ਨਿਮਰ, ਸਾਦਗੀ ਪਸੰਦ-ਮਰਹੂਮ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨਾਲ ਗੁਜ਼ਾਰੇ- ‘ਚੰਦ ਪਲ’
Saturday, Dec 28, 2024 - 04:12 AM (IST)
ਭਾਰਤ ’ਚ ਆਰਥਕਿ ਸੁਧਾਰਾਂ ਦੇ ਨਾਇਕ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 26 ਦਸੰਬਰ ਨੂੰ ਰਾਤ 9.51 ਵਜੇ ਦਿੱਲੀ ਦੇ ‘ਏਮਜ਼’ ’ਚ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਗੁਰਸ਼ਰਨ ਕੌਰ ਅਤੇ ਤਿੰਨ ਵਿਆਹੁਤਾ ਬੇਟੀਆਂ ਛੱਡ ਗਏ ਹਨ।
26 ਸਤੰਬਰ, 1932 ਨੂੰ ਅਣਵੰਡੇ ਪਾਕਿ ਪੰਜਾਬ ਦੇ ‘ਗਾਹ’ ਦੇ ਇਕ ਮੱਧਵਰਗੀ ਪਰਿਵਾਰ ’ਚ ਜਨਮੇ ਮਨਮੋਹਨ ਸਿੰਘ ਦਾ ਪਰਿਵਾਰ ਦੇਸ਼ ਦੀ ਵੰਡ ਪਿੱਛੋਂ ਅੰਮ੍ਰਿਤਸਰ ਆ ਗਿਆ ਸੀ। ਉਹ ਘਰ ’ਚ ਦੀਵੇ ਦੀ ਰੋਸ਼ਨੀ ’ਚ ਅਤੇ ਕਦੀ-ਕਦੀ ਗਲੀ ’ਚ ਲੱਗੇ ਖੰਭੇ ਦੀ ਰੋਸ਼ਨੀ ’ਚ ਪੜ੍ਹਿਆ ਕਰਦੇ। 1952 ’ਚ ਜਦੋਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਪੰਜਾਬ ਦੇ ਸਿੱਖਿਆ ਮੰਤਰੀ ਬਣੇ, ਤਦ ਉਨ੍ਹਾਂ ਨੇ ਨੌਜਵਾਨ ਮਨਮੋਹਨ ਸਿੰਘ ਨੂੰ ਪੜ੍ਹਾਈ ’ਚ ਮੱਲਾਂ ਮਾਰਨ ਲਈ ਸਨਮਾਨਿਤ ਵੀ ਕੀਤਾ ਸੀ।
21 ਮਈ, 1991 ਨੂੰ ਰਾਜੀਵ ਗਾਂਧੀ ਦੀ ਹੱਤਿਆ ਪਿੱਛੋਂ ਪੀ.ਵੀ. ਨਰਸਿਮ੍ਹਾ ਰਾਓ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ, ਉਸ ਸਮੇਂ ਦੇਸ਼ ਨੂੰ ਗੰਭੀਰ ਆਰਥਕਿ ਸੰਕਟ ’ਚੋਂ ਕੱਢਣ ਲਈ ਉਨ੍ਹਾਂ ਨੇ ਮਨਮੋਹਨ ਸਿੰਘ ਜੀ ਨੂੰ ਆਪਣਾ ਵਿੱਤ ਮੰਤਰੀ ਬਣਾਇਆ।
22 ਮਈ, 2004 ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਗੱਠਜੋੜ ਸਰਕਾਰ ’ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ ਸ. ਮਨਮੋਹਨ ਸਿੰਘ ਦੀ ਸਰਕਾਰ ਨੇ ਗਰੀਬਾਂ ਨੂੰ ਰੋਜ਼ਗਾਰ ਦੇਣ ਲਈ ‘ਮਨਰੇਗਾ’ ਅਤੇ ਹੋਰ ਯੋਜਨਾਵਾਂ ਸ਼ੁਰੂ ਕੀਤੀਆਂ। ਉਹ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ਮਨਮੋਹਨ ਸਿੰਘ ਜੀ ਨਾਲ ‘ਪੰਜਾਬ ਕੇਸਰੀ’ ਪਰਿਵਾਰ ਦੇ ਸਨੇਹ ਭਰੇ ਸੰਬੰਧ ਸਨ। ਉਹ ‘ਸ਼ਹੀਦ ਪਰਿਵਾਰ ਫੰਡ’ ਦੇ ਸਮਾਗਮ ’ਚ ਅੱਤਵਾਦ ਪੀੜਤ ਪਰਿਵਾਰਾਂ ਨੂੰ ਪਹਿਲੀ ਵਾਰ 19 ਦਸੰਬਰ, 1993 ਨੂੰ 9,40,000 ਰੁਪਏ ਅਤੇ ਫਿਰ 23 ਜਨਵਰੀ, 2000 ਨੂੰ 13,80,000 ਰੁਪਏ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਜਲੰਧਰ ਪਧਾਰੇ ਸਨ।
ਅਸੀਂ ਮਨਮੋਹਨ ਸਿੰਘ ਜੀ ਨੂੰ ਪ੍ਰਾਈਮ ਮਨਿਸਟਰ ਨੈਸ਼ਨਲ ਰਿਲੀਫ ਫੰਡ ਲਈ 2004 (ਤਾਮਿਲਨਾਡੂ ਟਾਈਡਲ ਵੇਵਜ਼) ’ਚ 4,90,00,000, 2005 (ਜੰਮੂ-ਕਸ਼ਮੀਰ ਅਰਥਕੁਏਕ) ’ਚ 84,17,754, ਸਾਲ 2010 (ਲੱਦਾਖ ਭੂਚਾਲ) ’ਚ 2,07,22,670 ਅਤੇ 2013 (ਉੱਤਰਾਖੰਡ) ’ਚ 8,00,00,001 ਰੁਪਏ ਲੋਕਾਂ ਦੀ ਸਹਾਇਤਾ ਨਾਲ ਭੇਟ ਕੀਤੇ।
ਇਕ ਵਾਰ ਮੈਂ ਦਿੱਲੀ ’ਚ ਉਨ੍ਹਾਂ ਨੂੰ ਸ਼ਹੀਦ ਪਰਿਵਾਰ ਫੰਡ ਦੀ ਰਾਸ਼ੀ ਭੇਟ ਕਰਨ ਗਿਆ ਕਿਉਂਕਿ ਮੈਂ ਸਾਢੇ ਚਾਰ ਵਜੇ ਦੀ ਗੱਡੀ ਵੀ ਫੜਨੀ ਸੀ ਅਤੇ ਉਨ੍ਹਾਂ ਦੇ ਸਟਾਫ ਨੇ ਮੈਨੂੰ ਲੇਟ ਕਰ ਦਿੱਤਾ ਸੀ, ਉਨ੍ਹਾਂ ਨੇ ਮੈਨੂੰ ਕਿਹਾ ਕਿ, ‘‘ਤੁਹਾਨੂੰ ਚਾਹ ਪੀ ਕੇ ਹੀ ਜਾਣਾ ਪਵੇਗਾ।’’ ਜਦੋਂ ਵੀ ਮਨਮੋਹਨ ਸਿੰਘ ਜੀ ਕਿਸੇ ਵਿਦੇਸ਼ ਯਾਤਰਾ ’ਤੇ ਜਾਂਦੇ ਤਾਂ ਦੇਸ਼ ਦੇ ਹੋਰ ਪੱਤਰਕਾਰਾਂ ਦੇ ਨਾਲ ਮੈਨੂੰ ਵੀ ਆਪਣੇ ਨਾਲ ਲੈ ਜਾਂਦੇ।
ਜਦੋਂ ਉਨ੍ਹਾਂ ਨੂੰ ਮੇਰੀ ਧਰਮਪਤਨੀ (ਸਵਰਗੀ) ਸਵਦੇਸ਼ ਜੀ ਦੇ ਗੰਭੀਰ ਬੀਮਾਰ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ‘ਅਪੋਲੋ ਹਸਪਤਾਲ’ ਵਾਲਿਆਂ ਨੂੰ ਉਨ੍ਹਾਂ ਦਾ ਸਰਵੋਤਮ ਇਲਾਜ ਕਰਨ ਲਈ ਕਿਹਾ ਤੇ ਹਰ ਵਾਰ ਜਦੋਂ ਵੀ ਉਹ ਮੈਨੂੰ ਮਿਲਦੇ ਤਾਂ ਜ਼ਰੂਰ ਪੁੱਛਦੇ ਕਿ, ‘‘ਹਾਊ ਇਜ਼ ਸ਼ੀ?’’
ਇਹੀ ਨਹੀਂ, ਜਦੋਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੇ ਸਨਮਾਨ ’ਚ ਡਾਕ ਵਿਭਾਗ ਵੱਲੋਂ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਦੀ ਗੱਲ ਚੱਲੀ ਤਾਂ ਉਨ੍ਹਾਂ ਦਾ ਸੰਦੇਸ਼ ਆਇਆ ਕਿ, ‘‘ਇਹ ਟਿਕਟ ਮੈਂ ਰਿਲੀਜ਼ ਕਰਾਂਗਾ ਅਤੇ ਮੇਰੀ ਕੋਠੀ ’ਚ ਸਭ ਲਈ ਚਾਹ ਆਦਿ ਦਾ ਵੀ ਪ੍ਰਬੰਧ ਹੋਵੇਗਾ।’’
9 ਸਤੰਬਰ, 2013 ਨੂੰ ਲਾਲਾ ਜੀ ਦੇ ਬਲੀਦਾਨ ਦਿਵਸ ’ਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਪਿੱਛੋਂ ਗੈਰ-ਰਸਮੀ ਗੱਲਬਾਤ ’ਚ ਸ. ਮਨਮੋਹਨ ਸਿੰਘ ਨੇ ਕਿਹਾ ਸੀ ਕਿ, ‘‘ਹਿੰਦੂ ਕਾਲਜ ਅੰਮ੍ਰਿਤਸਰ ’ਚ ਪੜ੍ਹਾਈ ਦੌਰਾਨ ਡਿਗਰੀ ਵੰਡ ਸਮਾਰੋਹ ’ਤੇ ਲਾਲਾ ਜੀ ਦਾ ਦਿੱਤਾ ਹੋਇਆ ਭਾਸ਼ਣ ਮੈਨੂੰ ਅੱਜ ਤੱਕ ਯਾਦ ਹੈ।’’ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ, ‘‘ਲਾਲਾ ਜੀ ਦੇ ਸਿੱਖਿਆ ਮੰਤਰੀ ਰਹਿਣ ਦੇ ਨਾਤੇ ਮੈਂ ਉਨ੍ਹਾਂ ਦਾ ਸ਼ਗਿਰਦ ਹਾਂ।’’
ਹੈਰਾਨੀ ਉਸ ਸਮੇਂ ਹੋਈ ਜਦੋਂ ਉਸ ਦਿਨ ਉਹ ਖੁਦ ਚਾਹ ਬਣਾ ਕੇ ਮੇਰੇ ਕੋਲ ਲਿਆਏ ਅਤੇ ਮੇਰੇ ਇਤਰਾਜ਼ ਕਰਨ ’ਤੇ ਬੋਲੇ, ‘‘ਤੁਸੀਂ ਮੇਰੇ ਤੋਂ ਕਈ ਮਹੀਨੇ ਵੱਡੇ ਹੋ।’’
ਉਹ ਸਮੇਂ ਦੇ ਵੀ ਬਹੁਤ ਪਾਬੰਦ ਸਨ। ਇਕ ਵਾਰ ਜਦੋਂ ਉਹ ਸ਼ਹੀਦ ਪਰਿਵਾਰ ਫੰਡ ਦੇ ਸਮਾਗਮ ’ਚ ਆਏ ਤਾਂ ਸਮਾਗਮ ਦੀ ਸਮਾਪਤੀ ਪਿੱਛੋਂ ਉਨ੍ਹਾਂ ਨੇ ਮੈਨੂੰ ਕਿਹਾ, ‘‘ਮੈਨੂੰ 5 ਵਜੇ ਸਟੇਸ਼ਨ ’ਤੇ ਪਹੁੰਚਾ ਦਿਓ।’’ ਮੇਰੇ ਇਹ ਕਹਿਣ ’ਤੇ ਕਿ ਗੱਡੀ ਤਾਂ 6 ਵਜੇ ਜਾਂਦੀ ਹੈ, ਉਨ੍ਹਾਂ ਨੇ ਜਵਾਬ ਦਿੱਤਾ, ‘‘ਸਮੇਂ ਤੋਂ ਪਹਿਲਾਂ ਹੀ ਸਟੇਸ਼ਨ ’ਤੇ ਪੁੱਜਣਾ ਚਾਹੀਦਾ ਹੈ।’’
ਕਾਫੀ ਸਮਾਂ ਪਹਿਲਾਂ ਜਦੋਂ ‘ਪੰਜਾਬ ਸਿੰਧ ਬੈਂਕ’ ’ਚ ਸਾਡਾ ਖਾਤਾ ਸੀ ਜੋ ਥੋੜ੍ਹੇ ਸਮੇਂ ਲਈ ਘਾਟੇ ’ਚ ਚੱਲ ਰਿਹਾ ਸੀ। ਉਨ੍ਹੀਂ ਦਿਨੀ ਉੱਥੇ ਆਏ ਨਵੇਂ ਚੇਅਰਮੈਨ ਨੇ, ਜੋ ਜਲੰਧਰ ਦੇ ਹੀ ਰਹਿਣ ਵਾਲੇ ਸਨ, ਆ ਦੇਖਿਆ ਨਾ ਤਾ, ਸਾਰੇ ਲੋਨ ਲੈਣ ਵਾਲਿਆਂ ਦੇ ਖਾਤਿਆਂ ’ਚ ਰਕਮਾਂ ਪੁਆ ਕੇ ਉਸ ਸਾਲ ਦੇ ਘਾਟੇ ਨੂੰ ਖ਼ਤਮ ਕਰ ਦਿੱਤਾ। ਇਹ ਖਾਤਾਧਾਰਕਾਂ ’ਤੇ ਇਕ ਫਾਲਤੂ ਬੋਝ ਸੀ।
ਜਦੋਂ ਮੈਂ ਮਨਮੋਹਨ ਸਿੰਘ ਜੀ ਨੂੰ ਮਿਲ ਕੇ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਫੌਰਨ ਐਕਸ਼ਨ ਲੈਂਦੇ ਹੋਏ ਚੇਅਰਮੈਨ ਨੂੰ ਕਿਹਾ ਕਿ ਇਹ ਗਲਤ ਹੋਇਆ ਹੈ ਅਤੇ ਇਸ ਗਲਤੀ ਨੂੰ ਤੁਰੰਤ ਸੁਧਾਰਿਆ ਜਾਵੇ ਜਿਸ ਪਿੱਛੋਂ ਸਭ ਠੀਕ ਹੋ ਗਿਆ। ਬੈਂਕ ਦੇ ਚੇਅਰਮੈਨ ਨੇ ਖੁਦ ਮੈਨੂੰ ਬੁਲਾ ਕੇ ਇਹ ਗੱਲ ਦੱਸੀ ਅਤੇ ਆਪਣੀ ਗਲਤੀ ਮੰਨੀ। ਅੱਜ ਜਦੋਂ ਮਨਮੋਹਨ ਸਿੰਘ ਜੀ ਸਾਡੇ ਦਰਮਿਆਨ ਨਹੀਂ ਰਹੇ, ਮੈਂ ਉਨ੍ਹਾਂ ਦੀਆਂ ਕੁਝ ਯਾਦਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਵਰਗੀ ਨਿਰਮਤਾ, ਸਾਦਗੀ ਅਤੇ ਈਮਾਨਦਾਰੀ ਮੈਂ ਘੱਟ ਹੀ ਲੋਕਾਂ ’ਚ ਦੇਖੀ ਹੈ।
ਉਨ੍ਹਾਂ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਮੁਕਤ ਹੋਣ ਪਿੱਛੋਂ ਵੀ ਦਿੱਲੀ ਜਾਣ ’ਤੇ ਮੈਂ ਜਦੋਂ ਵੀ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਜਾਂਦਾ ਤਾਂ ਉਹ ਦਰਵਾਜ਼ੇ ਤੱਕ ਮੈਨੂੰ ਛੱਡਣ ਆਉਂਦੇ। ਹਾਲਾਂਕਿ ਮਨਮੋਹਨ ਸਿੰਘ ਜੀ ਨੂੰ ਉਨ੍ਹਾਂ ਦੀ ਜ਼ਿੰਦਗੀ ’ਚ ਕਈ ਸਨਮਾਨ ਮਿਲੇ ਪਰ ਉਨ੍ਹਾਂ ਦੀ ਯੋਗਤਾ ਅਤੇ ਈਮਾਨਦਾਰੀ ਨੂੰ ਦੇਖਦੇ ਹੋਏ ਉਹ ਬਹੁਤ ਘੱਟ ਹਨ। ਉਨ੍ਹਾਂ ਨੂੰ ਜਿੰਨਾ ਸਨਮਾਨ ਦਿੱਤਾ ਗਿਆ, ਉਹ ਉਸ ਤੋਂ ਕਿਤੇ ਵੱਧ ਦੇ ਹੱਕਦਾਰ ਸਨ।
–ਵਿਜੇ ਕੁਮਾਰ