ਭਾਰਤ ਦੇ ਹੱਥੋਂ ਤਿਲਕਿਆ ਮੌਕਾ

08/09/2021 3:38:58 AM

ਡਾ. ਵੇਦਪ੍ਰਤਾਪ ਵੈਦਿਕ 
ਜਿਵੇਂ ਕਿ ਖਦਸ਼ਾ ਸੀ, ਅਫਗਾਨਿਸਤਾਨ ’ਚ ਤਾਲਿਬਾਨ ਦਾ ਗਲਬਾ ਵਧਦਾ ਜਾ ਰਿਹਾ ਹੈ ਪਰ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ ਹੱਥ ’ਤੇ ਹੱਥ ਧਰੀ ਬੈਠੇ ਹਨ। ਉਹ ਆਪਣੇ-ਆਪਣੇ ਦੇਸ਼ ਅਤੇ ਸੰਯੁਕਤ ਰਾਸ਼ਟਰ ’ਚ ਜੰਮ ਕੇ ਜ਼ੁਬਾਨੀ ਜਮ੍ਹਾ-ਖਰਚ ਕਰ ਰਹੇ ਹਨ। ਮੈਂ ਪਿਛਲੇ ਕਈ ਹਫਤਿਆਂ ਤੋਂ ਲਿਖ ਰਿਹਾ ਹਾਂ ਕਿ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਦੇ ਹੀ ਭਾਰਤ ਨੂੰ ਅਫਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਸੰਘ ਦੀ ਸ਼ਾਂਤੀ ਸੈਨਾ ਭਿਜਵਾਉਣ ਦਾ ਯਤਨ ਕਰਨਾ ਚਾਹੀਦਾ ਹੈ।

ਇਹ ਸੰਤੋਸ਼ ਦਾ ਵਿਸ਼ਾ ਹੈ ਕਿ ਭਾਰਤੀ ਪ੍ਰਤੀਨਿਧੀ ਨੇ ਪਹਿਲੇ ਹੀ ਦਿਨ ਅਫਗਾਨਿਸਤਾਨ ਨੂੰ ਸੁਰੱਖਿਆ ਪ੍ਰੀਸ਼ਦ ’ਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਪਰ ਹੋਇਆ ਕੀ? ਕੁਝ ਵੀ ਨਹੀਂ। ਇਸ ਕੌਮਾਂਤਰੀ ਸੰਗਠਨ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਜੋ ਵੀ ਪ੍ਰਤੀਨਿਧੀ ਇਸ 15 ਮੈਂਬਰੀ ਸੰਗਠਨ ’ਚ ਬੋਲੇ, ਉਨ੍ਹਾਂ ਨੇ ਹਮੇਸ਼ਾ ਦੇ ਵਾਂਗ ਘਸੇ-ਪਿਟੇ ਬਿਆਨ ਦੇ ਦਿੱਤੇ ਅਤੇ ਖਹਿੜਾ ਛੁਡਾਇਆ। ਸਭ ਦੇ ਬਿਆਨਾਂ ਦਾ ਸਾਰ ਇਹੀ ਸੀ ਕਿ ਉਹ ਅਫਗਾਨਿਸਤਾਨ ’ਚ ਚੱਲ ਰਹੀ ਹਿੰਸਾ ਅਤੇ ਖੂਨ-ਖਰਾਬੇ ਦੀ ਨਿਖੇਧੀ ਕਰਦੇ ਹਨ ਅਤੇ ਡੰਡੇ ਦੇ ਜ਼ੋਰ ’ਤੇ ਸੱਤਾ ਪਰਿਵਰਤਨ ਦੇ ਵਿਰੁੱਧ ਹਨ। ਕੁਝ ਕੁ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਦੀ ਸਰਕਾਰ ਨੂੰ ਉਹ ਮਾਨਤਾ ਨਹੀਂ ਦੇਣਗੇ।

ਕੀ ਉਨ੍ਹਾਂ ਨੇ ਠੀਕ ਕਿਹਾ ਪਰ ਕਾਬੁਲ ’ਚ ਤਾਲਿਬਾਨ ਦੀ ਸਰਕਾਰ 20 ਸਾਲ ਪਹਿਲਾਂ ਵੀ ਚੱਲਦੀ ਰਹੀ ਸੀ ਅਤੇ ਉਸ ਨੂੰ ਕਿਸੇ ਵੀ ਲੋਕਤੰਤਰਿਕ ਸਰਕਾਰ ਦੀ ਮਾਨਤਾ ਦੀ ਲੋੜ ਨਹੀਂ ਸੀ। ਅਮਰੀਕਾ ’ਚ ਤਾਲਿਬਾਨ ਦੇ ਗੈਰ-ਰਸਮੀ ਰਾਜਦੂਤ ਅਬਦੁੱਲ ਹਕੀਮ ਮੁਜਾਹਿਦ, 1999 ’ਚ ਨਾ ਸਿਰਫ ਨਿਊਯਾਰਕ ’ਚ ਮੈਨੂੰ ਚੁੱਪ-ਚੁਪੀਤੇ ਮਿਲਦੇ ਹੁੰਦੇ ਸਨ ਸਗੋਂ ਅਮਰੀਕੀ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਦੇ ਨਾਲ ਵੀ ਲੰਬੀਆਂ-ਲੰਬੀਆਂ ਬੈਠਕਾਂ ਨਿਯਮਿਤ ਤੌਰ ’ਤੇ ਕਰਦੇ ਹੁੰਦੇ ਸਨ। ਸਾਰੀਆਂ ਮਹਾਸ਼ਕਤੀਆਂ ਨੇ ਤਾਲਿਬਾਨ ਦੇ ਨਾਲ ਚੁੱਪ-ਚੁਪੀਤੇ ਸਬੰਧ ਬਣਾਏ ਹੋਏ ਸਨ।

ਭਾਰਤ ਦੇ ਇਲਾਵਾ ਅਫਗਾਨ ਮਾਮਲਿਆਂ ਨਾਲ ਸਬੰਧਤ ਸਾਰੇ ਰਾਸ਼ਟਰਾਂ ਨੇ ਅੱਜਕਲ ਤਾਲਿਬਾਨ ਦੇ ਨਾਲ ਖੁੱਲ੍ਹੇਆਮ ਸਬੰਧ ਬਣਾਏ ਹੋਏ ਹਨ। ਕਾਬੁਲ ’ਤੇ ਕਬਜ਼ਾ ਕਰਨ ਦੇ ਬਾਅਦ ਉਨ੍ਹਾਂ ਨੂੰ ਗੈਰ-ਰਸਮੀ ਮਾਨਤਾ ਮਿਲਣ ’ਚ ਦੇਰ ਨਹੀਂ ਲੱਗੇਗੀ। ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦਾ ਇਹ ਬੜਾ ਵਧੀਆ ਮੌਕਾ ਆਪਣੇ ਹੱਥੋਂ ਤਿਲਕ ਜਾਣ ਦਿੱਤਾ ਹੈ। ਇਸ ਦੀ ਜ਼ਿੰਮੇਵਾਰੀ ਦਿੱਲੀ ’ਚ ਬੈਠੇ ਸਾਡੇ ਨਾਦਾਨ ਨੇਤਾਵਾਂ ’ਤੇ ਹੈ ਜਿਨ੍ਹਾਂ ਨੇ ਵਿਦੇਸ਼ ਨੀਤੀ ਨੂੰ ਚਲਾਉਣ ਦਾ ਠੇਕਾ ਅਫਸਰਾਂ ਨੂੰ ਦੇ ਕੇ ਛੁੱਟੀ ਪਾ ਲਈ ਹੈ।

ਜੇਕਰ ਸ਼ਾਂਤੀ-ਸੈਨਾ ਦਾ ਮਤਾ ਪਾਸ ਹੋ ਜਾਂਦਾ ਤਾਂ ਉਹ ਕਿਸੇ ਦੇ ਵੀ ਵਿਰੁੱਧ ਨਾ ਹੁੰਦਾ। ਅਫਗਾਨਿਸਤਾਨ ਦਾ ਖੂਨ-ਖਰਾਬਾ ਰੁਕ ਜਾਂਦਾ ਅਤੇ ਸਾਲ ਭਰ ਬਾਅਦ ਚੋਣਾਂ ਹੋ ਜਾਂਦੀਆਂ ਪਰ ਹੁਣ ਤਾਂ ਇਕ ਦੇ ਬਾਅਦ ਇਕ ਸੂਬਿਆਂ ਦੀਆਂ ਰਾਜਧਾਨੀਆਂ ’ਤੇ ਤਾਲਿਬਾਨ ਦਾ ਕਬਜ਼ਾ ਵਧਦਾ ਜਾ ਰਿਹਾ ਹੈ ਅਤੇ ਹਵਾਈ ਹਮਲਿਆਂ ’ਚ ਸੈਂਕੜੇ ਤਾਲਿਬਾਨ ਮਾਰੇ ਜਾ ਰਹੇ ਹਨ। ਹਜ਼ਾਰਾਂ ਲੋਕ ਵੀਜ਼ਾ ਦੇ ਨਾਲ ਅਤੇ ਉਸ ਦੇ ਬਿਨਾਂ ਵੀ ਅਫਗਾਨਿਸਤਾਨ ਤੋਂ ਹਿਜਰਤ ਕਰ ਰਹੇ ਹਨ।

ਕਤਰ ਦੀ ਰਾਜਧਾਨੀ ’ਚ ਚੱਲ ਰਹੀ ਤਾਲਿਬਾਨ ਅਤੇ ਡਾਕਟਰ ਅਬਦੁੱਲਾ ਦੀ ਗੱਲਬਾਤ ਵੀ ਅੱਧ-ਵਿਚਾਲੇ ਲਟਕ ਗਈ ਹੈ। ਕਤਰ ਦੇ ਵਿਸ਼ੇਸ਼ ਰਾਜਦੂਤ ਭਾਰਤ ਆਏ ਹੋਏ ਹਨ। ਪਾਕਿਸਤਾਨ ਦੀ ਦੋਹਰੀ ਨੀਤੀ ਜਾਰੀ ਹੈ। ਇਕ ਪਾਸੇ ਉਹ ਖੂਨ-ਖਰਾਬੇ ਦੀ ਨਿਖੇਧੀ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਤਾਲਿਬਾਨ ਲੜਾਕਿਆਂ ਦੀ ਭਰਪੂਰ ਮਦਦ ਕਰ ਰਿਹਾ ਹੈ। ਅਫਗਾਨਿਸਤਾਨ ’ਚ ਸ਼ਾਂਤੀ ਸਥਾਪਿਤ ਕਰਨ ਦਾ ਇਹ ਸੁਨਹਿਰੀ ਮੌਕਾ ਭਾਰਤ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ।


Bharat Thapa

Content Editor

Related News