ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਸੋਨੀਆ ਦੀ ਤਾਜਪੋਸ਼ੀ

08/12/2019 7:15:44 AM

ਰਾਹਿਲ ਨੋਰਾ ਚੋਪੜਾ
ਕਾਂਗਰਸ ਵਰਕਿੰਗ ਕਮੇਟੀ ਦੀ 12 ਘੰਟੇ ਤਕ ਚੱਲੀ ਮੈਰਾਥਨ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਪਾਰਟੀ ਦੀਆਂ ਜਥੇਬੰਦਕ ਚੋਣਾਂ ਹੋਣ ਤਕ ਸੋਨੀਆ ਗਾਂਧੀ ਅੰਤ੍ਰਿਮ ਪ੍ਰਧਾਨ ਹੋਵੇਗੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਕਾਂਗਰਸ ਵਰਕਿੰਗ ਕਮੇਟੀ ਰਾਹੁਲ ਗਾਂਧੀ ’ਤੇ ਪ੍ਰਧਾਨਗੀ ਅਹੁਦੇ ’ਤੇ ਬਣੇ ਰਹਿਣ ਲਈ ਦਬਾਅ ਪਾ ਰਹੀ ਸੀ ਪਰ ਉਹ ਇਹ ਅਹੁਦਾ ਛੱਡਣ ’ਤੇ ਅੜੇ ਹੋਏ ਸਨ। ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਗਾਂਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਪ੍ਰਧਾਨ ਬਣਾਉਣ ਦੇ ਮਾਮਲੇ ਵਿਚ ਆਮ ਰਾਇ ਨਹੀਂ ਬਣਾ ਸਕੀ। ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ ’ਚ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸੋਨੀਆ ਗਾਂਧੀ ਨੂੰ ਅੰਤ੍ਰਿਮ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਗਿਆ। ਸੋਨੀਆ ਗਾਂਧੀ ਨੇ 20 ਮਹੀਨੇ ਪਹਿਲਾਂ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਕੇ ਰਾਹੁਲ ਨੂੰ ਕਮਾਨ ਸੌਂਪੀ ਸੀ।

ਦਿੱਲੀ ’ਚ ਭਾਜਪਾ ਦੀ ਰਣਨੀਤੀ

ਭਾਜਪਾ ਨੇ ਅਗਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ 2 ਮੰਤਰੀਆਂ ਹਰਦੀਪ ਸਿੰਘ ਪੁਰੀ ਅਤੇ ਨਿੱਤਿਆਨੰਦ ਰਾਏ ਸਮੇਤ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦਾ ਇੰਚਾਰਜ ਬਣਾਇਆ ਹੈ। ਪ੍ਰਕਾਸ਼ ਜਾਵਡੇਕਰ ਲੋਕ ਸਭਾ ਚੋਣਾਂ ਦੌਰਾਨ ਰਾਜਸਥਾਨ ਦੇ ਇੰਚਾਰਜ ਰਹੇ ਹਨ ਅਤੇ ਉਥੇ ਉਨ੍ਹਾਂ ਨੇ ਜਥੇਬੰਦਕ ਮਾਮਲਿਆਂ ਨੂੰ ਠੀਕ ਤਰ੍ਹਾਂ ਸੰਭਾਲਿਆ ਅਤੇ ਚੰਗੇ ਨਤੀਜੇ ਦਿੱਤੇ। ਹੁਣ ਭਾਜਪਾ ਨੇ ਉਨ੍ਹਾਂ ਨੂੰ ਇਸ ਲਈ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਦਿੱਲੀ ਭਾਜਪਾ ਇਕਾਈ ਨਾਲ ਚੰਗਾ ਤਾਲਮੇਲ ਕਾਇਮ ਕਰਨਗੇ। ਹਰਦੀਪ ਸਿੰਘ ਪੁਰੀ ਦਿੱਲੀ ਦੀ ਕੁਦਰਤੀ ਪਸੰਦ ਹਨ ਕਿਉਂਕਿ ਉਹ ਇਕ ਸਿੱਖ ਹੋਣ ਦੇ ਨਾਲ-ਨਾਲ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਨ। ਇਸ ਲਈ ਉਹ ਸੀਲਿੰਗ, ਮਾਸਟਰ ਪਲਾਨ ਅਤੇ ਮੈਟਰੋ ਵਰਗੇ ਮੁੱਦਿਆਂ ’ਤੇ ਵਿਰੋਧੀਆਂ ਦਾ ਮੁਕਾਬਲਾ ਕਰ ਸਕਦੇ ਹਨ। ਦਿੱਲੀ ਦੀਆਂ ਚੋਣਾਂ ’ਚ ਨਾਜਾਇਜ਼ ਕਾਲੋਨੀਆਂ ਦਾ ਨਿਯਮਿਤੀਕਰਨ ਇਕ ਵੱਡਾ ਮੁੱਦਾ ਹੋਵੇਗਾ ਅਤੇ ਭਾਜਪਾ ਇਸ ਮਾਮਲੇ ’ਚ ਹਰਦੀਪ ਸਿੰਘ ਪੁਰੀ ਵਲੋਂ ਕੀਤੇ ਗਏ ਕੰਮਾਂ ਨੂੰ ਆਪਣੀ ਉਪਲੱਬਧੀ ਦੇ ਤੌਰ ’ਤੇ ਦਿਖਾਉਣਾ ਚਾਹੇਗੀ। ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਵੀ ਪੂਰਵਾਂਚਲੀ ਵੋਟਰਾਂ ’ਤੇ ਚੰਗਾ ਪ੍ਰਭਾਵ ਰੱਖਦੇ ਹਨ। ਉਹ ਪ੍ਰਵਾਸੀ ਲੋਕਾਂ ਦੀਆਂ ਕਾਫੀ ਵੋਟਾਂ ਭਾਜਪਾ ਨੂੰ ਦਿਵਾ ਸਕਦੇ ਹਨ। ਦਿੱਲੀ ਦੇ ਕਰਾਵਲ ਨਗਰ, ਬਾਡਲੀ, ਬੁਰਾੜੀ, ਸੀਮਾਪੁਰੀ, ਗੋਕਲਪੁਰੀ, ਵਿਕਾਸਪੁਰੀ, ਦੁਆਰਕਾ, ਉੱਤਮ ਨਗਰ, ਸੰਗਮ ਵਿਹਾਰ, ਦਿਓਲੀ ਅਤੇ ਬਦਰਪੁਰ ਸਮੇਤ 20 ਵਿਧਾਨ ਸਭਾ ਖੇਤਰਾਂ ’ਚ ਪੂਰਵਾਂਚਲੀਆਂ ਦਾ ਕਾਫੀ ਪ੍ਰਭਾਵ ਹੈ।

ਸਮਾਜਵਾਦੀ ਪਾਰਟੀ ਦਾ ਘਟਦਾ ਪ੍ਰਭਾਵ

ਲੋਕ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦਾ ਪ੍ਰਭਾਵ ਲਗਾਤਾਰ ਘੱਟ ਹੋ ਰਿਹਾ ਹੈ। ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਪਾ ਨੂੰ ਕਰਾਰਾ ਝਟਕਾ ਦਿੱਤਾ ਸੀ। ਵਿਧਾਨ ਸਭਾ ਚੋਣਾਂ ਕਾਂਗਰਸ ਨਾਲ ਮਿਲ ਕੇ ਲੜਨ ਦੇ ਬਾਵਜੂਦ ਸਮਾਜਵਾਦੀ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਸੀ। ਮੁਲਾਇਮ ਸਿੰਘ ਯਾਦਵ ਦੀ ਸਹਿਮਤੀ ਨਾ ਹੋਣ ਦੇ ਬਾਵਜੂਦ ਅਖਿਲੇਸ਼ ਨੇ ਕਾਂਗਰਸ ਨਾਲ ਗੱਠਜੋੜ ਕੀਤਾ ਸੀ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ’ਚ ਸਪਾ ਨੇ ਬਸਪਾ ਨਾਲ ਗੱਠਜੋੜ ਕੀਤਾ ਕਿਉਂਕਿ ਇਨ੍ਹਾਂ ਦੋਹਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ 3 ਉਪ-ਚੋਣਾਂ ਜਿੱਤੀਆਂ ਸਨ ਪਰ ਅਖਿਲੇਸ਼ ਦੇ ਚਾਚਾ ਸ਼ਿਵਪਾਲ ਯਾਦਵ ਨੇ ਭਾਜਪਾ ਦੀ ਸਹਾਇਤਾ ਕੀਤੀ। ਇਨ੍ਹਾਂ ਚੋਣਾਂ ’ਚ ਸਪਾ ਸਿਰਫ 5 ਸੀਟਾਂ ਜਿੱਤ ਸਕੀ, ਜਦਕਿ ਬਸਪਾ ਨੇ 10 ਸੀਟਾਂ ’ਤੇ ਜਿੱਤ ਹਾਸਿਲ ਕੀਤੀ, ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ ’ਚ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਬਸਪਾ ਨੇ ਚੋਣਾਂ ’ਚ ਹੋਏ ਨੁਕਸਾਨ ਲਈ ਅਖਿਲੇਸ਼ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉੱਤਰ ਪ੍ਰਦੇਸ਼ ’ਚ ਸਪਾ ਨਾਲ ਗੱਠਜੋੜ ਤੋੜ ਦਿੱਤਾ। ਲੋਕ ਸਭਾ ਚੋਣਾਂ ’ਚ ਸਪਾ ਫਿਰੋਜ਼ਾਬਾਦ, ਬਦਾਯੂੰ, ਕਿੰਨੌਜ ਵਰਗੀਆਂ ਸੀਟਾਂ ਨੂੰ ਬਚਾਉਣ ਵਿਚ ਵੀ ਨਾਕਾਮ ਰਹੀ ਅਤੇ ਹੁਣ ਭਾਜਪਾ ਨੇ ਸਪਾ ਦੇ ਐੱਮ. ਐੱਲ. ਸੀਜ਼ ਅਤੇ ਰਾਜ ਸਭਾ ਮੈਂਬਰਾਂ ਨੂੰ ਵੀ ਆਪਣੇ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਸ਼ੁਰੂ ’ਚ ਬਹੁਤ ਸਾਰੇ ਐੱਮ. ਐੱਲ. ਸੀਜ਼ ਨੇ ਸਪਾ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ ਅਤੇ ਇਨ੍ਹਾਂ ਖਾਲੀ ਸੀਟਾਂ ਨੂੰ ਭਾਜਪਾ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਵਲੋਂ ਭਰਿਆ ਗਿਆ ਸੀ। ਇਸ ਤੋਂ ਬਾਅਦ ਸਪਾ ਤੋਂ ਅਸਤੀਫਾ ਦੇਣ ਵਾਲਿਆਂ ਨੂੰ ਦੁਬਾਰਾ ਭਾਜਪਾ ਵਲੋਂ ਐੱਮ. ਐੱਲ. ਸੀ. ਬਣਾ ਦਿੱਤਾ ਗਿਆ। ਹੁਣ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਪੁੱਤਰ ਨੀਰਜ ਸ਼ੇਖਰ ਨੇ ਰਾਜ ਸਭਾ ਅਤੇ ਸਮਾਜਵਾਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਭਾਜਪਾ ਜੁਆਇਨ ਕਰ ਲਈ ਹੈ। ਉਸ ਤੋਂ ਬਾਅਦ ਸਪਾ ਦੇ ਰਾਜ ਸਭਾ ਮੈਂਬਰ ਸੁਰਿੰਦਰ ਸਿੰਘ ਨਾਗਰ ਵੀ ਭਾਜਪਾ ਵਿਚ ਸ਼ਾਮਿਲ ਹੋ ਗਏ। ਅਖਿਲੇਸ਼ ਯਾਦਵ ਰਾਜਪਾਲ ਰਾਮਨਾਇਕ ਨੂੰ ਐੱਮ. ਐੱਲ. ਸੀ. ਦੇ ਤੌਰ ’ਤੇ ਸੰਜੇ ਸੇਠ ਦੀ ਨਾਮਜ਼ਦਗੀ ਬਾਰੇ ਭਰੋਸਾ ਦੇਣ ’ਚ ਅਸਫਲ ਰਹੇ। ਬਾਅਦ ’ਚ ਅਖਿਲੇਸ਼ ਯਾਦਵ ਨੇ ਸੰਜੇ ਸੇਠ ਨੂੰ ਰਾਜ ਸਭਾ ਭੇਜਣ ਲਈ ਆਪਣੇ ਪਾਰਟੀ ਨੇਤਾਵਾਂ ਨੂੰ ਮਨਾਉਣ ਦੀ ਖੂਬ ਕੋਸ਼ਿਸ਼ ਕੀਤੀ ਅਤੇ ਹੁਣ ਸੰਜੇ ਸੇਠ ਨੇ ਭਾਜਪਾ ਵਿਚ ਜਾਣ ਲਈ ਪਾਰਟੀ ਅਤੇ ਰਾਜ ਸਭਾ ਨੂੰ ਛੱਡ ਦਿੱਤਾ ਹੈ।

ਦਿੱਖ ਸੁਧਾਰਨ ਲਈ ਯਤਨਸ਼ੀਲ ਮਮਤਾ

ਲੋਕ ਸਭਾ ਵਿਚ ਭਾਜਪਾ ਹੱਥੋਂ 10 ਸੀਟਾਂ ਗੁਆਉਣ ਤੋਂ ਬਾਅਦ ਹੁਣ ਮਮਤਾ ਬੈਨਰਜੀ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ’ਤੇ ਆਪਣੀ ਦਿੱਖ ਬਦਲਣ ਦਾ ਯਤਨ ਕਰ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਦਿੱਖ ਇਕ ਜੁਝਾਰੂ ਨੇਤਾ ਅਤੇ ਮਜ਼ਬੂਤ ਔਰਤ ਦੀ ਸੀ ਪਰ ਹੁਣ ਉਹ ਇਕ ਮਿੱਠਬੋਲੜੀ ਅਤੇ ਨਿਮਰ ਔਰਤ ਦੇ ਤੌਰ ’ਤੇ ਆਪਣੀ ਦਿੱਖ ਬਣਾ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ’ਤੇ ਉਨ੍ਹਾਂ ਨੇ ਆਪਣੇ ਨੇਤਾਵਾਂ ਅਤੇ ਵਰਕਰਾਂ ਨੂੰ ਕਿਹਾ ਹੈ ਕਿ ਉਹ ਆਪਣਾ ਵਤੀਰਾ ਬਦਲਣ ਅਤੇ ਕੋਈ ਗੈਰ-ਜ਼ਰੂਰੀ ਟਿੱਪਣੀ ਨਾ ਕਰਨ ਅਤੇ ਵਿਰੋਧੀ ਪਾਰਟੀਆਂ ਤੇ ਵਰਕਰਾਂ ਨੂੰ ਨਾ ਭੜਕਾਉਣ। ਇਸ ਤੋਂ ਇਲਾਵਾ ਮਮਤਾ ਨੇ ਆਪਣੇ ਵਰਕਰਾਂ ਨੂੰ ਵਿਰੋਧੀਆਂ ਦੀਆਂ ਰੈਲੀਆਂ ਅਤੇ ਪ੍ਰੋਗਰਾਮਾਂ ’ਚ ਦਖਲਅੰਦਾਜ਼ੀ ਨਾ ਕਰਨ ਦੀ ਗੱਲ ਵੀ ਕਹੀ ਹੈ। ਮਮਤਾ ਬੈਨਰਜੀ ਨੇ ਪਾਰਟੀ ਵਰਕਰਾਂ ਨੂੰ ਆਮ ਆਦਮੀ ਨਾਲ ਸੰਪਰਕ ਬਣਾ ਕੇ ਉਨ੍ਹਾਂ ਨੂੰ ਪਾਰਟੀ ਵਲੋਂ ਕੀਤੇ ਗਏ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ ਹੈ। ਇਹ ਸਭ ਆਗਾਮੀ ਨਿਗਮ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਉਹ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਵਿਕਾਸ ਅਤੇ ਰੋਜ਼ਗਾਰ ਲਈ ਕਾਰਪੋਰੇਟ ਢਾਂਚੇ ਦਾ ਵਿਕਾਸ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਪਹਿਲਾਂ ਹੀ ਇਕ ਨੈੱਟਵਰਕ ਬਣਾ ਲਿਆ ਹੈ, ਜਿਸ ਦੇ ਤਹਿਤ ਟੀ. ਐੱਮ. ਸੀ. ਦੇ ਸਾਰੇ ਜ਼ਿਲਾ ਦਫਤਰ ਪਾਰਟੀ ਮੁੱਖ ਦਫਤਰ ਨਾਲ ਜੋੜ ਦਿੱਤੇ ਗਏ ਹਨ ਤਾਂ ਕਿ ਉਹ ਸੂਬੇ ਭਰ ’ਚ ਸਾਰੇ ਵਰਕਰਾਂ ਨਾਲ ਸੰਪਰਕ ’ਚ ਰਹਿ ਸਕਣ।

ਰਾਜਸਥਾਨ ’ਚ ਬਦਲਿਆ ਹੋਇਆ ਦ੍ਰਿਸ਼

ਕਰਨਾਟਕ ’ਚ ਐੱਚ. ਡੀ. ਕੁਮਾਰਸਵਾਮੀ ਦੀ ਸਰਕਾਰ ਜਾਣ ਤੋਂ ਬਾਅਦ ਹੁਣ ਇਸੇ ਤਰ੍ਹਾਂ ਦੀਆਂ ਅਫਵਾਹਾਂ ਰਾਜਸਥਾਨ ’ਚ ਵੀ ਫੈਲ ਰਹੀਆਂ ਹਨ ਕਿਉਂਕਿ ਇਥੇ ਕਾਂਗਰਸ ਸਰਕਾਰ ਆਜ਼ਾਦ ਅਤੇ ਬਸਪਾ ਵਿਧਾਇਕਾਂ ਦੇ ਸਮਰਥਨ ਨਾਲ ਚੱਲ ਰਹੀ ਹੈ। ਵਿਧਾਨ ਸਭਾ ’ਚ 13 ਆਜ਼ਾਦ ਅਤੇ 6 ਬਸਪਾ ਵਿਧਾਇਕ ਹਨ। ਜ਼ਿਆਦਾਤਰ ਆਜ਼ਾਦ ਵਿਧਾਇਕ ਸਾਬਕਾ ਕਾਂਗਰਸੀ ਹਨ, ਜੋ ਹੁਣ ਅਸ਼ੋਕ ਗਹਿਲੋਤ ’ਤੇ ਉਨ੍ਹਾਂ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਕਰਨ ਦਾ ਦਬਾਅ ਬਣਾ ਰਹੇ ਹਨ। ਹਾਲਾਂਕਿ ਅਸ਼ੋਕ ਗਹਿਲੋਤ ਨੇ ਉਨ੍ਹਾਂ ਨਾਲ ਚੰਗਾ ਸੰਪਰਕ ਬਣਾ ਕੇ ਰੱਖਿਆ ਹੈ ਅਤੇ ਟਰਾਂਸਫਰ ਦੇ ਮਾਮਲੇ ’ਚ ਆਜ਼ਾਦ ਉਮੀਦਵਾਰਾਂ ਨਾਲ ਚਰਚਾ ਤੋਂ ਬਾਅਦ ਹੀ ਫੈਸਲਾ ਲੈ ਰਹੇ ਹਨ ਪਰ ਇਸ ਨਾਲ ਕਾਂਗਰਸੀ ਵਿਧਾਇਕਾਂ ’ਚ ਨਾਰਾਜ਼ਗੀ ਹੈ। ਕਾਂਗਰਸੀ ਵਿਧਾਇਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਜ਼ਾਦ ਵਿਧਾਇਕਾਂ ਦੀ ਸਲਾਹ ਨਾਲ ਵਿਕਾਸ ਕੰਮਾਂ ਦੀ ਅਲਾਟਮੈਂਟ ਕਰ ਰਹੇ ਹਨ ਅਤੇ ਇਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਇਸ ਦੌਰਾਨ ਮੰਤਰੀ ਬਣਾਏ ਜਾਣ ਦੀ ਸ਼ਰਤ ’ਤੇ ਬਸਪਾ ਵਿਧਾਇਕ ਪਾਰਟੀ ਬਦਲਣ ਲਈ ਤਿਆਰ ਹਨ। ਪਿਛਲੀਆਂ ਸਰਕਾਰਾਂ ਵਿਚ ਮੰਤਰੀ ਰਹਿ ਚੁੱਕੇ ਸੀਨੀਅਰ ਕਾਂਗਰਸੀ ਵਿਧਾਇਕ ਅਸ਼ੋਕ ਗਹਿਲੋਤ ’ਤੇ ਉਨ੍ਹਾਂ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਕਰਨ ਜਾਂ ਚੇਅਰਮੈਨ ਆਦਿ ਦਾ ਅਹੁਦਾ ਦੇਣ ਲਈ ਦਬਾਅ ਬਣਾ ਰਹੇ ਹਨ। ਇਸ ਸਮੇਂ ਸੂਬੇ ’ਚ ਕਾਂਗਰਸ ਪਾਰਟੀ ਵਿਚ ਦੋ ਧੜੇ ਹਨ। ਇਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਧੜਾ ਅਤੇ ਦੂਜਾ ਉਪ-ਮੁੱਖ ਮੰਤਰੀ ਸਚਿਨ ਪਾਇਲਟ ਧੜਾ ਪਰ ਸੀਨੀਅਰ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਹੁਣ ਸੋਨੀਆ ਗਾਂਧੀ ਵਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਜਸਥਾਨ ’ਚ ਹਾਲਾਤ ਬਦਲਣਗੇ ਅਤੇ ਅਸ਼ੋਕ ਗਹਿਲੋਤ ਮਜ਼ਬੂਤ ਮੁੱਖ ਮੰਤਰੀ ਦੇ ਤੌਰ ’ਤੇ ਉੱਭਰਨਗੇ।


Bharat Thapa

Content Editor

Related News