ਵਿਦਿਆਰਥੀਆਂ ਦੇ ਮਨਾਂ ’ਚ ਦੇਸ਼ ਭਗਤੀ, ਸਮਾਜ ਸੇਵਾ ਤੇ ਏਕਤਾ ਦੀ ਭਾਵਨਾ ਪੈਦਾ ਕਰਦੀ ਹੈ NCC
Monday, Feb 08, 2021 - 03:02 AM (IST)

ਰਾਮਦਾਸ ਬੰਗੜ ਸਮਰਾਲਾ
ਕਿਸੇ ਵੀ ਦੇਸ਼ ਨੂੰ ਆਪਣੀ ਆਤਮ-ਰੱਖਿਆ ਲਈ ਨੌਜਵਾਨੀ ਦੀ ਲੋੜ ਹੁੰਦੀ ਹੈ ਅਤੇ ਨੌਜਵਾਨੀ ਨੂੰ ਦੇਸ਼ ਲਈ ਆਪਾ ਵਾਰਨ ਲਈ ਪ੍ਰੇਰਿਤ ਕਰਨਾ ਇਕ ਅਹਿਮ ਜ਼ਿੰਮੇਵਾਰੀ ਦਾ ਕਾਰਜ ਹੁੰਦਾ ਹੈ | ਸਾਨੂੰ ਮਾਣ ਹੈ ਕਿ ਚੜ੍ਹਦੀ ਜਵਾਨੀ ਦੀਆਂ ਨਸਾਂ ’ਚ ਵਗਦੇ ਖੂਨ ਨੂੰ ਦੇਸ਼ ਭਗਤੀ ਦੇ ਨਾਂ ’ਤੇ ਖੌਲਣ ਲਾ ਦੇਣਾ ਅਤੇ ਫਿਰ ਉਨ੍ਹਾਂ ਦੇ ਅੰਦਰ ਦੁਸ਼ਮਣਾਂ ਦੇ ਹਮਲਿਆਂ ਨੂੰ ਹਿੱਕ ਡਾਹ ਕੇ ਰੋਕਣ ਦਾ ਜਜ਼ਬਾ ਪੈਦਾ ਕਰਨ ਦਾ ਰੋਲ ਐੱਨ. ਸੀ. ਸੀ. ਬਾਖੂਬੀ ਨਿਭਾਅ ਰਹੀ ਹੈ | ਗਣਤੰਤਰ ਦਿਵਸ ਮੌਕੇ ਝੰਡਾ ਚੜ੍ਹਾਉਣ ਦੀਆਂ ਰਸਮਾਂ ਵੇਲੇ ਸਮਾਗਮਾਂ ਦੀ ਸ਼ਾਨ ਬਣਦੇ ਐੱਨ. ਸੀ. ਸੀ. ਦੇ ਵਲੰਟੀਅਰ ਪੂਰੇ ਦੇਸ਼ ਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ |
ਜਿਸ ਵਕਤ ਨੌਜਵਾਨ ਸਕੂਲਾਂ-ਕਾਲਜਾਂ ਵਿਚ ਸਿੱਖਿਆ ਹਾਸਲ ਕਰ ਰਹੇ ਹੁੰਦੇ ਹਨ, ਉਦੋਂ ਉਨ੍ਹਾਂ ਦੇ ਮਨਾਂ ਵਿਚ ਪੜ੍ਹਾਈ ਦੇ ਨਾਲ-ਨਾਲ ਏਕਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਲਈ ਐੱਨ. ਸੀ. ਸੀ. ਦੇ ਵਿੰਗ ਅਹਿਮ ਰੋਲ ਅਦਾ ਕਰਦੇ ਹਨ। ਰਾਸ਼ਟਰੀ ਕੈਡਿਟ ਕਾਰਪਸ (ਐੱਨ. ਸੀ. ਸੀ.) ਹਰ ਸਾਲ ਦੇਸ਼ ਦੇ ਲੱਖਾਂ ਵਿਦਿਆਰਥੀਆਂ ਨੂੰ ਦੇਸ਼ ਭਗਤੀ, ਸਮਾਜ ਸੇਵਾ, ਏਕਤਾ ’ਚ ਰਹਿ ਕੇ ਦੇਸ਼ ਲਈ ਕਾਰਜਸ਼ੀਲ ਰਹਿਣਾ ਸਿਖਾਉਂਦੀ ਹੈ |
ਐੱਨ. ਸੀ. ਸੀ. ਦਾ ਭਾਰਤ ਵਿਚ ਮਾਣਮੱਤਾ ਇਤਿਹਾਸ ਹੈ ਜਿਸ ਮੁਤਾਬਕ ਇੰਡੀਅਨ ਡਿਫੈਂਸ ਐਕਟ 1917 ਦੇ ਅਨੁਸਾਰ ਆਰਮੀ ਦੀ ਘਾਟ ਨੂੰ ਦੇਖਦੇ ਹੋਏ ਯੂਨੀਵਰਸਿਟੀ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕਾਰਪਸ ਦੇ ਰੂਪ ’ਚ ਤਿਆਰ ਕੀਤਾ ਗਿਆ । ਜਦੋਂ ਇੰਡੀਅਨ ਟੈਰੀਟੋਰੀਅਲ ਐਕਟ ਪਾਸ ਕੀਤਾ ਗਿਆ ਤਾਂ ਯੂਨੀਵਰਸਿਟੀ ਕਾਰਪਸ ਨੂੰ ਯੂਨੀਵਰਸਿਟੀ ਟ੍ਰੇਨਿੰਗ ਕਾਰਪਸ ’ਚ ਬਦਲ ਦਿੱਤਾ ਗਿਆ।
ਦੂਜੀ ਸੰਸਾਰ ਜੰਗ ਦੌਰਾਨ 1942 ਵਿਚ ਬ੍ਰਿਟਿਸ਼ ਸਰਕਾਰ ਨੇ ਇਸ ਦੀ ਸਥਾਪਨਾ ਯੂਨੀਵਰਸਿਟੀ ਆਫਿਸਰ ਟ੍ਰੇਨਿੰਗ ਕਾਰਪਸ ਦੇ ਨਾਂ ਹੇਠ ਕੀਤੀ ਸੀ ਜੋ ਕਿ ਯੂਨੀਵਰਸਿਟੀ ਟ੍ਰੇਨਿੰਗ ਕਾਰਪਸ ਦਾ ਹੀ ਬਦਲਵਾਂ ਰੂਪ ਸੀ | ਐੱਨ. ਸੀ. ਸੀ. ਦੇ ਆਧੁਨਿਕ ਰੂਪ ਦੀ ਸਥਾਪਨਾ ਐੱਚ. ਐੱਨ. ਕੂੰਜ਼ਰੂ ਕਮੇਟੀ ਦੀ ਸਿਫਾਰਿਸ਼ ’ਤੇ ਸਕੂਲਾਂ ਅਤੇ ਕਾਲਜਾਂ ਵਿਚ ਨੈਸ਼ਨਲ ਕੈਡਿਟ ਕਾਰਪਸ ਐਕਟ 1948 ਅਧੀਨ 15 ਜੁਲਾਈ, 1948 ਨੂੰ ਹੋਈ । 1948 ’ਚ ਹੀ ਲੜਕੀਆਂ ਨੂੰ ਬਰਾਬਰ ਦੇ ਮੌਕੇ ਦੇਣ ਲਈ ਲੜਕੀਆਂ ਦਾ ਵਿੰਗ ਸਥਾਪਿਤ ਕੀਤਾ ਗਿਆ । 1950 ਅਤੇ 1952 ਵਿਚ ਕ੍ਰਮਵਾਰ ਹਵਾਈ ਵਿੰਗ ਅਤੇ ਨੇਵੀ ਵਿੰਗ ਨੂੰ ਵੀ ਐੱਨ. ਸੀ. ਸੀ. ’ਚ ਸ਼ਾਮਿਲ ਕੀਤਾ ਗਿਆ । ਜਦੋਂ 1962 ਵਿਚ ਚੀਨ ਅਤੇ ਭਾਰਤ ਦੀ ਲੜਾਈ ਹੋਈ ਤਾਂ ਅਗਲੇ ਹੀ ਸਾਲ ਫੌਜ ਦੀ ਲੋੜ ਪੂਰੀ ਕਰਨ ਲਈ ਐੱਨ. ਸੀ. ਸੀ. ਦੀ ਸਿਖਲਾਈ ਨੂੰ ਲਾਜ਼ਮੀ ਕਰ ਦਿੱਤਾ ਗਿਆ ਅਤੇ ਪੰਜ ਸਾਲ ਦੇ ਵਕਫੇ ਤੋਂ ਬਾਅਦ ਐੱਨ. ਸੀ. ਸੀ. ਨੂੰ ਦੁਬਾਰਾ ਸਵੈ-ਇੱਛੁਕ ਐਲਾਨ ਦਿੱਤਾ ਗਿਆ।
ਐੱਨ. ਸੀ. ਸੀ. ਦੇ ਵਲੰਟੀਅਰਾਂ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਰੋਲ ਅਦਾ ਕਰਦਿਆਂ 1965 ਅਤੇ 1971 ਦੀਆਂ ਜੰਗਾਂ ’ਚ ਦੂਜੇ ਦਰਜੇ ਦੇ ਫੌਜੀਆਂ ਦੀ ਭੂਮਿਕਾ ਬਹੁਤ ਦਲੇਰੀ ਨਾਲ ਨਿਭਾਈ। ਇਸ ਤਰ੍ਹਾਂ ਐੱਨ. ਸੀ. ਸੀ. ਲਗਾਤਾਰ ਹਰ ਸਾਲ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਕੇ
ਉਨ੍ਹਾਂ ਨੂੰ ਸਰੀਰਕ ਅਤੇ ਬੌਧਿਕ ਤੌਰ ’ਤੇ ਮਜ਼ਬੂਤ ਬਣਾਉਣ ਦਾ ਕੰਮ ਕਰਦੀ ਆ ਰਹੀ ਹੈ | ਅੱਜ ਵੀ ਸਾਡੇ ਦੇਸ਼ ਦੇ ਕਰੀਬ 15 ਲੱਖ ਨੌਜਵਾਨ ਐੱਨ. ਸੀ. ਸੀ. ਦੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ। ਅਜਿਹੇ ਵਲੰਟੀਅਰਾਂ ’ਚੋਂ ਤਾਮਿਲਨਾਡੂ ਦਾ ਇਕ ਵਲੰਟੀਅਰ ਚੇਲਾ ਸ਼ੰਕਰਾ ਨਰਾਇਨਣ ਅੱਜ ਵੀ ਇਸ ਕਰਕੇ ਪ੍ਰਸਿੱਧ ਹੈ ਕਿਉਂਕਿ ਉਸ ਵੱਲੋਂ ਕੋਲੀ ਹਿੱਲਜ਼ ਦੀ ਚੋਟੀ ਮਹਿਜ਼ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਸਰ ਕੀਤੀ ਗਈ ਸੀ। ਪਿਛਲੇ ਦੋ ਦਹਾਕਿਆਂ ਤੋਂ ਇਹ ਰਿਕਾਰਡ ਉਸ ਦੇ ਨਾਂ ’ਤੇ ਹੀ ਬਰਕਰਾਰ ਹੈ।
ਐੱਨ. ਸੀ. ਸੀ. ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਦੇਸ਼ ਲਈ ਸਮਰਪਿਤ ਹੋ ਕੇ ਜਿਊਣਾ ਸਿਖਾਉਣ ਦੇ ਨਾਲ–ਨਾਲ ਉਨ੍ਹਾਂ ਲਈ ਭਾਰਤੀ ਫੌਜ ਦੇ ਤਿੰਨੋਂ ਵਿੰਗਾਂ ਵਿਚ ਭਰਤੀ ਹੋਣ ਦੇ ਮੌਕੇ ਮੁਹੱਈਆ ਕਰਦੀ ਹੈ। ਐੱਨ. ਸੀ. ਸੀ. ਆਪਣੇ ਵਲੰਟੀਅਰਾਂ ਨੂੰ ਯੋਗਤਾ ਅਤੇ ਪੜ੍ਹਾਈ ਦੇ ਪੱਧਰ ਨੂੰ ਮੁੱਖ ਰੱਖਦਿਆਂ ਸਰਟੀਫਿਕੇਟ ਵੀ ਦਿੰਦੀ ਹੈ। ਇਹ ਸਰਟੀਫਿਕੇਟ ਸੈਕੰਡਰੀ ਪੱਧਰ ’ਤੇ ‘ਏ ਗ੍ਰੇਡ’, ਸੀਨੀਅਰ ਸੈਕੰਡਰੀ ਪੱਧਰ ’ਤੇ ‘ਬੀ ਗ੍ਰੇਡ’ ਅਤੇ ਡਿਗਰੀ ਜਾਂ ਕਾਲਜ ਪੱਧਰ ’ਤੇ ‘ਸੀ ਗ੍ਰੇਡ’ ਦੇ ਹੁੰਦੇ ਹਨ। ‘ਸੀ ਗ੍ਰੇਡ’ ਪ੍ਰਾਪਤ ਕਰਨ ਵਾਲਾ ਵਲੰਟੀਅਰ ਭਾਰਤੀ ਫੌਜ ਵਿਚ ਲੈਫਟੀਨੈਂਟ ਦੀ ਸਿੱਧੀ ਭਰਤੀ ਲਈ ਯੋਗ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਆਈ. ਐੱਮ. ਏ. ਦੇਹਰਾਦੂਨ ਦੀਆਂ 64 ਸੀਟਾਂ ਸਿੱਧੇ ਤੌਰ ’ਤੇ ਐੱਨ. ਸੀ. ਸੀ. ਦੇ ਅੱਵਲ ਕੈਂਡੀਡੇਟਾਂ ਦੀ ਝੋਲੀ ਪਾਈਆਂ ਜਾਂਦੀਆਂ ਹਨ। ਆਫਿਸਰ ਟ੍ਰੇਨਿੰਗ ਅਕੈਡਮੀ ਚੇਨਈ ਵੱਲੋਂ ਵੀ ਅੱਵਲ ਕੈਂਡੀਡੇਟਾਂ ਦੀ ਯੋਗਤਾ ਨੂੰ ਦੇਖਦੇ ਹੋਏ ਹਰ ਸਾਲ 100 ਸੀਟਾਂ ਸ਼ਾਰਟ ਸਰਵਿਸ ਕਮਿਸ਼ਨ ਤਹਿਤ ਭਰੀਆਂ ਜਾਂਦੀਆਂ ਹਨ।
ਇਸ ਤਰ੍ਹਾਂ ਦੇ ਮਹਾਨ ਕਾਰਨਾਮੇ ਦਰਜ ਕਰਨ ਵਾਲੀ ਐੱਨ. ਸੀ. ਸੀ. ਤੋਂ ਸਾਡੇ ਦੇਸ਼ ਦੇ ਨੌਜਵਾਨਾਂ ਦਾ ਵੱਡਾ ਵਰਗ ਅਜੇ ਵੀ ਅਣਜਾਣ ਹੈ ਜਿਸ ਦਾ ਮੁੱਖ ਕਾਰਨ ਇਹ ਹੈ ਕਿ ਬਹੁ-ਗਿਣਤੀ ਵਿੱਦਿਅਕ ਅਦਾਰੇ ਇਸ ਯੂਨਿਟ ਤੋਂ ਸੱਖਣੇ ਹਨ। ਲੋੜ ਹੈ ਕਿ ਸਮੇਂ ਦੀਆਂ ਸਰਕਾਰਾਂ ਐੱਨ. ਸੀ. ਸੀ. ਨੂੰ ਪ੍ਰਫੁੱਲਿਤ ਕਰਨ ਲਈ ਜ਼ੋਰਦਾਰ ਹੰਭਲਾ ਮਾਰਨ, ਚਾਹਵਾਨ ਵਿਦਿਆਰਥੀਆਂ ਨੂੰ ਐੱਨ. ਸੀ. ਸੀ. ਦਾ ਦਾਖਲਾ ਸੌਖੇ ਤੌਰ ’ਤੇ ਹਾਸਲ ਕਰਨ ਲਈ ਬਲਾਕ ਪੱਧਰ ’ਤੇ ਖੇਡ ਵਿੰਗਾਂ ਦੀ ਤਰ੍ਹਾਂ ਐੱਨ. ਸੀ. ਸੀ. ਯੂਨਿਟ ਸਥਾਪਿਤ ਕਰਨ।