰਿਤ ਕਰਦਾ ਹੈ । ਇਸ ਦੇ ਨਾਲ ਹੀ ਮਸ਼ਹੂਰ ਨੈਣਾ ਦੇਵੀ ਮੰਦਿਰ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵੀ ਇਸ ਪ੍ਰੋਜੈਕਟ ਦੇ ਨੇੜੇ ਸਥਿਤ ਹਨ। ਇਹ ਪ੍ਰੋਜੈਕਟ ਵਾਧੂ ਪਾਣੀ ਦੀ ਵਰਤੋਂ ਕਰਨ ਲਈ ਬਣਾਇਆ ਗਿਆ ਸੀ।
ਬਿਆਸ ਅਤੇ ਸਤਲੁਜ ਦਰਿਆ ਦੇਹਰ ਵਿਖੇ ਇੰਟਰਲਿੰਕਿੰਗ ਦੇ ਨਤੀਜੇ ਵਜੋਂ ਭਾਖੜਾ ਨੰਗਲ ਸਿਸਟਮ ਦਾ 10,150 ਕਿਊਸਿਕ ਵਾਧੂ ਪਾਣੀ ਸਤਲੁਜ ਦਰਿਆ ’ਤੇ ਨੰਗਲ ਰਿਜ਼ਰਵਾਇਰ ਦੇ ਖੱਬੇ ਕੰਢੇ (ਨੰਗਲ ਤਲਾਅ) ਤੋਂ ਲਿਆ ਗਿਆ ਹੈ। ਇਸ ਦੀ ਵਰਤੋਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਾਂ ਦੀ ਨਵੀਂ 34 ਕਿਲੋਮੀਟਰ ਪੱਕੀ ਨਹਿਰ ਜਿਸ ਦਾ ਨਾਮ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਹੈ, ਵੱਲੋਂ ਬਿਜਲੀ ਦੀ ਪੈਦਾਵਾਰ ਲਈ ਕੀਤਾ ਗਿਆ ਹੈ।
ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਜਿਸ ਉੱਤੇ 206.86 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਦੀ ਪਾਵਰ ਸਮਰੱਥਾ ਨੂੰ ਗੰਗੂਵਾਲ ਅਤੇ ਨੱਕੀਆਂ ਵਿਖੇ 2 ਨੰਬਰ ਇਕੋ ਜਿਹੇ ਪਾਵਰ ਹਾਊਸ ਬਣਾ ਕੇ ਟੈਪ ਕੀਤਾ ਗਿਆ ਹੈ। ਗੰਗੂਵਾਲ ਪਾਵਰ ਹਾਊਸ ਨੰਗਲ ਤਲਾਬ ਤੋਂ ਲਗਭਗ 19 ਕਿਲੋਮੀਟਰ ਡਾਊਨਸਟ੍ਰੀਮ (ਅਨੰਦਪੁਰ ਸਾਹਿਬ ਹਾਈਡਲ ਚੈਨਲ) ’ਤੇ ਸਥਿਤ ਹੈ। ਗੰਗੂਵਾਲ ਪਾਵਰ ਹਾਊਸ ਦਾ ਪਾਣੀ ਨੱਕੀਆਂ ਦੇ ਪਾਵਰ ਹਾਊਸ ਤੱਕ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੇ ਦੂਜੇ ਹਿੱਸੇ ਲਗਭਗ 11 ਕਿਲੋਮੀਟਰ ਨਹਿਰ ਰਾਹੀਂ ਲਿਜਾਇਆ ਜਾਂਦਾ ਹੈ । ਦੋਵੇਂ ਪਾਵਰ ਹਾਊਸਾਂ ਦੀ ਕੁੱਲ ਉਚਾਈ 92.69 ਫੁੱਟ ਹੈ। ਨੱਕੀਆਂ ਪਾਵਰ ਹਾਊਸ ਦਾ ਪਾਣੀ ਲਹੋਂਡ ਖੱਡ ਰਾਹੀਂ ਸਤਲੁਜ ਦਰਿਆ ਵਿਚ ਭੇਜਿਆ ਜਾਂਦਾ ਹੈ।
ਹਰੇਕ ਪਾਵਰ ਹਾਊਸ ਨੂੰ 2 X33.5 ਮੈਗਾਵਾਟ ਦੇ ਬੀ.ਐੱਚ.ਈ. ਐੱਲ. ਹਰਿਦੁਆਰ ਦੀਆਂ ਟਰਬਾਈਨਾਂ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਟਰਬਾਈਨਾਂ ਦੇ ਪਾਣੀ ਦੇ ਪਾਈਪਾਂ ਦਾ 6 ਮੀਟਰ ਘੇਰਾ ਹੈ ਜਿਸ ਰਾਹੀਂ (5075 ਕਿਊਸਿਕ) ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਪ੍ਰੋਜੈਕਟ ਵਿਚ ਬਿਜਲੀ 11 ਕਿਲੋ ਵੋਲਟ ’ਤੇ ਪੈਦਾ ਹੁੰਦੀ ਹੈ ਜਿਸ ਨੂੰ 132 ਕਿਲੋ ਵੋਲਟ ਤੋਂ ਵਧਾ ਕੇ ਖੇਤਰੀ ਗਰਿਡ ਵਿਚ ਭੇਜ ਦਿੱਤੀ ਜਾਂਦੀ ਹੈ।
ਇਹ ਪਾਵਰ ਹਾਊਸ ਸਾਲ 1985 ਅਪ੍ਰੈਲ ਅਤੇ ਮਈ ਦੌਰਾਨ ਚਾਲੂ ਕੀਤੇ ਗਏ ਸਨ ਅਤੇ ਇਹ ਦੇਖਿਆ ਜਾ ਰਿਹਾ ਹੈ ਕਿ ਦੋਵੇਂ ਪਾਵਰ ਹਾਊਸਾਂ ਦੀਆਂ 4 ਨੰਬਰ ਮਸ਼ੀਨਾਂ ਪੂਰੀ/ਪਾਰਟ ’ਤੇ ਚਾਲੂ ਹੋਣ ਤੋਂ ਬਾਅਦ ਵੀ ਜੋ ਕਿ ਨੰਗਲ ਵਿਖੇ ਨੰਗਲ ਤਲਾਬ ਤੋਂ ਨਿਕਲਣ ਵਾਲੇ ਪਾਣੀ ਦੀ ਉਪਲਬਧਤਾ ਅਨੁਸਾਰ ਤਸੱਲੀਬਖਸ਼ ਢੰਗ ਨਾਲ ਚੱਲ ਰਹੀਆਂ ਹਨ। ਪਾਵਰ ਹਾਊਸਾਂ ਦੇ ਪੂਰੇ ਲੋਡ ਨੂੰ ਚਲਾਉਣ ਲਈ ਪਾਣੀ ਦੀ ਜ਼ਰੂਰਤ ਲਗਭਗ 10150 ਕਿਊਸਿਕ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਨੰਦਪੁਰ ਸਾਹਿਬ ਜਨਰੇਸ਼ਨ ਹਲਕਾ ਦੇ ਉਪ ਮੁੱਖ ਇੰਜੀਨੀਅਰ ਇੰਜੀ. ਨਵੀਨ ਮਲਹੋਤਰਾ ਅਨੁਸਾਰ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦੇ ਪਾਵਰ ਹਾਊਸ ਸ਼ੁਰੂ ਹੋਣ ਤੋਂ ਹੁਣ ਤੱਕ ਬਿਨਾਂ ਕਿਸੇ ਵੱਡੀ ਖਰਾਬੀ ਤੋਂ ਬਗੈਰ ਕਾਫੀ ਤਸੱਲੀਬਖਸ਼ ਢੰਗ ਨਾਲ ਬਿਜਲੀ ਦੀ ਪੈਦਾਵਾਰ ਕਰ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਏ.ਐੱਚ. ਸੀ. ਵਿਚ ਪਾਣੀ ਦੀ ਉਪਲਬਧਤਾ ਅਨੁਸਾਰ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਪਲਾਂਟ ਦੀ ਉਪਲਬਧਤਾ 97% ਹੈ ਜੋ ਕਿ ਇਕ ਚੰਗੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਸਾਲ 2022-23 ਦੌਰਾਨ ਇਸ ਪ੍ਰੋਜੈਕਟ ਤੋਂ ਬਿਜਲੀ ਦੀ ਪੈਦਾਵਾਰ ਦੀ ਲਾਗਤ 32 ਪੈਸੇ ਪ੍ਰਤੀ ਯੂਨਿਟ ਆਈ ਹੈ। ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਚਾਲੂ ਹੋਣ ਤੋਂ ਸਾਲ 1998-99 ਵਿਚ 1071.69 ਮਿਲੀਅਨ ਯੂਨਿਟ ਦੀ ਰਿਕਾਰਡ ਬਿਜਲੀ ਦੀ ਪੈਦਾਵਾਰ ਪ੍ਰਾਪਤ ਕੀਤੀ, ਜੋ ਕਿ ਅਨੰਦਪੁਰ ਸਾਹਿਬ ਹਾਈਡਲ ਦੇ ਇਤਿਹਾਸ ਵਿਚ ਮੀਲ ਪੱਥਰ ਹੈ।
ਇਹ ਪ੍ਰੋਜੈਕਟ 38 ਸਾਲਾਂ ਤੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਸਸਤੀ ਬਿਜਲੀ ਦਾ ਸਰੋਤ ਸਾਬਿਤ ਹੋਇਆ ਹੈ ਅਤੇ ਇਹ ਪ੍ਰੋਜੈਕਟ ਨੰਗਲ ਅਤੇ ਅਨੰਦਪੁਰ ਸਾਹਿਬ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।