ਛੋਟੇ ਦਲਾਂ ’ਤੇ ਨਿਰਭਰ ਵੱਡੇ ਦਲਾਂ ਦੀ ਸਿਆਸਤ

Friday, Jul 14, 2023 - 02:24 PM (IST)

ਛੋਟੇ ਦਲਾਂ ’ਤੇ ਨਿਰਭਰ ਵੱਡੇ ਦਲਾਂ ਦੀ ਸਿਆਸਤ

ਲੋਕ ਸਭਾ ਚੋਣਾਂ ਲਗਭਗ 10 ਮਹੀਨੇ ਦੂਰ ਹਨ ਪਰ ਦੋਵੇਂ ਪਾਸੇ ਮੋਰਚਾਬੰਦੀ ਦੀ ਕਵਾਇਦ ਦੱਸਦੀ ਹੈ ਕਿ ਕੋਈ ਵੀ ਪੱਖ ਖਤਰਾ ਨਹੀਂ ਸਹੇੜਨਾ ਚਾਹੁੰਦਾ। ਵਿਰੋਧੀ ਧਿਰ ਨੂੰ ਤਾਂ ਪਿਛਲੇ 9 ਸਾਲ ਤੋਂ ਅਹਿਸਾਸ ਹੈ ਕਿ ਬਿਨਾਂ ਏਕਤਾ ਨਰਿੰਦਰ ਮੋਦੀ ਦੀ ਭਾਜਪਾ ਦਾ ਮੁਕਾਬਲਾ ਸੰਭਵ ਨਹੀਂ, ਹੁਣ ਸੱਤਾਧਾਰੀ ਭਾਜਪਾ ਨੂੰ ਵੀ ਆਪਣੇ ਗੱਠਜੋੜ (ਰਾਜਗ/ਐੱਨ. ਡੀ. ਏ.) ਦਾ ਕੁਨਬਾ ਵਧਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਰਾਜਗ ਦੇ ਭਾਈਵਾਲ ਦਲਾਂ ਅਤੇ ਸੰਭਾਵਿਤ ਮਿੱਤਰ ਦਲਾਂ ਦੀ ਮੀਟਿੰਗ ਵੀ 18 ਜੁਲਾਈ ਨੂੰ ਹੀ ਦਿੱਲੀ ’ਚ ਬੁਲਾਈ ਗਈ ਹੈ। ਉਸ ਦਿਨ ਹੀ ਬੈਂਗਲੁਰੂ ’ਚ ਵਿਰੋਧੀ ਧਿਰ ਦੀ ਏਕਤਾ ਲਈ ਮੀਟਿੰਗ ਹੋਵੇਗੀ। ਇਸ ਵਾਰ ਵਿਰੋਧੀ ਧਿਰ ਦੀ ਮੀਟਿੰਗ ’ਚ ਪਿਛਲੀ ਵਾਰ 15 ਦੇ ਮੁਕਾਬਲੇ 24 ਦਲਾਂ ਨੂੰ ਸੱਦਿਆ ਗਿਆ ਹੈ। 17 ਜੁਲਾਈ ਨੂੰ ਵਿਰੋਧੀ ਧਿਰ ਦੇ ਆਗੂਆਂ ਨੂੰ ਡਿਨਰ ਜ਼ਰੀਏ ਏਕਤਾ ਦੀ ਕਵਾਇਦ ’ਚ ਸੋਨੀਆ ਗਾਂਧੀ ਦੀ ਐਂਟਰੀ ਵੀ ਹੋ ਰਹੀ ਹੈ। ਵਿਰੋਧੀ ਧਿਰ ਦੀ ਇਕ ਮੀਟਿੰਗ 23 ਜੁਲਾਈ ਨੂੰ ਪਟਨਾ ’ਚ ਹੋ ਚੁੱਕੀ ਹੈ।

ਰਸਮੀ ਤੌਰ ’ਤੇ ਰਾਜਗ ਦੀ ਇਹ ਪਹਿਲੀ ਮੀਟਿੰਗ ਹੋਵੇਗੀ ਪਰ ਗੈਰ-ਰਸਮੀ ਤੌਰ ’ਤੇ ਇਹ ਕਵਾਇਦ ਕਈ ਦਿਨਾਂ ਤੋਂ ਜਾਰੀ ਹੈ। ਸ਼ਰਦ ਪਵਾਰ ਦੀ ਰਾਕਾਂਪਾ ’ਚ ਵੰਡ ਰਾਜਗ ਦਾ ਕੁਨਬਾ ਵਧਾਉਣ ਦੀ ਭਾਜਪਾਈ ਕਵਾਇਦ ਦਾ ਵੀ ਨਤੀਜਾ ਹੈ। ਉੱਤਰ ਪ੍ਰਦੇਸ਼ ਪਿੱਛੋਂ ਸਭ ਤੋਂ ਜ਼ਿਆਦਾ 48 ਲੋਕ ਸਭਾ ਮੈਂਬਰ ਮਹਾਰਾਸ਼ਟਰ ਤੋਂ ਹੀ ਆਉਂਦੇ ਹਨ। ਪਿਛਲੀ ਵਾਰ ਭਾਜਪਾ ਨੇ ਸ਼ਿਵਸੈਨਾ ਨਾਲ ਮਿਲ ਕੇ ਚੋਣ ਲੜੀ ਸੀ ਅਤੇ 41 ਸੀਟਾਂ ਜਿੱਤ ਕੇ ਗੱਠਜੋੜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਇਸ ਵਾਰ ਉਹ ਵਿਰੋਧੀ ਧਿਰ ’ਚ ਹੈ। ਪਿਛਲੇ ਸਾਲ ਸ਼ਿਵਸੈਨਾ ’ਚ ਵੱਡੀ ਫੁੱਟ ਜ਼ਰੀਏ ਊਧਵ ਠਾਕਰੇ ਸਰਕਾਰ ਡੇਗ ਕੇ ਏਕਨਾਥ ਸ਼ਿੰਦੇ ਭਾਜਪਾ ਦੀ ਮਦਦ ਨਾਲ ਮੁੱਖ ਮੰਤਰੀ ਬਣ ਚੁੱਕੇ ਹਨ। ਜ਼ਾਹਿਰ ਹੈ, ਵਿਰੋਧੀਆਂ ਨੂੰ ਕਮਜ਼ੋਰ ਕਰਨ ਅਤੇ ਰਾਜਗ ਦਾ ਕੁਨਬਾ ਵਧਾਉਣ ਲਈ ਭਾਜਪਾ ਦੋਹਰੀ ਰਣਨੀਤੀ ’ਤੇ ਕੰਮ ਕਰ ਰਹੀ ਹੈ।

ਕਾਂਗਰਸ ਅਤੇ ‘ਆਪ’ ਦੀ ਤਲਖੀ ਦਰਮਿਆਨ ਹੋਈ ਪਟਨਾ ਮੀਟਿੰਗ ’ਚ ਹਰ ਸੂਬੇ ਅਨੁਸਾਰ ਚੋਣ ਰਣਨੀਤੀ ਬਣਾਉਣ ਦੀ ਹੀ ਗੱਲ ਹੋਈ ਸੀ, ਭਾਜਪਾ ਨੇ ਉਸ ’ਤੇ ਕੰਮ ਵੀ ਸੁਰੂ ਕਰ ਿਦੱਤਾ ਹੈ। ਵਿਰੋਧੀ ਏਕਤਾ ਦੇ ਸੂਤਰਧਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਘਰ ’ਚ ਵੀ ਸੰਨ੍ਹ ਲੱਗਣੀ ਸ਼ੁਰੂ ਹੋ ਗਈ ਹੈ। ਬਿਹਾਰ ਤੋਂ 40 ਲੋਕ ਸਭਾ ਮੈਂਬਰ ਚੁਣੇ ਜਾਂਦੇ ਹਨ। ਪਿਛਲੀਆਂ ਚੋਣਾਂ ’ਚ ਨਿਤੀਸ਼ ਭਾਜਪਾ ਦੇ ਦੋਸਤ ਸਨ ਅਤੇ ਰਾਜਗ ਨੇ 39 ਲੋਕ ਸਭਾ ਸੀਟਾਂ ਜਿੱਤੀਆਂ ਸਨ। ਨਿਤੀਸ਼ ਦੇ ਮਹਾਗੱਠਜੋੜ ’ਚ ਵਾਪਸ ਚਲੇ ਜਾਣ ’ਤੇ ਉਹ ਪ੍ਰਦਰਸ਼ਨ ਦੁਹਰਾਅ ਸਕਣਾ ਸੰਭਵ ਨਹੀਂ ਪਰ ਹੋਰ ਛੋਟੇ ਦਲਾਂ ਨੂੰ ਰਾਜਗ ’ਚ ਸ਼ਾਮਲ ਕਰ ਕੇ ਭਾਜਪਾ ਮੁਕਾਬਲੇ ਨੂੰ ਸਖਤ ਜ਼ਰੂਰ ਬਣਾਉਣਾ ਚਾਹੁੰਦੀ ਹੈ। ਮੁਕੇਸ਼ ਸਹਿਨੀ ਦੀ ਵੀ. ਆਈ. ਪੀ., ਉਪੇਂਦਰ ਕੁਸ਼ਵਾਹਾ ਦੀ ਆਰ. ਐੱਲ. ਐੱਸ. ਪੀ. ਅਤੇ ਜੀਤਨ ਰਾਮ ਮਾਂਝੀ ਦੇ ਹਿੰਦੋਸਤਾਨੀ ਆਵਾਮ ਮੋਰਚਾ ਨੂੰ ਰਾਜਗ ’ਚ ਲਿਆਉਣ ਦੀ ਤਿਆਰੀ ਹੋ ਚੁੱਕੀ ਹੈ। ਲੋਜਪਾ ਦਾ ਪਸ਼ੂਪਤੀਨਾਥ ਪਾਰਸ ਧੜਾ ਰਾਜਗ ’ਚ ਹੈ, ਹੁਣ ਚਿਰਾਗ ਪਾਸਵਾਨ ਧੜੇ ਨੂੰ ਵੀ ਲਿਆਉਣ ਦੀ ਤਿਆਰੀ ਹੈ। 18 ਜੁਲਾਈ ਦੀ ਮੀਟਿੰਗ ’ਚ ਇਹ ਸਭ ਭਾਜਪਾ ਨਾਲ ਦਿਖਾਈ ਦੇ ਸਕਦੇ ਹਨ।

ਅਟਕਲਾਂ ਨਿਤੀਸ਼ ਦੇ ਜਦ (ਯੂ) ’ਚ ਸੰਨ੍ਹ ਲਾਉਣ ਦੀਆਂ ਵੀ ਹਨ। ਕੁਨਬਾ ਵਧਾਉਣ ਦੀ ਕਵਾਇਦ ਭਾਜਪਾ ਉੱਤਰ ਪ੍ਰਦੇਸ਼ ’ਚ ਵੀ ਕਰ ਰਹੀ ਹੈ, ਜਿੱਥੋਂ ਸਭ ਤੋਂ ਵੱਧ 80 ਲੋਕ ਸਭਾ ਮੈਂਬਰ ਆਉਂਦੇ ਹਨ। ਅਪਨਾ ਦਲ ਅਤੇ ਨਿਸ਼ਾਦ ਪਾਰਟੀ ਪਹਿਲਾਂ ਤੋਂ ਹੀ ਰਾਜਗ ’ਚ ਹਨ। ਹੁਣ ਕੋਸ਼ਿਸ਼ ਓਮ ਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਤੇ ਜਯੰਤ ਚੌਧਰੀ ਦੇ ਰਾਲੋਦ ਨੂੰ ਰਾਜਗ ’ਚ ਲਿਆਉਣ ਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਮੁਸ਼ਕਲ ਲੱਗ ਸਕਦਾ ਹੈ ਪਰ ਸਿਆਸਤ ’ਚ ਅਸੰਭਵ ਕੁਝ ਨਹੀਂ ਹੁੰਦਾ।

ਸ਼ਿਵਸੈਨਾ ਵਾਂਗ ਹੀ ਸ਼੍ਰੋਮਣੀ ਅਕਾਲੀ ਦਲ ਵੀ ਭਾਜਪਾ ਦਾ ਪੁਰਾਣਾ ਮਿੱਤਰ ਦਲ ਸੀ ਪਰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਉਸ ਨੇ ਸਾਥ ਛੱਡ ਦਿੱਤਾ। ਸਾਲ ਭਰ ਚੱਲੇ ਕਿਸਾਨ ਅੰਦੋਲਨ ਪਿੱਛੋਂ ਉਹ ਖੇਤੀਬਾੜੀ ਕਾਨੂੰਨ ਵਾਪਸ ਲਏ ਜਾ ਚੁੱਕੇ ਹਨ। ਵੱਖ-ਵੱਖ ਵਿਧਾਨ ਸਭਾ ਚੋਣਾਂ ਲੜ ਕੇ ਭਾਜਪਾ ਅਤੇ ਅਕਾਲੀ ਦਲ ਆਪਣੀ ਤਾਕਤ ਦਾ ਅੰਦਾਜ਼ਾ ਵੀ ਲਾ ਚੁੱਕੇ ਹਨ। ਕੋਸ਼ਿਸ਼ ਹੈ ਕਿ ਅਕਾਲੀ ਦਲ ਫਿਰ ਰਾਜਗ ’ਚ ਆ ਜਾਵੇ। ਸੁਖਬੀਰ ਸਿੰਘ ਬਾਦਲ ਨੇ ਯਾਦ ਕਰਵਾਇਆ ਹੈ ਕਿ ਉਨ੍ਹਾਂ ਦਾ ਤਾਂ ਬਸਪਾ ਨਾਲ ਗੱਠਜੋੜ ਹੈ ਪਰ ਸਿਆਸਤ ’ਚ ਸਮੇਂ ਅਤੇ ਸੱਤਾ ਦੀਆਂ ਸੰਭਾਵਨਾਵਾਂ ਦੇ ਹਿਸਾਬ ਨਾਲ ਗੱਠਜੋੜ ਬਣਦੇ-ਵਿਗੜਦੇ ਕਈ ਵਾਰ ਦੇਖੇ ਗਏ ਹਨ। ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਹੀ ਹਨੂੰਮਾਨ ਬੇਨੀਵਾਲ ਦੀ ਰਾਲੋਪਾ ਨੇ ਰਾਜਗ ਛੱਡਿਆ ਸੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਰਾਜਸਥਾਨ ਤੋਂ 24 ਸੀਟਾਂ ਜਿੱਤੀਆਂ ਸਨ ਜਦਕਿ 25ਵੀਂ ਸੀਟ ਤੋਂ ਉਸ ਦੇ ਮਿੱਤਰ ਬੇਨੀਵਾਲ ਜੇਤੂ ਹੋਏ ਸਨ। ਰਾਲੋਪਾ ਨੂੰ ਵੀ ਰਾਜਗ ’ਚ ਲਿਆਉਣ ਦੀ ਕਵਾਇਦ ਜਾਰੀ ਹੈ ਤਾਂ ਕਿ ਰਾਜਸਥਾਨ ’ਚ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਸ ਰਾਹੀਂ ਕੁਝ ਜਾਟ ਵੋਟਾਂ ਨੂੰ ਸਾਧਿਆ ਜਾ ਸਕੇ।

ਕਰਨਾਟਕ ’ਚ ਕਾਂਗਰਸ ਦੀ ਜਿੱਤ ਪਿੱਛੋਂ ਦੱਖਣੀ ਭਾਰਤ ’ਚ ਭਾਜਪਾ ਦਾ ਆਤਮਵਿਸ਼ਵਾਸ ਡਗਮਗਾ ਗਿਆ ਹੈ। ਇਸ ਲਈ ਵਿਧਾਨ ਸਭਾ ਚੋਣਾਂ ’ਚ ਜਿਸ ਜਨਤਾ ਦਲ ਸੈਕੂਲਰ ਨੂੰ ਖੂਬ ਕੋਸਿਆ, ਹੁਣ ਉਸੇ ਲਈ ਰਾਜਗ ’ਚ ਲਾਲ ਗਲੀਚਾ ਵਿਛਾਇਆ ਜਾ ਰਿਹਾ ਹੈ। ਚੰਦਰਬਾਬੂ ਨਾਇਡੂ ਦੀ ਤੇਦੇਪਾ ਪਹਿਲਾਂ ਵੀ ਰਾਜਗ ’ਚ ਰਹਿ ਚੁੱਕੀ ਹੈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਨਾ ਦਿੱਤੇ ਜਾਣ ’ਤੇ ਨਾਇਡੂ ਅਲੱਗ ਹੋਏ ਸਨ ਪਰ ਵਕਤ ਨੇ ਦੋਵਾਂ ਨੂੰ ਇਕ-ਦੂਜੇ ਦੀ ਲੋੜ ਦਾ ਅਹਿਸਾਸ ਕਰਵਾ ਦਿੱਤਾ ਹੈ। ਨਾਇਡੂ ਅਤੇ ਸ਼ਾਹ ਦਰਮਿਆਨ ਗੱਲਬਾਤ ਹੋ ਚੁੱਕੀ ਹੈ। ਤੇਲੰਗਾਨਾ ਚੋਣਾਂ ਤੇਦੇਪਾ-ਭਾਜਪਾ ਮਿਲ ਕੇ ਲੜ ਸਕਦੀਆਂ ਹਨ।

ਵਿਰੋਧੀ ਧਿਰ ਦੀ ਏਕਤਾ ਦੀ ਦ੍ਰਿਸ਼ਟੀ ਤੋਂ ਵੀ 18 ਜੁਲਾਈ ਦੀ ਬੈਂਗਲੁਰੂ ਮੀਟਿੰਗ ਮਹੱਤਵਪੂਰਨ ਹੈ। ਅਫਸਰਾਂ ਦੀ ਤਾਇਨਾਤੀ-ਤਬਾਦਲਿਆਂ ਦਾ ਸੁਪਰੀਮ ਕੋਰਟ ਤੋਂ ਮਿਲਿਆ ਅਧਿਕਾਰ ਸਰਕਾਰ ਕੋਲੋਂ ਖੋਹਣ ਵਾਲੇ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਮੁੱਦੇ ’ਤੇ ਕਾਂਗਰਸ ਨਾਲ ਵਧਦੀ ਤਲਖੀ ਪਿੱਛੋਂ ‘ਆਪ’ ਮੀਟਿੰਗ ’ਚ ਸ਼ਾਮਲ ਹੋਵੇਗੀ ਜਾਂ ਨਹੀਂ? ਪਟਨਾ ਮੀਟਿੰਗ ’ਚ ਜਯੰਤ ਚੌਧਰੀ ਦੀ ਗੈਰ-ਹਾਜ਼ਰੀ ਦਾ ਕਾਰਨ ਉਨ੍ਹਾਂ ਦਾ ਵਿਦੇਸ਼ ’ਚ ਹੋਣਾ ਦੱਸਿਆ ਗਿਆ ਸੀ। ਇਸ ਮੀਟਿੰਗ ’ਚ ਆਉਣ-ਨਾ ਆਉਣ ਤੋਂ ਉਨ੍ਹਾਂ ਦੀ ਭਵਿੱਖ ਦੀ ਸਿਆਸਤ ਦਾ ਸੰਕੇਤ ਮਿਲੇਗਾ। ਰਾਕਾਂਪਾ ’ਚ ਫੁੱਟ ਦੇ ਪਰਛਾਵੇਂ ਹੇਠ ਹੋਣ ਵਾਲੀ ਇਸ ਮੀਟਿੰਗ ’ਚ ਵਿਰੋਧੀ ਧਿਰ ਨੂੰ ਨਿਰਾਸ਼ਾ ਤੋਂ ਉੱਭਰ ਕੇ ਭਵਿੱਖ ’ਚ ਅਜਿਹੀ ਸੰਨ੍ਹ ਲੱਗਣ ਤੋਂ ਬਚਣ ਦੀ ਰਣਨੀਤੀ ਵੀ ਬਣਾਉਣੀ ਹੋਵੇਗੀ।

ਆਪਸੀ ਬੇਯਕੀਨੀ ਅਤੇ ਟਕਰਾਅ ਵਧਾ ਸਕਣ ਵਾਲੇ ਮੁੱਦਿਆਂ ਤੋਂ ਪ੍ਰਹੇਜ਼ ਕਰਨਾ ਹੋਵੇਗਾ ਤੇ ਏਕਤਾ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕੋਈ ਕਮੇਟੀ ਆਦਿ ਬਣਾਉਣ ਦੀ ਦਿਸ਼ਾ ’ਚ ਵੀ ਅੱਗੇ ਵਧਣਾ ਹੋਵੇਗਾ। ਖਾਸ ਕਰ ਉਸ ਵੇਲੇ ਜਦ ਕਾਂਗਰਸ ਇਸ ਦਿਸ਼ਾ ’ਚ ਕੋਈ ਠੋਸ ਕਦਮ ਚੁੱਕਣ ਤੋਂ ਪਹਿਲਾਂ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰਨੀ ਚਾਹੇਗੀ। ਇਹ ਸਭ ਕਿਵੇਂ ਹੋ ਸਕੇਗਾ, ਇਹ ਦੇਖਣਾ ਮਹੱਤਵਪੂਰਨ ਹੋਵੇਗਾ। ਇਹ ਵੀ ਘੱਟ ਦਿਲਚਸਪ ਨਹੀਂ ਕਿ ਵੱਡੇ ਦਲਾਂ ਦੀ ਸਿਆਸਤ ਛੋਟੇ ਦਲਾਂ ’ਤੇ ਨਿਰਭਰ ਨਜ਼ਰ ਆ ਰਹੀ ਹੈ।

ਰਾਜ ਕੁਮਾਰ ਸਿੰਘ


author

Rakesh

Content Editor

Related News