ਪੈਟਰੋਲ ਬਣਿਆ ਸਿਰਦਰਦ
Sunday, Jun 13, 2021 - 02:27 AM (IST)

ਡਾ. ਵੇਦਪ੍ਰਤਾਪ ਵੈਦਿਕ
ਪੈਟਰੋਲ ਅਤੇ ਡੀਜ਼ਲ ਦੇ ਭਾਅ ਅੱਜ ਜਿੰਨੇ ਵਧੇ ਹੋਏ ਹਨ, ਪਹਿਲਾਂ ਕਦੀ ਨਹੀਂ ਵਧੇ। ਉਹ ਜਿਸ ਰਫਤਾਰ ਨਾਲ ਵਧ ਰਹੇ ਹਨ, ਜੇਕਰ ਉਸੇ ਰਫਤਾਰ ਨਾਲ ਵਧਦੇ ਰਹੇ ਤਾਂ ਦੇਸ਼ ਦੀਆਂ ਕਾਰਾਂ, ਬੱਸਾਂ, ਟ੍ਰੈਕਟਰ, ਰੇਲਾਂ ਆਦਿ ਖੜ੍ਹੀਆਂ-ਖੜ੍ਹੀਆਂ ਜੰਗ ਖਾਣ ਲੱਗਣਗੀਆਂ। ਦੇਸ਼ ਦੀ ਅਰਥਵਿਵਸਥਾ ਚੌਪਟ ਹੋ ਜਾਵੇਗੀ। ਮਹਿੰਗਾਈ ਆਸਮਾਨ ਛੂਹਣ ਲੱਗੇਗੀ। ਦੇਸ਼ ’ਚ ਵਿਰੋਧੀ ਪਾਰਟੀਆਂ ਇਸ ਬਾਰੇ ਕੁਝ ਰੌਲਾ ਜ਼ਰੂਰ ਪਾ ਰਹੀਆਂ ਹਨ ਪਰ ਉਨ੍ਹਾਂ ਦੀ ਆਵਾਜ਼ ਦਾ ਅਸਰ ਨਿਗਾਰਖਾਨੇ ’ਚ ਤੂਤੀ ਵਾਂਗ ਡੁੱਬਦਾ ਜਾ ਰਿਹਾ ਹੈ।
ਕੋਰੋਨਾ ਮਹਾਮਾਰੀ ਨੇ ਇੰਨੀ ਜ਼ੋਰ ਦੀ ਡੰਕਾ ਵਜਾਇਆ ਹੋਇਆ ਹੈ ਕਿ ਇਸ ਸਮੇਂ ਕੋਈ ਵੀ ਕਿੰਨਾ ਵੀ ਰੌਲਾ ਪਾਵੇ, ਉਸ ਦੀ ਆਵਾਜ਼ ਕੋਈ ਕੰਬਣੀ ਪੈਦਾ ਨਹੀਂ ਕਰ ਰਹੀ। ਇਸ ਸਮੇਂ ਦੇਸ਼ ਦੇ ਛੇ ਸੂਬਿਆਂ ’ਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਉਪਰ ਪਹੁੰਚ ਗਈ ਹੈ। ਰਾਜਸਥਾਨ ਦੇ ਸ਼੍ਰੀਗੰਗਾਨਗਰ ’ਚ ਇਹੀ ਪੈਟਰੋਲ 110 ਰੁਪਏ ਤੱਕ ਚਲਾ ਗਿਆ ਹੈ। ਪਿਛਲੇ ਸਵਾ ਮਹੀਨੇ ’ਚ ਪੈਟਰੋਲ ਦੀਆਂ ਕੀਮਤਾਂ ’ਚ 22 ਵਾਰ ਵਾਧਾ ਹੋ ਚੁੱਕਾ ਹੈ। ਉਸ ਦੀ ਕੀਮਤ ਨੂੰ ਬੂੰਦ-ਬੂੰਦ ਕਰ ਕੇ ਵਧਾਇਆ ਜਾਂਦਾ ਹੈ।
ਦੂਸਰੇ ਸ਼ਬਦਾਂ ’ਚ ਚਪੇੜ ਮਾਰਨ ਵਾਂਗ ਚੂਨਾ ਲਗਾਇਆ ਜਾਂਦਾ ਹੈ। ਸਰਕਾਰ ਨੇ ਇਧਰ ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾ ਦਿੱਤਾ ਹੈ। ਇਹ ਚੰਗਾ ਕੀਤਾ ਹੈ ਪਰ ਕਿੰਨਾ ਵਧਾਇਆ ਹੈ? ਇਕ ਤੋਂ ਛੇ ਫੀਸਦੀ ਤੱਕ ਜਦਕਿ ਪੈਟਰੋਲ ਦੀਆਂ ਕੀਮਤਾਂ ਇਕ ਸਾਲ ’ਚ ਲਗਭਗ 35 ਫੀਸਦੀ ਅਤੇ ਡੀਜ਼ਲ ਦੀਆਂ 25 ਫੀਸਦੀ ਤੱਕ ਵੱਧ ਚੁੱਕੀਆਂ ਹਨ। ਖੇਤੀ-ਕਿਸਾਨੀ ਦੀ ਹਰ ਚੀਜ਼ ’ਤੇ ਵਧੇ ਟੈਕਸ ਦੇ ਇਸ ਦੌਰ ’ਚ ਤੇਲ ਦੀ ਕੀਮਤ ਦਾ ਵਧਣਾ ਕੋਹੜ ’ਚ ਖੁਰਕ ਦਾ ਕੰਮ ਕਰੇਗਾ।
ਅੱਜ ਦੇ ਯੁੱਗ ’ਚ ਪੈਟਰੋਲ ਅਤੇ ਡੀਜ਼ਲ ਦੇ ਬਿਨਾਂ ਆਵਾਜਾਈ ਲਈ ਟਰਾਂਸਪੋਰਟ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਭਾਰਤ ਦੀ ਇਕ ਨੁੱਕਰ ’ਚ ਪੈਦਾ ਹੋਣ ਵਾਲਾ ਮਾਲ ਦੇਸ਼ ਦੀ ਦੂਸਰੀ ਨੁੱਕਰ ਵਿਚ ਵਿਕਦਾ ਹੈ ਭਾਵ ਉਸਨੂੰ ਦੋ ਤੋਂ ਤਿੰਨ ਹਜ਼ਾਰ ਕਿਲੋਮੀਟਰ ਤੱਕ ਸਫਰ ਕਰਨਾ ਪੈਂਦਾ ਹੈ। ਹੁਣ ਤਾਂ ਹਾਲ ਇਹ ਹੋਵੇਗਾ ਕਿ ਕਿਸੇ ਚੀਜ਼ ਦੀ ਮੂਲ ਕੀਮਤ ਤੋਂ ਵੱਧ ਕੀਮਤ ਉਸ ਦੀ ਆਵਾਜਾਈ ਦੀ ਹੋਇਆ ਕਰੇਗੀ। ਦੂਜੇ ਸ਼ਬਦਾਂ ’ਚ ਮਹਿੰਗਾਈ ਆਸਮਾਨ ਛੂਹਣ ਲੱਗੇਗੀ।
ਇਹ ਠੀਕ ਹੈ ਕਿ ਸਰਕਾਰ ਨੂੰ ਕੋਰੋਨਾ ਨਾਲ ਨਜਿੱਠਣ ’ਤੇ ਮੋਟਾ ਖਰਚਾ ਕਰਨਾ ਪੈ ਰਿਹਾ ਹੈ ਪਰ ਉਸ ਖਰਚ ਦੀ ਭਰਪਾਈ ਕੀ ਜਨਤਾ ਦੀ ਖਾਲ ਉਧੇੜਣ ਨਾਲ ਹੀ ਹੋਵੇਗੀ? ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਪੈਟਰੋਲ ’ਤੇ ਲਗਭਗ 9 ਰੁਪਏ ਪ੍ਰਤੀ ਲਿਟਰ ਕਰ ਵਸੂਲਦੀ ਸੀ, ਜੋ ਮੋਦੀ-ਰਾਜ ’ਚ ਵਧ ਕੇ 32 ਰੁ. ਹੋ ਗਿਆ ਹੈ। ਸਰਕਾਰ ਨੇ ਇਸ ਸਾਲ ਪੈਟਰੋਲ-ਡੀਜ਼ਲ ਤੋਂ ਟੈਕਸ ਦੇ ਤੌਰ ’ਤੇ 2.74 ਲੱਖ ਕਰੋੜ ਰੁਪਏ ਵਸੂਲੇ ਹਨ। ਇੰਨੇ ਮੋਟੇ ਪੈਸੇ ਨਾਲ ਕੋਰੋਨਾ ਦਾ ਇਲਾਜ ਪੂਰੀ ਤਰ੍ਹਾਂ ਨਾਲ ਮੁਫਤ ਹੋ ਸਕਦਾ ਸੀ।
ਅੱਜ ਤੋਂ ਸੱਤ-ਅੱਠ ਸਾਲ ਪਹਿਲਾਂ ਕੌਮਾਂਤਰੀ ਬਾਜ਼ਾਰ ’ਚ ਪੈਟਰੋਲ ਦੀ ਕੀਮਤ ਪ੍ਰਤੀ ਬੈਰਲ 110 ਡਾਲਰ ਸੀ ਜਦਕਿ ਅੱਜ ਉਹ ਸਿਰਫ 70 ਡਾਲਰ ਹੈ। ਇਸ ਦੇ ਬਾਵਜੂਦ ਇਨ੍ਹਾਂ ਆਸਮਾਨ ਛੂੰਹਦੀਆਂ ਕੀਮਤਾਂ ਨੇ ਪੈਟਰੋਲ ਅਤੇ ਡੀਜ਼ਲ ਨੂੰ ਭਾਰਤ ’ਚ ਜਨਤਾ ਦਾ ਸਿਰਦਰਦ ਬਣਾ ਿਦੱਤਾ ਹੈ।
ਸਰਕਾਰ ਜ਼ਰਾ ਸੰਵੇਦਨਸ਼ੀਲ ਹੁੰਦੀ ਤਾਂ ਆਪਣੀ ਫਜ਼ੂਲਖਰਚੀ ’ਚ ਜ਼ਬਰਦਸਤ ਕਮੀ ਕਰਦੀ ਅਤੇ ਪੈਟਰੋਲ ਪਹਿਲਾਂ ਤੋਂ ਵੀ ਵੱਧ ਸਸਤਾ ਕਰ ਦਿੰਦੀ ਤਾਂ ਕਿ ਲੜਖੜਾਉਂਦੀ ਅਰਥ-ਵਿਵਸਥਾ ਦੌੜਨ ਲੱਗਦੀ।