ਰਾਮ ਰਾਜ ਸਭ ਨੂੰ ਆਪਣੀਆਂ ਮਰਿਆਦਾਵਾਂ ’ਚ ਰਹਿਣ ਦਾ ਹੁਕਮ ਦਿੰਦਾ ਹੈ

01/20/2024 5:56:43 PM

1556 ਤੋਂ 2024 ਤੱਕ ਦੇ 500 ਸਾਲਾਂ ਦਾ ਇਤਿਹਾਸ ਅਯੁੱਧਿਆ ’ਚ ਰਾਮ ਜਨਮ ਭੂਮੀ ਮੁਕਤੀ ਦਾ ਕਾਰਜਕਾਲ ਰਿਹਾ ਹੈ। ਇਸ ਰਾਮ ਜਨਮ ਭੂਮੀ ਮੁਕਤੀ ਅੰਦੋਲਨ ’ਚ ਰਾਜਾ ਨਾਲ ਰੰਕ ਤੱਕ ਨੇ ਆਪਣੀ ਆਹੂਤੀ ਪਾਈ ਹੈ। ਸੰਤਾਂ, ਮਹੰਤਾਂ, ਜੋਗੀਆਂ, ਸੰਨਿਆਸੀਆਂ ਅਤੇ ਵੈਰਾਗੀਆਂ ਨੇ ਇਸ ਨੂੰ ਆਪਣੀ ਸ਼ਰਧਾ ਅਤੇ ਨਿਸ਼ਠਾ ਦਾ ਸਵਾਲ ਮੰਨਿਆ। ਇਸ ਰਾਮ ਜਨਮ ਭੂਮੀ ਮੁਕਤੀ ਸੰਘਰਸ਼ ’ਚ ਹਿੰਦੂਆਂ, ਸਿੱਖਾਂ, ਨਿਹੰਗ ਸਿੰਘਾਂ ਨੇ ਆਪਣੇ-ਆਪਣੇ ਢੰਗ ਨਾਲ ਇਸ ’ਚ ਹਿੱਸਾ ਲਿਆ। ਇਸ ਮੁਕਤੀ ਅੰਦੋਲਨ ’ਚ ਰਾਮ ਭਗਤਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਮੈਂ ਆਪਣੀ ਉਮਰ ’ਚ ਰਾਮ ਜਨਮ ਭੂਮੀ ਅੰਦੋਲਨ ਨੂੰ ਫਲਦੇ-ਫੁੱਲਦੇ ਅਤੇ ਸਫਲ ਹੁੰਦੇ ਦੇਖਿਆ। ਇਹ ਮੇਰੀ ਖੁਸ਼ਕਿਸਮਤੀ ਹੀ ਕਹੋ ਕਿ ਵਿਸ਼ਵ ਹਿੰਦੂ ਪ੍ਰੀਸ਼ਦ, ਰਾਸ਼ਟਰੀ ਸਵੈਮਸੇਵਕ ਸੰਘ ਨੇ ਆਪਣੇ ਸਾਂਝੇ ਯਤਨਾਂ ਨਾਲ ਇਸ ਮੁਕਤੀ ਅੰਦੋਲਨ ਨੂੰ ਲੋਕਾਂ ਦਾ ਅੰਦੋਲਨ ਬਣਾ ਦਿੱਤਾ। 1990 ਅਤੇ 1992 ਦੇ ਲੋਕ ਅੰਦੋਲਨਾਂ ’ਚ ਮੈਂ ਖੁਦ ਸਬੂਤ ਹੀ ਨਹੀਂ ਸਗੋਂ ਮੁਕਤ ਭੋਗੀ ਰਿਹਾ ਹਾਂ। ਦੋਵਾਂ ਅੰਦੋਲਨਾਂ ’ਚ ਮੈਂ ਲਖਨਊ ਤੋਂ ਅਯੁੱਧਿਆ ਤੱਕ ਦੀ ਪੈਦਲ ਯਾਤਰਾ ਕੀਤੀ।

ਜਨਤਾ ਦਾ ਭਾਰੀ ਉਤਸ਼ਾਹ ਦੇਖਿਆ। ਸਹਾਰਨਪੁਰ ਅਤੇ ਮੇਰਠ ਦੀਆਂ ਜੇਲਾਂ ’ਚ ਰਿਹਾ। ਅਯੁੱਧਿਆ ਨੂੰ ਆਉਣ-ਜਾਣ ਵਾਲੇ ਸਾਰੇ ਮਾਰਗਾਂ ਨੂੰ ਬੰਦ ਹੁੰਦੇ ਹੋਏ ਦੇਖਿਆ। ਮੁਕਤੀ ਅੰਦੋਲਨ ’ਚ ਮੁਲਾਇਮ ਸਿੰਘ ਯਾਦਵ ਨੇ ਅਯੁੱਧਿਆ ਨੂੰ ਫੌਜੀ-ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ। ਭਾਰੀ-ਭਰਕਮ ਬੈਰੀਕੇਡਾਂ ਨਾਲ ਮੰਦਰਾਂ-ਕੰਪਲੈਕਸਾਂ ਨੂੰ ਘੇਰ ਰੱਖਿਆ ਸੀ। ਪਰਿੰਦਾ ਤੱਕ ਪਰ ਨਹੀਂ ਮਾਰ ਸਕਦਾ ਸੀ। ਦਫਾ 144 ਲਾਗੂ ਕੀਤੀ ਹੋਈ ਸੀ। ਫਿਰ ਵੀ ਲੱਖਾਂ ਕਾਰਸੇਵਕ ਮੰਦਰ ਦਵਾਰ ਤੱਕ ਪਹੁੰਚਣ ’ਚ ਸਫਲ ਹੋ ਗਏ।

ਮੁਲਾਇਮ ਸਿੰਘ ਯਾਦਵ ਨੇ ਨਿਹੱਥੇ ਕਾਰਸੇਵਕਾਂ ’ਤੇ ਗੋਲੀਆਂ ਚਲਾਈਆਂ। ਕਈ ਸ਼ਹੀਦ ਹੋਏ ਅਤੇ ਕਈ ਕਾਰਸੇਵਕ ਜ਼ਖਮੀ ਹੋਏ ਪਰ ਕਾਰਸੇਵਕਾਂ ਦਾ ਜੋਸ਼, ਸ਼ਰਧਾ ਅਤੇ ਯਕੀਨ ਅਟੁੱਟ ਬਣਿਆ ਰਿਹਾ।

ਅਸਲ ’ਚ ਰਾਮ ਜਨਮ ਭੂਮੀ ਮੁਕਤੀ ਅੰਦੋਲਨ ਨੂੰ ਲੋਕਾਂ ਦਾ ਅੰਦੋਲਨ ਬਣਾਉਣ ਦਾ ਸਿਹਰਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ-ਯਾਤਰਾ ਨੂੰ ਦੇਣਾ ਪਵੇਗਾ। ਲਾਲੂ ਪ੍ਰਸਾਦ ਯਾਦਵ ਵੱਲੋਂ ਰਾਮ ਰੱਥ-ਯਾਤਰਾ ਨੂੰ ਰੋਕਣਾ, ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਗ੍ਰਿਫਤਾਰ ਕਰਨਾ ਇਸ ਅੰਦੋਲਨ ’ਚ ਅੱਗ ’ਚ ਘਿਓ ਪਾਉਣਾ ਸਿੱਧ ਹੋਇਆ।

ਸੰਗਠਨਾਤਮਕ ਨਜ਼ਰੀਏ ਨਾਲ ਸਵ. ਅਸ਼ੋਕ ਸਿੰਘਲ ਨੂੰ ਇਸ ਮੰਦਰ ਮੁਕਤੀ ਅੰਦੋਲਨ ਨੂੰ ਅਹਿੰਸਾਤਮਕ ਬਣਾਈ ਰੱਖਣ ਦਾ ਸਿਹਰਾ ਜਾਂਦਾ ਹੈ।

ਬਿਰਧ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਕਾਰਸੇਵਕਾਂ ਲਈ ਪੂਜਨੀਕ ਹਨ, ਜਿਨ੍ਹਾਂ ਨੇ ਕਾਰਸੇਵਕਾਂ ਦੀ ਔਖੇ ਹਾਲਾਤ ’ਚ ਅਗਵਾਈ ਕੀਤੀ।

ਕੁਮਾਰੀ ਰਿਤੰਬਰਾ ਅਤੇ ਉਮਾ ਭਾਰਤੀ ਦਾ ਇਹ ਨਾਅਰਾ ਕਿ ‘ਗਲੀ-ਸੜੀ ਇਸ ਬਾਬਰੀ ਮਸਜਿਦ ਨੂੰ ਇਕ ਧੱਕਾ ਹੋਰ ਦਿਓ।’ ਇਨ੍ਹਾਂ ਦੋਵਾਂ ਸਾਧਵੀਆਂ ਨੇ ਆਪਣੇ ਬੜਬੋਲੇ ਭਾਸ਼ਣਾਂ ਰਾਹੀਂ ਥਾਂ-ਥਾਂ ’ਤੇ ਰਾਮ ਨਾਮ ਦੀ ਅੱਗ ਵਰ੍ਹਾ ਦਿੱਤੀ।

ਲਖਨਊ ਤੋਂ ਅਯੁੱਧਿਆ ਤੱਕ ਪੈਦਲ ਰਾਹਾਂ ’ਤੇ ਸਾਧਾਰਨ ਨਰ-ਨਾਰੀਆਂ ਵੱਲੋਂ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਭਰ ਦੇ ਠਹਿਰਨ, ਖਾਣੇ ਦਾ ਪ੍ਰਬੰਧ ਅਦਭੁੱਤ ਦ੍ਰਿਸ਼ ਸੀ। ਰਾਹ ’ਚ ਪੈਂਦੇ ਮੰਦਰਾਂ, ਮੱਠਾਂ ਅਤੇ ਡੇਰਿਆਂ ਦੇ ਮੁਖੀਆਂ ਰਾਹੀਂ ਕਾਰਸੇਵਕਾਂ ਦੇ ਸੌਣ ਦਾ ਪ੍ਰਬੰਧ ਆਪਣੇ-ਆਪ ਸੱਚਮੁੱਚ ਸ਼ਲਾਘਾਯੋਗ ਸੀ। ਕਿਸੇ ਵੀ ਕਾਰਸੇਵਕ ਨੂੰ ਮੁਲਾਇਮ ਸਿੰਘ ਯਾਦਵ ਮੁੱਖ ਮੰਤਰੀ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਸੀ।

ਕਾਰਸੇਵਕਾਂ ਨੇ ਆਪਣੀਆਂ ਮਜ਼ਬੂਤ ਮੁੱਠੀਆਂ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰ ਦਿੱਤਾ। ਹੈਰਾਨੀ ਨਾਲ ਮੈਂ ਉਸ ਬਾਬਰੀ ਮਸਜਿਦ ਦੇ ਢਹਿ-ਢੇਰੀ ਹੋਣ ਦੇ ਦ੍ਰਿਸ਼ ਨੂੰ ਦੇਖ ਰਿਹਾ ਸੀ। ਕਿਸੇ ਦੀ ਕੋਈ ਸੁਣ ਨਹੀਂ ਰਿਹਾ ਸੀ। ਕਾਰਸੇਵਕ ਦੌੜਦੇ-ਹਫਦੇ ਬਾਬਰੀ ਮਸਜਿਦ ’ਚ ਦੱਬੇ ਅਵਸ਼ੇਸ਼ ਕੱਢ ਰਹੇ ਸਨ। ਕੋਈ ਗੁੰਬਦ, ਕੋਈ ਪੱਥਰਾਂ ’ਤੇ ਲਿਖੀਆਂ ਕਈ ਲਿਖਤਾਂ, ਕੋਈ ਪ੍ਰਾਚੀਨ ਮੂਰਤੀਆਂ ਨੂੰ ਇਧਰ ਤੋਂ ਓਧਰ ਲਿਜਾ ਰਿਹਾ ਸੀ। ਸਭ ਪਾਸੇ ਹਫੜਾ-ਦਫੜੀ ਦਾ ਮਾਹੌਲ ਸੀ। ਹੈਰਾਨੀ ਇਹ ਕਿ ਲੱਖਾਂ ਦੀ ਗਿਣਤੀ ’ਚ ਕਾਰਸੇਵਕਾਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ।

ਜਿਵੇਂ ਹੀ ਮਸਜਿਦ ਨੂੰ ਤੋੜ ਦੇਣ ਦੀ ਖਬਰ ਤਤਕਾਲੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਤੱਕ ਪੁੱਜੀ, ਉਨ੍ਹਾਂ ਨੇ ਉੱਤਰ ਪ੍ਰਦੇਸ਼ ’ਚ ਕਲਿਆਣ ਸਿੰਘ ਦੀ ਭਾਜਪਾ ਸਰਕਾਰ ਨੂੰ ਭੰਗ ਕਰ ਦਿੱਤਾ ਕਿ ਕਲਿਆਣ ਸਿੰਘ ਬਤੌਰ ਮੁੱਖ ਮੰਤਰੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਿਭਾਉਣ ’ਚ ਅਸਫਲ ਰਹੇ ਹਨ। ਦੁਸ਼ਮਣੀ ਵਧ ਗਈ। ਹਿੰਦੂ-ਮੁਸਲਿਮ ਦੰਗੇ ਹੋਏ। ਕਈ ਮਾਸੂਮ ਇਨ੍ਹਾਂ ਦੰਗਿਆਂ ’ਚ ਮਾਰੇ ਗਏ। ਇਸ ਨੂੰ ਦੇਸ਼ ਦੀ ਖੁਸ਼ਕਿਸਮਤੀ ਕਹੋ ਕਿ ਦੇਸ਼ ਦੀ ਸੁਪਰੀਮ ਕੋਰਟ ਦੀ ਸਰਵਸੰਮਤ ਰਾਇ ਤੋਂ ਇਹ ਸਪੱਸ਼ਟ ਹੋ ਗਿਆ ਕਿ ਰਾਮ ਮੰਦਰ ਬਣਾਇਆ ਜਾਵੇ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ ਅਤੇ ਮੁਸਲਿਮ ਭਾਈਚਾਰੇ ਨੂੰ ਕੋਈ ਹੋਰ ਥਾਂ ਦਿੱਤੀ ਜਾਵੇ ਜੋ ਪੰਜ ਏਕੜ ਤੋਂ ਘੱਟ ਨਾ ਹੋਵੇ।

ਬਾਬਰੀ ਮਸਜਿਦ ਦੇ ਪੈਰੋਕਾਰਾਂ ਅਤੇ ਰਾਮ ਜਨਮ ਭੂਮੀ ਨਿਆਸ ਦੇ ਅਧਿਕਾਰੀਆਂ ਨੂੰ ਖੁਸ਼ੀ ਨਾਲ ਪ੍ਰਵਾਨਿਤ ਦੇਸ਼ ਵਾਸੀਆਂ ਨੇ ਸੁਪਰੀਮ ਕੋਰਟ ਦੇ ਸਰਵਸੰਮਤੀ ਨਾਲ ਦਿੱਤੇ ਗਏ ਫੈਸਲੇ ਤੋਂ ਸੁੱਖ ਦਾ ਸਾਹ ਲਿਆ। ਦੇਸ਼ ਦੇ ਪ੍ਰਧਾਨ ਮੰਤਰੀ, ਯੂ. ਪੀ. ਦੇ ਮੁੱਖ ਮੰਤਰੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਮਾਣਯੋਗ ਸਰਸੰਘਚਾਲਕ ਨੇ ਰਾਮ ਦੇ ਸ਼ਾਨਦਾਰ ਮੰਦਰ ਦੀ ਮੰਤਰ ਉਚਾਰਨ ਦਰਮਿਆਨ ਨੀਂਹ ਰੱਖੀ। ਹੁਣ 22 ਜਨਵਰੀ ਨੂੰ ਇਸ ਵਿਸ਼ਾਲ ਮੰਦਰ ’ਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ ਹੋਵੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਾਦਿੱਤਿਆਨਾਥ, ਲਾਲ ਕ੍ਰਿਸ਼ਨ ਅਡਵਾਨੀ ਇਸ ਮੌਕੇ ਦੇ ਪ੍ਰਮੁੱਖ ਜਜਮਾਨ ਹੋਣਗੇ ਅਤੇ ਫਿਰ ਇਹ ਵਿਸ਼ਾਲ ਰਾਮ ਮੰਦਰ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਹੁਣ ਇਹ ਸ਼ਾਨਦਾਰ ਮੰਦਰ ਸਾਰੇ ਧਰਮਾਂ, ਸਾਰੇ ਭਾਈਚਾਰਿਆਂ ਅਤੇ ਸਰਵ-ਸਾਧਾਰਨ ਜਨਤਾ ਦੀ ਪੂੰਜੀ ਹੋਵੇਗੀ।

ਆਖਿਰ ਰਾਮ ’ਚ ਕੀ ਅਦਭੁੱਤ ਹੈ ਕਿ ਉਸ ਦੇ ਮੰਦਰ ਦੀ ਮੁਕਤੀ ਲਈ 500 ਸਾਲਾਂ ਤੋਂ ਵੀ ਲੰਬਾ ਸੰਘਰਸ਼ ਚੱਲਦਾ ਰਿਹਾ? ਆਖਿਰ ਇਹ ‘ਰਾਮ ਰਾਜ’ ਹੈ ਕੀ, ਜਿਸ ਦੀ ਕਲਪਨਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਕੀਤੀ?

ਕੁਝ ਤਾਂ ਖਾਸ ਉਸ ਰਾਮ ’ਚ ਜ਼ਰੂਰ ਹੋਵੇਗਾ। ਦੁਨੀਆ ਰਾਮ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੀ ਹੈ। ਬੀਮਾਰੀ ਅਤੇ ਹਾਦਸੇ ਦੇ ਪਲਾਂ ’ਚ ਮੈਂ ਰਾਮ ਦੇ ਚਰਿੱਤਰ ਦੇ ਸਥੂਲ ਰੂਪ ਨਾਲ ਹੀ ਚਿੰਤਨ ਕੀਤਾ ਹੈ। ਭਲਾ ਮੇਰੇ ਵਰਗਾ ਮੂਰਖ ਉਸ ਰਾਮ ਨੂੰ ਕੀ ਸਮਝੇ। ਸਿਰਫ ‘ਨੇਤੀ-ਨੇਤੀ’ ਹੀ ਪੁਕਾਰ ਸਕਦਾ ਹਾਂ। ਰਾਮ ਬਹਾਦਰੀ, ਸੁੰਦਰਤਾ ਅਤੇ ਬਰਾਬਰੀ ਦੀ ਮੂਰਤੀ ਹਨ।

ਕੀ ਸਾਡੇ ਵਰਗੇ ਅਖੌਤੀ ਆਗੂ ‘ਰਾਮ ਰਾਜ’ ਦੀ ਕਲਪਨਾ ਹੀ ਕਰਦੇ ਰਹਿਣਗੇ? ਰਾਮ ਨੇ ਉੱਤਰ ਤੋਂ ਦੱਖਣ ਤੱਕ ਬਣਵਾਸ ਦੌਰਾਨ 14 ਸਾਲਾਂ ’ਚ ਭਾਰਤ ਨੂੰ ਆਪਣੇ ਪੈਰਾਂ ਨਾਲ ਨਾਪਿਆ। ਯੂ. ਪੀ., ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼, ਕੇਰਲ ਤੱਕ ਭਾਰਤ ਦੀ ਧਰਤੀ ਨੂੰ ਨਾਪਿਆ। ਹਨੂੰਮਾਨ ਵਰਗੇ ਤਾਕਤਵਰ ਫੌਜੀ ਨਾਇਕ ਨੂੰ ਆਪਣਾ ਸੇਵਕ ਬਣਾਇਆ। ਰਾਮ ਸਾਡੇ ਆਦਰਸ਼ ਹਨ ਅਤੇ ਸਾਰੇ ਵਿਸ਼ਵ ਨੂੰ ‘ਰਾਮ ਰਾਜ’ ਦੀ ਕਲਪਨਾ ਨੂੰ ਸਾਕਾਰ ਕਰਨਾ ਸਾਰੇ ਸਿਆਸੀ ਆਗੂਆਂ ਦੀ ਜ਼ਿੰਮੇਵਾਰੀ ਹੈ। ਪ੍ਰਭੂ! ਉਸ ਰਾਮ ਰਾਜ ਦੀ ਕਲਪਨਾ ਨੂੰ ਸਾਕਾਰ ਕਰੋ।

ਰਾਮ ਦੇ ਰਾਜ ’ਚ ਕੋਈ ਮੂਰਖ ਜਾਂ ਅੰਗਹੀਣ ਨਹੀਂ ਸੀ। ਸਾਰੇ ਉਦਾਰ ਸਨ ਅਤੇ ਸੱਚੇ ਰਾਹ ਦੇ ਪਾਂਧੀ ਸਨ। ਰਾਮ ਰਾਜ ’ਚ ਕਿਸੇ ਨੂੰ ਸਜ਼ਾ ਦੇਣਾ ਸੰਨਿਆਸੀਆਂ ਦੇ ਹੱਥ ’ਚ ਸੀ। ਸ਼ੇਰ, ਹਾਥੀ ਅਤੇ ਬੱਕਰੀ ਇਕ ਹੀ ਘਾਟ ’ਤੇ ਪਾਣੀ ਪੀਂਦੇ ਸਨ। ਵਪਾਰੀ ਸੱਚ ਦਾ ਵਪਾਰ ਕਰਦੇ ਸਨ। ਕੁਦਰਤ ਮਰਿਆਦਾ ’ਚ ਚੱਲਦੀ ਸੀ। ਰੁੱਖ ਰਸਮਈ ਫਲ ਅਤੇ ਫੁੱਲ ਦਿੰਦੇ ਸਨ।

ਨਦੀਆਂ ਠੰਡੇ ਜਲ ਲਈ ਵਹਿੰਦੀਆਂ ਸਨ। ਦਰਿਆ ਕਦੀ ਆਪਣੀਆਂ ਹੱਦਾਂ ਨੂੰ ਨਹੀਂ ਤੋੜਦੇ ਸਨ। ਇਹ ਸਭ ਕਿਉਂ ਹੁੰਦਾ ਸੀ? ਕਿਉਂਕਿ ਰਾਮ ਖੁਦ ਮਰਿਆਦਾ ਪੁਰਸ਼ੋਤਮ ਸਨ। ਰਾਮ ਪਰਜਾ ਦੇ ਸੇਵਕ ਸਨ। ਪਰਜਾ ਉਨ੍ਹਾਂ ਨਾਲ ਸਨੇਹ ਕਰਦੀ ਸੀ। ਰਾਮ ਇਮਾਨਦਾਰ ਸਨ। ਸੰਜਮ ਸਿਆਸਤ ’ਚ ਉਨ੍ਹਾਂ ਦਾ ਗੁਣ ਸੀ। ਅੱਜ ਰਾਜਾ ਖੁਦ ਮਰਿਆਦਾ ’ਚ ਨਹੀਂ ਰਹਿੰਦਾ, ਨਤੀਜੇ ਵਜੋਂ ਪਰਜਾ ਅਤੇ ਕੁਦਰਤ ਵੀ ਮਰਿਆਦਾ ’ਚ ਨਹੀਂ ਰਹਿੰਦੇ। ਜਿਵੇਂ ਰਾਜਾ, ਉਵੇਂ ਪਰਜਾ। ਰਾਮ ਰਾਜ ਸਭ ਨੂੰ ਆਪਣੀਆਂ ਮਰਿਆਦਾਵਾਂ ’ਚ ਰਹਿਣ ਦਾ ਹੁਕਮ ਦਿੰਦਾ ਹੈ।

ਮਾ. ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)


Rakesh

Content Editor

Related News