ਪਲਾਸਟਿਕ ਡੋਰ : ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ

Thursday, Feb 15, 2024 - 01:32 PM (IST)

ਸਰਦ-ਰੁੱਤ ਦੀ ਕੜਕਦੀ ਠੰਢ ਦੀ ਵਿਦਾਇਗੀ ਅਤੇ ਮਨਭਾਉਂਦੀ ਬਸੰਤ ਦੇ ਆਗਮਨ ਦਰਮਿਆਨ ਸੋਹਣੇ ਮੌਸਮ ਦਾ ਅਹਿਸਾਸ ਇਕ ਸੁਖਦ ਪਾਸਾ ਲੈਣ ਲੱਗਦਾ ਹੈ। ਨਿੱਖਰੇ ਅਸਮਾਨ ਦੀ ਖੂਬਸੂਰਤੀ ਕਈ ਗੁਣਾ ਵਧ ਜਾਂਦੀ ਹੈ ਜਦੋਂ ਮਸਤੀ ਭਰੀਆਂ ਵੱਖ-ਵੱਖ ਰੰਗਾਂ ਦੀਆਂ ਪਤੰਗਾਂ ਇਧਰ-ਓਧਰ ਝੂਮਦੀਆਂ ਦਿਖਾਈ ਦਿੰਦੀਆਂ ਹਨ। ਲੋਹੜੀ, ਮਾਘੀ, ਬਸੰਤ ਪੰਚਮੀ ਸਾਡੇ ਸੱਭਿਆਚਾਰਕ ਤੀਜ-ਤਿਉਹਾਰ ਪਤੰਗਬਾਜ਼ੀ ਬਿਨਾਂ ਜਿਵੇਂ ਅਧੂਰੇ ਮੰਨੇ ਜਾਂਦੇ ਹਨ। ਇਨ੍ਹਾਂ ਦਿਹਾੜਿਆਂ ’ਤੇ ਵਿਸ਼ੇਸ਼ ਤੌਰ ’ਤੇ ਪਤੰਗ ਉਡਾਉਣ ਦੀ ਰਵਾਇਤ ਸਦੀਆਂ ਤੋਂ ਚੱਲੀ ਆ ਰਹੀ ਹੈ।

ਤਬਦੀਲੀ ਦੇ ਇਸ ਦੌਰ ’ਚ ਜਿੱਥੇ ਪਤੰਗਾਂ ਦੇ ਮਨਭਾਉਂਦੇ ਰੂਪਾਂ ’ਚ ਨਵੀਨਤਾ ਦੇਖੀ ਜਾ ਰਹੀ ਹੈ, ਉੱਥੇ ਹੀ ਰਵਾਇਤੀ ਮਾਂਝੇ ਦੀ ਥਾਂ ’ਤੇ ਪਲਾਸਟਿਕ ਡੋਰ ਦੀ ਚੋਣ ਸੁਰੱਖਿਆ ਦੇ ਲਿਹਾਜ਼ ਨਾਲ ਅੱਜ ਇਕ ਚਿੰਤਾਜਨਕ ਵਿਸ਼ਾ ਬਣ ਚੁੱਕਿਆ ਹੈ। ਪਲਾਸਟਿਕ ਤੋਂ ਬਣੀ ਮਜ਼ਬੂਤ ਡੋਰ ਨਾ ਸਿਰਫ ਮਨੁੱਖਾਂ ’ਤੇ ਘਾਤਕ ਵਾਰ ਕਰ ਰਹੀ ਹੈ ਸਗੋਂ ਮਾਸੂਮ ਪਰਿੰਦਿਆਂ- ਜਾਨਵਰਾਂ ਨੂੰ ਜ਼ਖਮੀ ਕਰਨ ਦਾ ਸਬੱਬ ਵੀ ਬਣ ਰਹੀ ਹੈ।

ਅਸਲ ’ਚ, ਪਤੰਗਬਾਜ਼ੀ ’ਚ ਵਰਤਿਆ ਜਾਣ ਵਾਲਾ ਮਾਂਝਾ ਪਹਿਲਾਂ ਸਵਦੇਸ਼ੀ ਪੱਧਰ ’ਤੇ ਤਿਆਰ ਕੀਤਾ ਜਾਂਦਾ ਹੈ। ਪੰਜਾਬ ਅਤੇ ਉੱਤਰ ਪ੍ਰਦੇਸ਼ ਦਾ ਬਰੇਲੀ ਸ਼ਹਿਰ ਰਵਾਇਤੀ ਸੂਤੀ ਡੋਰ ਬਣਾਉਣ ਲਈ ਖਾਸ ਤੌਰ ’ਤੇ ਜਾਣੇ ਜਾਂਦੇ ਸਨ। ਪਤੰਗਾਂ ਕੱਟ ਕੇ ਡਿੱਗਦੀਆਂ ਤਾਂ ਸੂਤੀ ਡੋਰ ਨਾਲ ਕਿਸੇ ਤਰ੍ਹਾਂ ਦੀ ਜਾਨੀ ਹਾਨੀ ਨਹੀਂ ਹੁੰਦੀ ਪਰ ਜਦੋਂ ਤੋਂ ਮੁਕਤ ਵਪਾਰ ਵਿਵਸਥਾ ਦੇ ਤਹਿਤ ਚੀਨ ਤੋਂ ਦਰਾਮਦ ਸਸਤੀ ਅਤੇ ਮਜ਼ਬੂਤ ਡੋਰ ਨੇ ਪੰਜਾਬ ’ਚ ਪ੍ਰਵੇਸ਼ ਕੀਤਾ, ਰਵਾਇਤੀ ਡੋਰ ਦੇ ਕਾਰੋਬਾਰ ਨੂੰ ਹਿਲਾ ਕੇ ਰੱਖ ਦਿੱਤਾ। ਅੰਦਾਜ਼ੇ ਅਨੁਸਾਰ, ਇਕ ਹਜ਼ਾਰ ਮੀਟਰ ਦੀ ਇਕ ਆਮ ਸੂਤੀ ਡੋਰ ਦੀ ਇਕ ਚਰਖੀ ਦੀ ਕੀਮਤ ’ਤੇ ਲਗਭਗ 4 ਹਜ਼ਾਰ ਮੀਟਰ ਲੰਬੀ ਪਲਾਸਟਿਕ ਡੋਰ ਦੀ ਚਰਖੀ ਖਰੀਦੀ ਜਾ ਸਕਦੀ ਹੈ।

ਪਤੰਗ ਵਪਾਰੀਆਂ ਮੁਤਾਬਕ, ਨਾਇਲਨ ਜਾਂ ਸਿੰਥੈਟਿਕ ਧਾਗੇ ਤੋਂ ਬਣੀ ਇਸ ਡੋਰ ਨੂੰ ਵੱਧ ਧਾਰਦਾਰ ਬਣਾਉਣ ਲਈ ਰਸਾਇਣਕ ਪਾਊਡਰ ਤੇ ਹੋਰ ਧਾਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਲਪੇਟ ’ਚ ਆਉਣ ਨਾਲ ਗਲ਼ ਤੱਕ ਵੱਢਿਆ ਜਾ ਸਕਦਾ ਹੈ। ਬਿਜਲੀ ਸੰਵਾਹਕ ਹੋਣ ਕਾਰਨ ਸੂਬੇ ’ਚ ਪਾਬੰਦੀਆਂ ਹੋਣ ਦੇ ਬਾਵਜੂਦ, ਸਸਤੀ ਤੇ ਮਜ਼ਬੂਤ ਹੋਣ ਕਾਰਨ ਇਸ ਦੀ ਮੰਗ ਬਰਾਬਰ ਬਣੀ ਹੋਈ ਹੈ। ਕਈ ਜ਼ਿਲਿਆਂ ’ਚ ਪੁਲਸ ਪ੍ਰਸ਼ਾਸਨ ਵੱਲੋਂ ਸਖਤਾਈ ਵਰਤਣ ਦੇ ਬਾਵਜੂਦ ਪਲਾਸਟਿਕ ਡੋਰ ਦਾ ਧੜੱਲੇ ਨਾਲ ਵਿਕਣਾ ਜਾਰੀ ਹੈ।

ਪਲਾਸਟਿਕ ਡੋਰ ਦੀ ਨਾਜਾਇਜ਼ ਵਿਕਰੀ ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਬੀਤੇ ਹਫਤੇ, ਜਲੰਧਰ ਦੀ ਇਕ ਐਕਟਿਵਾ ਸਵਾਰ ਲੜਕੀ ਦਾ ਗਲਾ ਅਚਾਨਕ ਹੀ ਪਲਾਸਟਿਕ ਡੋਰ ਦੀ ਲਪੇਟ ’ਚ ਆ ਜਾਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਡੋਰ ਹਟਾਉਣ ਦੀ ਕੋਸ਼ਿਸ਼ ’ਚ ਹੱਥ ਦੀਆਂ ਦੋ ਉਂਗਲੀਆਂ ਵੀ ਵੱਢੀਆਂ ਗਈਆਂ। ਇਸੇ ਤਰ੍ਹਾਂ ਸਥਾਨਕ ਵਾਸੀ ਮਕੈਨਿਕ ਦਾ ਗਲਾ ਅਤੇ ਨੱਕ ਪਲਾਸਟਿਕ ਡੋਰ ਕਾਰਨ ਵੱਢੇ ਗਏ।

ਸੂਚੀ ਬੜੀ ਲੰਬੀ ਹੈ, ਪਲਾਸਟਿਕ ਡੋਰ ਨਾਲ ਹਾਦਸੇ ਦਾ ਕੋਈ ਨਾ ਕੋਈ ਮਾਮਲਾ ਅਕਸਰ ਧਿਆਨ ’ਚ ਆ ਹੀ ਜਾਂਦਾ ਹੈ। ਬੀਤੇ 2 ਸਾਲਾਂ ’ਚ 50 ਤੋਂ ਵੱਧ ਲੋਕ ਇਸ ਦੀ ਮਾਰ ਦਾ ਸ਼ਿਕਾਰ ਬਣ ਚੁੱਕੇ ਹਨ। ਹੱਤਿਆਰੀ ਪਲਾਸਟਿਕ ਡੋਰ ਇਕ ਬੱਚੇ ਸਮੇਤ 2 ਲੋਕਾਂ ਦੀ ਜਾਨ ਵੀ ਲੈ ਚੁੱਕੀ ਹੈ।

ਹਾਦਸਿਆਂ ਦਾ ਇਹ ਦੌਰ ਸਮਾਜਿਕ ਕੁਰੀਤੀ ਦਾ ਮਸਲਾ ਨਾ ਹੋ ਕੇ ਅਸਲ ’ਚ ਕਾਨੂੰਨ-ਵਿਵਸਥਾ ਦਾ ਸਵਾਲ ਬਣ ਚੁੱਕਾ ਹੈ। ਪੁਲਸ ਵੱਲੋਂ ਆਏ ਦਿਨ ਛਾਪੇਮਾਰੀ, ਗ੍ਰਿਫਤਾਰੀਆਂ ਕਰਨ ਅਤੇ ਪਲਾਸਟਿਕ ਡੋਰ ਵਿਰੁੱਧ ਵਿਆਪਕ ਮੁਹਿੰਮ ਚਲਾਉਣ ਦੀ ਦਾਅਵੇਦਾਰੀ ਦੇ ਬਾਵਜੂਦ ਹਾਲਾਤ ਨਾ ਸੁਧਰਨਾ ਅਫਸੋਸਨਾਕ ਹੈ।

ਅਸਲ ’ਚ, ਪਲਾਸਟਿਕ ਡੋਰ ਦੀ ਵਰਤੋਂ ਕਰਨ ਵਾਲਾ ਵਿਅਕਤੀ ਮਾਮਲੇ ’ਚ ਬਰਾਬਰ ਤੌਰ ’ਤੇ ਦੋਸ਼ੀ ਹੋਣ ’ਤੇ ਵੀ ਅਕਸਰ ਪਕੜ ’ਚ ਨਹੀਂ ਆਉਂਦਾ। ਜੀਵਨ ’ਤੇ ਕਹਿਰ ਵਰ੍ਹਾਉਣ ਵਾਲੀ ਡੋਰ ਅਸਲ ’ਚ ਕਿਥੋਂ ਤੇ ਕਿਨ੍ਹਾਂ ਹੱਥਾਂ ਰਾਹੀਂ ਸੰਚਾਲਿਤ ਹੋਈ, ਪਤਾ ਲਾ ਸਕਣਾ ਮੁਸ਼ਕਲ ਹੈ। ਯਤਨ ਕਰਨ ’ਤੇ ਵੀ ਪੁਲਸ ਦੀ ਗ੍ਰਿਫਤ ’ਚ ਸਿਰਫ ਵਿਕ੍ਰੇਤਾ ਹੀ ਆਉਂਦੇ ਹਨ। ਸਰਕਾਰੀ ਹੁਕਮ ਦੀ ਉਲੰਘਣਾ ਦੇ ਦੋਸ਼ ’ਚ ਧਾਰਾ-188 ਲਾਗੂ ਹੁੰਦੀ ਹੈ ਜਿਸ ਦੇ ਤਹਿਤ ਸਿਰਫ 1 ਮਹੀਨੇ ਦੀ ਸਜ਼ਾ ਅਤੇ 200 ਮਹੀਨੇ ਦਾ ਜੁਰਮਾਨਾ ਹੈ। ਸਪੱਸ਼ਟ ਸ਼ਬਦਾਂ ’ਚ, ਇਸ ਨੂੰ ਸਜ਼ਾ ਦੇ ਨਾਂ ’ਤੇ ਸਿਰਫ ਖਾਨਾਪੂਰਤੀ ਹੀ ਕਹਾਂਗੇ।

ਘਟਨਾਵਾਂ ’ਤੇ ਲਗਾਮ ਲਾਉਣ ਦੇ ਮੰਤਵ ਨਾਲ ਜਾਂ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਉਚਿਤ ਸਜ਼ਾ ਦੇਣ ਦੇ ਆਧਾਰ ’ਤੇ ਇਹ ਸਜ਼ਾ ਪ੍ਰਕਿਰਿਆ ਨਾਕਾਫੀ ਹੈ। ਵਧੇਰੇ ਮਾਮਲਿਆਂ ’ਚ ਤੁਰੰਤ ਜ਼ਮਾਨਤ ’ਤੇ ਰਿਹਾਅ ਹੋਏ ਦੋਸ਼ੀ ਮੁੜ ਇਸ ਵਪਾਰ ’ਚ ਸਰਗਰਮ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਸਬੰਧਤ ਮਾਮਲਿਆਂ ’ਚ ਹੋ ਰਹੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਪੰਜਾਬ ’ਚ ਖੂਨੀ ਡੋਰ ਵੇਚਣ ਵਾਲਿਆਂ ਵਿਰੁੱਧ ਧਾਰਾ-188 ਦੀ ਬਜਾਏ ਭਾਰਤੀ ਦੰਡਾਵਲੀ ਦੀ ਧਾਰਾ-307 ਅਧੀਨ ਕਾਰਵਾਈ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ।

ਯਕੀਨੀ ਹੀ, ਪਤੰਗਬਾਜ਼ੀ ਸਾਡੀ ਖੁਸ਼ਹਾਲ ਸੱਭਿਆਚਾਰਕ ਰਵਾਇਤ ਦਾ ਅਨਿੱਖੜਵਾਂ ਅੰਗ ਹੈ। ਵਿਰਾਸਤੀ ਸੰਦਰਭ ’ਚ ਜ਼ਰੂਰ ਇਸ ਖੇਡ ਨੂੰ ਅੱਗੇ ਲਿਜਾਣਾ ਚਾਹੀਦਾ ਹੈ ਪਰ ਕਿਸੇ ਦੀ ਜ਼ਿੰਦਗੀ ਦੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਨਹੀਂ। ਸੰਵੇਦਨਾਵਾਂ ਨੂੰ ਪੋਸ਼ਿਤ ਕਰਨ ਵਾਲਾ ਸਾਡਾ ਸੱਭਿਆਚਾਰ ਆਨੰਦ ਦੀ ਆੜ ’ਚ ਕਿਸੇ ਦੀ ਵੀ ਜ਼ਿੰਦਗੀ ’ਤੇ ਹਮਲਾ ਕਰਨ ਦੀ ਇਜਾਜ਼ਤ ਕਦੀ ਨਹੀਂ ਦਿੰਦਾ। ਥੋੜ੍ਹੇ ਜਿਹੇ ਲਾਭ ਖਾਤਰ ਹਾਦਸਿਆਂ ਨੂੰ ਸੱਦਾ ਦੇਣਾ ਨਾ ਤਾਂ ਖਰੀ ਸੌਦੇਬਾਜ਼ੀ ਹੈ ਅਤੇ ਨਾ ਹੀ ਗਾਹਕ ਦੇ ਤੌਰ ’ਤੇ ਸਮਝਦਾਰੀ।

ਧੰਦੇ ਦੇ ਨਾਂ ’ਤੇ ਖੂਨੀ ਮੁਨਾਫਾਖੋਰੀ ਬਟੋਰਨ ਵਾਲੇ ਸੌਦੇਬਾਜ਼ ਜੇ ਸਮਾਜ ਦੇ ਅਪਰਾਧੀ ਹਨ ਤਾਂ ਇਸ ਗੁਨਾਹ ’ਚ ਉਹ ਗੈਰ-ਜ਼ਿੰਮੇਵਾਰ ਮਾਪੇ ਵੀ ਬਰਾਬਰ ਦੇ ਸ਼ਰੀਕ ਹਨ,ਜੋ ਖੇਡ ਦੇ ਨਾਂ ’ਤੇ ਆਪਣੇ ਬੱਚਿਆਂ ਨੂੰ ਆਫਤ ਖਰੀਦ ਕੇ ਦੇਣ ’ਚ ਸਹਾਇਕ ਬਣਨ ਤੋਂ ਰੱਤੀ ਭਰ ਵੀ ਝਿਜਕਦੇ ਨਹੀਂ। ਆਪਣੀ ਲਾਪਰਵਾਹੀ ਜਾਂ ਬੱਚਿਆਂ ਦੀ ਜ਼ਿੱਦ ’ਚ ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਮਾਜ ਨੂੰ ਸੁਰੱਖਿਅਤ ਬਣਾਈ ਰੱਖਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

ਹਾਦਸਿਆਂ ’ਤੇ ਲਗਾਮ ਲਾਉਣਾ ਉਦੋਂ ਹੀ ਸੰਭਵ ਹੈ ਜਦੋਂ ਪੁਲਸ-ਪ੍ਰਸ਼ਾਸਨ ਦਾਅਵੇਦਾਰੀ ਦੀ ਬਜਾਏ ਡਿਊਟੀ ਪ੍ਰਤੀ ਸ਼ਰਧਾ ਨੂੰ ਵੱਧ ਮਹੱਤਵ ਦੇਵੇ। ਅਪਰਾਧੀ ਜਦ ਨਿਯਮਾਂ ਨੂੰ ਸ਼ਰੇਆਮ ਤਾਕ ’ਤੇ ਰੱਖ ਕੇ ਕਾਨੂੰਨ ਦੀ ਉਲੰਘਣਾ ਕਰਨ ਲੱਗਣ ਤਾਂ ਸਮੇਂ ਤੇ ਹਾਲਾਤ ਦੇ ਮੱਦੇਨਜ਼ਰ ਕਾਨੂੰਨ ’ਚ ਲੋੜੀਂਦੀ ਤਬਦੀਲੀ ਲਿਆਉਣਾ ਜ਼ਰੂਰੀ ਹੋ ਜਾਂਦੀ ਹੈ। ਇਹ ਨਾ ਭੁੱਲੋ ਕਿ ‘ਲਾਤੋਂ ਕੇ ਭੂਤ, ਬਾਤੋਂ ਸੇ ਨਹੀਂ ਮਾਨਤੇ।’

ਹਾਦਸੇ ਆਪਣੇ-ਪਰਾਏ ’ਚ ਭੇਦ ਨਹੀਂ ਕਰਦੇ, ਉਹ ਤਾਂ ਬਸ ਆਸਮਾਨ ਤੋਂ ਕਹਿਰ ਬਣ ਕੇ ਟੁੱਟਦੇ ਹਨ। ਸਾਡੇ ਹੱਥੋਂ ਵਿਕੀ ਜਾਂ ਖਰੀਦੀ ਪਲਾਸਟਿਕ ਡੋਰ ਕੀ ਪਤਾ ਕਦੋਂ, ਕਿੱਥੋਂ ਕੋਈ ਮਾਤਮੀ ਸੁਨੇਹਾ ਲੈ ਆਵੇ। ਜੇ ਇੰਨਾ ਹੀ ਵਿਚਾਰ ਲਈਏ ਤਾਂ ਪਲਾਸਟਿਕ ਡੋਰ ਉਤਪਾਦਨ-ਭੰਡਾਰਨ, ਖਰੀਦ-ਵੇਚ ਦਾ ਸਿਲਸਿਲਾ ਖੁਦ- ਬ-ਖੁਦ ਰੁਕ ਜਾਵੇਗਾ।

ਦੀਪਿਕਾ ਅਰੋੜਾ


Rakesh

Content Editor

Related News