ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ

Saturday, Feb 24, 2024 - 01:43 PM (IST)

ਦੁਨੀਆ ’ਚ ਜਦੋਂ-ਜਦੋਂ ਵੀ ਧਰਮ, ਸੱਭਿਆਚਾਰ ਅਤੇ ਸਮਾਜਿਕ ਸਦਭਾਵ ਦਾ ਨਿਘਾਰ ਹੋਇਆ ਹੈ, ਤਦ-ਤਦ ਹੀ ਧਰਤੀ ’ਤੇ ਸੰਤ-ਮਹਾਤਮਾ ਅਤੇ ਮਹਾਪੁਰਸ਼ਾਂ ਦਾ ਅਵਤਾਰ ਹੋਇਆ ਹੈ। 15ਵੀਂ ਸ਼ਤਾਬਦੀ ’ਚ ਸ੍ਰੀ ਗੁਰੂ ਰਵਿਦਾਸ ਜੀ ਅਤੇ ਸੰਤ ਕਬੀਰ ਦਾਸ ਜੀ ਅਤੇ ਹੋਰ ਮਹਾਨ ਆਤਮਾਵਾਂ ਨੇ ਧਰਤੀ ’ਤੇ ਅਵਤਾਰ ਧਾਰਿਆ।

ਅੱਜ ਹੀ ਦੇ ਦਿਨ 1377 ਈਸਵੀ ’ਚ ਕਾਸ਼ੀ ਦੇ ਸ਼੍ਰੀਗੋਵਰਧਨ ਪਿੰਡ ’ਚ ਮਾਤਾ ਕਲਸਾ ਦੇਵੀ ਦੀ ਕੁੱਖ ਤੋਂ ਪਿਤਾ ਸੰਤੋਖ ਦਾਸ ਜੀ ਦੇ ਘਰ ਬਾਲਕ ਰਵਿਦਾਸ ਦਾ ਜਨਮ ਹੋਇਆ। ਪਿਤਾ ਸੰਤੋਖ ਦਾਸ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਵੱਡੇ ਹੋ ਕੇ ਜੁੱਤੀਆਂ ਬਣਾਉਣ ਦੇ ਕੰਮ ਨੂੰ ਹੀ ਆਪਣੇ ਪਰਿਵਾਰ ਦੀ ਰੋਟੀ-ਰੋਜ਼ੀ ਦਾ ਸਾਧਨ ਬਣਾਇਆ ਅਤੇ ਆਪਣੀ ਬਾਣੀ ਰਾਹੀਂ ਪਾਖੰਡਵਾਦ ਦਾ ਭਾਂਡਾ ਭੰਨਿਆ। ਉਨ੍ਹਾਂ ਨੇ ਧਾਰਮਿਕ ਅਤੇ ਸਮਾਜਿਕ ਏਕਤਾ ਲਈ ਜਾਤ-ਪਾਤ ਦਾ ਵਿਰੋਧ ਕੀਤਾ ਅਤੇ ਕਿਹਾ ਕਿ -

‘‘ਜਾਤੀ-ਜਾਤੀ ਮੇਂ ਜਾਤੀ ਹੈ, ਜਿਓਂ ਕੇਤਨ ਕੇ ਪਾਤ...
ਰੈਦਾਸ ਮਨੁਸ਼ਯ ਨਾ ਜੁੜ ਸਕੈ, ਜਬ ਤਕ ਜਾਤੀ ਨਾ ਜਾਤ’’!

ਉਹ ਆਪਣੀ ਬਾਣੀ ’ਚ ਕਹਿੰਦੇ ਹਨ ਕਿ ਜਦ ਤੱਕ ਜਾਤੀ ਖਤਮ ਨਹੀਂ ਹੋਵੇਗੀ ਤਦ ਤੱਕ ਇਨਸਾਨੀ ਏਕਤਾ ਨਹੀਂ ਹੋ ਸਕਦੀ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਿਸੇ ਇਕ ਜਾਤੀ ਨਹੀਂ ਸਗੋਂ ਪੂਰੇ ਸਮਾਜ ਦੇ ਮਾਰਗਦਰਸ਼ਕ ਸਨ।

ਸ੍ਰੀ ਗੁਰੂ ਰਵਿਦਾਸ ਜੀ ਵੈਰ, ਨਫਰਤ ਅਤੇ ਫਿਰਕਾਪ੍ਰਸਤੀ ਦੇ ਕੱਟੜ ਵਿਰੋਧੀ ਸਨ। ਉਨ੍ਹਾਂ ਨੇ ਸਾਫ ਕਿਹਾ ਕਿ-

‘‘ਰਾਮ, ਰਹੀਮ, ਕਾਸ਼ੀ, ਕਾਬਾ, ਮੰਦਰ, ਮਸਜਿਦ ਸਬ ਏਕ ਹੈਂ।’’

ਇਸ ਤਰ੍ਹਾਂ ਉਨ੍ਹਾਂ ਨੇ ‘ਵਸੁਧੈਵ ਕੁਟੁੰਬਕਮ’ ਦਾ ਸੰਦੇਸ਼ ਵੀ ਪਹਿਲੀ ਵਾਰ ਦਿੱਤਾ ਸੀ।

ਉਨ੍ਹਾਂ ਨੇ ਸਦਾ ਕਰਮ ਦੀ ਪ੍ਰਧਾਨਤਾ ’ਤੇ ਜ਼ੋਰ ਦਿੱਤਾ। ਇਕ ਦਿਨ ਇਕ ਬ੍ਰਾਹਮਣ ਇਨ੍ਹਾਂ ਕੋਲ ਆਏ ਅਤੇ ਕਿਹਾ ਕਿ ਉਹ ਗੰਗਾ ਇਸ਼ਨਾਨ ਕਰਨ ਜਾ ਰਹੇ ਹਨ, ਜੁੱਤੀ ਚਾਹੀਦੀ ਹੈ। ਇਨ੍ਹਾਂ ਨੇ ਬਿਨਾਂ ਪੈਸੇ ਲਏ ਬ੍ਰਾਹਮਣ ਨੂੰ ਜੁੱਤੀ ਦੇ ਦਿੱਤੀ। ਬ੍ਰਾਹਮਣ ਵੱਲੋਂ ਗੰਗਾ ਇਸ਼ਨਾਨ ਲਈ ਨਾਲ ਚੱਲਣ ਦਾ ਕਹਿਣ ’ਤੇ ਵੀ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਕਿਸੇ ਦੀ ਜੁੱਤੀ ਸਮੇਂ ਸਿਰ ਦੇਣੀ ਹੈ। ਇਸ ਲਈ ਉਹ ਗੰਗਾ ਇਸ਼ਨਾਨ ਨੂੰ ਨਹੀਂ ਜਾ ਸਕਦੇ। ਉਨ੍ਹਾਂ ਨੇ ਇਕ ਸੁਪਾਰੀ ਬ੍ਰਾਹਮਣ ਨੂੰ ਦੇ ਕੇ ਕਿਹਾ ਕਿ ਮੇਰੇ ਵੱਲੋਂ ਇਹ ਗੰਗਾ ਮਈਆ ਨੂੰ ਦੇ ਦੇਣਾ। ਬ੍ਰਾਹਮਣ ਨੇ ਗੰਗਾ ਇਸ਼ਨਾਨ ਕਰਨ ਪਿੱਛੋਂ ਗੰਗਾ ਮਈਆ ਦੀ ਪੂਜਾ ਕੀਤੀ ਅਤੇ ਜਦ ਚੱਲਣ ਲੱਗਾ ਤਾਂ ਅਣਮੰਨੇ ਮਨ ਨਾਲ ਰਵਿਦਾਸ ਜੀ ਵੱਲੋਂ ਦਿੱਤੀ ਗਈ ਸੁਪਾਰੀ ਗੰਗਾ ’ਚ ਉਛਾਲ ਦਿੱਤੀ। ਤਦ ਹੀ ਇਕ ਚਮਤਕਾਰ ਹੋਇਆ। ਗੰਗਾ ਮਈਆ ਪ੍ਰਗਟ ਹੋ ਗਏ ਅਤੇ ਰਵਿਦਾਸ ਜੀ ਵੱਲੋਂ ਦਿੱਤੀ ਗਈ ਸੁਪਾਰੀ ਆਪਣੇ ਹੱਥ ’ਚ ਲੈ ਲਈ। ਗੰਗਾ ਮਈਆ ਨੇ ਇਕ ਸੋਨੇ ਦਾ ਕੰਗਣ ਬ੍ਰਾਹਮਣ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਲੈ ਜਾ ਕੇ ਰਵਿਦਾਸ ਨੂੰ ਦੇ ਦੇਣਾ। ਬ੍ਰਾਹਮਣ ਭਾਵੁਕ ਹੋ ਕੇ ਰਵਿਦਾਸ ਜੀ ਕੋਲ ਆਇਆ ਅਤੇ ਬੋਲਿਆ ਕਿ ਅੱਜ ਤੱਕ ਗੰਗਾ ਮਈਆ ਦੀ ਪੂਜਾ ਮੈਂ ਕੀਤੀ ਪਰ ਗੰਗਾ ਮਈਆ ਦੇ ਦਰਸ਼ਨ ਕਦੇ ਨਹੀਂ ਹੋਏ ਪਰ ਤੁਹਾਡੀ ਭਗਤੀ ਦਾ ਪ੍ਰਤਾਪ ਅਜਿਹਾ ਹੈ ਕਿ ਗੰਗਾ ਮਈਆ ਨੇ ਖੁਦ ਪ੍ਰਗਟ ਹੋ ਕੇ ਆਪ ਜੀ ਦੀ ਦਿੱਤੀ ਹੋਈ ਸੁਪਾਰੀ ਨੂੰ ਸਵੀਕਾਰ ਕੀਤਾ ਅਤੇ ਤੁਹਾਨੂੰ ਸੋਨੇ ਦਾ ਕੰਗਣ ਦਿੱਤਾ ਹੈ। ਤੁਹਾਡੀ ਕਿਰਪਾ ਨਾਲ ਮੈਨੂੰ ਗੰਗਾ ਮਈਆ ਦੇ ਦਰਸ਼ਨ ਹੋਏ। ਇਸ ਗੱਲ ਦੀ ਖਬਰ ਪੂਰੇ ਕਾਸ਼ੀ ’ਚ ਫੈਲ ਗਈ। ਰਵਿਦਾਸ ਜੀ ਦੇ ਵਿਰੋਧੀਆਂ ਨੇ ਇਸ ਨੂੰ ਪਾਖੰਡ ਦੱਸਿਆ ਅਤੇ ਕਿਹਾ ਕਿ ਜੇ ਰਵਿਦਾਸ ਜੀ ਸੱਚੇ ਭਗਤ ਹਨ ਤਾਂ ਦੂਜਾ ਕੰਗਣ ਲਿਆ ਕੇ ਦਿਖਾਉਣ।

ਰਵਿਦਾਸ ਜੀ ਚਮੜਾ ਸਾਫ ਕਰਨ ਲਈ ਇਕ ਬਰਤਨ ’ਚ ਜਲ ਭਰ ਕੇ ਰੱਖਦੇ ਸਨ। ਇਸ ਬਰਤਨ ’ਚ ਰੱਖੇ ਜਲ ’ਚੋਂ ਗੰਗਾ ਮਈਆ ਪ੍ਰਗਟ ਹੋਈ ਅਤੇ ਕੰਗਣ ਰਵਿਦਾਸ ਜੀ ਨੂੰ ਭੇਟ ਕੀਤਾ। ਸ੍ਰੀ ਗੁਰੂ ਰਵਿਦਾਸ ਜੀ ਦੇ ਵਿਰੋਧੀਆਂ ਦਾ ਸਿਰ ਨੀਵਾਂ ਹੋਇਆ ਅਤੇ ਗੁਰੂ ਰਵਿਦਾਸ ਜੀ ਦੀ ਜੈ-ਜੈਕਾਰ ਹੋਣ ਲੱਗੀ। ਇਸੇ ਸਮੇਂ ਤੋਂ ਇਹ ਕਹਾਵਤ ਪ੍ਰਸਿੱਧ ਹੋ ਗਈ, ‘‘ਮਨ ਚੰਗਾ ਤਾਂ ਕਠੌਤੀ ’ਚ ਗੰਗਾ।’’

ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਦੈਵੀ ਗਿਆਨ ਤੋਂ ਪ੍ਰਭਾਵਿਤ ਹੋ ਕੇ ਮੀਰਾਬਾਈ ਨੇ ਸੰਤ ਸ੍ਰੀ ਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਿਆ ਅਤੇ ਖੁੱਲ੍ਹ ਕੇ ਕਿਹਾ ਵੀ ਕਿ- ‘‘ਗੁਰੂ ਮਿਲਿਆ ਸੰਤ ਗੁਰੂ ਰਵਿਦਾਸ ਜੀ, ਦੀਨਹੀ ਗਿਆਨ ਕੀ ਗੁਟਕੀ।’’ ਮੀਰਾਬਾਈ ਦੇ ਗੁਰੂ ਧਾਰਨ ਕਰਨ ਪਿੱਛੋਂ ਦੇਸ਼ ਦੇ ਸੈਂਕੜੇ ਰਾਜਾ-ਮਹਾਰਾਜਾ ਅਤੇ ਉਨ੍ਹਾਂ ਦੀਆਂ ਰਾਣੀਆਂ ਵੀ ਗੁਰੂ ਰਵਿਦਾਸ ਜੀ ਦੇ ਸ਼ਗਿਰਦ ਬਣੇ ਅਤੇ ਸਮਾਜ ਸੁਧਾਰ ਦਾ ਕਾਰਜ ਕੀਤਾ। ਭਗਤੀ ਕਾਲ ਦੇ ਇਸ ਦੌਰ ’ਚ ਨਿਰਗੁਣ ਵਿਚਾਰਧਾਰਾ ਭਲੀ-ਭਾਂਤ ਫਲ਼ੀ-ਫੁੱਲੀ ਅਤੇ ਸਮਾਜ ਨੂੰ ਨਵੀਂ ਦਿਸ਼ਾ ਮਿਲੀ। ਉਨ੍ਹਾਂ ਦੀ ਬਾਣੀ ਨੂੰ ਕਈ ਧਰਮ ਗ੍ਰੰਥਾਂ ’ਚ ਪ੍ਰਚਾਰਿਤ ਕੀਤਾ ਗਿਆ। ਸਿੱਖ ਧਰਮ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ 41 ਸ਼ਬਦਾਂ-ਬਾਣੀਆਂ ਨੂੰ ਸ਼ਾਮਲ ਕੀਤਾ ਗਿਆ ਜੋ ਅੱਜ ਪੂਰੀ ਮਾਨਵਤਾ ਦੀ ਰਹਿਨੁਮਾਈ ਕਰ ਰਹੇ ਹਨ।

ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਰਾਬਰੀ, ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦੇ ਸਮਰਥਕ ਸਨ। ਉਸ ਨੇ ਕਿਹਾ ਵੀ ਹੈ ਕਿ-

‘‘ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਬਨ ਕੋ ਅੰਨ।
ਛੋਟ ਬੜੋ ਸਬ ਸਮ ਬਸੈਂ, ਰਵਿਦਾਸ ਰਹੇ ਪ੍ਰਸੰਨ।’’

ਸਮਾਜ ’ਚ ਬਰਾਬਰੀ ਅਤੇ ਸਭ ਨੂੰ ਪੇਟ ਭਰ ਕੇ ਭੋਜਨ ਮਿਲਣ ਦਾ ਜੋ ਸੁਫਨਾ ਸੰਤ ਸ਼੍ਰੋਮਣੀ ਸ੍ਰੀ ਰਵਿਦਾਸ ਜੀ ਮਹਾਰਾਜ ਨੇ 15ਵੀਂ ਸਦੀ ’ਚ ਸੰਜੋਇਆ ਸੀ, ਉਸ ਨੂੰ ਅੱਜ ਦੀਆਂ ਸਰਕਾਰਾਂ ਸਾਕਾਰ ਕਰਨ ’ਚ ਲੱਗੀਆਂ ਹੋਈਆਂ ਹਨ। ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਕ ਅਜਿਹੇ ਸੰਤ ਅਤੇ ਦੈਵੀ ਆਤਮਾ ਸਨ ਜਿਨ੍ਹਾਂ ਨੇ ਬਹੁਤ ਔਖੇ ਹਾਲਾਤ ’ਚ ਸਮਾਜ ਦਾ ਮਾਰਗਦਰਸ਼ਨ ਕਰ ਕੇ ਜੀਵਨ ਦੀ ਸੱਚਾਈ ਦੇ ਰੂਬਰੂ ਕਰਵਾਇਆ।

ਵਰਤਮਾਨ ’ਚ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਸਮਾਜ ’ਚ ਪ੍ਰਚਾਰ ਕਰਦੇ ਹੋਏ ਅਸੀਂ ਸਾਰੇ ਸੱਚਾਈ ਅਤੇ ਈਮਾਨਦਾਰੀ ਨਾਲ ਆਪਣੇ ਜੀਵਨ ’ਚ ਵੀ ਇਸ ਨੂੰ ਅਪਣਾਈਏ ਜਿਸ ਨਾਲ ਧਾਰਮਿਕ, ਸਮਾਜਿਕ ਅਤੇ ਰਾਸ਼ਟਰੀ ਏਕਤਾ ਮਜ਼ਬੂਤ ਹੋਵੇਗੀ ਅਤੇ ਭਾਰਤਵਰਸ਼ ਦਾ ਫਿਰ ਤੋਂ ਵਿਸ਼ਵ ਗੁਰੂ ਬਣਨ ਦਾ ਰਾਹ ਪੱਧਰਾ ਹੋਵੇਗਾ।

ਤਰੁਣ ਚੁੱਘ ਤੇ ਸਤੀਸ਼ ਮਹਿਰਾ


Rakesh

Content Editor

Related News