ਚੀਨ ’ਚ ਲੋਕਾਂ ਨੇ ਆਪਣੀਆਂ ਲੋੜਾਂ ਨੂੰ ਘੱਟ ਕੀਤਾ

10/25/2023 4:40:22 PM

ਚੀਨ ’ਚ ਇਨ੍ਹੀਂ ਦਿਨੀਂ ਲੋਕ ਬਹੁਤ ਸੋਚ ਸਮਝ ਕੇ ਪੈਸੇ ਖਰਚ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਪੈਸੇ ਘੱਟ ਹਨ, ਜੋ ਥੋੜ੍ਹੇ-ਬਹੁਤ ਪੈਸੇ ਬਚੇ ਹਨ ਉਨ੍ਹਾਂ ਨੂੰ ਚੀਨੀ ਲੋਕ ਆਪਣੀਆਂ 10 ਲੋੜਾਂ ਮਾਰ ਕੇ ਖਰਚ ਕਰ ਰਹੇ ਹਨ। ਜਦ ਤੋਂ ਚੀਨ ’ਚ ਆਰਥਿਕ ਤੰਗੀ ਦਾ ਦੌਰ ਆਇਆ ਹੈ ਤਦ ਤੋਂ ਉੱਥੋਂ ਦੇ ਲੋਕਾਂ ਨੇ ਆਪਣੇ ਬਟੂਏ ਨੂੰ ਬਹੁਤ ਲੋੜ ਪੈਣ ’ਤੇ ਖੋਲ੍ਹਣਾ ਸ਼ੁਰੂ ਕੀਤਾ ਹੈ। ਲੋਕਾਂ ਨੇ ਆਪਣੀਆਂ ਲੋੜਾਂ ਨੂੰ ਘੱਟ ਕਰ ਦਿੱਤਾ ਅਤੇ ਬਹੁਤ ਸੌਖੇ ਅਤੇ ਯਥਾਰਥਵਾਦੀ ਹੱਲ ਵੱਲ ਵਧ ਗਏ। ਲੋਕਾਂ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਚੀਨ ’ਚ ਇਸ ਵੇਲੇ ਚੀਜ਼ਾਂ ਦੇ ਭਾਅ ਘੱਟ ਕਰਨ ਦੀ ਹੋੜ ਜਿਹੀ ਲੱਗ ਗਈ ਹੈ। ਭਾਵੇਂ ਆਨਲਾਈਨ ਜਾਂ ਆਫਲਾਈਨ, ਹਰ ਮੰਚ ’ਤੇ ਗਾਹਕਾਂ ਨੂੰ ਖੁਸ਼ ਕਰਨ ਲਈ ਦੁਕਾਨਦਾਰਾਂ ਨੇ ਕਮਰ-ਕੱਸ ਲਈ ਹੈ। ਛੋਟੀਆਂ ਅਤੇ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਤੋਂ ਲੈ ਕੇ ਖਾਧ ਉਦਯੋਗ ਅਤੇ ਸਨੈਕ ਇੰਡਸਟਰੀ ਤੱਕ ਸਾਰੇ ਖੇਤਰਾਂ ’ਚ ਘੱਟ ਭਾਅ ’ਚ ਗਾਹਕਾਂ ਨੂੰ ਖੁਸ਼ ਕਰਨ ਦਾ ਦੌਰ ਚੱਲ ਪਿਆ ਹੈ।

21 ਇਕਨਾਮਿਕ ਨੈੱਟ ਆਨਲਾਈਨ ਰਸਾਲੇ ’ਚ 10 ਅਕਤੂਬਰ ਨੂੰ ਛਪੇ ਇਕ ਲੇਖ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਤਿੰਨ ਸਭ ਤੋਂ ਵੱਡੇ ਈ-ਕਾਮਰਸ ਮੰਚਾਂ ’ਤੇ ਘੱਟ ਭਾਅ ਨੂੰ ਲੈ ਕੇ ਹੋੜ ਦੀ ਸ਼ੁਰੂਆਤ ਹੋਈ, ਇਸ ਸਾਲ ਮਾਰਚ ’ਚ ਜੇ.ਡੀ.ਡਾਟ.ਕਾਮ ਨੇ ਸੌ ਅਰਬ ਸਬਸਿਡੀ ਰਣਨੀਤੀ ਦੀ ਸ਼ੁਰੂਆਤ ਕੀਤੀ ਜਿਸ ਕਾਰਨ ਬਹੁਤ ਸਾਰੇ ਕਾਰਪੋਰੇਟ ਵਪਾਰੀ ਜੇ. ਡੀ. ਡਾਟ ਕਾਮ ’ਤੇ ਜੁੜਨ ਲੱਗੇ ਅਤੇ ਇਸ ਦਾ ਲਾਭ ਜੇ. ਡੀ. ਨੂੰ ਦੂਜੀ ਛਿਮਾਹੀ ’ਚ ਦੇਖਣ ਨੂੰ ਮਿਲਿਆ। ਇਸ ਨੂੰ ਦੇਖਦੇ ਹੋਏ ਦੂਜੀ ਈ-ਕਾਮਰਸ ਵੈੱਬਸਾਈਟ ਨੇ ਵੀ ਭਾਅ ਘੱਟ ਕਰਨ ’ਚ ਆਪਣੀ ਰਣਨੀਤੀ ਦੀ ਸ਼ੁਰੂਆਤ ਕੀਤੀ, ਥਾਓਬਾਓ ਡਾਟ ਕਾਮ ਨੇ ਫਾਈਵ ਸਟ੍ਰੈਟਜੀ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਉਸ ਨੇ ਵੀ ਆਪਣੀ ਈ-ਕਾਮਰਸ ਵੈੱਬਸਾਈਟ ’ਤੇ ਮੁਹੱਈਆ ਉਤਪਾਦਾਂ ਦੇ ਭਾਅ ਘੱਟ ਕਰਨੇ ਸ਼ੁਰੂ ਕਰ ਦਿੱਤੇ। ਫਿੰਗ ਦੂਓ ਈ-ਕਾਮਰਸ ਵੈੱਬਸਾਈਟ ਨੇ ਵੀ ਭਾਅ ਘੱਟ ਕਰਨ ਦੀ ਆਪਣੀ ਰਣਨੀਤੀ ਨੂੰ ਗਾਹਕਾਂ ਸਾਹਮਣੇ ਪੇਸ਼ ਕੀਤਾ, ਇਸ ਦੇ ਨਾਲ ਹੀ ਕਈ ਆਫਲਾਈਨ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਵੀ ਮਜਬੂਰੀ ’ਚ ਇਸ ਰਣਨੀਤੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ, ਜੇ ਉਹ ਅਜਿਹਾ ਨਾ ਕਰਦੇ ਤਾਂ ਉਨ੍ਹਾਂ ਕੋਲ ਕੋਈ ਗਾਹਕ ਨਾ ਆਉਂਦਾ।

ਠੀਕ ਇਸੇ ਤਰਜ਼ ’ਤੇ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਚੀਨ ਦੇ ਕਾਰ ਉਦਯੋਗ ’ਚ ਵੀ ਭਾਅ ਨੂੰ ਲੈ ਕੇ ਜੰਗ ਦੇਖੀ ਗਈ ਸੀ, ਪਹਿਲਾਂ ਸਿਟ੍ਰਾਨ ਕੰਪਨੀ ਨੇ ਆਪਣੀਆਂ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਦੇ ਭਾਅ ਘੱਟ ਕਰ ਦਿੱਤੇ ਪਰ ਛੇਤੀ ਹੀ ਬੈਟਰੀ ਵਾਲੀਆਂ ਗੱਡੀਆਂ ਦੇ ਭਾਅ ਵੀ ਘੱਟ ਹੋਣ ਲੱਗੇ ਕਿਉਂਕਿ ਇਕ ਵੀ ਕਾਰ ਨਹੀਂ ਵਿਕ ਰਹੀ ਸੀ। ਪੂਰੇ ਚੀਨ ’ਚ ਕਾਰ ਨਿਰਮਾਤਾਵਾਂ ਨਾਲ ਮਿਲ ਕੇ ਕਾਰ ਡੀਲਰਾਂ ਨੇ ਕਈ ਤਰ੍ਹਾਂ ਦੇ ਡਿਸਕਾਊਂਟ ਦਾ ਐਲਾਨ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੀਆਂ ਗੱਡੀਆਂ ਦੀ ਵਿਕਰੀ ਬਣੀ ਰਹੇ। ਕੁੱਝ ਇਕ ਕਾਰ ਨਿਰਮਾਤਾਵਾਂ ਕੰਪਨੀਆਂ ਨੇ ਗਾਹਕ ਦੀ ਆਮਦ ਨੂੰ ਬਣਾਈ ਰੱਖਣ ਲਈ ਬਿਨਾਂ ਕਿਸੇ ਝਿਜਕ ਦੇ ਕਾਰਾਂ ਦੇ ਭਾਅ ਨੂੰ 50 ਫੀਸਦੀ ਤੱਕ ਘੱਟ ਕਰ ਦਿੱਤਾ। ਇਸ ਸਮੇਂ ਆਮ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਵੱਡੇ-ਵੱਡੇ ਬ੍ਰਾਂਡਾਂ ਨੇ ਆਪਣੇ ਉਤਪਾਦਾਂ ਦੇ ਭਾਅ ’ਚ 30 ਤੋਂ 40 ਫੀਸਦੀ ਤੱਕ ਦੀ ਕਟੌਤੀ ਕੀਤੀ, ਜੋ ਐਕਸਪਾਇਰ ਹੋਣ ਦੇ ਨੇੜੇ ਵੀ ਨਹੀਂ ਹੈ, ਇਕ ਮਹੀਨਾ ਪਹਿਲਾਂ ਹੀ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਸੀਨਾ ਵੇਈਬੋ ’ਤੇ ਇਕ ਵਿਸ਼ਾ ਬਹੁਤ ਚਰਚਿਤ ਰਿਹਾ ਸੀ ਜਿਸਦਾ ਸਿਰਲੇਖ ਸੀ ‘ਆਪਣੇ-ਆਪਣੇ ਖਰਚਿਆਂ ’ਚ ਕਿੰਨੀ ਕਟੌਤੀ ਕੀਤੀ ਹੈ’। ਇਕ ਹੋਰ ਵੈੱਬਸਾਈਟ ’ਤੇ ਇਕ ਅਜਿਹਾ ਹੀ ਲੇਖ ਬਹੁਤ ਚਰਚਿਤ ਹੋਇਆ, ਜਿਸ ਦਾ ਸਿਰਲੇਖ ਸੀ- ਅੱਜ ਤੱਕ ਆਪਣੀ-ਆਪਣੀ ਉਪਭੋਗਤਾ ’ਚ ਕਿੰਨੀ ਕਟੌਤੀ ਕੀਤੀ, ਇਸ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ 3 ਲੱਖ 60 ਹਜ਼ਾਰ ਸੀ।

ਚੀਨ ’ਚ ਉਤਪਾਦਾਂ ਦੇ ਲਗਾਤਾਰ ਘੱਟ ਹੁੰਦੇ ਭਾਅ ਦੀ ਮੁਕਾਬਲੇਬਾਜ਼ੀ ਅਤੇ ਲੋਕਾਂ ਵੱਲੋਂ ਆਪਣੀਆਂ ਲੋੜਾਂ ਨੂੰ ਮਾਰਨ ਦੀ ਸ਼ੁਰੂਆਤ ਚੀਨ ਦੀ ਆਰਥਿਕ ਤੰਗੀ ਦੇ ਦੌਰ ਨਾਲ ਹੀ ਸ਼ੁਰੂ ਹੋਈ ਜਦ ਲੋਕਾਂ ਦੀਆਂ ਨੌਕਰੀਆਂ ਜਾਣ ਲੱਗੀਆਂ ਅਤੇ ਬੇਰੋਜ਼ਗਾਰੀ ਵਧਣ ਲੱਗੀ। ਚੀਨ ਦੇ ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ਤੋਂ ਮਈ ਦੇ ਦਰਮਿਆਨ ਖੁਦਰਾ ਵਿਕਰੀ ’ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਪਰ ਕੁੱਲ ਮਿਲਾ ਕੇ ਇਹ ਹੇਠਾਂ ਜਾ ਰਿਹਾ ਹੈ ਅਤੇ ਕੋਰੋਨਾ ਮਹਾਮਾਰੀ ਦੇ ਪਹਿਲਾਂ ਦੇ ਦੌਰ ’ਚ ਹੁਣ ਤੱਕ ਨਹੀਂ ਪਰਤਿਆ। ਚੀਨ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲਾ ਦੇ ਅਨੁਸਾਰ ਇਸ ਸਾਲ ਡਰੈਗਨ ਬੋਟ ਤਿਉਹਾਰ ਦੌਰਾਨ ਚੀਨੀਆਂ ਵੱਲੋਂ ਖਰਚ ਕਰਨ ਦੀ ਮਾਤਰਾ ’ਚ 8 ਫੀਸਦੀ ਦਾ ਵਾਧਾ ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ’ਚ ਦੇਖਣ ਨੂੰ ਮਿਲਿਆ ਪਰ ਕੁੱਲ ਮਿਲਾ ਕੇ ਇਹ ਸਾਲ 2019 ਦੀ ਤੁਲਨਾ ’ਚ ਹੁਣ ਵੀ 14 ਫੀਸਦੀ ਦੀ ਗਿਰਾਵਟ ਦੇ ਦੌਰ ’ਚ ਚੱਲ ਰਿਹਾ ਹੈ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਦੀ ਹਾਲਤ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਖਰਾਬ ਹੈ, ਸਰਕਾਰੀ ਅੰਕੜੇ ਸਰਕਾਰ ਸਿਰਫ ਆਪਣੀ ਖੱਲ ਬਚਾਉਣ ਲਈ ਦਿਖਾ ਰਹੀ ਹੈ।


Anuradha

Content Editor

Related News