ਕੁਝ ਲੋਕਾਂ ਨੇ ਆਪਣੀ ਪਿਛਾਂਹਖਿੱਚੂ ਮਾਨਸਿਕਤਾ ਕਾਇਮ ਰੱਖੀ ਹੈ
Monday, Sep 16, 2024 - 05:40 PM (IST)
ਮਰੀਜ਼ ਦੇ ਮਨ ਅੰਦਰ, ਕਿਸੇ ਹੋਰ ਚੰਗੇਰੇ ਹਸਪਤਾਲ ’ਚ ਜਾ ਕੇ ਬਦਲਵੇਂ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣ ਦਾ ਖਿਆਲ ਉਦੋਂ ਹੀ ਆਉਂਦਾ ਹੈ, ਜਦੋਂ ਉਸਦਾ ਚਲ ਰਿਹਾ ਇਲਾਜ ਤੰਦਰੁਸਤ ਹੋਣ ਪੱਖੋਂ ਕਾਰਗਾਰ ਸਿੱਧ ਨਾ ਹੋ ਰਿਹਾ ਹੋਵੇ। ਜਦੋਂ ਦਿੱਤੀਆਂ ਜਾ ਰਹੀਆਂ ਦਵਾਈਆਂ ਰੋਗ ਠੀਕ ਕਰਨ ਦੀ ਥਾਂ ਹੋਰ ਵੀ ਦੁਖਦਾਈ ਬਣਾ ਦੇਣ ਤਾਂ ਲੱਖ ਤਸੱਲੀਆਂ ਦੇਣ ਦੇ ਬਾਵਜੂਦ ਮਰੀਜ਼ ਕਈ ਵਾਰ ਮਜਬੂਰੀ ਵੱਸ ਆਤਮਦਾਹ ਕਰਨ ਵੱਲ ਵੀ ਤੁਰ ਪੈਂਦੇ ਹਨ। ਐਨ ਇਹੋ ਜਿਹੀ ਸਥਿਤੀ ਅਜੋਕੇ ਸਮਾਜ ਦੀ ਵੀ ਬਣ ਚੁੱਕੀ ਹੈ।
ਇਨ੍ਹਾਂ ਹਾਲਾਤ ਅੰਦਰ ਨਿਰਾਸ਼ਾ ਦੇ ਆਲਮ ’ਚ ਡੁੱਬੇ ਭਾਰਤ ਦੇ ਲੋਕਾਂ ਦਾ ਇਕ ਹਿੱਸਾ ਧੁਰ ਸੱਜੇ-ਪੱਖੀ ਸਿਆਸਤ ਦਾ ਸ਼ਿਕਾਰ ਹੋਇਆ ਹੈ। ਮਹਿੰਗਾਈ, ਬੇਰੋਜ਼ਗਾਰੀ, ਕੰਗਾਲੀ, ਭੁੱਖਮਰੀ, ਇਲਾਜ ਤੇ ਵਿੱਦਿਅਕ ਸਹੂਲਤਾਂ ਦੀ ਅਣਹੋਂਦ, ਢਿੱਡ ਭਰਵੀਂ ਰੋਟੀ ਤੇ ਪੀਣ ਵਾਲੇ ਪਾਣੀ ਦੀ ਜਾਨਲੇਵਾ ਥੁੜ੍ਹ, ਅਮੀਰੀ-ਗਰੀਬੀ ਦਾ ਵਧਦਾ ਪਾੜਾ ਆਦਿ ਅਲਾਮਤਾਂ ਲਾਇਲਾਜ ਰੋਗ ਬਣਦੀਆਂ ਜਾ ਰਹੀਆਂ ਹਨ।
ਨਾ ਸਿਰਫ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਦੇਸ਼ ਸਗੋਂ ਅਮਰੀਕਾ ਸਮੇਤ ਜਰਮਨੀ, ਫਰਾਂਸ, ਇੰਗਲੈਂਡ ਆਦਿ ਯੂਰਪ ਦੇ ਵਿਕਸਿਤ ਦੇਸ਼ ਵੀ ਇਨ੍ਹਾਂ ਅਲਾਮਤਾਂ ਤੋਂ ਮੁਕਤ ਨਹੀਂ ਹਨ। ਇਨ੍ਹਾਂ ਰੋਗਾਂ ਦੇ ਮਾਰੂ ਅਸਰਾਂ ਕਾਰਨ ਹੀ ਇਨ੍ਹਾਂ ਵਿਕਸਿਤ ਕਹੇ ਜਾਂਦੇ ਦੇਸ਼ਾਂ ਦੇ ਮਜ਼ਦੂਰ-ਕਿਸਾਨ, ਵਿਦਿਆਰਥੀ, ਮੁਲਾਜ਼ਮ ਅਤੇ ਹੋਰ ਮਿਹਨਤਕਸ਼ ਤਬਕੇ ਹੜਤਾਲਾਂ-ਮੁਜ਼ਾਹਰਿਆਂ ਰਾਹੀਂ ਅਜਿਹੀ ਸ਼ਿੱਦਤ ਨਾਲ ਆਪਣੀ ਨਾਰਾਜ਼ਗੀ ਪ੍ਰਗਟਾਅ ਰਹੇ ਹਨ, ਜਿਸ ਬਾਰੇ ਤਿੰਨ ਕੁ ਦਹਾਕੇ ਪਹਿਲਾਂ ਇੱਥੋਂ ਦੇ ਹਾਕਮਾਂ ਨੇ ਕਦੀ ਸੁਪਨਾ ਵੀ ਨਹੀਂ ਲਿਆ ਹੋਣਾ।
ਪੂੰਜੀਵਾਦੀ ਮਾਨਸਿਕਤਾ ਵਿਚਲੀ ਕਰੂਰਤਾ ਨੂੰ ਸਮਝਣ ਲਈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਦਾ ਕਥਨ, ‘‘ਪੂੰਜੀਵਾਦੀ ਵਿਕਾਸ ਦੇ ਸਿੱਟੇ ਵਜੋਂ ਵਸੋਂ ਦੇ ਕੁਝ ਹਿੱਸੇ ਦਾ ਅਲੋਪ (ਖਾਤਮਾ) ਹੋ ਜਾਣਾ ਜ਼ਰੂਰੀ ਹੈ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ’’, ਸਦਾ ਯਾਦ ਰੱਖਣ ਯੋਗ ਹੈ।
ਇਸੇ ਪ੍ਰਬੰਧ ਸਦਕਾ ਹੀ ਭਾਰਤੀ ਲੋਕਾਂ ਦੀ ਸਥਿਤੀ ਨਾ ਸਿਰਫ ਆਰਥਿਕ ਪੱਖੋਂ ਖਤਰਨਾਕ ਹੁੰਦੀ ਜਾ ਰਹੀ ਹੈ ਸਗੋਂ ਇਸ ’ਚੋਂ ਉਪਜਣ ਵਾਲੀਆਂ ਬੀਮਾਰੀਆਂ ਦੇ ਸਿੱਟੇ ਵਜੋਂ ਖਤਰਨਾਕ ਸਮਾਜਿਕ ਸਮੱਸਿਆਵਾਂ ਵੀ ਜਨਮ ਲੈ ਰਹੀਆਂ ਹਨ। ਸਮਾਜ ਅੰਦਰ ਬੇਵਿਸਾਹੀ, ਕੁੜੱਤਣ, ਅਨਿਸ਼ਚਿਤਤਾ ਤੇ ਅਸਹਿਣਸ਼ੀਲਤਾ ਦਾ ਮਾਹੌਲ ਹੈ।
ਉਧਾਰ ਲਈ ਹੋਈ ਬੇਹੱਦ ਨਿਗੂਣੀ ਜਿਹੀ ਰਕਮ (100 ਰੁਪਏ ਤੱਕ ਵੀ) ਨਾ ਮੋੜਨ ’ਤੇ ਜਾਂ ਜ਼ਮੀਨ ਦੇ ਮਾਮੂਲੀ ਟੁਕੜੇ ਨੂੰ ਲੈ ਕੇ ਕਤਲ ਹੋਣ ਲੱਗ ਪਏ ਹਨ। ਪਰਿਵਾਰਾਂ ਅੰਦਰ ਆਪਸੀ ਝਗੜੇ ਖਤਰਨਾਕ ਹੱਦ ਤੱਕ ਵਧ ਗਏ ਹਨ। ਛੋਟੇ-ਮੋਟੇ ਝਗੜਿਆਂ ਕਾਰਨ ਦੋ ਧਿਰਾਂ ਵਿਚਕਾਰ ਹੁੰਦੀਆਂ ਹਿੰਸਕ ਝੜਪਾਂ ਦੇਖ ਕੇ ਦਿਲ ਕੰਬ ਉੱਠਦਾ ਹੈ।
ਗੈਂਗਸਟਰਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ, ਚੋਰੀ-ਡਕੈਤੀ, ਲੁੱਟ-ਖੋਹ ਆਦਿ ਦੀਆਂ ਵਾਰਦਾਤਾਂ ਆਦਿ ਸਰਕਾਰਾਂ ਦੇ ਵੱਸ ਤੋਂ ਬਾਹਰੀਆਂ ਬਣ ਚੁੱਕੀਆਂ ਹਨ। ਤਿੰਨ-ਤਿੰਨ ਸਾਲਾਂ ਦੀਆਂ ਫੁੱਲਾਂ ਵਰਗੀਆਂ ਅਣਭੋਲ ਬਾਲੜੀਆਂ ਜਬਰ-ਜ਼ਨਾਹ ਅਤੇ ਕਤਲ ਦਾ ਸ਼ਿਕਾਰ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਇਸੇ ਕਰਕੇ ਅਜਿਹੀਆਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਜਾਂ ਫਾਂਸੀ ਲੱਗਣ ਦੇ ਬਾਵਜੂਦ ਇਨ੍ਹਾਂ ਅਣਮਨੁੱਖੀ ਗੁਨਾਹਾਂ ਦਾ ਸਿਲਸਿਲਾ ਰੁਕਣ ਦੀ ਥਾਂ ਉਲਟਾ ਹੋਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।
1917 ’ਚ ਜਦੋਂ ਆਰਥਿਕ ਪੱਖੋਂ ਪੱਛੜੇ ਦੇਸ਼ ਰੂਸ ਦੇ ਕਿਰਤੀਆਂ ਨੇ ਸਫਲ ਇਨਕਲਾਬ ਰਾਹੀਂ ਸੱਤਾ ਆਪਣੇ ਹੱਥੀਂ ਲੈ ਕੇ ਸਾਂਝੀਵਾਲਤਾ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਰਾਹ ਫੜਿਆ ਸੀ, ਤਾਂ ਉਦੋਂ ਦੁਨੀਆ ਦੇ ਸਾਰੇ ਲੋਟੂ ਹਾਕਮਾਂ ਦੇ ਮਨਾਂ ’ਚ ਡਰ-ਭੈਅ ਦੀ ਲਕੀਰ ਖਿੱਚੀ ਗਈ ਸੀ।
ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਜਿਹੇ ਰਾਜਸੀ-ਆਰਥਿਕ ਰਾਜ ਪ੍ਰਬੰਧ ਦੀ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਜਿੱਥੇ ਅਮੀਰੀ-ਗਰੀਬੀ ਦਾ ਪਾੜਾ ਮੇਟ ਕੇ ਸਮਾਨਤਾ ਕਾਇਮ ਕੀਤੀ ਗਈ ਹੋਵੇ! ਇਸ ਤੋਂ ਵੱਡਾ ਡਰ ਇਨ੍ਹਾਂ ਹਾਕਮਾਂ ਨੂੰ ਇਹ ਸਤਾ ਰਿਹਾ ਸੀ ਕਿ ਇਸ ਪ੍ਰਬੰਧ ਦੇ ਰੂਸ ਤੋਂ ਬਾਹਰ ਬਾਕੀ ਦੇਸ਼ਾਂ ’ਚ ਵੀ ਸਥਾਪਿਤ ਹੋਣ ਦੀ ਲੀਹ ਤੁਰ ਪਵੇਗੀ।
ਇਸੇ ਲਈ ਸੰਸਾਰ ਦੇ ਪੂੰਜੀਪਤੀਆਂ ਨੇ ਸੋਵੀਅਤ ਯੂਨੀਅਨ ਅੰਦਰ ਕਾਇਮ ਹੋਏ ਇਸ ਸਮਾਜਵਾਦੀ ਪ੍ਰਬੰਧ ਨੂੰ ਸ਼ੁਰੂਆਤੀ ਦੌਰ ’ਚ ਹੀ ਯਾਨੀ ਪੁੰਗਰਨ ਸਾਰ ਹੀ ਫਨਾਹ ਕਰਨ ਦਾ ਬੀੜਾ ਚੁੱਕ ਲਿਆ ਸੀ। ਇਸੇ ਤਹਿਤ ਸਾਮਰਾਜੀਆਂ ਨੇ ਸੋਵੀਅਤ ਯੂਨੀਅਨ ਦੀ ਆਰਥਿਕ ਨਾਕਾਬੰਦੀ ਕੀਤੀ ਅਤੇ ਆਪਣੇ ਹੱਥਠੋਕੇ ਅੰਦਰੂਨੀ ਦੁਸ਼ਮਣਾਂ ਦੀਆ ਭੰਨ-ਤੋੜ ਦੀਆਂ ਕਾਰਵਾਈਆਂ ਨਾਲ ਦੇਸ਼ ਦੇ ਸਹਿਜ ਆਰਥਿਕ ਵਿਕਾਸ ਦੇ ਰਾਹ ’ਚ ਰੋੜੇ ਅਟਕਾਏ।
ਕਿਉਂਕਿ ਸੋਵੀਅਤ ਯੂਨੀਅਨ ਦੇ ਮਿਹਨਤਕਸ਼ਾਂ ਨੇ ਇਹ ਢਾਂਚਾ ਆਪਣੇ ਬਲਬੂਤੇ ਸਿਰਜਿਆ ਸੀ ਅਤੇ ਉਹ ਇਸ ਨੂੰ ਹਕੀਕੀ ਰੂਪ ’ਚ ਆਪਣਾ ਢਾਂਚਾ ਸਮਝਦੇ ਸਨ, ਇਸ ਲਈ ਦੇਸ਼ ਦੇ ਆਮ ਲੋਕਾਂ ਨੇ ਪੂਰੇ ਸਬਰ ਤੇ ਬਹਾਦਰੀ ਨਾਲ ਅੰਦਰੂਨੀ-ਬਾਹਰੀ ਦੁਸ਼ਮਣਾਂ ਦਾ ਟਾਕਰਾ ਕੀਤਾ।
ਸੋਵੀਅਤ ਯੂਨੀਅਨ ਦੇ ਮਿਹਨਤਕਸ਼ ਲੋਕਾਂ ਨੇ ਇਸ ਢਾਂਚੇ ਦੀ ਰਾਖੀ ਕਰਦਿਆਂ ਤੇਜ਼ੀ ਨਾਲ ਵਿਕਾਸ ਕਰਨਾ ਜਾਰੀ ਰੱਖਿਆ। ਘਾਟਾਂ-ਕਮਜ਼ੋਰੀਆਂ ਦੇ ਬਾਵਜੂਦ ਸੋਵੀਅਤ ਯੂਨੀਅਨ ਨੇ ਸਮਾਜਵਾਦੀ ਲੀਹਾਂ ’ਤੇ ਕੀਤੇ ਅੱਖਾਂ ਚੁੰਧਿਆ ਦੇਣ ਵਾਲੇ ਵਿਕਾਸ ਅਤੇ ਵੱਡੀ ਫੌਜੀ ਤਾਕਤ ਬਣਨ ਸਦਕਾ ਦੁਨੀਆ ਭਰ ਦੀਆਂ ਕੌਮੀ ਮੁਕਤੀ ਲਹਿਰਾਂ ਨੂੰ ਪੂਰੀ ਹਮਾਇਤ ਦਿੱਤੀ।
ਇਸਦੇ ਨਾਲ ਹੀ ਪਹਿਲੀ ਸੰਸਾਰ ਜੰਗ ਅੰਦਰ ਹੋਈ ਆਰਥਿਕ ਤਬਾਹੀ ਦੇ ਖੱਪਿਆਂ ਦੀ ਪੂਰਤੀ ਵੀ ਬਾਖੂਬੀ ਕੀਤੀ। ਦੂਜੀ ਸੰਸਾਰ ਜੰਗ ਦੌਰਾਨ ਮਨੁੱਖਤਾ ਦੇ ਸਭ ਤੋਂ ਖਤਰਨਾਕ ਦੁਸ਼ਮਣ, ਵੱਡੀ ਫੌਜੀ ਤਾਕਤ ਵਜੋਂ ਉੱਭਰੇ ਫਾਸ਼ੀਵਾਦੀ ਹਿਟਲਰ ਤੇ ਉਸ ਦੇ ਸਹਿਯੋਗੀਆਂ ਨੂੰ ਲੱਕ-ਤੋੜਵੀਂ ਹਾਰ ਦੇਣ ’ਚ ਵੀ ਸੋਵੀਅਤ ਯੂਨੀਅਨ ਦੀ ਫੈਸਲਾਕੁੰਨ ਭੂਮਿਕਾ ਰਹੀ ਸੀ।
ਜਦੋਂ ਅਮਰੀਕਾ ਵਲੋਂ ਫੌਜੀ ਤਾਕਤ ਨਾਲ ਬੰਗਲਾਦੇਸ਼ ਦੇ ਆਜ਼ਾਦੀ ਸੰਗਰਾਮ ਨੂੰ ਅਸਫਲ ਕਰਨ ਵਾਸਤੇ ਹਿੰਦ ਮਹਾਸਾਗਰ ’ਚ ਆਪਣਾ ਜੰਗੀ ਬੇੜਾ ਭੇਜਣ ਦਾ ਐਲਾਨ ਕਰਨ ਸਮੇਂ ਜੇਕਰ ਸੋਵੀਅਤ ਯੂਨੀਅਨ ਪੂਰੀ ਤਾਕਤ ਨਾਲ ਬੰਗਲਾਦੇਸ਼ ਦੇ ਹੱਕ ’ਚ ਨਾ ਨਿਤਰਦਾ ਤਾਂ ਇਸ ਕੌਮੀ ਮੁਕਤੀ ਘੋਲ ਦੀ ਹਾਰ ਯਕੀਨੀ ਸੀ।
ਇਹ ਹਕੀਕਤ ਸੋਵੀਅਤ ਯੂਨੀਅਨ ਤੇ ਸਮਾਜਵਾਦ ਦੇ ਕੱਟੜ ਵੈਰੀ ਵੀ ਕਬੂਲਦੇ ਹਨ ਕਿ ਸੋਵੀਅਤ ਯੂਨੀਅਨ ਦੇ ਕਾਇਮ ਰਹਿੰਦਿਆਂ, ਅੱਜ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਫਿਲਸਤੀਨੀਆਂ ਦੀ ਨਸਲਕੁਸ਼ੀ ਨਾ ਹੁੰਦੀ ਤੇ ਰੂਸ-ਯੂਕ੍ਰੇਨ ਜੰਗ ’ਚ ਨਾਟੋ ਦੇਸ਼ਾਂ ਵੱਲੋਂ ਤਬਾਹਕੁੰਨ ਜੰਗੀ ਹਥਿਆਰਾਂ ਦੀ ਵਿਕਰੀ ਰਾਹੀਂ ਕੀਤੀ ਜਾ ਰਹੀ ਅਨੰਤ ਕਮਾਈ ਦਾ ਬਿਰਤਾਂਤ ਵੀ ਸ਼ਾਇਦ ਨਾ ਸਿਰਜਿਆ ਗਿਆ ਹੁੰਦਾ।
ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਮੁੜ ਉੱਥੇ ਹੀ ਆਉਂਦੇ ਹਾਂ। ਭਾਰਤ ਸਮੇਤ ਸੰਸਾਰ ਭਰ ਦੇ ਮਿਹਨਤਕਸ਼ ਲੋਕਾਂ ਨੂੰ ਜਿਨ੍ਹਾਂ ਆਰਥਿਕ ਤੰਗੀਆਂ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਸਿੱਧੇ ਤੌਰ ’ਤੇ ਪੂੰਜੀਵਾਦੀ ਪ੍ਰਬੰਧ ਦੀ ਪੈਦਾਇਸ਼ ਹਨ। ਇਸ ਪ੍ਰਬੰਧ ਦੇ ਚਾਲਕਾਂ ਕੋਲ ਇਨ੍ਹਾਂ ਦੁੱਖਾਂ-ਮੁਸੀਬਤਾਂ ਦਾ ਨਾ ਕੋਈ ਇਲਾਜ ਹੈ ਤੇ ਨਾ ਉਹ ਇਹ ਦਾਅਵਾ ਹੀ ਕਰਦੇ ਹਨ।
ਸਗੋਂ ਉਹ ਆਪਣੇ ਮਨ ਭਾਉਂਦੇ ਢਾਂਚੇ ਰਾਹੀਂ ਹੁੰਦੇ ਪੂੰਜੀਵਾਦੀ ਵਿਕਾਸ ਦੇ ਸਿੱਟੇ ਵਜੋਂ ਹੋ ਰਹੀ ਵੱਸੋਂ ਦੇ ਹੇਠਲੇ ਹਿੱਸਿਆਂ ਦੀ ਚੌਤਰਫਾ ਤਬਾਹੀ ਨੂੰ ਕੁਦਰਤੀ-ਸਮਾਜਿਕ ਵਰਤਾਰਾ ਦੱਸ ਰਹੇ ਹਨ। ਭਲਾ ਗਰੀਬੀ-ਅਮੀਰੀ ਦਾ ਪਾੜਾ ਉਹ ਲੋਕ ਕਿਵੇਂ ਦੂਰ ਕਰ ਸਕਦੇ ਹਨ, ਜਿਨ੍ਹਾਂ ਨੇ ਅਣਗਿਣਤ ਪੂੰਜੀ ਇਕੱਤਰ ਕਰਨ ਲਈ ਇਹ ਪਾੜਾ ਖ਼ੁਦ ਪੈਦਾ ਕੀਤਾ ਹੈ? ਇਸ ਦਾ ਹੱਲ ਅਜਿਹਾ ਸਮਾਜਿਕ-ਆਰਥਿਕ ਢਾਂਚਾ ਹੀ ਕਰ ਸਕਦਾ ਹੈ, ਜਿੱਥੇ ‘ਨਿੱਜ’ ਦੀ ਥਾਂ ਸਾਰਾ ਕੁਝ ‘ਸਭ’ ਲਈ ਕੀਤਾ ਜਾਵੇ।
ਕੁਝ ਲੋਕ, ਜਿਨ੍ਹਾਂ ਦੀ ਪੁਰਾਣੀ ਪਿਛਾਖੜੀ ਮਾਨਸਿਕਤਾ ਕਾਇਮ ਹੈ ਜਾਂ ਜਿਹੜੇ ਨਵੇਂ ਪ੍ਰਬੰਧ ਦੇ ਬਰਾਬਰਤਾ ਵਾਲੇ ਸਿਧਾਂਤ ਤੋਂ ਖਫ਼ਾ ਹਨ, ਉਹ ਥੋੜ੍ਹੇ ਸਮੇਂ ਲਈ ਆਪਣੀਆਂ ਸਮਾਜ ਵਿਰੋਧੀ ਕਾਰਵਾਈਆਂ ਲਾਜ਼ਮੀ ਜਾਰੀ ਰੱਖਣਗੇ ਪਰ ਉਸ ਸਮੇਂ ਲੋਕਾਂ ਦੀ ਸੱਤਾ, ਪ੍ਰਬੰਧਕੀ ਮਸ਼ੀਨਰੀ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਅਜਿਹੇ ਤੱਤਾਂ ’ਤੇ ਸੌਖਿਆਂ ਹੀ ਕਾਬੂ ਪਾਇਆ ਜਾ ਸਕੇਗਾ। ਨਵੇਂ ਪ੍ਰਬੰਧ ਦੇ ਵਿਕਾਸ ਨਾਲ ਹੌਲੀ-ਹੌਲੀ ਇਹ ਜੁਰਮ ਲਗਾਤਾਰ ਘਟਦੇ ਜਾਣਗੇ।
ਮੰਗਤ ਰਾਮ ਪਾਸਲਾ