ਆਪਸੀ ਰੰਜਿਸ਼ ਕਾਰਨ ਲਗਾਤਾਰ ਹੋ ਰਹੀਆਂ ਸਿਆਸੀ ਹੱਤਿਆਵਾਂ
Wednesday, Sep 11, 2024 - 03:07 AM (IST)
ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਆਪਸੀ ਰੰਜਿਸ਼ ਕਾਰਨ ਸਿਆਸੀ ਹੱਤਿਆਵਾਂ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਦੇ ਦੌਰਾਨ ਤੇਜ਼ ਹੋ ਗਿਆ ਹੈ ਜੋ ਇਸੇ ਸਾਲ (2024) ਦੇ ਪਿਛਲੇ 3 ਮਹੀਨਿਆਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 23 ਜੂਨ ਨੂੰ ਮੱਧ ਪ੍ਰਦੇਸ਼ ਸਰਕਾਰ ’ਚ ਕੈਬਨਿਟ ਮੰਤਰੀ ਕੈਲਾਸ਼ ਵਿਜੇ ਵਰਗੀਯ ਦੇ ਪਰਿਵਾਰ ਦੇ ਬੇਹੱਦ ਕਰੀਬੀ ਅਤੇ ਇੰਦੌਰ ’ਚ ਭਾਜਪਾ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਮੋਨੂ ਕਲਿਆਣੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* 5 ਜੁਲਾਈ ਨੂੰ ਸ਼ਾਮ ਦੇ ਸਮੇਂ ਚੇਨਈ ’ਚ 6 ਹਮਲਾਵਰਾਂ ਨੇ ‘ਬਹੁਜਨ ਸਮਾਜ ਪਾਰਟੀ’ ਦੇ ਪ੍ਰਦੇਸ਼ ਪ੍ਰਧਾਨ ‘ਕੇ. ਆਰਮਸਟਰਾਂਗ ’ ’ਤੇ ਤਲਵਾਰਾਂ ਅਤੇ ਚਾਕੂਆਂ ਨਾਲ ਹਮਲਾ ਕਰ ਕੇ ਉਨ੍ਹਾਂ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦ ਉਹ ਆਪਣੇ ਘਰ ਦੇ ਬਾਹਰ ਪਾਰਟੀ ਦੇ ਕੁਝ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ।
* 12 ਜੁਲਾਈ ਨੂੰ ਰਾਜਸਥਾਨ ਦੇ ਅਲਵਰ ’ਚ ਭਾਜਪਾ ਆਗੂ ਯਾਸੀਨ ਖਾਨ ’ਤੇ ਕੁਝ ਬਦਮਾਸ਼ਾਂ ਨੇ ਲਾਠੀਆਂ-ਡੰਡਿਆਂ ਅਤੇ ਹਥੌੜਿਆਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ।
* 14 ਜੁਲਾਈ ਨੂੰ ਪੱਛਮੀ ਬੰਗਾਲ ਦੇ ਦਿਨਾਜਪੁਰ ਜ਼ਿਲੇ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਆਗੂ ਬਾਪੀਰਾਏ ਦੀ ਪਿੱਠ ’ਤੇ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।
* 16 ਜੁਲਾਈ ਨੂੰ ਤਮਿਲਨਾਡੂ ਦੇ ਮਦੁਰੈ ’ਚ ਸਵੇਰ ਦੀ ਸੈਰ ਨੂੰ ਨਿਕਲੇ ‘ਨਾਮ ਤਮਿਲਰ ਪਾਰਟੀ’ ਦੇ ਆਗੂ ਬਾਲਾ ਸੁਬਰਾਮਣੀਅਮ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ।
* 18 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਵਾਈ.ਐੱਸ.ਆਰ. ਕਾਂਗਰਸ ਪਾਰਟੀ ਦੀ ਨੌਜਵਾਨ ਸ਼ਾਖਾ ਦੇ ਮੈਂਬਰ ਸ਼ੇਖ ਰਸ਼ੀਦ ਦੀ ‘ਪਾਲਨਾਡੂ’ ਜ਼ਿਲੇ ’ਚ ਸੜਕ ਵਿਚਾਲੇ ਚਾਕੂ ਨਾਲ ਦੋਵੇਂ ਹੱਥ ਕੱਟਣ ਪਿੱਛੋਂ ਹੱਤਿਆ ਕਰ ਦਿੱਤੀ ਗਈ।
* 7 ਅਗਸਤ ਨੂੰ ਬਿਹਾਰ ’ਚ ‘ਬਗਹਾ’ ਦੇ ‘ਤਮਕੁਹਾ’ ਬਾਜ਼ਾਰ ’ਚ ਜਦ (ਯੂ) ਆਗੂ ਵਿਭਵ ਰਾਏ ਦੀ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
* 14 ਅਗਸਤ ਨੂੰ ਬਿਹਾਰ ਦੀ ਰਾਜਧਾਨੀ ਪਟਨਾ ’ਚ ਭਾਜਪਾ ਆਗੂ ਅਜੇ ਸ਼ਾਹ ਦੀ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
* 1 ਸਤੰਬਰ ਨੂੰ ਪੁਣੇ ’ਚ ਰਾਕਾਂਪਾ ( ਅਜੀਤ ਧੜਾ) ਦੇ ਆਗੂ ਅਤੇ ਸਾਬਕਾ ਕੌਂਸਲਰ ‘ਵਨਰਾਜ ਆਂਦੇਕਰ’ ’ਤੇ ਤਾਬੜਤੋੜ ਪੰਜ ਗੋਲੀਆਂ ਚਲਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।
* 3 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ’ਚ ਭਾਜਪਾ ਮੰਡਲ ਪ੍ਰਧਾਨ ਰਾਮ ਅਭਿਲਾਖ ਸਿੰਘ ਦੇ ਭਤੀਜੇ ਅਭੈ ਪ੍ਰਤਾਪ ਸਿੰਘ ਦੀ ਹੱਤਿਆ ਕਰ ਦਿੱਤੀ ਗਈ।
* 7 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲੇ ’ਚ ‘ਅਸਦੂਦੀਨ ਓਵੈਸੀ’ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਦੇ ਨੌਜਵਾਨ ਮੋਰਚੇ ਦੇ ਜ਼ਿਲਾ ਪ੍ਰਧਾਨ ਮੇਰਾਜ ਅੰਸਾਰੀ ਦੀ ਹੱਤਿਆ ਕਰ ਦਿੱਤੀ ਗਈ।
* 9 ਸਤੰਬਰ ਨੂੰ ਸਵੇਰੇ ਬਿਹਾਰ ’ਚ ਪਟਨਾ ਦੇ ਚੌਕ ਥਾਣਾ ਇਲਾਕੇ ’ਚ ਇਕ ਸਥਾਨਕ ਭਾਜਪਾ ਆਗੂ ਮੁੰਨਾ ਸ਼ਰਮਾ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
* 9 ਸਤੰਬਰ ਨੂੰ ਹੀ ਸ਼ਾਮ ਨੂੰ ਭਾਗਲਪੁਰ ਦੇ ਬਾਬਰਗੰਜ ਇਲਾਕੇ ’ਚ ਅਣਪਛਾਤੇ ਬਦਮਾਸ਼ਾਂ ਨੇ ਭਾਜਪਾ ਕੌਂਸਲਰ ਦੇ ਪਤੀ ਸ਼ਸ਼ੀ ਮੋਦੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਰਾਤ ਨੂੰ ਬਿਹਾਰ ਦੇ ਅਰਵਲ ਜ਼ਿਲੇ ’ਚ ਘਾਤ ਲਾ ਕੇ ਬੈਠੇ ਕੁਝ ਅਪਰਾਧੀਆਂ ਨੇ ਇਕ ਖੱਬੇਪੱਖੀ ਆਗੂ ਸੁਨੀਲ ਚੰਦਰਵੰਸ਼ੀ ਦੀ ਹੱਤਿਆ ਕਰ ਦਿੱਤੀ ਜਦ ਉਹ ਬਾਜ਼ਾਰ ਤੋਂ ਘਰ ਜਾ ਰਹੇ ਸਨ।
* 9 ਸਤੰਬਰ ਨੂੰ ਹੀ ਪੰਜਾਬ ਦੇ ਖੰਨਾ ’ਚ ‘ਆਪ’ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਨਾ ਸਿਰਫ ਸਿਆਸੀ ਹਿੰਸਾ ਜਾਰੀ ਹੈ ਸਗੋਂ ਵਿਰੋਧੀ ਪਾਰਟੀਆਂ ਵਲੋਂ ਆਪਣੇ ਵਿਰੋਧੀਆਂ ਨਾਲ ਨਜਿੱਠਣ ਲਈ ਬੇਹੱਦ ਵਹਿਸ਼ੀ ਤਰੀਕੇ ਅਪਣਾਏ ਜਾ ਰਹੇ ਹਨ।
ਯਕੀਨਨ ਹੀ ਇਹ ਸੱਚੇ ਲੋਕਤੰਤਰ ਦਾ ਚਿਹਰਾ ਨਹੀਂ ਹੈ ਅਤੇ ਇਸ ਤੋਂ ਲੱਗਦਾ ਹੈ ਕਿ ਸਮਾਂ ਬੀਤਣ ਦੇ ਨਾਲ-ਨਾਲ ਸਾਡੇ ਲੋਕਤੰਤਰ ’ਚ ਹਿੱਸੇਦਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪ੍ਰਪੱਕ ਹੋਣ ਦੀ ਥਾਂ ਮੁਕਾਬਲੇ ਦੇ ਚਲਦਿਆਂ ਅਸਹਿਣਸ਼ੀਲ ਅਤੇ ਬੇਦਰਦ ਹੁੰਦੇ ਜਾ ਰਹੇ ਹਨ । ਜੇ ਸਿਆਸੀ ਆਗੂ ਹੀ ਕਾਨੂੰਨ ਦੀ ਇਸ ਤਰ੍ਹਾਂ ਉਲੰਘਣਾ ਕਰਨ ਲੱਗਣਗੇ ਤਾਂ ਫਿਰ ਕਾਨੂੰਨ ਵਿਵਸਥਾ ਨੂੰ ਕੌਣ ਲਾਗੂ ਕਰੇਗਾ!
-ਵਿਜੇ ਕੁਮਾਰ