ਸਹੀ ਦਿਸ਼ਾ ਵਿਚ ਸੁਧਾਰ ਦੀ ਲੋੜ

Monday, Feb 03, 2025 - 03:56 PM (IST)

ਸਹੀ ਦਿਸ਼ਾ ਵਿਚ ਸੁਧਾਰ ਦੀ ਲੋੜ

ਪਿਛਲੇ ਕਈ ਦਹਾਕਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ’ਤੇ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਦੇਸ਼ ਦੀ ਦੁਰਦਸ਼ਾ ’ਤੇ ਕਬਰਾਂ ਵਰਗਾ ਵੈਰਾਗ ਦਿਖਾ ਕੇ, ਨਿਰਲੇਪਤਾ ਦਿਖਾ ਕੇ ਅਤੇ ਦੇਸ਼ ਵਾਸੀਆਂ ਨੂੰ ਲੰਮੇ-ਚੌੜੇ ਵਾਅਦਿਆਂ ਦੀ ਸੌਗਾਤ ਦੇ ਕੇ ਦੇਸ਼ ਦਾ ਭਲਾ ਕਰਨ ਦੇ ਪ੍ਰਣ ਲਏ ਜਾਂਦੇ ਹਨ। ਪਰ ਕੀ ਇਹ ਸਭ ਕੁਝ ਦੇਸ਼ ਦਾ ਕੋਈ ਭਲਾ ਕਰ ਸਕਦਾ ਹੈ? ਭਾਰਤ ਦੀ ਖੁਸ਼ਹਾਲ, ਫਲਦਾਇਕ ਅਤੇ ਉਪਜਾਊ ਧਰਤੀ ਵਿਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ। ਛੇ ਰੁੱਤਾਂ, ਉਪਜਾਊ ਧਰਤੀ, ਸੂਰਜ, ਚੰਦਰਮਾ, ਵਰੁਣ ਦੇ ਅਨੰਤ ਆਸ਼ੀਰਵਾਦ, ਰਤਨਾਂ ਨਾਲ ਭਰੀ ਧਰਤੀ, ਸਨਾਤਨ ਸੱਭਿਆਚਾਰ, ਸਖ਼ਤ ਮਿਹਨਤ ਕਰਨ ਵਾਲੇ ਅਤੇ ਸਾਦਾ ਜੀਵਨ ਜਿਊਣ ਵਾਲੇ ਭਾਰਤੀ, ਤਕਨੀਕੀ ਅਤੇ ਪ੍ਰਬੰਧਕੀ ਹੁਨਰਾਂ ਨਾਲ ਲੈਸ ਨੌਜਵਾਨਾਂ ਦੀ ਇਕ ਵੱਡੀ ਫੌਜ, ਉੱਦਮਤਾ ਅਤੇ ਕੁਝ ਪ੍ਰਾਪਤ ਕਰਨ ਦੀ ਇੱਛਾ, ਕੀ ਇਹ ਸਭ ਕੁਝ ਕਿਸੇ ਦੇਸ਼ ਨੂੰ ਉੱਚਾਈਆਂ ’ਤੇ ਲਿਜਾਣ ਲਈ ਕਾਫ਼ੀ ਨਹੀਂ ਹੈ? ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਭਾਰਤੀ ਪ੍ਰਵਾਸੀਆਂ ਨੇ ਕਈ ਖੇਤਰਾਂ ਵਿਚ ਬੁਲੰਦੀਆਂ ਛੂਹੀਆਂ ਹਨ। ਇਸ ਦਾ ਮਤਲਬ ਹੈ ਕਿ ਭਾਰਤੀਆਂ ਵਿਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਜੇਕਰ ਸਾਰਿਆਂ ਨੂੰ ਸਹੀ ਮੌਕਾ ਅਤੇ ਉਤਸ਼ਾਹ ਮਿਲੇ ਤਾਂ ਔਖੇ ਤੋਂ ਔਖੇ ਟੀਚੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।

ਜੇਕਰ ਇਹ ਸਹੀ ਹੈ, ਤਾਂ ਕੀ ਕਾਰਨ ਹੈ ਕਿ ਖਿਡਾਰੀਆਂ ’ਤੇ ਖਰਚ ਕਰਨ ਦੀ ਬਜਾਏ ਮਹਿੰਗੇ ਖੇਡ ਸਮਾਗਮਾਂ ’ਤੇ ਅਰਬਾਂ ਰੁਪਏ ਬਰਬਾਦ ਕੀਤੇ ਜਾਂਦੇ ਹਨ? ਕੁਝ ਹਜ਼ਾਰ ਰੁਪਏ ਦਾ ਕਰਜ਼ਾ ਲੈਣ ਵਾਲੇ ਕਿਸਾਨ ਖੁਦਕੁਸ਼ੀ ਕਰਦੇ ਹਨ ਅਤੇ ਲੱਖਾਂ-ਕਰੋੜਾਂ ਰੁਪਏ ਦੇ ਬੈਂਕ ਕਰਜ਼ੇ ਹੜੱਪਣ ਵਾਲੇ ਉਦਯੋਗਪਤੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਅੱਧੀ ਆਬਾਦੀ ਖਾਲੀ ਪੇਟ ਸੌਂਦੀ ਹੈ ਅਤੇ ਐੱਫ. ਸੀ. ਆਈ. ਦੇ ਗੋਦਾਮਾਂ ਵਿਚ ਕਰੋੜਾਂ ਟਨ ਅਨਾਜ ਸੜ ਜਾਂਦਾ ਹੈ। ਵਿਧਾਨਪਾਲਿਕਾ, ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਮੀਡੀਆ ਵੀ ਅਜਿਹੀ ਹਫੜਾ-ਦਫੜੀ ਦਾ ਨੰਗਾ ਨਾਚ ਦਿਖਾਉਣ ’ਚ ਪਿੱਛੇ ਨਹੀਂ ਰਹਿੰਦੇ। ਨਤੀਜੇ ਵਜੋਂ, ਅੱਤਵਾਦ ਅਤੇ ਨਕਸਲਵਾਦ ਆਪਣੇ ਸਿਖਰ ’ਤੇ ਪਹੁੰਚ ਰਹੇ ਹਨ। ਸਰਕਾਰ ਕੋਲ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਪਰ ਜਿਹੜੇ ਲੋਕ ਅਤੇ ਸੰਸਥਾਵਾਂ ਪੈਸੇ ਦੀ ਚੰਗੀ ਵਰਤੋਂ ਕਰਦੀਆਂ ਹਨ ਅਤੇ ਵਿਕਾਸ ਕਾਰਜ ਈਮਾਨਦਾਰੀ ਨਾਲ ਕਰਦੀਆਂ ਹਨ, ਉਹ ਇਕ-ਇਕ ਪੈਸੇ ਲਈ ਸੰਘਰਸ਼ ਕਰਦੀਆਂ ਹਨ, ਜਦੋਂ ਕਿ ਜੋ ਲੋਕ ਫਰਜ਼ੀ ਯੋਜਨਾਵਾਂ ਤੇ ਅਰਬਾਂ ਰੁਪਏ ਨਿਗਲ ਜਾਂਦੇ ਹਨ, ਉਹ ਬਿਨਾਂ ਕਿਸੇ ਰੁਕਾਵਟ ਦੇ ਸਰਕਾਰ ਦਾ ਪੈਸਾ ਹੜੱਪ ਲੈਂਦੇ ਹਨ। ਅਜਿਹੀ ਸਥਿਤੀ ਵਿਚ, ਆਜ਼ਾਦੀ ਦਿਵਸ ਜਾਂ ਗਣਤੰਤਰ ਦਿਵਸ ਦਾ ਕੀ ਅਰਥ ਹੋਣਾ ਚਾਹੀਦਾ ਹੈ? ਕੀ ਇਹ ਨਹੀਂ ਕਿ ਆਜ਼ਾਦੀ ਦੇ ਨਾਂ ’ਤੇ ਅਸੀਂ ਗੋਰੇ ਸਾਹਿਬਾਂ ਨੂੰ ਧੱਕਾ ਦੇ ਕੇ ਕਾਲੇ ਸਾਹਿਬਾਂ ਨੂੰ ਬਿਠਾ ਦਿੱਤਾ ਪਰ ਜਦੋਂ ਲੁੱਟ ਦੀ ਗੱਲ ਆਉਂਦੀ ਹੈ ਤਾਂ ਕਾਲੇ ਸਾਹਿਬ ਗੋਰਿਆਂ ਦੇ ਵੀ ਬਾਪ ਨਿਕਲੇ। ਸਵਿਸ ਬੈਂਕਾਂ ਵਿਚ ਸਭ ਤੋਂ ਵੱਧ ਕਾਲਾ ਧਨ ਜਮ੍ਹਾ ਕਰਨ ਵਿਚ ਭਾਰਤ ਬਹੁਤ ਅੱਗੇ ਹੈ।

ਇਸ ਲਈ ਸਾਡੀ ਸੋਚ ਵਿਚ ਬੁਨਿਆਦੀ ਤਬਦੀਲੀ ਦੀ ਲੋੜ ਹੈ। ਜੋ ਕਹਿੰਦੇ ਹਨ ਕਿ ‘ਸਭ ਚੱਲਦਾ ਹੈ’ ਅਤੇ ‘ਇਹ ਇਸੇ ਤਰ੍ਹਾਂ ਚੱਲਦਾ ਰਹੇਗਾ’, ਉਹ ਇਸ ਲੁੱਟ ਵਿਚ ਸ਼ਾਮਲ ਹਨ। ਭਾਵਨਾ ਇਹ ਹੋਣੀ ਚਾਹੀਦੀ ਹੈ ਕਿ ‘ਦੇਸ਼ ਕਿਉਂ ਨਹੀਂ ਸੁਧਰੇਗਾ?’, ‘ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਚੱਲਣ ਦੇਵਾਂਗੇ।’ ਹੁਣ ਸੂਚਨਾ ਕ੍ਰਾਂਤੀ ਦਾ ਯੁੱਗ ਹੈ। ਹਰ ਨਾਗਰਿਕ ਨੂੰ ਸਰਕਾਰ ਦੇ ਹਰ ਕਦਮ ਦੀ ਜਾਂਚ ਕਰਨ ਦਾ ਅਧਿਕਾਰ ਹੈ। ਇਸ ਹਥਿਆਰ ਦੀ ਵਰਤੋਂ ਪੂਰੀ ਤਾਕਤ ਨਾਲ ਕੀਤੀ ਜਾਣੀ ਚਾਹੀਦੀ ਹੈ। ਕੋਈ ਵੀ ਪਾਰਟੀ ਸੱਤਾ ਵਿਚ ਹੋਵੇ, ਉਸ ’ਚ ਬੈਠੇ ਲੋਕਾਂ ਨੂੰ ਵੀ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ਇਕ ਮੰਤਰੀ ਜਾਂ ਮੁੱਖ ਮੰਤਰੀ ਰਾਤ ਦੇ ਹਨੇਰੇ ਵਿਚ ਭਾਰੀ ਮਾਤਰਾ ਵਿਚ ਪੈਸੇ ਲੈ ਕੇ ਉਦਯੋਗਪਤੀਆਂ ਲਈ ਗੈਰ-ਕਾਨੂੰਨੀ ਕੰਮ ਕਰਨ ਵਿਚ ਇਕ ਮਿੰਟ ਵੀ ਬਰਬਾਦ ਨਹੀਂ ਕਰਦਾ ਪਰ ਇਹ ਜਾਣਨ ਦੇ ਬਾਵਜੂਦ ਕਿ ਕੋਈ ਖਾਸ ਵਿਅਕਤੀ ਜਾਂ ਸੰਗਠਨ ਰਾਜ ਦੇ ਅਣਵਰਤੇ ਸਰੋਤਾਂ ਦੀ ਬਿਹਤਰ ਵਰਤੋਂ ਕਰ ਸਕਦਾ ਹੈ, ਅਜਿਹਾ ਕਰਨ ਵਿਚ ਉਹੀ ਤਤਪਰਤਾ/ਕਾਹਲੀ ਨਹੀਂ ਦਿਖਾਈ ਜਾਂਦੀ। ਆਖ਼ਿਰ ਕਿਉਂ? ਜਦੋਂ ਤੱਕ ਅਸੀਂ ਸਹੀ ਅਤੇ ਚੰਗੇ ਨੂੰ ਉਤਸ਼ਾਹਿਤ ਨਹੀਂ ਕਰਦੇ, ਉਸ ਦਾ ਸਮਰਥਨ ਨਹੀਂ ਕਰਦੇ ਅਤੇ ਉਸ ਲਈ ਆਲੋਚਨਾ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੇ, ਕੁਝ ਵੀ ਨਹੀਂ ਬਦਲੇਗਾ। ਨਾਅਰੇ ਤਾਂ ਬਹੁਤ ਦਿੱਤੇ ਜਾਣਗੇ ਪਰ ਨਤੀਜੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿਣਗੇ। ਜੇਕਰ ਸਰਕਾਰਾਂ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਸਾਰੇ ਯੋਗ ਲੋਕਾਂ ਨੂੰ ਆਪਣੇ ਅਧਿਕਾਰੀਆਂ ਦੇ ਵਿਰੋਧ ਦੇ ਬਾਵਜੂਦ ਖੁੱਲ੍ਹੀ ਛੁੱਟੀ ਨਾ ਦਿੱਤੀ ਹੁੰਦੀ ਤਾਂ ਹਜ਼ਾਰਾਂ ਕਰੋੜ ਰੁਪਏ ਦੇ ਅਮੂਲ ਅਤੇ ਮੈਟਰੋ ਵਰਗੇ ਸਾਮਰਾਜ ਕਿਵੇਂ ਖੜ੍ਹੇ ਹੁੰਦੇ?

ਭਾਵੇਂ ਇਹ ਆਮ ਆਦਮੀ ਲਈ ਰੁਜ਼ਗਾਰ ਪੈਦਾ ਕਰਨਾ ਹੋਵੇ ਜਾਂ ਦੇਸ਼ ਵਿਚੋਂ ਗਰੀਬੀ ਨੂੰ ਖਤਮ ਕਰਨਾ ਹੋਵੇ, ਸਰਕਾਰ ਦੀਆਂ ਨੀਤੀਆਂ ਵਿਚ ਬੁਨਿਆਦੀ ਬਦਲਾਅ ਕਰਨੇ ਪੈਣਗੇ। ਨੀਤੀਆਂ ਸਿਰਫ਼ ਅੰਕੜਿਆਂ ਨੂੰ ਦੇਖ ਕੇ ਹੀ ਨਹੀਂ, ਸਗੋਂ ਪ੍ਰਤੱਖ ਨਤੀਜਿਆਂ ਨੂੰ ਦੇਖ ਕੇ ਵੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਚਾਰ ਦਹਾਕਿਆਂ ਦੀ ਖੋਜੀ ਪੱਤਰਕਾਰੀ ਦਾ ਮੇਰਾ ਤਜਰਬਾ ਰਿਹਾ ਹੈ ਕਿ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਬੇਸ਼ਰਮੀ ਨਾਲ ਕੀਤਾ ਜਾਂਦਾ ਹੈ, ਪਰ ਸਾਡੇ ਸਿਆਸਤਦਾਨਾਂ ਵਿਚ ਸੱਚਾਈ ਅਤੇ ਚੰਗਿਆਈ ਲਈ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਹਿੰਮਤ ਨਹੀਂ ਹੈ। ਇਸੇ ਕਰਕੇ ਦੇਸ਼ ਸਹੀ ਢੰਗ ਨਾਲ ਵਿਕਾਸ ਨਹੀਂ ਕਰ ਰਿਹਾ। ਪਾੜਾ ਵਧਦਾ ਜਾ ਰਿਹਾ ਹੈ। ਨਿਰਾਸ਼ਾ ਵਧਦੀ ਜਾ ਰਹੀ ਹੈ। ਹਿੰਸਾ ਵਧ ਰਹੀ ਹੈ ਪਰ ਆਗੂ ਚਾਰੇ ਪਾਸੇ ਅੱਗ ਦੇਖ ਕੇ ਕਬੂਤਰਾਂ ਵਾਂਗ ਅੱਖਾਂ ਬੰਦ ਕਰਕੇ ਬੈਠੇ ਹਨ। ਇਸ ਲਈ, ਇਕ ਵਾਰ ਫਿਰ ਸਮਾਜ ਦੇ ਮੱਧ ਵਰਗ ਨੂੰ ਸਮਾਜ ਦੇ ਹਿੱਤ ਵਿਚ ਸਰਗਰਮ ਹੋਣਾ ਪਵੇਗਾ। ਤੁਹਾਨੂੰ ਮਸ਼ਾਲ ਲੈ ਕੇ ਖੜ੍ਹਾ ਹੋਣਾ ਪਵੇਗਾ। ਟੀ. ਵੀ. ਸੀਰੀਅਲਾਂ ਅਤੇ ਖਪਤਕਾਰਵਾਦ ਦੇ ਚੁੰਗਲ ’ਚੋਂ ਮੁਕਤ ਹੋਣ ਅਤੇ ਆਪਣੇ ਆਲੇ-ਦੁਆਲੇ ਦੇ ਦੁੱਖਾਂ ਵੱਲ ਵੇਖਣ ਦੀ ਲੋੜ ਹੈ, ਤਾਂ ਜੋ ਸਾਡਾ ਖੂਨ ਉਬਲ ਸਕੇ ਅਤੇ ਅਸੀਂ ਇਕ ਬਿਹਤਰ ਤਬਦੀਲੀ ਦੇ ਸਾਧਨ ਬਣ ਸਕੀਏ, ਨਾ ਕਿ ਤਬਾਹੀ ਦੇ ਮੂਕਦਰਸ਼ਕ। ਸਿਰਫ ਤਦ ਹੀ ਅਸੀਂ ਸੱਚਮੁੱਚ ਆਜ਼ਾਦ ਹੋਵਾਂਗੇ। ਇਸ ਵੇਲੇ ਅਸੀਂ ਉਨ੍ਹਾਂ ਹੀ ਅੰਗਰੇਜ਼ਾਂ ਦੇ ਗੁਲਾਮ ਹਾਂ ਜਿਨ੍ਹਾਂ ਤੋਂ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਦਾ ਭਰਮ ਹੈ। ਉਨ੍ਹਾਂ ਨੇ ਸਾਡੇ ਦਿਮਾਗਾਂ ’ਤੇ ਕਬਜ਼ਾ ਕਰ ਲਿਆ ਹੈ, ਜੋ ਘਟਣ ਦੀ ਬਜਾਏ ਵਧ ਰਿਹਾ ਹੈ। ਇਹ ਗੱਲਾਂ ਜਾਂ ਤਾਂ ਸ਼ੇਖਚਿੱਲੀ ਦੇ ਸੁਪਨੇ ਵਰਗੀਆਂ ਲੱਗਦੀਆਂ ਹਨ ਜਾਂ ਕਿਸੇ ਸੰਤ ਦੇ ਉਪਦੇਸ਼ ਵਰਗੀਆਂ ਪਰ ਇਹ ਇਸ ਤਰ੍ਹਾਂ ਨਹੀਂ ਹੈ। ਇਨ੍ਹਾਂ ਹਾਲਾਤ ਵਿਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਦੇਸ਼ ਦੇ ਹਜ਼ਾਰਾਂ-ਲੱਖਾਂ ਲੋਕ ਨਿਰਸਵਾਰਥ ਭਾਵਨਾ ਨਾਲ ਦਿਨ-ਰਾਤ ਸਮਾਜ ਦੀ ਭਲਾਈ ਲਈ ਸਮਰਪਿਤ ਜੀਵਨ ਬਤੀਤ ਕਰ ਰਹੇ ਹਨ। ਭਾਵੇਂ ਅਸੀਂ ਇੰਨੀ ਕੁਰਬਾਨੀ ਨਾ ਵੀ ਕਰੀਏ, ਅਸੀਂ ਘੱਟੋ-ਘੱਟ ਆਪਣੇ ਆਲੇ-ਦੁਆਲੇ ਦੀ ਗੰਦਗੀ ਨੂੰ ਸਾਫ਼ ਕਰਨ ਲਈ ਇਕ ਈਮਾਨਦਾਰ ਯਤਨ ਤਾਂ ਕਰ ਹੀ ਸਕਦੇ ਹਾਂ। ਭਾਵੇਂ ਉਹ ਗੰਦਗੀ ਸਾਡੇ ਮਨਾਂ ਵਿਚ ਹੋਵੇ, ਸਾਡੇ ਆਲੇ-ਦੁਆਲੇ ਵਿਚ ਹੋਵੇ ਜਾਂ ਸਾਡੇ ਸਮਾਜ ਵਿਚ ਹੋਵੇ। ਜੇ ਅਸੀਂ ਕੋਸ਼ਿਸ਼ ਨਹੀਂ ਕਰਦੇ ਤਾਂ ਹੋਰ ਕੌਣ ਆ ਕੇ ਸਾਡੇ ਦੇਸ਼ ਨੂੰ ਸੁਧਾਰੇਗਾ? ਇਸ ਲਈ, ਇਹ ਜ਼ਿੰਮੇਵਾਰੀ ਸਿਰਫ਼ ਦੇਸ਼ ਦੀ ਅਗਵਾਈ ਕਰਨ ਵਾਲੇ ਨੇਤਾਵਾਂ ਦੀ ਨਹੀਂ ਹੈ, ਸਗੋਂ ਇਹ ਨੌਕਰਸ਼ਾਹੀ, ਮੀਡੀਆ ਅਤੇ ਜਨਤਾ ਸਾਰਿਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

ਵਿਨੀਤ ਨਾਰਾਇਣ


author

DIsha

Content Editor

Related News