ਕਸ਼ਮੀਰੀ ਪੰਡਿਤਾਂ ਦੀ ਵਾਪਸੀ

08/04/2020 3:39:09 AM

ਡਾ. ਵੇਦਪ੍ਰਤਾਪ ਵੈਦਿਕ
ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਸਿੱਧ ਨੇਤਾ ਡਾ. ਫਾਰੂਕ ਅਬਦੁੱਲਾ ਨੇ ਇਕ ਵੈਬੀਨਾਰ ’ਚ ਗਜ਼ਬ ਦੀ ਗੱਲ ਕਹਿ ਦਿੱਤੀ ਹੈ। ਉਨ੍ਹਾਂ ਨੇ ਕਸ਼ਮੀਰ ਦੇ ਪੰਡਿਤਾਂ ਦੀ ਵਾਪਸੀ ਦਾ ਸਵਾਗਤ ਕੀਤਾ। ਕਸ਼ਮੀਰ ਤੋਂ 30 ਸਾਲ ਪਹਿਲਾਂ ਲੱਗਭਗ 6-7 ਲੱਖ ਪੰਡਿਤ ਲੋਕ ਭੱਜ ਕੇ ਦੇਸ਼ ਦੇ ਕਈ ਸੂਬਿਆਂ ’ਚ ਰਹਿਣ ਲੱਗੇ ਸਨ। ਹੁਣ ਤਾਂ ਕਸ਼ਮੀਰ ਦੇ ਬਾਹਰ ਇਨ੍ਹਾਂ ਦੀ ਦੂਸਰੀ ਅਤੇ ਤੀਸਰੀ ਪੀੜ੍ਹੀ ਤਿਆਰ ਹੋ ਗਈ ਹੈ। ਹੁਣ ਕਸ਼ਮੀਰ ’ਚ ਜੋ ਕੁਝ ਹਜ਼ਾਰ ਪੰਡਿਤ ਬਚੇ ਹੋਏ ਹਨ, ਉਹ ਉਥੇ ਮਜਬੂਰੀ ’ਚ ਰਹਿ ਰਹੇ ਹਨ।

ਕੇਂਦਰ ਦੀਆਂ ਕਈ ਸਰਕਾਰਾਂ ਨੇ ਪੰਡਿਤਾਂ ਦੀ ਵਾਪਸੀ ਦੇ ਕਈ ਐਲਾਨ ਕੀਤੇ। ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਕਹੀ ਅਤੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਵੀ ਦਿੱਤਾ ਪਰ ਅੱਜ ਤਕ 100-200 ਪਰਿਵਾਰ ਵੀ ਕਸ਼ਮੀਰ ਵਾਪਸ ਜਾਣ ਲਈ ਤਿਆਰ ਨਹੀਂ ਹੋਏ। ਕੁਝ ਪ੍ਰਵਾਸੀ ਪੰਡਿਤ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਸਾਰੇ ਕਸ਼ਮੀਰ ’ਚ ਆਪਣੀਆਂ ਵੱਖਰੀਆਂ ਬਸਤੀਆਂ ਵਸਾਉਣ ਦੀ ਸਹੂਲਤ ਦਿੱਤੀ ਜਾਵੇ ਤਾਂ ਉਹ ਵਾਪਸ ਪਰਤ ਸਕਦੇ ਹਨ।

ਪਰ ਕਸ਼ਮੀਰੀ ਨੇਤਾਵਾਂ ਦਾ ਮੰਨਣਾ ਹੈ ਕਿ ਹਿੰਦੂ ਪੰਡਿਤਾਂ ਲਈ ਜੇਕਰ ਵੱਖਰੀਆਂ ਬਸਤੀਆਂ ਬਣਾਈਆਂ ਗਈਆਂ ਤਾਂ ਫਿਰਕੂਪੁਣੇ ਦਾ ਜ਼ਹਿਰ ਤੇਜ਼ੀ ਨਾਲ ਫੈਲੇਗਾ। ਹੁਣ ਡਾ. ਅਬਦੁੱਲਾ ਵਰਗੇ ਪ੍ਰਪੱਕ ਨੇਤਾਵਾਂ ਤੋਂ ਹੀ ਆਸ ਕੀਤੀ ਜਾਂਦੀ ਹੈ ਕਿ ਉਹ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦਾ ਕੋਈ ਵਿਵਹਾਰਿਕ ਤਰੀਕਾ ਪੇਸ਼ ਕਰਨ।

ਕਸ਼ਮੀਰੀ ਪੰਡਿਤਾਂ ਦੀ ਹਿਜਰਤ ਤਾਂ ਉਸੇ ਸਮੇਂ (1990) ਸ਼ੁਰੂ ਹੋਈ ਸੀ, ਜਦੋਂ ਡਾ. ਫਾਰੂਕ ਅਬਦੁੱਲਾ ਮੁੱਖ ਮੰਤਰੀ ਸਨ। ਜਗਮੋਹਨ ਨਵੇਂ-ਨਵੇਂ ਰਾਜਪਾਲ ਬਣੇ ਸਨ। ਉਨ੍ਹੀਂ ਦਿਨੀਂ ਭਾਜਪਾ ਨੇਤਾ ਟੀਕਾਲਾਲ ਤਪਲੂ, ਹਾਈਕੋਰਟ ਦੇ ਜੱਜ ਨੀਲਕੰਠ ਗੰਜੂ ਅਤੇ ਪੰਡਿਤ ਪ੍ਰੇਮਨਾਥ ਭੱਟ ਦੀ ਹੱਤਿਆ ਹੋਈ ਸੀ। ਕਈ ਮੰਦਿਰਾਂ ਅਤੇ ਗੁਰਦੁਆਰਿਆਂ ’ਤੇ ਹਮਲੇ ਹੋ ਰਹੇ ਸਨ। ਮਸਜਿਦਾਂ ਤੋਂ ਐਲਾਨ ਹੁੰਦੇ ਸਨ ਕਿ ਕਾਫਿਰੋ ਕਸ਼ਮੀਰ ਖਾਲੀ ਕਰੋ।

ਪੰਡਿਤਾਂ ਦੇ ਘਰਾਂ ਅਤੇ ਇਸਤਰੀਆਂ ਦੀ ਸੁਰੱਖਿਆ ਲੱਗਭਗ ਜ਼ੀਰੋ ਹੋ ਗਈ ਸੀ। ਅਜਿਹੀ ਹਾਲਤ ’ਚ ਰਾਜਪਾਲ ਜਗਮੋਹਨ ਕੀ ਕਰਦੇ ਸਨ? ਉਨ੍ਹਾਂ ਨੇ ਜਾਨ ਬਚਾ ਕੇ ਭੱਜਣ ਵਾਲੇ ਕਸ਼ਮੀਰੀ ਪੰਡਿਤਾਂ ਦੀ ਮਦਦ ਕੀਤੀ। ਉਨ੍ਹਾਂ ਦੀ ਸੁਰੱਖਿਆ ਅਤੇ ਯਾਤਰਾ ਦਾ ਪ੍ਰਬੰਧ ਕੀਤਾ। ਜਗਮੋਹਨ ਅਤੇ ਫਾਰੂਕ ਦੇ ਦਰਮਿਆਨ ਖੜਕ ਗਈ। ਜੇਕਰ ਪੰਡਿਤਾਂ ਦੀ ਹਿਜਰਤ ਲਈ ਅੱਜ ਡਾ. ਫਾਰੂਕ ਜਗਮੋਹਨ ਦੇ ਵਿਰੁੱਧ ਜਾਂਚ ਬਿਠਾਉਣ ਦੀ ਮੰਗ ਕਰ ਰਹੇ ਹਨ ਤਾਂ ਉਸ ਜਾਂਚ ਦੀ ਅਗਨੀ ਪ੍ਰੀਖਿਆ ’ਚ ਸਭ ਤੋਂ ਪਹਿਲਾਂ ਖੁਦ ਡਾ. ਫਾਰੂਕ ਨੂੰ ਖਰਾ ਉਤਰਨਾ ਹੋਵੇਗਾ।

ਚੰਗਾ ਤਾਂ ਇਹ ਹੋਵੇਗਾ ਕਿ ਜੋ ਬੀਤਿਆ, ਉਸ ਨੂੰ ਵਿਸਾਰ ਦਿਓ, ਅੱਗੇ ਦੀ ਸਾਰ ਲਓ। ਪੰਡਿਤਾਂ ਦੀ ਉਸ ਹਿਜਰਤ ਲਈ ਜੋ ਵੀ ਜ਼ਿੰਮੇਵਾਰ ਹੋਣ, ਅੱਜ ਜ਼ਰੂਰੀ ਇਹ ਹੈ ਕਿ ਕਸ਼ਮੀਰ ਦੇ ਸਾਰੇ ਨੇਤਾ ਫਿਰ ਤੋਂ ਮੈਦਾਨ ’ਚ ਆਉਣ ਅਤੇ ਅਜਿਹੇ ਹਾਲਾਤ ਪੈਦਾ ਕਰਨ ਕਿ ਅੱਤਵਾਦ ਉਥੋਂ ਖਤਮ ਹੋਵੇ ਅਤੇ ਪੰਡਿਤਾਂ ਦੀ ਵਾਪਸੀ ਹੋਵੇ।


Bharat Thapa

Content Editor

Related News