ਸਿੱਖਿਆ ਤੇ ਡਾਕਟਰੀ ਖੇਤਰ ’ਚ ਕਰਨੀਆਂ ਹੋਣਗੀਆਂ ਕ੍ਰਾਂਤੀਕਾਰੀ ਤਬਦੀਲੀਆਂ
Thursday, Sep 09, 2021 - 03:45 AM (IST)

ਡਾ. ਵੇਦਪ੍ਰਤਾਪ ਵੈਦਿਕ
‘ਅਧਿਆਪਕ ਦਿਵਸ’ ਦੇ ਉਤਸਵ ’ਚ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਪਿਛਲੇ 7 ਸਾਲ ਦੇ ਆਪਣੇ ਸ਼ਾਸਨ-ਕਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਗੈਰ-ਸਰਕਾਰੀ ਸਿੱਖਿਆ ਸੰਗਠਨਾਂ ਨੂੰ ਬੇਨਤੀ ਕੀਤੀ ਕਿ ਉਹ ਸਿੱਖਿਆ ਦੇ ਖੇਤਰ ’ਚ ਵਿਸ਼ੇਸ਼ ਹਿੱਸਾ ਪਾਉਣ। ਇਸ ’ਚ ਸ਼ੱਕ ਨਹੀਂ ਹੈ ਕਿ ਪਿਛਲੇ 7 ਸਾਲ ਦੇ ਅੰਕੜੇ ਦੇਖੀਏ ਤਾਂ ਵਿਦਿਆਰਥੀਆਂ, ਅਧਿਆਪਕਾਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਗਿਣਤੀ ’ਚ ਅਥਾਹ ਵਾਧਾ ਹੋਇਆ ਹੈ। ਇਸ ਵਾਧੇ ਦਾ ਸਿਹਰਾ ਸਰਕਾਰ ਲੈਣਾ ਚਾਹੇ ਤਾਂ ਉਸ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਪਰ ਅਸਲੀ ਸਵਾਲ ਇਹ ਹੈ ਕਿ ਕੀ ਸਾਡੀ ਸਿੱਖਿਆ ਨੀਤੀ ’ਚ ਜੋ ਮੂਲ ਤਬਦੀਲੀਆਂ ਹੋਣੀਆਂ ਸਨ, ਉਹ ਹੋਈਆਂ ਹਨ ਜਾਂ ਨਹੀਂ?
7 ਸਾਲ ’ਚ 4 ਸਿੱਖਿਆ ਮੰਤਰੀ ਹੋ ਗਏ, ਮੋਦੀ ਸਰਕਾਰ ’ਚ। ਔਸਤਨ ਕਿਸੇ ਮੰਤਰੀ ਨੂੰ ਦੋ ਸਾਲ ਵੀ ਨਹੀਂ ਮਿਲੇ ਭਾਵ ਅਜੇ ਤੱਕ ਸਿਰਫ ਥਾਂ ਭਰੀ ਗਈ ਹੈ। ਕੋਈ ਅਜਿਹਾ ਸਿੱਖਿਆ ਮੰਤਰੀ ਨਹੀਂ ਆਇਆ ਜਿਸ ਨੂੰ ਸਿੱਖਿਆ ਵਿਵਸਥਾ ਦੀ ਆਪਣੀ ਡੂੰਘੀ ਸਮਝ ਹੋਵੇ ਜਾਂ ਜਿਸ ’ਚ ਮੌਲਿਕ ਤਬਦੀਲੀ ਦਾ ਨਜ਼ਰੀਆ ਹੋਵੇ। ਜੋ ਸਿੱਖਿਆ-ਪ੍ਰਣਾਲੀ 74 ਸਾਲ ਤੋਂ ਚਲੀ ਆ ਰਹੀ ਹੈ, ਉਹ ਅੱਜ ਵੀ ਜਿਉਂ ਦੀ ਤਿਉਂ ਹੈ। ਨਵੀਂ ਸਿੱਖਿਆ ਨੀਤੀ ਦੇ ਐਲਾਨ ਦੇ ਬਾਵਜੂਦ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ।
ਜੇਕਰ ਸੱਚਮੁੱਚ ਸਾਡੀ ਸਰਕਾਰ ਦੇ ਕੋਲ ਕੋਈ ਨਵਾਂ ਨਜ਼ਰੀਆ ਹੁੰਦਾ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਇੱਛਾਸ਼ਕਤੀ ਕਿਸੇ ਮੰਤਰੀ ਦੇ ਕੋਲ ਹੁੰਦੀ ਤਾਂ ਉਹ ਆਪਣੀ ਕੁਰਸੀ ’ਚ 5-7 ਸਾਲ ਟਿਕਦਾ ਅਤੇ ਪੁਰਾਣੇ ਸੜੇ-ਗਲੇ ਬਸਤੀਵਾਦੀ ਸਿੱਖਿਆ ਢਾਂਚੇ ਨੂੰ ਪੁੱਟ ਸੁੱਟਦਾ ਪਰ ਲੱਗਦਾ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਕਿਸੇ ਵੀ ਰਾਸ਼ਟਰ ਦੇ ਨਿਰਮਾਣ ’ਚ ਸਿੱਖਿਆ ਦਾ ਮਹੱਤਵ ਕੀ ਹੈ, ਇਸ ਨੂੰ ਠੀਕ ਤਰ੍ਹਾਂ ਨਹੀਂ ਸਮਝਦੀਆਂ। ਇਸ ਲਈ ਪ੍ਰਧਾਨ ਮੰਤਰੀ ਮਜਬੂਰ ਹੋ ਕੇ ਗੈਰ-ਸਰਕਾਰੀ ਸਿੱਖਿਆ ਸੰਗਠਨਾਂ ਨੂੰ ਕਿਰਪਾ ਕਰਨ ਲਈ ਕਹਿ ਰਹੇ ਹਨ।
ਸਿੱਖਿਆ ਵਿਵਸਥਾ ’ਚ ਮੌਲਿਕ ਤਬਦੀਲੀ ਕਰਨ ਲਈ ਤਾਂ ਬਹੁਤ ਸਾਰੇ ਸੁਝਾਅ ਹਨ ਪਰ ਕੀ ਮੋਦੀ ਸਰਕਾਰ ਇਹ ਇਕ ਮੁੱਢਲਾ ਕਾਰਜ ਕਰ ਸਕਦੀ ਹੈ? ਉਹ ਇਹ ਹੈ ਕਿ ਦੇਸ਼ ਦੇ ਸਾਰੇ ਜਨ- ਪ੍ਰਤੀਨਿਧੀਆਂ - ਪੰਚਾਂ ਤੋਂ ਲੈ ਕੇ ਰਾਸ਼ਟਰਪਤੀ ਤੱਕ ਅਤੇ ਸਮੁੱਚੇ ਸਰਕਾਰੀ ਮੁਲਾਜ਼ਮਾਂ ਦੇ ਬੱਚਿਆਂ ਲਈ ਇਹ ਲਾਜ਼ਮੀ ਕਰ ਦਿਓ ਕਿ ਉਹ ਸਿਰਫ ਸਰਕਾਰੀ ਸਕੂਲਾਂ ਅਤੇ ਕਾਲਜਾਂ ’ਚ ਹੀ ਪੜ੍ਹਨਗੇ। ਇਹ ਕਰ ਦੇਣ ਤਾਂ ਵੇਖੋ ਰਾਤੋ ਰਾਤ ਕੀ ਚਮਤਕਾਰ ਹੁੰਦਾ ਹੈ। ਸਰਕਾਰੀ ਸਕੂਲਾਂ ਦਾ ਪੱਧਰ ਨਿੱਜੀ ਸਕੂਲਾਂ ਨਾਲੋਂ ਆਪਣੇ ਆਪ ਵਧੀਆ ਹੋ ਜਾਵੇਗਾ।
ਨਿੱਜੀ ਸਿੱਖਿਆ ਸੰਸਥਾਵਾਂ ਅਤੇ ਨਿੱਜੀ ਹਸਪਤਾਲ ਅੱਜ ਦੇਸ਼ ’ਚ ਖੁੱਲ੍ਹੀ ਲੁੱਟ-ਖੋਹ ਦੇ ਯੰਤਰ ਬਣ ਗਏ ਹਨ। ਦੇਸ਼ ਦਾ ਦਰਮਿਆਨਾ ਅਤੇ ਉੱਚ ਵਰਗ ਲੁੱਟਣ ਲਈ ਤਿਆਰ ਬੈਠਾ ਹੈ ਪਰ ਦੇਸ਼ ਦੇ ਗਰੀਬ, ਦਿਹਾਤੀ, ਪੱਛੜੇ ਆਦਿਵਾਸੀ ਅਤੇ ਮਿਹਨਤਕਸ਼ ਲੋਕਾਂ ਨੂੰ ਸਿੱਖਿਆ ਅਤੇ ਡਾਕਟਰੀ ਸਹੂਲਤਾਂ ਉਸੇ ਤਰ੍ਹਾਂ ਔਖੀਆਂ ਮਿਲਦੀਆਂ ਹਨ ਜਿਵੇਂ ਕਿਸੇ ਬਸਤੀਵਾਦੀ ਸ਼ਾਸਨ ’ਚ ਗੁਲਾਮ ਨੂੰ ਮਿਲਦੀਆਂ ਹਨ। ਜੇਕਰ ਆਪਣੇ ਆਜ਼ਾਦ ਭਾਰਤ ਨੂੰ ਮਹਾਸ਼ਕਤੀ ਅਤੇ ਮਹਾ-ਸੰਪੰਨ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਸਿੱਖਿਆ ਅਤੇ ਡਾਕਟਰੀ ਦੇ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀ ਕਰਨੀ ਹੋਵੇਗੀ।