ਚੀਨੀ ਸਕੂਲਾਂ ’ਚ ਰੈਡੀਮੇਡ ਭੋਜਨ ਪਰੋਸਣ ਦੀ ਤਿਆਰੀ

Friday, Sep 29, 2023 - 04:00 PM (IST)

ਚੀਨੀ ਸਕੂਲਾਂ ’ਚ ਰੈਡੀਮੇਡ ਭੋਜਨ ਪਰੋਸਣ ਦੀ ਤਿਆਰੀ

ਚੀਨ ’ਚ ਅੱਜਕਲ ਬੱਚਿਆਂ ਦੇ ਮਾਪੇ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ’ਚ ਪਹਿਲਾਂ ਤੋਂ ਤਿਆਰ ਭੋਜਨ ਦਿੱਤਾ ਜਾਵੇਗਾ। ਚੀਨ ਦੇ ਹਰ ਸਕੂਲ ’ਚ ਬੱਚਿਆਂ ਨੂੰ ਸਵੇਰ ਵੇਲੇ ਨਾਸ਼ਤਾ, ਦੁਪਹਿਰ ਵੇਲੇ ਭੋਜਨ ਅਤੇ ਸ਼ਾਮ ਨੂੰ ਸਾਢੇ 5 ਵਜੇ ਰਾਤ ਦਾ ਖਾਣਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਤੋਂ ਘਰ ਭੇਜਿਆ ਜਾਂਦਾ ਹੈ। ਚੀਨ ’ਚ ਬੱਚਿਆਂ ਨੂੰ ਦੁਪਹਿਰ ਦੇ ਭੋਜਨ ਤੋਂ ਬਾਅਦ ਜੋ ਉਨ੍ਹਾਂ ਨੂੰ ਸਾਢੇ 11 ਤੋਂ ਸਾਢੇ 12 ਦਰਮਿਆਨ ਦਿੱਤਾ ਜਾਂਦਾ ਹੈ, ਤੋਂ ਬਾਅਦ ਇਕ ਤੋਂ ਡੇਢ ਘੰਟੇ ਲਈ ਸਕੂਲ ’ਚ ਹੀ ਸੌਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਨਾਲ ਬੱਚੇ ਮੁੜ ਤੋਂ ਤਰੋਤਾਜ਼ਾ ਹੋ ਕੇ ਆਪਣੀ ਪੜ੍ਹਾਈ ਕਰ ਸਕਦੇ ਹਨ।

ਮਾਪਿਆਂ ਨੂੰ ਚਿੰਤਾ ਇਸ ਕਾਰਨ ਹੋ ਰਹੀ ਹੈ ਕਿਉਂਕਿ ਅਜੇ ਤਕ ਸਕੂਲ ’ਚ ਉਨ੍ਹਾਂ ਦੇ ਬੱਚਿਆਂ ਨੂੰ ਖਾਣਾ ਉੱਥੇ ਹੀ ਤਾਜ਼ਾ ਬਣਾ ਕੇ ਦਿੱਤਾ ਜਾਂਦਾ ਹੈ। ਪਹਿਲਾਂ ਤੋਂ ਬਣੇ ਭਾਵ ਰੈਡੀਮੇਡ ਖਾਣੇ ਨੂੰ ਲੈ ਕੇ ਮਾਪਿਆਂ ’ਚ ਚਿੰਤਾ ਇਹ ਹੈ ਕਿ ਇਹ ਭੋਜਨ ਕਿੱਥੋਂ ਬਣ ਕੇ ਪੈਕ ਹੋਇਆ ਹੋਵੇਗਾ ਅਤੇ ਕੀ ਉਹ ਥਾਂ ਸਾਫ ਸੁਥਰੀ ਹੋਵੇਗੀ? ਕੀ ਭੋਜਨ ਪਹਿਲਾਂ ਤੋਂ ਨਹੀਂ ਬਣਿਆ ਹੋਵੇਗਾ ਕਿ ਉਹ ਬੇਹਾ ਹੋ ਜਾਵੇ? ਕੀ ਭੋਜਨ ਦੇ ਪੌਸ਼ਟਿਕ ਤੱਤ ਤਾਂ ਨਸ਼ਟ ਨਹੀਂ ਹੋ ਜਾਣਗੇ?

ਚੀਨ ’ਚ ਪਹਿਲਾਂ ਤੋਂ ਤਿਆਰ ਭੋਜਨ ’ਚ ਸਵਾਦ ਵਧਾਉਣ ਲਈ ਕੁਝ ਰਸਾਇਣ ਮਿਲਾਏ ਜਾਂਦੇ ਹਨ। ਨਾਲ ਹੀ ਉਸ ਭੋਜਨ ਨੂੰ ਦੇਰ ਤੱਕ ਤਾਜ਼ਾ ਬਣਾਈ ਰੱਖਣ ਲਈ ਵੀ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਚੀਨ ’ਚ ਅਜਿਹਾ ਸਿਸਟਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਅਜੇ ਤੱਕ ਚੀਨ ’ਚ ਇਨ੍ਹਾਂ ਰਸਾਇਣਾਂ ਦੀ ਵਰਤੋਂ ਰੈਡੀਮੇਡ ਅਤੇ ਫਾਸਟ ਫੂਡ ਰੈਸਟੋਰੈਂਟਾਂ ’ਚ ਤਿਆਰ ਭੋਜਨ ’ਚ ਹੀ ਕੀਤੀ ਜਾਂਦੀ ਸੀ ਪਰ ਹੁਣ ਸਕੂਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਹੀ ਤਿਆਰ ਭੋਜਨ ਦੇਣ ਲਈ, ਉਹ ਵੀ ਉਕਤ ਸਭ ਰਸਾਇਣਾਂ ਦੀ ਵਰਤੋਂ ਕਰਨਗੇ।

ਹੁਣੇ ਜਿਹੇ ਹੀ ਸਥਾਨਕ ਵਿੱਦਿਅਕ ਅਦਾਰਿਆਂ ਨੇ ਸਕੂਲਾਂ ’ਚ ਰੈਡੀਮੇਡ ਭੋਜਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਕੂਲਾਂ ’ਚ ਭੋਜਨ ਸਪਲਾਈ ਕਰਨ ਨੂੰ ਲੈ ਕੇ ਉਤਸ਼ਾਹ ਵਿਖਾਇਆ ਹੈ ਪਰ ਬੱਚਿਆਂ ਦੇ ਮਾਪਿਆਂ ਵੱਲੋਂ ਇਸ ਨਵੀਂ ਪ੍ਰਥਾ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਚੀਨ ਦੇ ਕੇਂਦਰੀ ਰੇਡੀਓ ਅਤੇ ਕੇਂਦਰੀ ਸਟੇਸ਼ਨ ਖੇਤੀਬਾੜੀ ਅਤੇ ਪੇਂਡੂ ਪ੍ਰੋਗਰਾਮ ਕੇਂਦਰ ਦੀ 16 ਸਤੰਬਰ ਨੂੰ ਤਿਆਰ ਰਿਪੋਰਟ ਮੁਤਾਬਕ ਇਕ ਦਿਨ ਪਹਿਲਾਂ ਭਾਵ 15 ਸਤੰਬਰ ਨੂੰ ਸੂਬੇ ਦੇ ਹਵਾਏਨਾਨ ਸ਼ਹਿਰ ’ਚ ਦੂਜੀ ਕੌਮੀ ਪੱਧਰ ਦੀ ਖਾਣਾ ਬਣਾਉਣ ਦੀ ਪ੍ਰਤੀਯੋਗਤਾ ਹੋਈ ਸੀ।

ਉਸ ’ਚ ਚੀਨ ਦੇ 10 ਸੂਬਿਆਂ, ਖੁਦਮੁਖਤਾਰ ਖੇਤਰਾਂ ਅਤੇ ਮਿਊਂਸਪੈਲਿਟੀਆਂ ਤੋਂ 90 ਰੈਡੀਮੇਡ ਖਾਣਾ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਨੇ ਹਿੱਸਾ ਲਿਆ ਸੀ। ਇਸ ਤੋਂ ਇਹ ਗੱਲ ਆਸਾਨੀ ਨਾਲ ਸਮਝੀ ਜਾ ਸਕਦੀ ਹੈ ਕਿ ਚੀਨ ’ਚ ਰੈਡੀਮੇਡ ਭੋਜਨ ਨੂੰ ਕਿੰਨੀ ਅਹਿਮੀਅਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 28 ਅਗਸਤ ਨੂੰ 15ਵੀਂ ਸ਼ਾਂਗਹਾਈ ਕੌਮਾਂਤਰੀ ਖਾਣ-ਪੀਣ ਸਮੱਗਰੀ ਪ੍ਰਦਰਸ਼ਨੀ ਦਾ ਆਯੋਜਨ ਸਰਕਾਰ ਵੱਲੋਂ ਕੀਤਾ ਗਿਆ ਸੀ। ਇਸ ’ਚ ਪ੍ਰਸ਼ਾਸਨ ਨੇ ਭਵਿੱਖ ’ਚ ਪਹਿਲਾਂ ਤੋਂ ਤਿਆਰ ਸਬਜ਼ੀਆਂ ਦੇ ਉਦਯੋਗ ਦਾ ਭਵਿੱਖ ਤੈਅ ਕਰਨ ਲਈ ਸਿਖਰ ਸੰਮੇਲਨ ਦਾ ਆਯੋਜਨ ਵੀ ਕੀਤਾ ਸੀ।

ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਚੀਨ ਦੀ ਸਰਕਾਰ ਕਿੰਨੀ ਤੇਜ਼ੀ ਨਾ ਪਹਿਲਾਂ ਤੋਂ ਤਿਆਰ ਪੈਕੇਜਡ ਵਿਅੰਜਨਾਂ ਨੂੰ ਕਿੰਨਾ ਉਤਸ਼ਾਹ ਦੇ ਰਹੀ ਹੈ। ਇਸ ਸਾਲ 28 ਮਾਰਚ ਨੂੰ ਕਵਾਂਗਤੁੰਗ ਸੂਬਾਈ ਸਰਕਾਰ ਨੇ ਫੋਸ਼ਾਨ ’ਚ ਇਕ ਪ੍ਰਤੀਯੋਗਤਾ ਰੱਖੀ ਤਾਂ ਜੋ ਤਿਆਰ ਸਬਜ਼ੀਆਂ ਨੂੰ ਇਕ ਉਦਯੋਗ ਦੇ ਢਾਂਚੇ ’ਚ ਢਾਲਿਆ ਜਾਵੇ ਅਤੇ ਇਨ੍ਹਾਂ ਸਭ ਦਾ ਪੈਮਾਨਾ ਤੈਅ ਕੀਤਾ ਜਾਵੇ। ਇਸ ਪ੍ਰੋਗਰਾਮ ਨੂੰ ਜਿੰਨੇ ਵੀ ਸਪਾਂਸਰ ਮਿਲੇ ਸਨ ਉਹ ਸਭ ਇਹ ਦੱਸਣ ਲਈ ਕਾਫੀ ਹਨ ਕਿ ਰੈਡੀਮੇਡ ਸਬਜ਼ੀਆਂ ਦਾ ਭਵਿੱਖ ਚੀਨ ’ਚ ਕੀ ਹੋਣ ਵਾਲਾ ਹੈ।


author

Rakesh

Content Editor

Related News