ਮਮਤਾ, ਸਮਤਾ ਤੇ ਸਾਦਗੀ ਦੀ ਮੂਰਤ ਸਨ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ

08/05/2020 3:41:30 AM

ਨਿਰੰਕਾਰੀ

(ਸਮੁੱਚੀ ਮਾਨਵਤਾ ਨੂੰ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਰੌਸ਼ਨ ਮੀਨਾਰ ਬਣਨ ਦਾ ਸੰਦੇਸ਼ ਦੇਣ ਵਾਲੀ ਅਦੁੱਤੀ ਸ਼ਖਸੀਅਤ ਸਨ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ)

ਨਿਰੰਕਾਰੀ ਮਿਸ਼ਨ ਦੇ ਚੌਥੇ ਮੁਖੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 13 ਮਈ, 2016 ਨੂੰ ਬ੍ਰਹਮਲੀਨ ਹੋਣ ਤੋਂ ਬਾਅਦ ਨਿਰੰਕਾਰੀ ਮਿਸ਼ਨ ਦੇ ਪੰਜਵੇਂ ਸਤਿਗੁਰੂ ਰੂਪ ਵਿਚ ਪ੍ਰਗਟ ਹੋਏ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਮਾਨਵਤਾ ਦੇ ਮਿਸ਼ਨ ਦੀ ਸਥਾਪਨਾ ਲਈ ਪੁਰਜ਼ੋਰ ਯਤਨਸ਼ੀਲ ਰਹੇ। ਮਾਤਾ ਸਵਿੰਦਰ ਹਰਦੇਵ ਜੀ ਸਮਾਜਿਕ ਕਾਰਜ ਅਤੇ ਮਾਨਵ ਕਲਿਆਣ ਦੇ ਹਿੱਤ ਲਈ ਲਗਾਤਾਰ ਭਗਤਾਂ ਦੇ ਨਾਲ ਪ੍ਰੇਮ-ਭਾਵ, ਆਦਰ-ਮਾਣ ਅਤੇ ਸੰਸਾਰਿਕ ਭਾਈਚਾਰੇ ਲਈ ਕਾਰਜਸ਼ੀਲ ਸਨ ਅਤੇ ਸਭ ਨੂੰ ਜਾਤ-ਪਾਤ, ਊਚ-ਨੀਚ, ਵਰਣ, ਮਜ਼ਹਬ, ਆਸ਼ਰਮ ਦੇ ਭੇਦਭਾਵ ਤੋਂ ਮੁਕਤ ਕਰ ਰਹੇ ਸਨ।

ਮਾਤਾ ਸਵਿੰਦਰ ਹਰਦੇਵ ਜੀ ਦਾ ਜਨਮ 12 ਜਨਵਰੀ 1957 ਨੂੰ ਪਿਤਾ ਮਨਮੋਹਨ ਸਿੰਘ ਜੀ ਅਤੇ ਮਾਤਾ ਅੰਮ੍ਰਿਤ ਕੌਰ ਜੀ ਦੇ ਘਰ ਵਿਚ ਹੋਇਆ ਸੀ। ਇਨ੍ਹਾਂ ਦਾ ਪਾਲਣ-ਪੋਸ਼ਣ ਸ਼੍ਰੀ ਗੁਰਮੁੱਖ ਸਿੰਘ ਆਨੰਦ ਜੀ ਅਤੇ ਮਾਤਾ ਮਦਨ ਕੌਰ ਜੀ ਨੇ ਇਨ੍ਹਾਂ ਨੂੰ ਗੋਦ ਲੈ ਕੇ ਫਰੂਖਾਬਾਦ (ਉੱਤਰ ਪ੍ਰਦੇਸ਼) ਵਿਚ ਰਹਿ ਕੇ ਕੀਤਾ ਪਰ ਜਿਨ੍ਹਾਂ ਨੇ ਇਨ੍ਹਾਂ ਨੂੰ ਗੋਦ ਲਿਆ ਸੀ, ਉਸ ਵੇਲੇ ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ ਹੋਣਾ ਕਿ ਉਹ ਕਿਸ ਮਹਾਨ ਹਸਤੀ ਨੂੰ ਆਪਣੇ ਘਰ ਲੈ ਕੇ ਜਾ ਰਹੇ ਸਨ। ਇਹ ਗੋਦ ਲੈਣ ਵਾਲਾ ਕੰਮ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਦੇ ਸ਼ੁੱਭ ਅਾਸ਼ੀਰਵਾਦ ਨਾਲ ਹੋਇਆ ਸੀ। ਇਨ੍ਹਾਂ ਦਾ ਬਚਪਨ ਬਹੁਤ ਹੀ ਸਾਦਾ ਅਤੇ ਸੱਚਾ ਸੀ।

ਮਾਤਾ ਸਵਿੰਦਰ ਹਰਦੇਵ ਜੀ ਦੀ ਮੁੱਢਲੀ ਸਿੱਖਿਆ ਫਰੂਖਾਬਾਦ (ਉੱਤਰ ਪ੍ਰਦੇਸ਼) ਵਿਚ ਹੋਈ, ਉਸ ਤੋਂ ਬਾਅਦ 1966 ਵਿਚ ਆਪ ਜੀ ਨੇ ਮਸੂਰੀ ਦੇ ਇਕ ਲੈਰਿਸ਼ ਇੰਸਟੀਚਿਊਟ, ਕਾਨਵੈਂਟ ਆਫ ਜੀਸਸ ਐਂਡ ਮੈਰੀ ਵਿਚ ਦਾਖਲਾ ਕੇ ਉਥੋਂ 1973 ’ਚ ਸੀਨੀਅਰ ਸੈਕੰਡਰੀ ਦੀ ਸਿੱਖਿਆ ਹਾਸਲ ਕੀਤੀ ਸੀ। ਇਹ ਬਚਪਨ ਤੋਂ ਹੀ ਇਕ ਪ੍ਰਤਿਭਾਸ਼ਾਲੀ ਵਿਦਿਆਰਥੀ ਰਹੇ, ਇਹੋ ਕਾਰਨ ਸੀ ਕਿ ਹਰ ਵਿਸ਼ੇ ਵਿਚ ਇਨ੍ਹਾਂ ਦੇ ਸ਼ਤ ਪ੍ਰਤੀਸ਼ਤ ਅੰਕ ਆਉਂਦੇ ਸਨ। ਸੀਨੀਅਰ ਸੈਕੰਡਰੀ ਪੱਧਰ ਤੱਕ ਇਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਤੋਂ ਇਲਾਵਾ ਇਤਿਹਾਸ, ਭੂਗੋਲ, ਹਿੰਦੀ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਦਾ ਅਧਿਐਨ ਕੀਤਾ। ਸ਼੍ਰੀਮਤੀ ਪੀ. ਦਾਸ ਅਤੇ ਸ਼੍ਰੀਮਤੀ ਵੀਨਾ ਭਾਰਦਵਾਜ, ਜੋ ਇਨ੍ਹਾਂ ਦੇ ਸਕੂਲ ਸਮੇਂ ਅਧਿਆਪਕ ਰਹੇ ਸਨ, ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਵਿਦਿਆਰਥਣ ਰਹੇ ਸਨ। ਆਪਣੀ ਦਿਲਖਿੱਚਵੀਂ ਸ਼ਖਸੀਅਤ ਸਦਕਾ ਹੀ ਇਨ੍ਹਾਂ ਨੇ ਆਪਣੇ ਹਰ ਅਧਿਆਪਕ ਦਾ ਦਿਲ ਜਿੱਤਿਆ। ਬਾਅਦ ਵਿਚ ਉੱਚ ਸਿੱਖਿਆ ਲਈ ਆਪ ਦਿੱਲੀ ਆ ਗਏ ਅਤੇ ਪ੍ਰਸਿੱਧ ਦੌਲਤ ਰਾਮ ਕਾਲਜ ਤੋਂ ਸਿੱਖਿਆ ਹਾਸਲ ਕੀਤੀ।

14 ਨਵੰਬਰ, 1975 ਨੂੰ ਦਿੱਲੀ ਵਿਖੇ ਇਨ੍ਹਾਂ ਦਾ ਵਿਆਹ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨਾਲ ਹੋਇਆ ਅਤੇ ਇਸ ਤਰ੍ਹਾਂ ਇਹ ਵਿਸ਼ਵ ਪ੍ਰਸਿੱਧ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਦੇ ਪਰਿਵਾਰ ਦਾ ਹਿੱਸਾ ਬਣ ਗਏ। ਇਸ ਤੋਂ ਬਾਅਦ ਇਨ੍ਹਾਂ ਨੇ ਵਿਸ਼ਵ ਮੁਕਤੀ ਦੌਰੇ ’ਤੇ ਇਟਲੀ, ਸਵਿਟਜ਼ਰਲੈਂਡ, ਫਰਾਂਸ, ਬੈਲਜੀਅਮ ਅਤੇ ਅਾਸਟ੍ਰੇਲੀਆ ਆਦਿ ਦੇਸ਼ਾਂ ਦੀ ਯਾਤਰਾ ਕੀਤੀ ਤੇ ਨਿਰੰਕਾਰੀ ਮਿਸ਼ਨ ਦਾ ਪ੍ਰਚਾਰ ਕੀਤਾ। ਅਗਲੇ ਸਾਲ 1976 ਵਿਚ ਫਿਰ ਇਨ੍ਹਾਂ ਨੇ ਕੁਵੈਤ, ਇਰਾਕ, ਥਾਈਲੈਂਡ, ਹਾਂਗਕਾਂਗ, ਕੈਨੇਡਾ, ਅਮਰੀਕਾ, ਆਸਟਰੀਆ ਅਤੇ ਇੰਗਲੈਂਡ ਆਦਿ ਦੇਸ਼ਾਂ ਦਾ ਦੌਰਾ ਕੀਤਾ ਸੀ, ਜਿਥੇ ਕਿ ਬਾਬਾ ਹਰਦੇਵ ਸਿੰਘ ਜੀ ਅਤੇ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਦੇ ਨਾਲ ਪ੍ਰਚਾਰ ਵੀ ਕੀਤਾ ਅਤੇ ਅਧਿਆਤਮਿਕਤਾ ਦੀਆਂ ਬਾਰੀਕੀਆਂ ਨੂੰ ਜਾਣਿਆ, ਸਮਝਿਆ ਅਤੇ ਆਪਣੇ ਜੀਵਨ ਵਿਚ ਉਤਾਰਿਆ।

        ਫਿਰ 24 ਅਪ੍ਰੈਲ 1980 ਵਿਚ ਇਕ ਦੁੱਖਦਾਈ ਘੜੀ ਆਈ, ਜਦੋਂ ਦੁਨੀਆ ਵਿਚ ਸ਼ਾਂਤੀ ਅਤੇ ਸਦਭਾਵਨਾ ਫ਼ੈਲਾਉਣ ਵਾਲੇ ਸ਼ਾਂਤੀਦੂਤ ਬਾਬਾ ਗੁਰਬਚਨ ਸਿੰਘ ਜੀ ਭ੍ਰਮਿਤ ਮਾਨਸਿਕਤਾ ਦੀ ਹਿੰਸਾ ਦੇ ਸ਼ਿਕਾਰ ਹੋ ਗਏ। ਇਸ ਘਟਨਾ ਨਾਲ ਪੂਰੇ ਨਿਰੰਕਾਰੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਹਰ ਪਾਸੇ ਘੋਰ ਹਨੇਰਾ ਛਾ ਗਿਆ, ਇਸ ਸਮੇਂ ਬਾਬਾ ਹਰਦੇਵ ਸਿੰਘ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਗਈ ਤਾਂ ਸਾਧ-ਸੰਗਤ ਨੇ ਇਨ੍ਹਾਂ ਨੂੰ ਪੂਜਨੀਕ ਮਾਤਾ ਜੀ ਦਾ ਦਰਜਾ ਦੇ ਦਿੱਤਾ ਸੀ। ਉਸ ਤੋਂ ਬਾਅਦ ਇਹ ਹਮੇਸ਼ਾ ਹੀ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਿਰੰਕਾਰੀ ਮਿਸ਼ਨ ਅਤੇ ਨਿਰੰਕਾਰ ਪ੍ਰਭੂ ਦੇ ਪ੍ਰਚਾਰ-ਪ੍ਰਸਾਰ ਵਿਚ ਲੱਗ ਗਏ। ਹਰ ਆਉਣ ਵਾਲੇ ਗੁਰਸਿੱਖ ਮਹਾਪੁਰਸ਼ ਦਾ ਇਹ ਪੂਰਾ ਖਿਆਲ ਰੱਖਦੇ ਸਨ ਅਤੇ ਹਰੇਕ ਨਾਲ ਪਿਆਰ ਨਾਲ ਪੇਸ਼ ਆਉਂਦੇ ਸਨ।

ਇਹ ਹਮੇਸ਼ਾ ਆਪਣੇ ਆਪ ਨੂੰ ਬਾਬਾ ਜੀ ਦੀ ਗੁਰਸਿੱਖ ਸਮਝ ਕੇ ਹੀ ਜ਼ਿੰਦਗੀ ਜਿਊਂਦੇ ਰਹੇ ਅਤੇ ਸੰਸਾਰਕ ਰਿਸ਼ਤਿਆਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਸਨ। ਇਨ੍ਹਾਂ ਦੇ ਘਰ ਵਿਚ ਤਿੰਨ ਪੁੱਤਰੀਆਂ ਸਮਤਾ ਜੀ, ਰੇਣੁਕਾ ਜੀ ਅਤੇ ਸੁਦੀਕਸ਼ਾ ਜੀ ਨੇ ਜਨਮ ਲਿਆ, ਜੋ ਪੂਰੀ ਤਰ੍ਹਾਂ ਗੁਰੂ ਭਗਤੀ ਨੂੰ ਪ੍ਰਣਾਈਆਂ ਹੋਈਆਂ ਹਨ। ਮਾਤਾ ਸਵਿੰਦਰ ਜੀ ਨੇ ਬਾਬਾ ਹਰਦੇਵ ਸਿੰਘ ਜੀ ਦੇ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਫੈਲੇ ਹੋਏ ਨਿਰੰਕਾਰੀ ਭਗਤਾਂ ਨਾਲ ਨੇੜੇ ਤੋਂ ਸੰਵਾਦ ਰਚਾਇਆ ਅਤੇ ਭਗਤਾਂ ਦੇ ਘਰਾਂ ਵਿਚ ਜਾ ਕੇ ਵੀ ਆਪਣਾ ਆਸ਼ੀਰਵਾਦ ਪ੍ਰਦਾਨ ਕੀਤਾ। ਇਨ੍ਹਾਂ ਨੇ 36 ਸਾਲ ਤੱਕ ਬਾਬਾ ਹਰਦੇਵ ਸਿੰਘ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਮਾਨਵ ਮਾਤਰ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਭਲਾਈ ਵੱਲ ਅੱਗੇ ਵਧਾਉਂਦੇ ਹੋਏ ਨਾਰੀ ਨੂੰ ਮਰਦ ਦੇ ਬਰਾਬਰ ਹੋਣ ਦਾ ਸਬੂਤ ਦਿੱਤਾ।

ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਬ੍ਰਹਮਲੀਨ ਹੋਣ ਤੋਂ ਬਾਅਦ, ਜਦੋਂ ਮਾਹੌਲ ਬੇਹੱਦ ਭਾਵੁਕ ਸੀ, ਸ਼ਰਧਾਲੂ ਅਤੇ ਭਗਤ ਘੋਰ ਸੋਗੀ ਮਾਹੌਲ ਵਿਚ ਵਿਚਰ ਰਹੇ ਸਨ ਤਾਂ ਸਤਿਗੁਰੂ ਰੂਪ ਵਿਚ ਆਪਣੇ ਪਹਿਲੇ ਸੰਬੋਧਨ ਦੌਰਾਨ ਹੀ ਇਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਪ੍ਰਮਾਤਮਾ ਦਾ ਭਾਣਾ ਅਟੱਲ ਹੈ, ਅਸੀਂ ਸਭ ਨੇ ਇਸ ਭਾਣੇ ਅੰਦਰ ਰਹਿ ਕੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਮਨੁੱਖਤਾ ਦੇ ਉੱਥਾਨ ਲਈ ਚਲਾਏ ਜਾ ਰਹੇ ਕਾਰਜਾਂ ਨੂੰ ਅੱਗੇ ਵਧਾਉਣਾ ਹੈ। ਉਹ ਕਹਿੰਦੇ ਸਨ ਕਿ ਅੱਜ ਅਸੀਂ ਸੰਸਾਰ ਵਿਚ ਪਿਆਰ, ਮੁਹੱਬਤ, ਸ਼ਾਂਤੀ, ਸਰਬੱਤ ਦਾ ਭਲਾ, ਸ਼ਾਂਤੀਪੂਰਨ ਆਪਸੀ ਸਹਿਹੋਂਦ ਨਾਲ ਸੰਵੇਦਨਸ਼ੀਲ ਮੁੱਦਿਆਂ ’ਤੇ ਸਾਕਾਰਾਤਮਕਤਾ ਨਾਲ ਅੱਗੇ ਵਧਣਾ ਹੈ। ਉਹ ਆਪਣੇ ਪ੍ਰਵਚਨਾਂ ਵਿਚ ਇਹ ਵੀ ਕਹਿੰਦੇ ਸਨ ਕਿ ਨਕਾਰਾਤਮਕਤਾ ਇਨਸਾਨ ਦੇ ਜੀਵਨ ਨੂੰ ਬੰਜਰ ਬਣਾ ਦਿੰਦੀ ਹੈ, ਜਦਕਿ ਪ੍ਰਮਾਤਮਾ ਦੀ ਯਾਦ ਹੀ ਜੀਵਨ ਨੂੰ ਖੁਸ਼ਹਾਲ ਬਣਾਉਂਦੀ ਹੈ। ਉਹ ਪੂਰੇ ਵਿਸ਼ਵ ਵਿਚ ਅੰਤਰਰਾਸ਼ਟਰੀ ਭਾਈਚਾਰੇ ਦੀ ਸਥਾਪਨਾ ਲਈ ਦੇਸ਼ਾਂ-ਵਿਦੇਸ਼ਾਂ ਵਿਚ ਜਾ ਕੇ ਇਸ ਨੂੰ ਲੋਕ ਲਹਿਰ ਬਣਾਉਣ ਲਈ ਯਤਨਸ਼ੀਲ ਰਹੇ ਸਨ। ਜਨਵਰੀ 2018 ਵਿਚ ਭਗਤੀ ਪੁਰਬ ਸਮਾਗਮ ਮੌਕੇ ਇਨ੍ਹਾਂ ਨੇ ਸਮਾਲਖਾ (ਹਰਿਆਣਾ) ਵਿਖੇ ਨਿਰੰਕਾਰੀ ਅਧਿਆਤਮਿਕ ਸਥਾਨ ਦਾ ਉਦਘਾਟਨ ਕੀਤਾ ਸੀ, ਜਿਥੇ ਨਵੰਬਰ 2018 ਵਿਚ ਇੰਟਰਨੈਸ਼ਨਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ੁਰੂਆਤ ਹੋਈ।

ਆਪ ਜੀ ਨੇ ਵੀ ਬਾਬਾ ਹਰਦੇਵ ਸਿੰਘ ਜੀ ਵਾਂਗ ਨਿਰੰਕਾਰੀ ਮਿਸ਼ਨ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਦਿਨ-ਰਾਤ ਇਕ ਕਰ ਦਿੱਤਾ ਸੀ। ਇਸੇ ਲੜੀ ਤਹਿਤ ਹੀ ਪਿਛਲੇ ਸਮੇਂ ਦੌਰਾਨ ਅਮਰੀਕਾ, ਕੈਨੇਡਾ, ਇੰਗਲੈਂਡ, ਦੁਬਈ ਆਦਿ ਦੇਸ਼ਾਂ ਅਤੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਜਾ ਕੇ ਨਿਰੰਕਾਰੀ ਮਿਸ਼ਨ ਦਾ ਸੰਦੇਸ਼ ਦਿੱਤਾ। ਸਤਿਗੁਰੂ ਮਾਤਾ ਜੀ ਸਮਾਜ ਦਾ ਹਰ ਤਰ੍ਹਾਂ ਵਿਕਾਸ ਚਾਹੁੰਦੇ ਸਨ, ਨਾਲ ਹੀ ਬੱਚਿਆਂ ਅਤੇ ਔਰਤਾਂ ਨੂੰ ਵੀ ਅੱਗੇ ਵਧਦੇ ਵੇਖਣਾ ਚਾਹੁੰਦੇ ਸਨ। ਉਹ ਕਹਿੰਦੇ ਸਨ ਕਿ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਅੱਜ ਔਰਤਾਂ ਨਵੀਆਂ ਉਚਾਈਆਂ ਹਾਸਿਲ ਕਰ ਰਹੀਆਂ ਸਨ। ਉਨ੍ਹਾਂ ਦੀ ਤਰੱਕੀ ਵੇਖ ਕੇ ਖੁਸ਼ੀ ਹੁੰਦੀ ਸੀ। ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਨੇ ਔਰਤਾਂ ਨੂੰ ਜਿਥੇ ਸੰਸਾਰਿਕ ਉਪਲੱਬਧੀਆਂ ਲਈ ਕਠਿਨ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ, ਉਥੇ ਹੀ ਉਨ੍ਹਾਂ ਨੇ ਔਰਤਾਂ ਨੂੰ ਆਪਣਾ ਸਮਾਂ ਅਤੇ ਊਰਜਾ ਅਧਿਆਤਮਿਕ ਮਾਰਗ ’ਤੇ ਚੱਲਦੇ ਹੋਏ ਸੇਵਾ ਅਤੇ ਸਤਿਸੰਗ ਵਿਚ ਵੀ ਲਾਉਣ ਲਈ ਪ੍ਰੇਰਿਤ ਕੀਤਾ। ਉਹ ਬੱਚਿਆਂ ਨੂੰ ਸਮਝਾ ਕੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਸਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਦਿੱਤੀ ਗਈ ਸਿਖਲਾਈ ਵਿਚ ਬੱਚਿਆਂ ਦੇ ਭਵਿੱਖ ਦਾ ਦਿਸ਼ਾ-ਨਿਰਦੇਸ਼ ਤਾਂ ਹੋਣਾ ਹੀ ਚਾਹੀਦਾ ਹੈ, ਨਾਲ ਹੀ ਮਾਤਾ-ਪਿਤਾ ਦੇ ਮਨ ਵਿਚ ਕੋਮਲਤਾ ਵੀ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੀ ਚਿੰਤਾ ਵਿਚ ਬੱਚਾ ਕਿਤੇ ਵਰਤਮਾਨ ਨੂੰ ਸੁੰਦਰ ਬਣਾਉਣਾ ਹੀ ਨਾ ਭੁੱਲ ਜਾਏ ਅਤੇ ਪੂਰੀ ਤਰ੍ਹਾਂ ਤਣਾਅ ਵਿਚ ਹੀ ਨਾ ਡੁੱਬ ਜਾਏ। ਇਸ ਕਰਕੇ ਬੱਚਿਆਂ ਨੂੰ ਵੀ ਸ਼ੁਰੂ ਤੋਂ ਹੀ ਸੇਵਾ, ਸਿਮਰਨ ਅਤੇ ਸਤਿਸੰਗ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਵਲੋਂ ਬਹੁਤ ਹੀ ਸਮਾਜ ਭਲਾਈ ਦੇ ਕੰਮਾਂ, ਸਵੱਛ ਭਾਰਤ ਅਭਿਆਨ, ਖੂਨਦਾਨ ਕੈਂਪ ਲਾਉਣ, ਅੱਖਾਂ ਦਾਨ ਕਰਨ, ਮੈਡੀਕਲ ਕੈਂਪ, ਕੁਦਰਤੀ ਆਫਤਾਂ ਦੇ ਸ਼ਿਕਾਰ ਲੋਕਾਂ ਦੀ ਸਹਾਇਤਾ ਆਦਿ ’ਚ ਵਧ-ਚੜ੍ਹ ਕੇ ਯੋਗਦਾਨ ਪਾਇਆ ਗਿਆ। ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦਾ ਜੀਵਨ ਸਾਰਿਆਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ 16 ਜੁਲਾਈ 2018 ਨੂੰ ਨਿਰੰਕਾਰੀ ਮਿਸ਼ਨ ਦੀ ਗੁਰਗੱਦੀ ਆਪਣੀ ਛੋਟੀ ਬੇਟੀ ਸੁਦੀਕਸ਼ਾ ਜੀ ਨੂੰ ਦੇਣ ਦਾ ਐਲਾਨ ਕੀਤਾ ਅਤੇ 17 ਜੁਲਾਈ 2018 ਨੂੰ ਲੱਖਾਂ ਸੰਗਤਾਂ ਦੀ ਹਾਜ਼ਰੀ ਵਿਚ ਹੋਏ ਵਿਸ਼ਾਲ ਸੰਤ ਸਮਾਗਮ ਦੌਰਾਨ ਆਪਣੀ ਗੁਰਗੱਦੀ ਭੈਣ ਸੁਦੀਕਸਾ ਜੀ ਨੂੰ ਗੁਰੂ ਮਰਿਆਦਾ ਅਨੁਸਾਰ ਸੌਂਪ ਦਿੱਤੀ ਅਤੇ ਹੁਣ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਕਾਰੀ ਮਿਸ਼ਨ ਦੇ ਛੇਵੇਂ ਸਤਿਗੁਰੂ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਕੁਝ ਬੀਮਾਰ ਰਹਿਣ ਕਾਰਨ 5 ਅਗਸਤ 2018 ਨੂੰ ਦਿੱਲੀ ਵਿਖੇ ਜੋਤੀ ਜੋਤਿ ਸਮਾ ਗਏ ਸਨ। ਨਿਰੰਕਾਰੀ ਮਿਸ਼ਨ ਵੱਲੋਂ 5 ਅਗਸਤ 2020 ਦਾ ਦਿਨ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੇ ਮਹਾਨ ਪਰਉਪਕਾਰੀ ਅਤੇ ਕਲਿਆਣਕਾਰੀ ਜੀਵਨ ’ਤੇ ਚਰਚਾ ਕਰ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਜੀਵਨ ਤੋਂ ਪੇਰਣਾ ਲੈਣ ਲਈ ਮਨਾਇਆ ਜਾਂਦਾ ਹੈ।

ਕੈਪਸ਼ਨ : ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੀ ਤਸਵੀਰ।

ਲੇਖਕ : ਪ੍ਰਮੋਦ ਧੀਰ ਜੈਤੋ (98550-31081)


Bharat Thapa

Content Editor

Related News