ਆਰ. ਓ. ਕਿੰਨਾ ਉਪਯੋਗੀ ?

Tuesday, Feb 23, 2021 - 02:28 AM (IST)

ਰੰਜਨਾ ਮਿਸ਼ਰਾ
ਭਾਰਤ ਇਸ ਸਮੇਂ ਪਾਣੀ ਦੇ ਮਾਮਲੇ ’ਚ ਦੋਹਰੀ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਇਕ ਪਾਸੇ ਭਾਰਤ ’ਚ ਪਾਣੀ ਦਾ ਸੰਕਟ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਦੇ ਕੋਲ ਪੀਣ ਦਾ ਸਾਫ ਪਾਣੀ ਮੁਹੱਈਆ ਨਹੀਂ ਹੈ, ਦੂਸਰੇ ਪਾਸੇ ਆਰ.ਓ. ਦੀ ਵਰਤੋਂ ਕਰ ਕੇ ਪਾਣੀ ਨੂੰ ਸਾਫ ਕਰਨ ’ਚ ਵਾਤਾਵਰਣ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਪਾਣੀ ਦੀ ਬਹੁਤ ਬਰਬਾਦੀ ਹੋ ਰਹੀ ਹੈ।

ਇਕ ਸਰਕਾਰੀ ਰਿਪੋਰਟ ਮੁਤਾਬਕ ਜੇਕਰ ਪਾਣੀ ਦੀ ਬਰਬਾਦੀ ਨਾ ਰੁਕੀ ਤਾਂ ਭਾਰਤ ਦੀ ਅਰਥਵਿਵਸਥਾ ’ਚ ਬਹੁਤ ਨੁਕਸਾਨ ਹੋਵੇਗਾ ਅਤੇ ਭਾਰਤ ਦੀ ਵਿਕਾਸ ਦਰ 0 ਤੋਂ ਹੇਠਾਂ ਚਲੀ ਜਾਵੇਗੀ। ਭਾਰਤ ’ਚ ਹਰ ਸਾਲ ਲਗਭਗ ਦੋ ਲੱਖ ਲੋਕ ਸਾਫ ਪਾਣੀ ਨਾ ਮਿਲਣ ਕਾਰਨ ਵੱਖ-ਵੱਖ ਬੀਮਾਰੀਆਂ ਦੇ ਕਾਰਨ ਮਰ ਜਾਂਦੇ ਹਨ। ਅੱਗੇ ਭਵਿੱਖ ’ਚ ਪਾਣੀ ਦੀ ਸਮੱਸਿਆ ਬਹੁਤ ਭਿਆਨਕ ਰੂਪ ਧਾਰ ਸਕਦੀ ਹੈ। ਇਸ ਲਈ ਸਾਨੂੰ ਆਪਣੀ ਵਿਸ਼ਾਲ ਆਬਾਦੀ ਦੀ ਪਿਆਸ ਬੁਝਾਉਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਦਾ ਸਹੀ ਉਪਾਅ ਕਰਨਾ ਹੀ ਹੋਵੇਗਾ।

ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਅਨੁਸਾਰ ਭਾਰਤ ’ਚ ਇਕ ਲਿਟਰ ਪਾਣੀ ’ਚ ਟੀ.ਡੀ.ਐੱਸ. ਦੀ ਮਾਤਰਾ 500 ਮਿਲੀਗ੍ਰਾਮ ਜਾਂ ਉਸ ਤੋਂ ਘੱਟ ਹੈ ਤਾਂ ਇਹ ਪਾਣੀ ਪੀਣ ਦੇ ਲਾਇਕ ਹੁੰਦਾ ਹੈ। ਪਰ ਡਬਲਯੂ. ਐੱਚ. ਓ. ਦੇ ਮੁਤਾਬਕ 1 ਲਿਟਰ ਪਾਣੀ ’ਚ ਟੀ.ਡੀ.ਐੱਸ. ਦਾ ਪੱਧਰ ਜੇਕਰ 300 ਗ੍ਰਾਮ ਤੋਂ ਘੱਟ ਹੋਵੇ ਤਾਂ ਉਹ ਸਭ ਤੋਂ ਉੱਤਮ ਪੀਣ ਵਾਲਾ ਪਾਣੀ ਹੁੰਦਾ ਹੈ। 300 ਤੋਂ 600 ਮਿਲੀਗ੍ਰਾਮ ਟੀ.ਡੀ.ਐੱਸ. ਵਾਲਾ ਪਾਣੀ ਚੰਗਾ ਮੰਨਿਆ ਜਾਂਦਾ ਹੈ ਅਤੇ 600 ਤੋਂ 900 ਮਿਲੀਗ੍ਰਾਮ ਟੀ.ਡੀ.ਐੱਸ. ਵਾਲਾ ਪਾਣੀ ਠੀਕ-ਠਾਕ ਮੰਨਿਆ ਜਾਂਦਾ ਹੈ ਪਰ ਇਸ ਤੋਂ ਵਧ ਟੀ.ਡੀ.ਐੱਸ. ਵਾਲਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾ।

ਹਾਲ ਹੀ ’ਚ ਐੱਨ.ਜੀ.ਟੀ. ਨੇ ਅਜਿਹੇ ਆਰ.ਓ. ’ਤੇ ਰੋਕ ਲਗਾਉਣ ਨੂੰ ਕਿਹਾ ਸੀ ਜਿਨ੍ਹਾਂ ’ਚ ਪਾਣੀ ਸਾਫ ਕਰਨ ਦੀ ਪ੍ਰਕਿਰਿਆ ਦੌਰਾਨ 80 ਫੀਸਦੀ ਪਾਣੀ ਬਰਬਾਦ ਹੋ ਜਾਂਦਾ ਹੈ ਅਤੇ ਅਜਿਹੀਆਂ ਥਾਵਾਂ ’ਤੇ ਵੀ ਆਰ.ਓ. ’ਤੇ ਰੋਕ ਲਗਾਉਣ ਨੂੰ ਕਿਹਾ ਸੀ, ਜਿਥੇ 1 ਲਿਟਰ ਪਾਣੀ ’ਚ ਟੀ.ਡੀ.ਐੱਸ. ਦੀ ਮਾਤਰਾ 500 ਮਿਲੀਗ੍ਰਾਮ ਤੋਂ ਘੱਟ ਹੈ। ਐੱਨ.ਜੀ.ਟੀ. ਨੇ ਸਿਰਫ ਅਜਿਹੇ ਆਰ.ਓ. ਦੀ ਵਿਕਰੀ ਨੂੰ ਸਹੀ ਦੱਸਿਆ ਹੈ ਜਿਨ੍ਹਾਂ ’ਚ ਪਾਣੀ ਸਾਫ ਕਰਨ ਦੀ ਪ੍ਰਕਿਰਿਆ ਦੌਰਾਨ ਸਿਰਫ 40 ਫੀਸਦੀ ਪਾਣੀ ਬਰਬਾਦ ਹੁੰਦਾ ਹੈ ਕਿਉਂਕਿ ਆਰ.ਓ. ਵਲੋਂ ਬਰਬਾਦ ਕੀਤਾ ਗਿਆ ਪਾਣੀ ਵਾਤਾਵਰਣ ਅਤੇ ਗ੍ਰਾਊਂਡ ਵਾਟਰ ਦੋਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਭਾਰਤ ’ਚ ਪੀਣ ਦੇ ਪਾਣੀ ਦੀ ਗੁਣਵੱਤਾ ਹਰ ਥਾਂ ਵੱਖ-ਵੱਖ ਹੈ, ਇਸ ਲਈ ਇਹ ਪਤਾ ਨਹੀਂ ਲੱਗ ਸਕਿਆ ਕਿ ਆਰ.ਓ. ਲਗਾਉਣ ਦੀ ਕਿੱਥੇ ਲੋੜ ਹੈ, ਕਿੱਥੇ ਨਹੀਂ। ਮਾਹਿਰਾਂ ਦਾ ਮੰਨਣਾ ਹੈ ਕਿ ਆਰ.ਓ. ਲਗਾਉਣ ਦੀ ਲੋੜ ਉਥੇ ਹੀ ਹੈ, ਜਿਥੇ ਪਾਣੀ ’ਚ ਟੀ.ਡੀ.ਐੱਸ. ਦੀ ਮਾਤਰਾ 500 ਮਿਲੀਗ੍ਰਾਮ ਪ੍ਰਤੀਲਿਟਰ ਤੋਂ ਵਧ ਹੋਵੇ।

ਟੀ.ਡੀ.ਐੱਸ. ਪਾਣੀ ’ਚ ਘੁਲੇ ਉਹ ਕਣ ਹਨ ਜਿਨ੍ਹਾਂ ਨੂੰ ਆਰ.ਓ. ਵਲੋਂ ਪਾਣੀ ਤੋਂ ਹਟਾਇਆ ਜਾਂਦਾ ਹੈ ਪਰ ਪਾਣੀ ’ਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਣਾਂ ਦੇ ਨਾਲ-ਨਾਲ ਕੁਝ ਮਿਨਰਲਸ ਭਾਵ ਖਣਿਜ ਪਦਾਰਥ ਵੀ ਹੁੰਦੇ ਹਨ ਜੋ ਸਿਹਤ ਲਈ ਬਹੁਤ ਜ਼ਰੂਰੀ ਹਨ ਅਤੇ ਜਦੋਂ ਆਰ.ਓ.ਰਾਹੀਂ ਪਾਣੀ ’ਚ ਮਿਲੀਆਂ ਅਸ਼ੁੱਧੀਆਂ ਦੂਰ ਕੀਤੀਆਂ ਜਾਂਦੀਆਂ ਹਨ ਤਾਂ ਇਹ ਸਿਹਤ ਲਈ ਜ਼ਰੂਰੀ ਮਿਨਰਲਸ ਵੀ ਪਾਣੀ ਤੋਂ ਹਟਾ ਦਿੱਤੇ ਜਾਂਦੇ ਹਨ। ਇਨ੍ਹਾਂ ਮਿਨਰਲਸ ’ਚ ਆਇਰਨ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਮਿਨਰਲਸ ਸ਼ਾਮਲ ਹੁੰਦੇ ਹਨ।

ਆਰ.ਓ. ਦਾ ਮਤਲਬ ਹੈ ‘ਰਿਵਰਸ ਆਸਮੋਸਿਸ’ ਇਹ ਪਾਣੀ ਨੂੰ ਸਾਫ ਕਰਨ ਦੀ ਇਕ ਪ੍ਰਕਿਰਿਆ ਹੈ, ਇਸ ’ਚ ਪਾਣੀ ਨੂੰ ਇਕ ਤਰ੍ਹਾਂ ਦੇ ਫਿਲਟਰ (ਮੇਂਬਰੇਨ) ਤੋਂ ਲੰਘਾਇਆ ਜਾਂਦਾ ਹੈ। ਇਸ ਪ੍ਰਕਿਰਿਆ ’ਚ ਪਾਣੀ ’ਚ ਘੁਲੇ ਇਨ੍ਹਾਂ ਕਣਾਂ ’ਤੇ ਦਬਾਅ ਪਾਇਆ ਜਾਂਦਾ ਹੈ ਅਤੇ ਦਬਾਅ ਵਧਣ ’ਤੇ ਪਾਣੀ ’ਚ ਘੁਲੇ ਇਹ ਕਣ ਪਾਣੀ ਤੋਂ ਵਖ ਹੋ ਕੇ ਪਿੱਛੇ ਰਹਿ ਜਾਂਦੇ ਹਨ ਅਤੇ ਇਸ ਤਰ੍ਹਾਂ ਆਰ.ਓ. ਨਾਲ ਸ਼ੁੱਧ ਪਾਣੀ ਪੀਣ ਨੂੰ ਮਿਲਦਾ ਹੈ ਪਰ ਇਸ ਪ੍ਰਕਿਰਿਆ ’ਚ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਹੈ। ਇਕ ਲਿਟਰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ’ਚ ਆਰ.ਓ.3 ਲਿਟਰ ਪਾਣੀ ਬਰਬਾਦ ਕਰਦਾ ਹੈ ਇਸ ਤਰ੍ਹਾਂ 75 ਫੀਸਦੀ ਪਾਣੀ ਬਰਬਾਦ ਹੋ ਜਾਂਦਾ ਹੈ ਅਤੇ ਸਿਰਫ 25 ਫੀਸਦੀ ਪਾਣੀ ਪੀਣ ਦੇ ਲਈ ਮਿਲਦਾ ਹੈ।

ਮੌਜੂਦਾ ’ਚ ਭਾਰਤ ’ਚ ਆਰ.ਓ. ਸਿਸਟਮ ਦਾ ਬਾਜ਼ਾਰ ਲਗਭਗ 4200 ਕਰੋੜ ਰੁਪਏ ਦਾ ਹੈ। ਸਰਕਾਰ ਆਰ.ਓ. ਦੀ ਗੈਰ-ਜ਼ਰੂਰੀ ਵਰਤੋਂ ’ਤੇ ਪਾਬੰਦੀ ਤਾਂ ਲਗਾਉਣਾ ਚਾਹੁੰਦੀ ਹੈ ਪਰ ਸਮੱਸਿਆ ਇਹ ਹੈ ਕਿ ਭਾਰਤ ਦੇ ਵਧੇਰੇ ਸ਼ਹਿਰਾਂ ’ਚ ਪੀਣ ਦੇ ਪਾਣੀ ਦੀ ਗੁਣਵੱਤਾ ਬਹੁਤ ਖਰਾਬ ਹੈ। ਪਾਣੀ ਦੀ ਗੁਣਵੱਤਾ ਜੇ ਮਾਮਲੇ ’ਚ ਭਾਰਤ ਦੁਨੀਆ ਦੇ 122 ਦੇਸ਼ਾਂ ’ਚ 120ਵੇਂ ਨੰਬਰ ’ਤੇ ਹੈ। ਆਰ.ਓ.ਦੀ ਵਰਤੋਂ ਭਾਰਤ ਦੇ ਲੋਕਾਂ ਦੀ ਮਜਬੂਰੀ ਬਣ ਗਿਆ ਹੈ ਪਰ ਇਸ ’ਚ ਪਾਣੀ ਦੀ ਇੰਨੀ ਬਰਬਾਦੀ ਵੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਅੱਗੇ ਆਉਣ ਵਾਲੇ ਸਮੇਂ ’ਚ ਅਜਿਹੇ ਆਰ.ਓ. ਦਾ ਨਿਰਮਾਣ ਕਰਨਾ ਹੋਵੇਗਾ ਜਿਨ੍ਹਾਂ ’ਚ ਘੱਟ ਤੋਂ ਘੱਟ ਪਾਣੀ ਦੀ ਬਰਬਾਦੀ ਹੋਵੇ।


Bharat Thapa

Content Editor

Related News