ਪਾਕਿਸਤਾਨ ਭਾਰਤ ਨੂੰ ਦਿੰਦਾ ਰਹੇਗਾ ‘ਹਜ਼ਾਰ ਜ਼ਖ਼ਮ’
Thursday, Apr 24, 2025 - 01:45 PM (IST)

ਇਕ ਨਵ-ਵਿਆਹੁਤਾ ਦੁਲਹਨ ਦੀ ਤਸਵੀਰ, ਜਿਸ ਦੇ ਹੱਥ ’ਚ ਰਵਾਇਤੀ ਚੂੜਾ ਜਾਂ ਚੂੜੀਆਂ ਅਜੇ ਵੀ ਹਨ, ਆਪਣੇ ਮ੍ਰਿਤਕ ਪਤੀ ਦੇ ਨਾਲ ਬੈਠੀ ਹੈ। ਪਹਿਲਗਾਮ ’ਚ ਉਨ੍ਹਾਂ ਬੇਰਹਿਮ ਲੋਕਾਂ ਵਲੋਂ ਕੀਤੇ ਗਏ ਕਤਲੇਆਮ ਦਾ ਇਕ ਸਥਾਈ ਅਕਸ ਬਣੀ ਰਹੇਗੀ, ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਹ ਪਾਕਿਸਤਾਨੀ ਫੌਜ ਦੀ ਹਮਾਇਤ ਪ੍ਰਾਪਤ ਪਾਕਿਸਤਾਨੀ ਅੱਤਵਾਦੀਆਂ ਦਾ ਕੰਮ ਸੀ, ਇਸ ’ਚ ਕੋਈ ਸ਼ੱਕ ਨਹੀਂ ਹੈ। ਕੋਈ ਵੀ ਕਸ਼ਮੀਰੀ ਮੁਸਲਮਾਨ, ਭਾਵੇਂ ਹੀ ਉਹ ਅੱਤਵਾਦੀ ਹੀ ਕਿਉਂ ਨਾ ਹੋਵੇ, ਮੁੱਖ ਤੌਰ ’ਤੇ ਉਨ੍ਹਾਂ ਸੈਲਾਨੀਆਂ ਨੂੰ ਨਿਸ਼ਾਨਾ ਨਹੀਂ ਬਣਾ ਸਕਦਾ ਸੀ, ਜੋ ਪਿਛਲੇ ਅੱਧੀ ਦਰਜਨ ਸਾਲਾਂ ਤੋਂ ਕਸ਼ਮੀਰ ਦੀ ਅਰਥਵਿਵਸਥਾ ’ਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ।
ਅੰਕੜੇ ਸਪੱਸ਼ਟ ਤੌਰ ’ਤੇ ਦਿਖਾਉਂਦੇ ਹਨ ਕਿ ਇਸ ਸਾਲ ਸੈਰ-ਸਪਾਟਾ ਸੀਜ਼ਨ ਦੀ ਸ਼ੁਰੂਆਤ ਹੋਰ ਵੀ ਬਿਹਤਰ ਹੋਈ ਹੈ ਅਤੇ ਆਉਣ ਵਾਲੇ ਗਰਮੀਆਂ ਦੇ ਮਹੀਨਿਆਂ ’ਚ ਇਹ ਸਾਰੇ ਰਿਕਾਰਡ ਤੋੜਨ ਲਈ ਤਿਆਰ ਹੈ। ਇਹ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਜਦਕਿ ਪਹਿਲੇ ਹਮਲੇ ਤੀਰਥ ਯਾਤਰੀਆਂ ਅਤੇ ਪ੍ਰਵਾਸੀ ਮਜ਼ਦੂਰਾਂ ’ਤੇ ਹੋਏ ਸਨ, ਇਸ ਵਾਰ ਵਿਸ਼ੇਸ਼ ਤੌਰ ’ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਜ਼ਾਹਿਰ ਹੈ ਕਿ ਸੈਲਾਨੀਆਂ ’ਤੇ ਹਮਲਾ, ਜਿਸ ’ਚ ਸਿਰਫ ਮਰਦਾਂ ਨੂੰ ਧਾਰਮਿਕ ਆਧਾਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ, ਜਦਕਿ ਔਰਤਾਂ ਅਤੇ ਬੱਚਿਆਂ ਨੂੰ ਛੱਡ ਦਿੱਤਾ ਗਿਆ ਸੀ, ਮੁੱਖ ਤੌਰ ’ਤੇ ਸੰਯੁਕਤ ਰਾਜ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਦੀ ਯਾਤਰਾ ਦੌਰਾਨ ਕੌਮਾਂਤਰੀ ਧਿਆਨ ਖਿੱਚਣ ਦੇ ਮੰਤਵ ਨਾਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਸ਼ਮੀਰ ’ਚ ਇਸ ਤੋਂ ਪਹਿਲਾਂ ਵੀ ਛੱਤੀ ਸਿੰਘਪੁਰਾ ’ਚ ਰਹਿਣ ਵਾਲੇ ਸਿੱਖਾਂ ਦਾ ਕਤਲੇਆਮ ਹੋਇਆ ਸੀ ਜਦੋਂ ਸਾਲ 2000 ’ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੀ ਯਾਤਰਾ ’ਤੇ ਸਨ।
ਸਾਡੀਆਂ ਖੁਫੀਆ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੂੰ ਰਾਸ਼ਟਰਪਤੀ ਦੀ ਯਾਤਰਾ ਦੌਰਾਨ ਚੌਕਸੀ ਵਧਾ ਦੇਣੀ ਚਾਹੀਦੀ ਸੀ। ਹਾਲਾਂਕਿ, ਇਸ ਤਰ੍ਹਾਂ ਦੇ ਹਮਲੇ ਲਈ ਲੰਬੇ ਸਮੇਂ ਤੋਂ ਯੋਜਨਾ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਯਕੀਨੀ ਤੌਰ ’ਤੇ ਪਾਕਿਸਤਾਨੀ ਫੌਜ ਦੀ ਸਰਗਰਮ ਹਿੱਸੇਦਾਰੀ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਸੀ। ਕਤਲੇਆਮ ਦੇ ਸਥਾਨ ਤੋਂ ਗੋਲੇ ਅਤੇ ਹੋਰ ਗੋਲਾ-ਬਾਰੂਦ ਦੀ ਬਰਾਮਦਗੀ ਨੇ ਪਾਕਿਸਤਾਨੀ ਫੌਜੀ ਸੰਸਥਾਨ ਦੀ ਹਿੱਸੇਦਾਰੀ ਅਤੇ ਹਮਾਇਤ ਬਾਰੇ ਕੋਈ ਸ਼ੱਕ ਨਹੀਂ ਛੱਡਿਆ ਹੈ।
ਇਹ ਹਮਲਾ ਕਿਸੇ ਹੋਰ ਦੇ ਨਹੀਂ ਸਗੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਦੇ ਭੜਕਾਊ ਬਿਆਨਾਂ ਪਿਛੋਂ ਹੋਇਆ ਹੈ, ਜਿਨ੍ਹਾਂ ਨੇ 16 ਅਪ੍ਰੈਲ ਨੂੰ ਇਸਲਾਮਾਬਾਦ ’ਚ ਓਵਰਸੀਜ਼ ਪਾਕਿਸਤਾਨੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਸ਼ਮੀਰ ਨੂੰ ਆਪਣੇ ਦੇਸ਼ ਦੀ ‘ਸਾਹ ਰਗ’ ਦੱਸਿਆ ਸੀ। ਪਾਕਿਸਤਾਨ ਵਲੋਂ ਕਸ਼ਮੀਰ ਨੂੰ ਦਿੱਤੇ ਜਾਣ ਵਾਲੇ ਮਹੱਤਵ ਅਤੇ ਦੇਸ਼ ਦੀ ਸਮੂਹਿਕ ਮਾਨਸਿਕਤਾ ’ਚ ਕਸ਼ਮੀਰ ਪ੍ਰਤੀ ਜਨੂੰਨ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ, ‘‘ਇਹ ਸਾਡੀ ਸਾਹ ਰਗ ਸੀ, ਇਹ ਸਾਡੀ ਸਾਹ ਰਗ ਹੈ, ਅਸੀਂ ਇਸ ਨੂੰ ਨਹੀਂ ਭੁੱਲਾਂਗੇ। ਅਸੀਂ ਆਪਣੇ ਕਸ਼ਮੀਰੀ ਭਰਾਵਾਂ ਨੂੰ ਭਾਰਤੀ ਕਬਜ਼ੇ ਵਿਰੁੱਧ ਬਹਾਦੁਰੀ ਭਰੇ ਸੰਘਰਸ਼ ’ਚ ਨਹੀਂ ਛੱਡਾਂਗੇ।’’
ਜੋ ਵਿਅਕਤੀ ਇਹ ਮੰਨਦਾ ਹੈ ਕਿ ਕਸ਼ਮੀਰ ਉਸ ਦੇ ਦੇਸ਼ ਦੇ ਸਾਹਮਣੇ ਸਭ ਤੋਂ ਮਹੱਤਵਪੂਰਨ ਮੁੱਦਾ ਹੈ, ਉਸ ਦੇ ਲਈ ਇਹ ਸਪੱਸ਼ਟ ਹੈ ਕਿ ਉਹ ਅਤੇ ਉਸ ਦੀ ਸਰਕਾਰ ਕਸ਼ਮੀਰ ’ਚ ਆਮ ਜੀਵਨ ’ਚ ਵਿਘਨ ਪਾਉਣ ਲਈ ਅਜਿਹੀਆਂ ਸਾਰੀਆਂ ਸਰਗਰਮੀਆਂ ਦੀ ਯੋਜਨਾ ਬਣਾ ਰਹੀ ਹੋਵੇਗੀ ਅਤੇ ਉਨ੍ਹਾਂ ਦੀ ਹਮਾਇਤ ਕਰ ਰਹੀ ਹੋਵੇਗੀ। ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਦੀ ਬ੍ਰਾਂਚ ‘ਦਿ ਰੈਜਿਸਟੈਂਸ ਫਰੰਟ’ (ਟੀ.ਆਰ.ਐੱਫ.) ਨੇ ਪਹਿਲਗਾਮ ਦੇ ਕੋਲ ਸੈਲਾਨੀਆਂ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸੁਰੱਖਿਆ ਬਲਾਂ ’ਤੇ ਪਥਰਾਅ ਦੀਆਂ ਘਟਨਾਵਾਂ ਜੋ ਲਗਭਗ ਰੋਜ਼ਾਨਾ ਹੀ ਰਿਪੋਰਟ ਕੀਤੀਆਂ ਜਾਂਦੀਆਂ ਸਨ ਅਤੇ ਹੜਤਾਲਾਂ ਦੇ ਲਗਾਤਾਰ ਸੱਦਿਆਂ ਨੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਅਤੇ ਵਿੱਦਿਅਕ ਸੰਸਥਾਨਾਂ ਨੂੰ ਖੋਲ੍ਹਣ, ਵਪਾਰਕ ਸਰਗਰਮੀਆਂ ਨੂੰ ਬਹਾਲ ਕਰਨ ਅਤੇ ਸੈਲਾਨੀਆਂ ਦੀ ਵਾਪਸੀ ਵਰਗੀ ਆਮ ਸਥਿਤੀ ਦੀ ਵਾਪਸੀ ਨੂੰ ਜਗ੍ਹਾ ਦਿੱਤੀ ਸੀ।
ਪਾਕਿਸਤਾਨ ਦੀ ਸੱਤਾ ਲਈ ਸ਼ਾਇਦ ਇਹ ਬਹੁਤ ਜ਼ਿਆਦਾ ਸੀ। ਇਸ ਤੋਂ ਇਲਾਵਾ ਉਸ ਦੇਸ਼ ’ਚ ਬਾਗੀ ਸਰਗਰਮੀਆਂ ’ਚ ਵੀ ਵਾਧਾ ਹੋਇਆ ਹੈ। ਦੇਸ਼ ਦੇ ਸੁਰੱਖਿਆ ਬਲਾਂ ਨੂੰ ਇਕ ਵਾਰ ਫਿਰ ਤੋਂ ਉੱਭਰ ਰਹੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਨਜਿੱਠਣ ’ਚ ਆਪਣੀ ਅਸਮਰੱਥਾ ਕਾਰਨ ਘਰੇਲੂ ਜਾਂਚ ਅਤੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੇ ਦੇਸ਼ ਦੇ ਉੱਤਰ-ਪੱਛਮ ਦੇ ਕੁਝ ਹਿੱਸਿਆਂ ’ਚ ਨਾਗਰਿਕ ਅਧਿਕਾਰੀਆਂ ਦੇ ਕੰਟਰੋਲ ਨੂੰ ਚੁਣੌਤੀ ਦਿੱਤੀ ਹੈ। ਇਹ ਬਲੋਚਿਸਤਾਨ ਲਿਬਰੇਸ਼ਨ ਆਰਮੀ ਵਲੋਂ ਵਧਦੇ ਹਮਲਿਆਂ ਦਾ ਵੀ ਸਾਹਮਣਾ ਕਰ ਰਿਹਾ ਹੈ, ਜਿਸ ਨੇ ਹਾਲ ਹੀ ’ਚ 380 ਲੋਕਾਂ ਨਾਲ ਇਕ ਯਾਤਰੀ ਟਰੇਨ ਨੂੰ ਅਗਵਾ ਕਰ ਲਿਆ ਸੀ।
ਪਾਕਿਸਤਾਨੀ ਭਾਰਤ ’ਤੇ ਬਲੋਚ ਬਾਗੀਆਂ ਦੀ ਹਮਾਇਤ ਕਰਨ ਦਾ ਦੋਸ਼ ਲਾਉਂਦੇ ਰਹੇ ਹਨ ਅਤੇ ਕਈ ਲੋਕ ਪਹਿਲਗਾਮ ’ਚ ਹੋਏ ਹਮਲੇ ਨੂੰ ਟਰੇਨ ਨੂੰ ਅਗਵਾ ਕਰਨ ਅਤੇ ਕਈ ਯਾਤਰੀਆਂ ਦੀ ਹੱਤਿਆ ਦਾ ‘ਬਦਲਾ’ ਮੰਨਦੇ ਹਨ। ਇਹ ਵਿਚਾਰ ਪ੍ਰਕਿਰਿਆ ਇਕ ਪ੍ਰਸਿੱਧ ਪਾਕਿਸਤਾਨੀ ਲੇਖਿਕਾ ਆਇਸ਼ਾ ਸਿੱਦੀਕੀ ਵਲੋਂ ਹਾਲ ਹੀ ’ਚ ਦਿੱਤੀ ਗਈ ਇੰਟਰਵਿਊ ’ਚ ਵੀ ਸਾਹਮਣੇ ਆਈ, ਜਿਨ੍ਹਾਂ ਦੀ ਪਾਕਿਸਤਾਨੀ ਫੌਜ ਨਾਲ ਹਮਦਰਦੀ ਜਗ ਜ਼ਾਹਿਰ ਹੈ। ਇੰਟਰਵਿਊ ਦੌਰਾਨ ਉਨ੍ਹਾਂ ਨੇ ਮੁੰਬਈ ਹਮਲਿਆਂ ਨੂੰ ਮਹੱਤਵਹੀਣ ਦੱਸਿਆ, ਜਿਹਾਦੀ ਹਿੰਸਾ ਨੂੰ ‘ਰਣਨੀਤਕ’ ਦੱਸਿਆ ਅਤੇ ਇਥੋਂ ਤਕ ਕਿ ਸ਼ਾਇਦ ਅਨਜਾਣੇ ’ਚ, ਮੁੰਬਈ ਅੱਤਵਾਦੀ ਹਮਲੇ ’ਚ ਪਾਕਿਸਤਾਨ ਦੀ ਭੂਮਿਕਾ ਨੂੰ ਸਵੀਕਾਰ ਕਰ ਲਿਆ।
ਹਾਲਾਂਕਿ, ਇਸ ਤਰ੍ਹਾਂ ਦਾ ਹਮਲਾ ਲੰਬੇ ਸਮੇਂ ਪਿੱਛੋਂ ਹੋਇਆ ਹੈ ਪਰ ਇਹ ਕੋਈ ਖਤਰੇ ਦੀ ਘੰਟੀ ਨਹੀਂ ਹੈ, ਸਗੋਂ ਇਹ ਇਸ ਗੱਲ ਦੀ ਪੁਸ਼ਟੀ ਹੈ ਕਿ ਪਾਕਿਸਤਾਨ ਭਾਰਤ ਨੂੰ ‘ਹਜ਼ਾਰ ਜ਼ਖਮ’ ਦੇਣ ਦੀ ਕੋਸ਼ਿਸ਼ ਕਰਦਾ ਰਹੇਗਾ, ਜਿਵੇਂ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਨੇ ਕਿਹਾ ਸੀ ਅਤੇ ਜਿਸ ਨੂੰ ਹੁਣ ਭਾਰਤ ਦੇ ਖਿਲਾਫ ਪਾਕਿਸਤਾਨੀ ਫੌਜ ਵਲੋਂ ਅਪਣਾਇਆ ਜਾਣ ਵਾਲਾ ਫੌਜੀ ਸਿਧਾਂਤ ਮੰਨਿਆ ਜਾਂਦਾ ਹੈ।
-ਵਿਪਿਨ ਪੱਬੀ