ਸਿਆਸੀ ਡਾਇਰੀ: ਕੋਰੋਨਾ ਨਾਲ ਮੁਕਾਬਲੇ ’ਚ ਹਾਰ ਵੱਲ?

06/10/2020 2:05:50 AM

ਪੂਨਮ ਆਈ ਕੌਸ਼ਿਸ਼

ਕੋਰੋਨਾ ਮਹਾਮਾਰੀ ਦੇ ਇਸ ਮੌਸਮ ’ਚ ਸੱਚਾਈ ਤੁਹਾਡੇ ਸਾਹਮਣੇ ਰੱਖ ਰਹੀ ਹਾਂ। ਪਹਿਲੀ, ਕੱਲ ਕਦੇ ਨਹੀਂ ਆਉਂਦਾ ਅਤੇ ਦੂਸਰੀ ਜਿਵੇਂ ਕਿ ਅਰਥਸ਼ਾਸਤਰੀ ਜਾਨ ਕਿੰਗਸ ਨੇ ਕਿਹਾ ਸੀ : ਲੰਬੇ ਸਮੇਂ ’ਚ ਅਸੀਂ ਸਾਰੇ ਮਰ ਜਾਵਾਂਗੇ। ਅੱਜ ਲੱਗਦਾ ਹੈ ਭਾਰਤ ਹਨੇਰੇ ’ਚ ਹੈ ਕਿਉਂਕਿ ਇਥੇ ਕੋਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਖੋਲ੍ਹਣ ਨਾਲ ਹਾਲਤ ਹੋਰ ਵੀ ਭੈੜੀ ਹੁੰਦੀ ਜਾ ਰਹੀ ਹੈ, ਜਿਸ ਤੋਂ ਸਵਾਲ ਉੱਠਦਾ ਹੈ ਕਿ ਕੀ ਅਸੀਂ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ’ਚ ਹਾਰ ਦੇ ਵੱਲ ਵਧ ਰਹੇ ਹਾਂ। ਅਨੇਕਾਂ ਖਬਰਾਂ ਆ ਰਹੀਆਂ ਹਨ ਕਿ ਲੋਕ ਹਸਪਤਾਲਾਂ ’ਚ ਬਿਸਤਰਾ ਨਾ ਮਿਲਣ ਕਾਰਨ ਮਰ ਰਹੇ ਹਨ। ਇਕ ਹੀ ਬਿਸਤਰੇ ’ਤੇ ਤਿੰਨ ਮਰੀਜ਼ ਰੱਖੇ ਜਾ ਰਹੇ ਹਨ। ਹਸਪਤਾਲ ਦੇ ਗਲਿਆਰਿਆਂ ’ਚ ਭੀੜ-ਭੜੱਕਾ ਹੈ, ਜਿਸ ਨਾਲ ਇਨਫੈਕਸ਼ਨ ਵਧਣ ਦਾ ਖਤਰਾ ਪੈਦਾ ਹੋ ਰਿਹਾ ਹੈ। ਲਾਸ਼ਾਂ ਬਿਸਤਰਿਆਂ ’ਤੇ ਹੀ ਪਈਆਂ ਹਨ। ਇਸ ਦਰਮਿਆਨ ਇਹ ਵੀ ਖਬਰ ਮਿਲੀ ਕਿ ਇਕ 80 ਸਾਲਾ ਵਿਅਕਤੀ ਹਸਪਤਾਲ ’ਚ ਦਾਖਲ ਹੋਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਸ ਨੂੰ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਭੇਜਿਆ ਗਿਆ ਅਤੇ ਅੰਤ ’ਚ ਉਹ ਆਪਣੀ ਕਾਰ ’ਚ ਹਸਪਤਾਲ ’ਚ ਬਿਸਤਰੇ ਦੀ ਉਡੀਕ ਕਰਦਾ ਹੋਇਆ ਹੀ ਮਰ ਗਿਆ। ਇਹੀ ਨਹੀਂ ਡਾਕਟਰਾਂ ਅਤੇ ਨਰਸਾਂ ਨੂੰ ਖਰਾਬ ਪੀ. ਪੀ. ਈ. ਕਿੱਟਾਂ ਪਹਿਨਣ ਲਈ ਮਜਬੂਰ ਕੀਤਾ ਜਾ ਰਿਹਾ, ਜਿਨ੍ਹਾਂ ਨਾਲ ਉਹ ਇਨਫੈਕਟਿਡ ਹੋ ਕੇ ਮਰ ਸਕਦੇ ਹਨ। ਮਾਸਕ, ਦਸਤਾਨੇ ਅਤੇ ਮੈਡੀਕਲ ਯੰਤਰਾਂ ਦੀ ਘਾਟ ਹੈ। ਆਕਸੀਜਨ ਮਸ਼ੀਨਾਂ ਸਮੇਤ 70 ਫੀਸਦੀ ਮਸ਼ੀਨਾਂ ਖਰਾਬ ਹਨ। ਗਲੋਬਲ ਐਂਟੀ ਬਾਇਓਟਿਕ ਰੇਸਿਸਟੈਂਸ ਪਾਰਟਨਰਸ਼ਿਪ-ਇੰਡੀਆ ਵਰਕਿੰਗ ਗਰੁੱਪ ਦੇ ਅਨੁਸਾਰ ਹਸਪਤਾਲ ਦੇ ਵਾਰਡਾਂ ਅਤੇ ਆਈ. ਸੀ. ਯੂ. ’ਚ ਇਨਫੈਕਸ਼ਨ ਦਰ ਵਿਸ਼ਵ ਔਸਤ ਤੋਂ 5 ਗੁਣਾ ਵੱਧ ਹੈ। ਲਾਕਡਾਊਨ ਨੂੰ ਢਾਈ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਜਾਪਦਾ ਹੈ ਕਿ ਇਸ ਦਰਮਿਆਨ ਕੁਝ ਨਹੀਂ ਬਦਲਿਆ। ਕੋਰੋਨਾ ਮਾਮਲੇ ਵਧਦੇ ਜਾ ਰਹੇ ਹਨ ਅਤੇ ਹੁਣ ਇਨ੍ਹਾਂ ਦੀ ਗਿਣਤੀ 10 ਹਜ਼ਾਰ ਤੋਂ ਉੱਪਰ ਪਹੁੰਚ ਗਈ ਹੈ ਅਤੇ ਲਗਦਾ ਹੈ ਕਿ ਸਾਡੇ ਕੋਲ ਇਨ੍ਹਾਂ ਨਾਲ ਨਜਿੱਠਣ ਦੀ ਕੋਈ ਰਣਨੀਤੀ ਨਹੀਂ।

ਸਵਾਲ ਇਹ ਵੀ ਉੱਠਦਾ ਹੈ ਕਿ ਲਾਕਡਾਊਨ ਦਾ ਮਕਸਦ ਕੀ ਸੀ। ਕੀ ਇਹ ਸਫਲ ਰਿਹਾ? ਇਸ ਦੀ ਸਫਲਤਾ ਦਾ ਪੈਮਾਨਾ ਕੀ ਹੈ? ਇਸ ਨਾਲ ਕੋਰੋਨਾ ਦੇ ਪ੍ਰਸਾਰ ’ਤੇ ਰੋਕ ਲੱਗੀ ਅਤੇ ਸਾਨੂੰ ਸਿਹਤ ਸਹੂਲਤਾਂ ’ਚ ਸੁਧਾਰ ਲਈ ਸਮਾਂ ਮਿਲਿਆ, ਨਾਲ ਹੀ ਲੋਕਾਂ ਨੂੰ ਇਸ ਮਹਾਮਾਰੀ ਦੇ ਖਤਰੇ ਬਾਰੇ ਜਾਗਰੂਕ ਕਰਨ ਦਾ ਵੀ ਸਮਾਂ ਮਿਲਿਆ ਪਰ ਲਾਕਡਾਊਨ ਦੇ ਖੁੱਲ੍ਹਦੇ ਹੀ ਇਹ ਸਪੱਸ਼ਟ ਹੋ ਗਿਆ ਹੈ ਕਿ ਅਸੀਂ ਇਸ ਮਹਾਮਾਰੀ ਦੇ ਇਨਫੈਕਸ਼ਨ ਨੂੰ ਰੋਕਣ ’ਚ ਸਫਲ ਨਹੀਂ ਹੋਏ ਜਦਕਿ ਸਾਡੇ ਇਥੇ ਘੱਟ ਪ੍ਰੀਖਣ ਕੀਤੇ ਜਾ ਰਹੇ ਹਨ ਅਤੇ ਅੰਕੜਿਆਂ ’ਚ ਵੀ ਹੇਰਾਫੇਰੀ ਕੀਤੀ ਜਾ ਰਹੀ ਹੈ। ਭਾਰਤ ’ਚ ਸਭ ਤੋਂ ਘੱਟ ਪ੍ਰਤੀ 10 ਲੱਖ ’ਤੇ 2198 ਪ੍ਰੀਖਣ ਕੀਤੇ ਜਾ ਰਹੇ ਹਨ। ਅੱਜ ਦੇਸ਼ ਵਿਸ਼ਵ ਦੇ ਪਹਿਲੇ 10 ਇਨਫੈਕਟਿਡ ਦੇਸ਼ਾਂ ਦੀ ਸੂਚੀ ’ਚ ਹੈ ਅਤੇ ਜਲਦੀ ਹੀ ਇਹ ਚੋਟੀ ਦੇ 5 ਦੇਸ਼ਾਂ ਦੀ ਸ਼੍ਰੇਣੀ ’ਚ ਆ ਜਾਵੇਗਾ। ਇਸ ਮਹਾਮਾਰੀ ਦੇ ਕਾਰਨ ਅਰਥਵਿਵਸਥਾ ’ਤੇ ਵੀ ਅਸਰ ਪਿਆ ਹੈ। ਕੁੱਲ ਘਰੇਲੂ ਉਤਪਾਦ ’ਚ ਗਿਰਾਵਟ ਆਈ ਹੈ। ਪ੍ਰਵਾਸੀ ਕਿਰਤੀਆਂ, ਦਿਹਾੜੀਦਾਰ ਮਜ਼ਦੂਰਾਂ, ਕਾਰੋਬਾਰੀਆਂ, ਪੁਲਸ, ਸਿਹਤ ਕਰਮਚਾਰੀਆਂ, ਤਨਖਾਹਦਾਰ ਲੋਕ ਅਤੇ ਸਵਾਣੀਆਂ ਸਾਰੇ ਇਸ ਤੋਂ ਪ੍ਰਭਾਵਿਤ ਹੋਏ ਹਨ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਦਾਜ਼ੇ ਅਨੁਸਾਰ ਬੇਰੋਜ਼ਗਾਰੀ ਦਰ ਵਧ ਕੇ 36 ਫੀਸਦੀ ਹੋ ਗਈ ਹੈ ਅਤੇ 36 ਕਰੋੜ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਇਹ ਸੱਚ ਹੈ ਕਿ ਮੋਦੀ ਜਾਦੂਗਰ ਨਹੀਂ ਹਨ, ਜੋ ਆਪਣੀ ਜਾਦੂ ਦੀ ਛੜੀ ਨਾਲ 70 ਸਾਲਾਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਣਗੇ। ਉਹ ਆਪਣੇ ਵਲੋਂ ਭਰਪੂਰ ਯਤਨ ਕਰ ਰਹੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਦੇ ਫੈਸਲਿਆਂ ’ਚ ਕੋਈ ਘਾਟ ਹੋਵੇ ਪਰ ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਫੈਸਲੇ ਕੀਤੇ ਹਨ। ਲਾਕਡਾਊਨ ਦੇ ਕਾਰਨ ਲੱਖਾਂ ਪ੍ਰਵਾਸੀ ਕਿਰਤੀਆਂ ਨੇ ਹਿਜਰਤ ਕੀਤੀ ਹੈ, ਜਿਸ ਨਾਲ ਹੁਣ ਸ਼ਹਿਰਾਂ ਤੋਂ ਪਿੰਡਾਂ ਤਕ ਵੀ ਇਨਫੈਕਸ਼ਨ ਪਹੁੰਚ ਗਿਆ ਹੈ ਅਤੇ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਸ਼ਹਿਰਾਂ ’ਚ ਇਨਫੈਕਸ਼ਨ ਵਧਣ ਦਾ ਖਤਰਾ ਵਧ ਗਿਆ ਹੈ। ਇਸ ਦੇ ਇਲਾਵਾ ਸਾਡੀਆਂ ਸਿਹਤ ਸੇਵਾਵਾਂ ਨੂੰ ਸੰਚਾਲਿਤ ਕਰਨ ਵਾਲਿਆਂ ਦਾ ਦ੍ਰਿਸ਼ਟੀਕੋਣ ਉਦਾਸੀਨ ਹੈ। ਇਨ੍ਹਾਂ ਸੇਵਾਵਾਂ ’ਚ ਭ੍ਰਿਸ਼ਟਾਚਾਰ ਪਸਰਿਆ ਹੈ ਅਤੇ ਸਿਹਤ ਸਹੂਲਤਾਂ ’ਤੇ ਕੁੱਲ ਘਰੇਲੂ ਉਤਪਾਦ ਦਾ ਇਕ ਫੀਸਦੀ ਤੋਂ ਘੱਟ ਖਰਚ ਕੀਤਾ ਜਾਂਦਾ ਹੈ।

ਦੇਸ਼ ’ਚ 6 ਲੱਖ ਡਾਕਟਰਾਂ ਅਤੇ 20 ਲੱਖ ਨਰਸਾਂ ਦੀ ਘਾਟ ਹੈ। ਸ਼ਹਿਰਾਂ ’ਚ ਜੋ ਆਪਣੇ ਆਪ ਨੂੰ ਡਾਕਟਰ ਕਹਿੰਦੇ ਹਨ ਉਨ੍ਹਾਂ ’ਚੋਂ ਸਿਰਫ 58 ਫੀਸਦੀ ਦੇ ਕੋਲ ਅਤੇ ਦਿਹਾਤੀ ਇਲਾਕਿਆਂ ’ਚ 19 ਫੀਸਦੀ ਦੇ ਕੋਲ ਮੈਡੀਕਲ ਡਿਗਰੀ ਹੈ। ਜ਼ਿਲਾ ਹਸਪਤਾਲਾਂ ’ਚ ਨਰਸਾਂ ਅਤੇ ਡਾਕਟਰਾਂ ਦੇ ਸੰਕਟ ਨਾਲ ਨਜਿੱਠਣ ਲਈ ਸਮਰੱਥਾ ਨਹੀਂ ਹੈ। ਉਹ ਇਹ ਵੀ ਨਹੀਂ ਜਾਣਦੇ ਕਿ ਵੈਂਟੀਲੇਟਰ ਕਿਵੇਂ ਲਗਾਇਆ ਜਾਂਦਾ ਹੈ। ਇਸ ਨਾਲ ਹੋਰ ਸਮੱਸਿਆਵਾਂ ਵਧ ਗਈਆਂ ਹਨ। ਦਿੱਲੀ ਨੂੰ ਹੀ ਲੈ ਲਓ ਜਿਥੇ ਮੁੱਖ ਮੰਤਰੀ ਕੇਜਰੀਵਾਲ ਕਹਿ ਰਹੇ ਹਨ ਕਿ ਉਥੇ ਸਭ ਕੁਝ ਠੀਕ-ਠਾਕ ਹੈ ਪਰ ਪੂਰੀ ਦਿੱਲੀ ਅੱਜ ਆਈ. ਸੀ.ਯੂ. ’ਚ ਹੈ। ਹਸਪਤਾਲਾਂ ’ਚ ਕੋਰੋਨਾ ਰੋਗੀਆਂ ਦੀ ਭੀੜ ਲੱਗੀ ਹੋਈ ਹੈ। ਕੁਆਰੰਟਾਈਨ ਕੇਂਦਰਾਂ ’ਚੋਂ ਰੋਗੀ ਭੱਜ ਰਹੇ ਹਨ। ਕੁਆਰੰਟਾਈਨ ਕੇਂਦਰਾਂ ਦੀ ਸਥਿਤੀ ਬੜੀ ਤਰਸਯੋਗ ਹੈ। ਉਨ੍ਹਾਂ ’ਚ ਟਾਇਲਟ ਅਤੇ ਪਾਣੀ ਦੀ ਘਾਟ ਹੈ ਅਤੇ ਬਾਬੂ ਕਹਿੰਦੇ ਹਨ ਕਿ ਕੀ ਕਰੀਏ? ਵਿਸ਼ਵ ਸਿਹਤ ਸੰਗਠਨ ਵਾਰ-ਵਾਰ ਕਹਿ ਰਿਹਾ ਹੈ ਕਿ ਇਸ ਸੰਕਟ ਦਾ ਹੱਲ ਸਿਰਫ ਪ੍ਰੀਖਣ ਹੈ। ਸਰਕਾਰ ਨੂੰ ਇਸ ਸਲਾਹ ਨੂੰ ਮੰਨਦੇ ਹੋਏ ਜੰਗੀ ਪੱਧਰ ’ਤੇ ਪ੍ਰੀਖਣ ਕਰਨੇ ਚਾਹੀਦੇ ਹਨ। 130 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ’ਚ ਰੋਜ਼ਾਨਾ ਘੱਟ ਤੋਂ ਘੱਟ ਇਕ ਲੱਖ ਤੋਂ ਵੱਧ ਪ੍ਰੀਖਣ ਹੋਣੇ ਚਾਹੀਦੇ ਸੀ ਪਰ ਪ੍ਰੀਖਣ ਦੀ ਘਾਟ ’ਚ ਲਗਦਾ ਹੈ ਕਿ ਇਹ ਮਹਾਮਾਰੀ ਵਧਦੀ ਹੀ ਜਾ ਰਹੀ ਹੈ। ਭਾਰਤ ਚੀਨ ਵਾਂਗ 10 ਦਿਨ ’ਚ ਹਸਪਤਾਲ ਦੀ ਉਸਾਰੀ ਵੀ ਨਹੀਂ ਕਰ ਸਕਦਾ ਪਰ ਉਹ ਹਸਪਤਾਲਾਂ ਨੂੰ ਲਾਲ ਫੀਤਾਸ਼ਾਹੀ ਤੋਂ ਮੁਕਤ ਕਰ ਸਕਦਾ ਹੈ। ਸਿਹਤ ਸੇਵਾਵਾਂ ’ਤੇ ਖਰਚ ਵਧਾ ਸਕਦਾ ਹੈ ਅਤੇ ਸਹੂਲਤਾਂ ’ਚ ਸੁਧਾਰ ਕਰ ਸਕਦਾ ਹੈ। ਟੈਸਟਿੰਗ ਕਿੱਟ, ਹਸਪਤਾਲਾਂ ’ਚ ਬਿਸਤਰਾ ਅਤੇ ਬਾਇਓਟਿਕ ਉਦਯੋਗ ਦੇ ਲਈ ਵਿੱਤ ਪੋਸ਼ਣ ਲਈ ਇਕ ਕਾਰਜਬਲ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਅਸਲ ’ਚ ਅੱਜ ਇਕ ਮਹਾਸੰਕਟ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਕੁਝ ਹਫਤਿਆਂ ’ਚ ਹਾਲਤ ਹੋਰ ਵਿਗੜ ਸਕਦੀ ਹੈ। ਭਾਰਤ ਨੂੰ ਇਸ ਲਈ ਤਿਆਰੀ ਕਰਨੀ ਹੋਵੇਗੀ। ਇਕ ਸੀਨੀਅਰ ਡਾਕਟਰ ਅਨੁਸਾਰ ਜੇਕਰ ਇਨਫੈਕਸ਼ਨ ਦਰ ਵਧਦੀ ਰਹੀ ਤਾਂ ਅਗਲੇ ਕੁਝ ਦਿਨਾਂ ’ਚ ਭਿਆਨਕ ਸਥਿਤੀ ਪੈਦਾ ਹੋ ਜਾਵੇਗੀ। ਇਨ੍ਹਾਂ ਰੋਗੀਆਂ ਦੇ ਇਲਾਜ ਲਈ ਆਕਸੀਜਨ ਲਾਈਨ ਵੈਂਟੀਲੇਟਰ, ਡਾਕਟਰ ਅਤੇ ਨਰਸਿੰਗ ਸਟਾਫ ਦੀ ਲੋੜ ਹੈ। ਸਾਡੇ ਇਥੇ ਇਨ੍ਹਾਂ ਸਾਰਿਆਂ ਦੀ ਘਾਟ ਹੈ। ਭਾਰਤ ’ਚ ਇਸ ਦਾ ਇਨਫੈਕਸ਼ਨ ਇਕ ਸਮਾਨ ਦਰ ’ਤੇ ਨਹੀਂ ਵਧ ਰਿਹਾ। ਇਹ ਵਿਚ-ਵਿਚ ਵਧਦਾ ਜਾਵੇਗਾ।

ਲਾਕਡਾਊਨ ਸਮਾਪਤ ਕਰਨ ਨਾਲ ਇਸ ਮਹਾਮਾਰੀ ’ਤੇ ਰੋਕ ਨਹੀਂ ਲੱਗੇਗੀ। ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਸਮੇਂ ’ਤੇ ਇਹ ਮਹਾਮਾਰੀ ਵਧੇਗੀ। ਉਦਾਹਰਣ ਲਈ ਮਹਾਰਾਸ਼ਟਰ ’ਚ ਪ੍ਰਤੀ 100 ਪ੍ਰੀਖਣਾਂ ’ਤੇ ਇਨਫੈਕਸ਼ਨ ਦੀ ਦਰ ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ ਵਧ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਹਾਮਾਰੀ ’ਤੇ ਰੋਕ ਲਈ ਬਹੁਪੱਧਰੀ ਛੋਟੀਆਂ-ਛੋਟੀਆਂ ਰਣਨੀਤੀਆਂ ਬਣਾਈਆਂ ਜਾਣ। ਕੁਝ ਲੋਕਾਂ ਦਾ ਇਹ ਵੀ ਮਤ ਹੈ ਕਿ ਉਮਰ ਦੇ ਅਨੁਸਾਰ ਕੁਝ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਨੌਜਵਾਨ ਲੋਕ ਇਸ ਨਾਲ ਇਨਫੈਕਟਿਡ ਹੋਣਗੇ ਤਾਂ ਉਸ ’ਚ ਪ੍ਰਤੀਰੋਧਕ ਸਮਰੱਥਾ ਪੈਦਾ ਹੋਵੇਗੀ। ਇਸ ਲਈ ਸਾਨੂੰ ਸਕੂਲ ਅਤੇ ਕਾਲਜਾਂ ਨੂੰ ਖੋਲ੍ਹਣਾ ਹੋਵੇਗਾ ਅਤੇ ਇਸ ਨਾਲ ਅਸੀਂ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਕਮੀ ਕਰ ਸਕਾਂਗੇ। ਲੋਕਾਂ ਨੂੰ ਕੋਰੋਨਾ ਮਹਾਮਾਰੀ ਨਾਲ ਆਮ ਵਾਂਗ ਹੀ ਕੰਮ ਕਰਨੇ ਹੋਣਗੇ। ਸਰਕਾਰ ਨੂੰ ਪਲਾਨ-ਬੀ, ਪਲਾਨ-ਸੀ ਬਣਾਉਣੇ ਹੋਣਗੇ ਨਾਲ ਹੀ ਸਰਕਾਰੀ ਸਿਹਤ ਢਾਂਚੇ ਨੂੰ ਇਸ ਤਰ੍ਹਾਂ ਤਿਆਰ ਕਰਨਾ ਹੋਵੇਗਾ ਿਕ ਉਹ 130 ਕਰੋੜ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ ਤਾਂਕਿ ਕੋਰੋਨਾ ’ਤੇ ਰੋਕ ਲੱਗ ਸਕੇ ਨਹੀਂ ਤਾਂ ਅਸੀਂ ਇਸ ਲਾਭ ਨੂੰ ਗੁਆ ਲਵਾਂਗੇ ਜੋ ਅਸੀਂ ਹੁਣ ਤੱਕ ਪ੍ਰਾਪਤ ਕੀਤਾ ਹੈ। ਸਾਡੇ ਨੇਤਾ ਲੋਕਾਂ ਨੂੰ ਸੱਦਾ ਦੇ ਰਹੇ ਹਨ ਕਿ ਸੰਜਮ ਵਰਤੋਂ ਅਤੇ ਸੰਕਲਪ ਲਵੋ ਪਰ ਇਹ ਉਚਿਤ ਨਹੀਂ ਹੋਵੇਗਾ। ਸਰਕਾਰ ਨੂੰ ਇਸ ’ਤੇ ਧਿਆਨ ਦੇਣਾ ਹੋਵੇਗਾ ਅਤੇ ਇਸ ਸੰਕਟ ਨੂੰ ਇਕ ਮੌਕੇ ’ਚ ਬਦਲਣਾ ਹੋਵੇਗਾ। ਸਰਕਾਰ ਲਾਕਡਾਊਨ ਤੋਂ ਪ੍ਰਾਪਤ ਲਾਭਾਂ ਨੂੰ ਬਰਬਾਦ ਨਹੀਂ ਕਰ ਸਕਦੀ ਜਿਵੇਂ ਕਿ ਅਮਰੀਕੀ ਗਾਇਕ ਜੇਨੀ ਰੋਜਰਸ ਨੇ ਇਕ ਗੀਤ ਗਾਇਆ ਹੈ ਕਿ ਜਦੋਂ ਤੁਸੀਂ ਖੇਡ ਖੇਡੋਗੇ ਤਾਂ ਤੁਸੀਂ ਇਸ ਨੂੰ ਸਹੀ ਖੇਡਣਾ ਵੀ ਸਿੱਖ ਲਓ ਅਤੇ ਅੱਜ ਭਾਰਤ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ ਹੀ ਰਣਨੀਤੀ ਅਪਣਾਉਣੀ ਹੋਵੇਗੀ।


Bharat Thapa

Content Editor

Related News