ਸੰਤ ਸ਼੍ਰੋਮਣੀ ਆਚਾਰੀਆ ਸ਼੍ਰੀ ਵਿੱਦਿਆਸਾਗਰ ਜੀ ਦੇ ਸੰਦੇਸ਼ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ

Wednesday, Feb 21, 2024 - 12:55 PM (IST)

ਜੀਵਨ ’ਚ ਅਸੀਂ ਬਹੁਤ ਘੱਟ ਅਜਿਹੇ ਲੋਕਾਂ ਨੂੰ ਮਿਲਦੇ ਹਾਂ, ਜਿਨ੍ਹਾਂ ਦੇ ਨੇੜੇ ਜਾਂਦੇ ਹੀ ਦਿਲ-ਦਿਮਾਗ ਇਕ ਸਕਾਰਾਤਮਕ ਊਰਜਾ ਨਾਲ ਭਰ ਜਾਂਦਾ ਹੈ। ਅਜਿਹੇ ਵਿਅਕਤੀਆਂ ਦਾ ਸਨੇਹ, ਉਨ੍ਹਾਂ ਦਾ ਆਸ਼ੀਰਵਾਦ, ਸਾਡੀ ਬਹੁਤ ਵੱਡੀ ਪੂੰਜੀ ਹੁੰਦੀ ਹੈ। ਸੰਤ ਸ਼੍ਰੋਮਣੀ ਆਚਾਰੀਆ ਸ਼੍ਰੀ 108 ਵਿੱਦਿਆਸਾਗਰ ਜੀ ਮਹਾਰਾਜ ਮੇਰੇ ਲਈ ਅਜਿਹੇ ਹੀ ਸਨ। ਉਨ੍ਹਾਂ ਦੇ ਨੇੜੇ ਅਲੌਕਿਕ ਅਧਿਆਤਮਿਕ ਊਰਜਾ ਦਾ ਸੰਚਾਰ ਹੁੰਦਾ ਹੈ। ਆਚਾਰੀਆ ਵਿੱਦਿਆਸਾਗਰ ਜੀ ਜਿਹੇ ਸੰਤਾਂ ਨੂੰ ਦੇਖ ਕੇ ਇਹ ਅਨੁਭਵ ਹੁੰਦਾ ਸੀ ਕਿਵੇਂ ਭਾਰਤ ਵਿਚ ਅਧਿਆਤਮ ਕਿਸੇ ਅਮਰ ਜਲਧਾਰਾ ਦੇ ਬਰਾਬਰ ਲਗਾਤਾਰ ਵਹਿ ਕੇ ਸਮਾਜ ਦਾ ਮੰਗਲ ਕਰਦਾ ਰਹਿੰਦਾ ਹੈ।

ਪਿਛਲੇ ਸਾਲ ਨਵੰਬਰ ’ਚ ਛੱਤੀਸਗੜ੍ਹ ਵਿਚ ਡੋਂਗਰਗੜ੍ਹ ਦੇ ਚੰਦਰਗਿਰੀ ਜੈਨ ਮੰਦਰ ਵਿਚ ਉਨ੍ਹਾਂ ਦੇ ਦਰਸ਼ਨ ਕਰਨ ਜਾਣਾ ਮੇਰੇ ਲਈ ਪਰਮ ਸੁਭਾਗ ਦੀ ਗੱਲ ਸੀ। ਤਦ ਮੈਨੂੰ ਜ਼ਰਾ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਆਚਾਰੀਆ ਜੀ ਨਾਲ ਮੇਰੀ ਇਹ ਆਖਰੀ ਮੁਲਾਕਾਤ ਹੋਵੇਗੀ। ਉਹ ਪਲ ਮੇਰੇ ਲਈ ਨਾ ਭੁੱਲਣ ਯੋਗ ਬਣ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਬਹੁਤ ਦੇਰ ਤੱਕ ਮੇਰੇ ਨਾਲ ਗੱਲਾਂ ਕੀਤੀਆਂ।

ਉਨ੍ਹਾਂ ਨੇ ਪਿਤਾ ਵਾਂਗ ਮੇਰਾ ਧਿਆਨ ਰੱਖਿਆ ਅਤੇ ਦੇਸ਼ ਸੇਵਾ ਵਿਚ ਕੀਤੇ ਜਾ ਰਹੇ ਯਤਨਾਂ ਲਈ ਮੈਨੂੰ ਆਸ਼ੀਰਵਾਦ ਵੀ ਦਿੱਤਾ। ਦੇਸ਼ ਦੇ ਵਿਕਾਸ ਅਤੇ ਵਿਸ਼ਵ ਪਲੇਟਫਾਰਮ ’ਤੇ ਭਾਰਤ ਨੂੰ ਮਿਲ ਰਹੇ ਸਨਮਾਨ ’ਤੇ ਉਨ੍ਹਾਂ ਨੇ ਪ੍ਰਸੰਨਤਾ ਵੀ ਵਿਅਕਤ ਕੀਤੀ ਸੀ। ਆਪਣੇ ਕੰਮਾਂ ਦੀ ਚਰਚਾ ਕਰਦੇ ਹੋਏ ਉਹ ਬਹੁਤ ਉਤਸ਼ਾਹਿਤ ਸਨ। ਇਸ ਦੌਰਾਨ ਉਨ੍ਹਾਂ ਦੀ ਸੁਭਾਵਿਕ ਦ੍ਰਿਸ਼ਟੀ ਅਤੇ ਦਿਵਯ ਮੁਸਕਾਨ ਪ੍ਰੇਰਿਤ ਕਰਨ ਵਾਲੀ ਸੀ। ਉਨ੍ਹਾਂ ਦਾ ਆਸ਼ੀਰਵਾਦ ਆਨੰਦ ਨਾਲ ਭਰ ਦੇਣ ਵਾਲਾ ਸੀ, ਜੋ ਸਾਡੇ ਅੰਤਰ ਮਨ ਦੇ ਨਾਲ-ਨਾਲ ਪੂਰੇ ਵਾਤਾਵਰਣ ’ਚ ਉਨ੍ਹਾਂ ਦੀ ਦਿਵਯ ਮੌਜੂਦਗੀ ਦਾ ਅਹਿਸਾਸ ਕਰਵਾ ਰਿਹਾ ਸੀ। ਉਨ੍ਹਾਂ ਦਾ ਜਾਣਾ ਉਸ ਅਦਭੁਤ ਮਾਰਗਦਰਸ਼ਕ ਨੂੰ ਗੁਆ ਦੇਣ ਦੇ ਬਰਾਬਰ ਹੈ, ਜਿਨ੍ਹਾਂ ਨੇ ਮੇਰਾ ਅਤੇ ਅਣਗਿਣਤ ਲੋਕਾਂ ਦਾ ਮਾਰਗ ਨਿਰੰਤਰ ਪੱਧਰਾ ਕੀਤਾ ਹੈ।

ਭਾਰਤ ਦੀ ਇਹ ਵਿਸ਼ੇਸ਼ਤਾ ਰਹੀ ਕਿ ਇੱਥੋਂ ਦੀ ਪਾਵਨ ਧਰਤੀ ਨੇ ਨਿਰੰਤਰ ਅਜਿਹੀਆਂ ਮਹਾਨ ਵਿਭੂਤੀਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਲੋਕਾਂ ਨੂੰ ਦਿਸ਼ਾ ਦਿਖਾਉਣ ਦੇ ਨਾਲ-ਨਾਲ ਸਮਾਜ ਨੂੰ ਵੀ ਬਿਹਤਰ ਬਣਾਉਣ ’ਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸੰਤਾਂ ਅਤੇ ਸਮਾਜ ਸੁਧਾਰ ਦੀ ਇਸੇ ਮਹਾਨ ਪਰੰਪਰਾ ’ਚ ਸੰਤ ਸ਼੍ਰੋਮਣੀ ਆਚਾਰੀਆ ਸ਼੍ਰੀ ਵਿੱਦਿਆਸਾਗਰ ਜੀ ਮਹਾਰਾਜ ਦਾ ਪ੍ਰਮੁੱਖ ਸਥਾਨ ਹੈ। ਉਨ੍ਹਾਂ ਨੇ ਵਰਤਮਾਨ ਦੇ ਨਾਲ ਹੀ ਭਵਿੱਖ ਦੇ ਲਈ ਵੀ ਇਕ ਨਵੀਂ ਰਾਹ ਦਿਖਾਈ ਹੈ। ਉਨ੍ਹਾਂ ਦਾ ਸੰਪੂਰਨ ਜੀਵਨ ਅਧਿਆਤਮਿਕ ਪ੍ਰੇਰਣਾ ਨਾਲ ਭਰਿਆ ਰਿਹਾ। ਉਨ੍ਹਾਂ ਦੇ ਜੀਵਨ ਦਾ ਹਰ ਅਧਿਆਏ, ਅਦਭੁਤ ਗਿਆਨ, ਅਸੀਮ ਕਰੁਣਾ ਅਤੇ ਮਾਨਵਤਾ ਦੀ ਬਿਹਤਰੀ ਲਈ ਅਟੁੱਟ ਪ੍ਰਤੀਬੱਧਤਾ ਨਾਲ ਸੁਸ਼ੋਭਿਤ ਹੈ।

ਸੰਤ ਸ਼੍ਰੋਮਣੀ ਆਚਾਰੀਆ ਵਿੱਦਿਆਸਾਗਰ ਜੀ ਮਹਾਰਾਜ ਜੀ ਸਹੀ ਗਿਆਨ, ਸਹੀ ਦਰਸ਼ਨ ਅਤੇ ਸਹੀ ਚਰਿੱਤਰ ਦੀ ਤ੍ਰਿਵੇਣੀ ਸਨ। ਉਨ੍ਹਾਂ ਦੀ ਸ਼ਖਸੀਅਤ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਸੀ ਕਿ ਉਨ੍ਹਾਂ ਦਾ ਸਹੀ ਦਰਸ਼ਨ ਜਿੰਨਾ ਆਤਮਬੋਧ ਲਈ ਸੀ, ਓਨਾ ਹੀ ਮਜ਼ਬੂਤ ਉਨ੍ਹਾਂ ਦਾ ਲੋਕ ਬੋਧ ਵੀ ਸੀ। ਉਨ੍ਹਾਂ ਦਾ ਸਹੀ ਗਿਆਨ ਜਿੰਨਾ ਧਰਮ ਨੂੰ ਲੈ ਕੇ ਸੀ, ਓਨਾ ਹੀ ਉਨ੍ਹਾਂ ਦਾ ਚਿੰਤਨ ਜਨਤਕ ਵਿਗਿਆਨ ਲਈ ਵੀ ਰਹਿੰਦਾ ਸੀ।

ਦਇਆ, ਸੇਵਾ ਅਤੇ ਤਪੱਸਿਆ ਨਾਲ ਪਰਿਪੂਰਨ ਆਚਾਰੀਆ ਜੀ ਦਾ ਜੀਵਨ ਭਗਵਾਨ ਮਹਾਵੀਰ ਦੇ ਆਦਰਸ਼ਾਂ ਦਾ ਪ੍ਰਤੀਕ ਰਿਹਾ। ਉਨ੍ਹਾਂ ਦਾ ਜੀਵਨ ਜੈਨ ਧਰਮ ਦੀ ਮੂਲ ਭਾਵਨਾ ਦੀ ਸਭ ਤੋਂ ਵੱਡੀ ਉਦਾਹਰਣ ਰਹੀ। ਉਨ੍ਹਾਂ ਨੇ ਜੀਵਨ ਭਰ ਆਪਣੇ ਕੰਮ ਅਤੇ ਆਪਣੀ ਦੀਕਸ਼ਾ ਨਾਲ ਇਨ੍ਹਾਂ ਸਿਧਾਂਤਾਂ ਦੀ ਸੁਰੱਖਿਆ ਕੀਤੀ। ਹਰ ਵਿਅਕਤੀ ਲਈ ਉਨ੍ਹਾਂ ਦਾ ਪਿਆਰ ਇਹ ਦੱਸਦਾ ਹੈ ਕਿ ਜੈਨ ਧਰਮ ’ਚ ‘ਜੀਵਨ’ ਦਾ ਮਹੱਤਵ ਕੀ ਹੈ।

ਉਨ੍ਹਾਂ ਨੇ ਇਮਾਨਦਾਰੀ ਨਾਲ ਆਪਣੀ ਪੂਰੀ ਉਮਰ ਤੱਕ ਇਹ ਸਿੱਖਿਆ ਦਿੱਤੀ ਕਿ ਵਿਚਾਰਾਂ, ਸ਼ਬਦਾਂ ਅਤੇ ਕਰਮਾਂ ਦੀ ਪਵਿੱਤਰਤਾ ਕਿੰਨੀ ਵੱਡੀ ਹੁੰਦੀ ਹੈ। ਉਨ੍ਹਾਂ ਨੇ ਹਮੇਸ਼ਾ ਜੀਵਨ ਦੇ ਸਰਲ ਹੋਣ ’ਤੇ ਜ਼ੋਰ ਦਿੱਤਾ। ਆਚਾਰੀਆ ਜੀ ਜਿਹੀਆਂ ਸ਼ਖਸੀਅਤਾਂ ਦੇ ਕਾਰਨ ਹੀ ਅੱਜ ਪੂਰੀ ਦੁਨੀਆ ਨੂੰ ਜੈਨ ਧਰਮ ਅਤੇ ਭਗਵਾਨ ਮਹਾਵੀਰ ਦੇ ਜੀਵਨ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ।

ਉਹ ਜੈਨ ਭਾਈਚਾਰੇ ਦੇ ਨਾਲ ਹੀ ਹੋਰ ਵੱਖ-ਵੱਖ ਭਾਈਚਾਰਿਆਂ ਦੇ ਵੀ ਵੱਡੇ ਪ੍ਰੇਰਣਾਸਰੋਤ ਰਹੇ। ਵੱਖ-ਵੱਖ ਸੰਪਰਦਾਵਾਂ, ਪਰੰਪਰਾਵਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਮਿਲਿਆ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਵਿਚ ਅਧਿਆਤਮਿਕ ਜਾਗ੍ਰਿਤੀ ਲਈ ਉਨ੍ਹਾਂ ਨੇ ਅਣਥੱਕ ਯਤਨ ਕੀਤਾ।

ਸਿੱਖਿਆ ਦਾ ਖੇਤਰ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਰਿਹਾ ਹੈ। ਬਚਪਨ ’ਚ ਆਮ ਵਿੱਦਿਆਧਰ ਤੋਂ ਲੈ ਕੇ ਆਚਾਰੀਆ ਵਿੱਦਿਆਸਾਗਰ ਜੀ ਬਣਨ ਤੱਕ ਦੀ ਉਨ੍ਹਾਂ ਦੀ ਯਾਤਰਾ ਗਿਆਨ ਪ੍ਰਾਪਤੀ ਅਤੇ ਉਸ ਗਿਆਨ ਨਾਲ ਪੂਰੇ ਸਮਾਜ ਨੂੰ ਪ੍ਰਕਾਸ਼ਿਤ ਕਰਨ ਦੀ ਉਨ੍ਹਾਂ ਦੀ ਡੂੰਘੀ ਪ੍ਰਤੀਬੱਧਤਾ ਨੂੰ ਦਿਖਾਉਂਦੀ ਹੈ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਸਿੱਖਿਆ ਹੀ ਇਕ ਨਿਆਂਪੂਰਨ ਅਤੇ ਪ੍ਰਬੁੱਧ (ਗਿਆਨਵਾਨ) ਸਮਾਜ ਦਾ ਆਧਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਮਜ਼ਬੂਤ ਬਣਾਉਣ ਅਤੇ ਜੀਵਨ ਦੇ ਟੀਚਿਆਂ ਨੂੰ ਪਾਉਣ ਲਈ ਗਿਆਨ ਨੂੰ ਸਰਵੋਤਮ ਦੱਸਿਆ। ਸੱਚੇ ਗਿਆਨ ਦੇ ਮਾਰਗ ਦੇ ਰੂਪ ਵਿਚ ਸਵੈ-ਅਧਿਆਏ ਅਤੇ ਆਤਮ-ਜਾਗਰੂਕਤਾ ਦੇ ਮਹੱਤਵ ’ਤੇ ਉਨ੍ਹਾਂ ਦਾ ਵਿਸ਼ੇਸ਼ ਜ਼ੋਰ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਤੋਂ ਨਿਰੰਤਰ ਸਿੱਖਣ ਅਤੇ ਅਧਿਆਤਮਿਕ ਵਿਕਾਸ ਲਈ ਨਿਰੰਤਰ ਯਤਨ ਕਰਨ ਦੀ ਵੀ ਤਾਕੀਦ ਕੀਤੀ।

ਸੰਤ ਸ਼੍ਰੋਮਣੀ ਆਚਾਰੀਆ ਵਿੱਦਿਆਸਾਗਰ ਜੀ ਮਹਾਰਾਜ ਦੀ ਇੱਛਾ ਸੀ ਕਿ ਸਾਡੇ ਨੌਜਵਾਨਾਂ ਨੂੰ ਅਜਿਹੀ ਸਿੱਖਿਆ ਮਿਲੇ, ਜੋ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ’ਤੇ ਆਧਾਰਿਤ ਹੋਵੇ। ਉਹ ਅਕਸਰ ਕਿਹਾ ਕਰਦੇ ਸਨ ਕਿ ਕਿਉਂਕਿ ਅਸੀਂ ਆਪਣੇ ਅਤੀਤ ਦੇ ਗਿਆਨ ਤੋਂ ਦੂਰ ਹੋ ਗਏ ਹਾਂ, ਇਸ ਲਈ ਵਰਤਮਾਨ ’ਚ ਅਸੀਂ ਕਈ ਵੱਡੀਆਂ ਚੁਣੌਤੀਆਂ ਨਾਲ ਜੂਝ ਰਹੇ ਹਾਂ। ਅਤੀਤ ਦੇ ਗਿਆਨ ’ਚ ਉਹ ਅੱਜ ਦੀਆਂ ਕਈ ਚੁਣੌਤੀਆਂ ਦਾ ਹੱਲ ਦੇਖਦੇ ਸਨ। ਜਿਵੇਂ ਜਲ ਸੰਕਟ ਨੂੰ ਲੈ ਕੇ ਉਹ ਭਾਰਤ ਦੇ ਪ੍ਰਾਚੀਨ ਗਿਆਨ ਨਾਲ ਕਈ ਹੱਲ ਕਰਨ ਦੇ ਸੁਝਾਅ ਦਿੰਦੇ ਸਨ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਸਿੱਖਿਆ ਉਹੀ ਹੈ, ਜੋ ਸਕਿੱਲ ਡਿਵੈਲਪਮੈਂਟ ਅਤੇ ਇਨੋਵੇਸ਼ਨ ’ਤੇ ਆਪਣਾ ਧਿਆਨ ਕੇਂਦ੍ਰਿਤ ਕਰੇ।

ਆਚਾਰੀਆ ਜੀ ਨੇ ਕੈਦੀਆਂ ਦੀ ਭਲਾਈ ਲਈ ਵੱਖ-ਵੱਖ ਜੇਲਾਂ ਵਿਚ ਬਹੁਤ ਕੰਮ ਕੀਤੇ ਸਨ। ਕਿੰਨੇ ਹੀ ਕੈਦੀਆਂ ਨੇ ਆਚਾਰੀਆ ਜੀ ਦੇ ਸਹਿਯੋਗ ਨਾਲ ਹੈਂਡਲੂਮ ਦੀ ਟ੍ਰੇਨਿੰਗ ਲਈ। ਕੈਦੀਆਂ ’ਚ ਉਨ੍ਹਾਂ ਦਾ ਇੰਨਾ ਸਨਮਾਨ ਸੀ ਕਿ ਕਈ ਕੈਦੀ ਰਿਹਾਈ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੀ ਪਹਿਲਾਂ ਆਚਾਰੀਆ ਵਿੱਦਿਆਸਾਗਰ ਜੀ ਨੂੰ ਮਿਲਣ ਜਾਂਦੇ ਸਨ।

ਸੰਤ ਸ਼੍ਰੋਮਣੀ ਆਚਾਰੀਆ ਜੀ ਨੂੰ ਭਾਰਤ ਦੇਸ਼ ਦੀ ਭਾਸ਼ਾਈ ਵਿਭਿੰਨਤਾ ’ਤੇ ਬਹੁਤ ਮਾਣ ਸੀ। ਇਸ ਲਈ ਉਹ ਹਮੇਸ਼ਾ ਨੌਜਵਾਨਾਂ ਨੂੰ ਸਥਾਨਕ ਭਾਸ਼ਾਵਾਂ ਸਿੱਖਣ ਲਈ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਨੇ ਖੁਦ ਵੀ ਸੰਸਕ੍ਰਿਤ, ਪ੍ਰਾਕ੍ਰਿਤ (ਸਾਧਾਰਨ) ਅਤੇ ਹਿੰਦੀ ’ਚ ਕਈ ਸਾਰੀਆਂ ਰਚਨਾਵਾਂ ਕੀਤੀਆਂ ਹਨ। ਇਕ ਸੰਤ ਦੇ ਰੂਪ ਵਿਚ ਉਹ ਟੌਪ ਤੱਕ ਪਹੁੰਚਣ ਦੇ ਬਾਅਦ ਵੀ ਜਿਸ ਪ੍ਰਕਾਰ ਜ਼ਮੀਨ ਨਾਲ ਜੁੜੇ ਰਹੇ, ਇਹ ਉਨ੍ਹਾਂ ਦੀ ਮਹਾਨ ਰਚਨਾ ‘ਮੂਕ ਮਾਟੀ’ ਵਿਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਇੰਨਾ ਹੀ ਨਹੀਂ, ਉਹ ਆਪਣੇ ਕਾਰਜਾਂ ਨਾਲ ਵਾਂਝਿਆਂ ਦੀ ਆਵਾਜ਼ ਵੀ ਬਣੇ।

ਸੰਤ ਸ਼੍ਰੋਮਣੀ ਆਚਾਰੀਆ ਵਿੱਦਿਆਸਾਗਰ ਜੀ ਮਹਾਰਾਜ ਜੀ ਦੇ ਯੋਗਦਾਨ ਨਾਲ ਹੈਲਥਕੇਅਰ ਦੇ ਖੇਤਰ ਵਿਚ ਵੀ ਵੱਡੇ ਪਰਿਵਰਤਨ ਹੋਏ ਹਨ। ਉਨ੍ਹਾਂ ਨੇ ਉਨ੍ਹਾਂ ਖੇਤਰਾਂ ਵਿਚ ਵਿਸ਼ੇਸ਼ ਯਤਨ ਕੀਤਾ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਕਮੀ ਦਿਖਾਈ ਦਿੱਤੀ। ਸਿਹਤ ਨੂੰ ਲੈ ਕੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਹੁਤ ਵਿਆਪਕ ਸੀ। ਉਨ੍ਹਾਂ ਨੇ ਸਰੀਰਕ ਸਿਹਤ ਨੂੰ ਅਧਿਆਤਮਿਕ ਚੇਤਨਾ ਦੇ ਨਾਲ ਜੋੜਨ ’ਤੇ ਜ਼ੋਰ ਦਿੱਤਾ, ਤਾਂ ਕਿ ਲੋਕ ਸਰੀਰਕ ਅਤੇ ਮਾਨਸਿਕ, ਦੋਵਾਂ ਰੂਪਾਂ ’ਚ ਤੰਦਰੁਸਤ ਰਹਿ ਸਕਣ।

ਮੈਂ ਵਿਸ਼ੇਸ਼ ਤੌਰ ’ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਤਾਕੀਦ ਕਰਾਂਗਾ ਕਿ ਉਹ ਰਾਸ਼ਟਰ ਨਿਰਮਾਣ ਪ੍ਰਤੀ ਸੰਤ ਸ਼੍ਰੋਮਣੀ ਆਚਾਰੀਆ ਵਿੱਦਿਆਸਾਗਰ ਜੀ ਮਹਾਰਾਜ ਦੀ ਪ੍ਰਤੀਬੱਧਤਾ ਬਾਰੇ ਵਿਆਪਕ ਅਧਿਐਨ ਕਰਨ। ਉਹ ਹਮੇਸ਼ਾ ਲੋਕਾਂ ਨੂੰ ਕਿਸੇ ਵੀ ਪੱਖਪਾਤਪੂਰਨ ਵਿਚਾਰ ਤੋਂ ਉੱਪਰ ਉੱਠ ਕੇ ਰਾਸ਼ਟਰੀ ਹਿੱਤ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕਰਿਆ ਕਰਦੇ ਸਨ। ਉਹ ਮਤਦਾਨ ਦੇ ਪ੍ਰਬਲ ਸਮਰਥਕਾਂ ਵਿਚੋਂ ਇਕ ਸਨ ਅਤੇ ਮੰਨਦੇ ਸਨ ਕਿ ਇਹ ਲੋਕਤੰਤਰੀ ਪ੍ਰਕਿਰਿਆ ਵਿਚ ਭਾਗੀਦਾਰੀ ਦਾ ਸਭ ਤੋਂ ਮਜ਼ਬੂਤ ਪ੍ਰਗਟਾਵਾ ਹੈ। ਉਨ੍ਹਾਂ ਨੇ ਹਮੇਸ਼ਾ ਸਿਹਤਮੰਦ ਅਤੇ ਸਾਫ ਰਾਜਨੀਤੀ ਦੀ ਪੈਰਵੀ ਕੀਤੀ। ਉਨ੍ਹਾਂ ਦਾ ਕਹਿਣਾ ਸੀ – ‘ਲੋਕਨੀਤੀ ਲੋਭਸੰਗ੍ਰਹਿ ਨਹੀਂ, ਸਗੋਂ ਲੋਕਸੰਗ੍ਰਹਿ ਹੈ।’ ਇਸ ਲਈ ਨੀਤੀਆਂ ਦਾ ਨਿਰਮਾਣ ਨਿੱਜੀ ਸੁਆਰਥ ਲਈ ਨਹੀਂ, ਸਗੋਂ ਲੋਕਾਂ ਦੀ ਭਲਾਈ ਲਈ ਹੋਣਾ ਚਾਹੀਦਾ ਹੈ।

ਆਚਾਰੀਆ ਜੀ ਦਾ ਡੂੰਘਾ ਵਿਸ਼ਵਾਸ ਸੀ ਕਿ ਇਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਉਸ ਦੇ ਨਾਗਰਿਕਾਂ ਦੇ ਕਰਤੱਵ ਭਾਵ ਦੇ ਨਾਲ ਹੀ ਆਪਣੇ ਪਰਿਵਾਰ, ਆਪਣੇ ਸਮਾਜ ਅਤੇ ਦੇਸ਼ ਪ੍ਰਤੀ ਡੂੰਘੀ ਪ੍ਰਤੀਬੱਧਤਾ ਦੀ ਨੀਂਹ ’ਤੇ ਹੁੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਦਾ ਇਮਾਨਦਾਰੀ, ਸੱਤਿਆਨਿਸ਼ਠਾ ਅਤੇ ਆਤਮਨਿਰਭਰਤਾ ਜਿਹੇ ਗੁਣਾਂ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਇਹ ਗੁਣ ਇਕ ਨਿਆਂਪੂਰਨ, ਕਰੁਣਾਮਈ ਅਤੇ ਖੁਸ਼ਹਾਲ ਸਮਾਜ ਲਈ ਜ਼ਰੂਰੀ ਹਨ। ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ’ਚ ਲਗਾਤਾਰ ਕੰਮ ਕਰ ਰਹੇ ਹਾਂ ਕਰਤੱਵਾਂ ਦੀ ਭਾਵਨਾ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ।

ਅਜਿਹੇ ਕਾਲਖੰਡ ਵਿਚ ਜਦੋਂ ਦੁਨੀਆ ਭਰ ’ਚ ਵਾਤਾਵਰਣ ’ਤੇ ਕਈ ਤਰ੍ਹਾਂ ਦੇ ਸੰਕਟ ਮੰਡਰਾਅ ਰਹੇ ਹਨ, ਤਦ ਸੰਤ ਸ਼੍ਰੋਮਣੀ ਆਚਾਰੀਆ ਜੀ ਦਾ ਮਾਰਗਦਰਸ਼ਨ ਸਾਡੇ ਬਹੁਤ ਕੰਮ ਆਉਣ ਵਾਲਾ ਹੈ। ਉਨ੍ਹਾਂ ਨੇ ਇਕ ਅਜਿਹੀ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ, ਜੋ ਕੁਦਰਤ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿਚ ਸਹਾਇਕ ਹੋਵੇ। ਇਹੀ ਤਾਂ ‘ਮਿਸ਼ਨ ਲਾਈਫ’ ਹੈ ਜਿਸ ਦਾ ਸੱਦਾ ਅੱਜ ਭਾਰਤ ਨੇ ਆਲਮੀ ਮੰਚ ’ਤੇ ਕੀਤਾ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਸਾਡੀ ਅਰਥਵਿਵਸਥਾ ਵਿਚ ਖੇਤੀ ਨੂੰ ਸਰਬਉੱਚ ਮਹੱਤਵ ਦਿੱਤਾ। ਉਨ੍ਹਾਂ ਨੇ ਖੇਤੀ ’ਚ ਆਧੁਨਿਕ ਤਕਨਾਲੋਜੀ ਅਪਣਾਉਣ ’ਤੇ ਵੀ ਜ਼ੋਰ ਦਿੱਤਾ। ਮੈਨੂੰ ਵਿਸ਼ਵਾਸ ਹੈ ਕਿ ਉਹ ਨਮੋ ਡ੍ਰੋਨ ਦੀਦੀ ਅਭਿਆਨ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹੁੰਦੇ।

ਸੰਤ ਸ਼੍ਰੋਮਣੀ ਆਚਾਰੀਆ ਸ਼੍ਰੀ 108 ਵਿੱਦਿਆਸਾਗਰ ਜੀ ਮਹਾਰਾਜ ਜੀ ਦੇਸ਼ਵਾਸੀਆਂ ਦੇ ਦਿਲ ਅਤੇ ਦਿਮਾਗ ’ਚ ਸਦਾ ਜੀਵੰਤ ਰਹਿਣਗੇ। ਆਚਾਰੀਆ ਜੀ ਦੇ ਸੰਦੇਸ਼ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਅਤੇ ਆਲੋਕਿਤ (ਰੌਸ਼ਨ) ਕਰਦੇ ਰਹਿਣਗੇ। ਉਨ੍ਹਾਂ ਦੀ ਅਭੁੱਲ ਯਾਦ ਦਾ ਸਨਮਾਨ ਕਰਦੇ ਹੋਏ ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮੂਰਤ ਰੂਪ ਦੇਣ ਲਈ ਪ੍ਰਤੀਬੱਧ ਹਾਂ। ਇਹ ਨਾ ਸਿਰਫ਼ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਹੋਵੇਗੀ, ਬਲਕਿ ਉਨ੍ਹਾਂ ਦੁਆਰਾ ਦੱਸੇ ਰਸਤੇ ’ਤੇ ਚੱਲ ਕੇ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਕਲਿਆਣ ਦਾ ਮਾਰਗ ਵੀ ਪੱਧਰਾ ਹੋਵੇਗਾ।

ਨਰਿੰਦਰ ਮੋਦੀ (ਪ੍ਰਧਾਨ ਮੰਤਰੀ)


Rakesh

Content Editor

Related News