''ਆਪ੍ਰੇਸ਼ਨ ਸਿੰਦੂਰ'' ਨੇ ਆਪਣਾ ਟੀਚਾ ਹਾਸਲ ਕੀਤਾ
Wednesday, May 21, 2025 - 04:01 PM (IST)

ਦੇਸ਼ ’ਚ ਸੁੰਗੜ ਰਹੀ ਕਾਂਗਰਸ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਅਤੇ ਆਪ੍ਰੇਸ਼ਨ ਸਿੰਦੂਰ ’ਚ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਦਾ ਸਾਥ ਦੇਣ ਵਾਲੇ ਤੁਰਕੀ ’ਚ ਆਪਣਾ ਦਫਤਰ ਖੋਲ੍ਹਿਆ। ਅਨਾਦੋਲੂ ਏਜੰਸੀ ਦੀ ਖਬਰ ਅਨੁਸਾਰ ਤੁਰਕੀ ’ਚ ਇਸ ਦਫਤਰ ਨੂੰ ਇਸਤਾਂਬੁਲ ’ਚ ਖੋਲ੍ਹਿਆ ਗਿਆ। ਮੁਹੰਮਦ ਯੁਸੂਫ ਖਾਨ ਨੂੰ ਇਸ ਦਫਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਪਾਰਟੀ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੁਹੰਮਦ ਯੁਸੂਫ ਖਾਨ ਤੁਰਕੀ ’ਚ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਕੰਮ ਕਰਨਗੇ।
ਤੁਰਕੀ ਨੇ ਯੂਨਾਈਟਿਡ ਨੇਸ਼ਨ ’ਚ ਨਾ ਸਿਰਫ ਕਸ਼ਮੀਰ ਮੁੱਦਾ ਉਠਾ ਕੇ ਭਾਰਤ ਦੇ ਅੰਦਰੂਨੀ ਮਾਮਲੇ ’ਚ ਦਖਲ ਦਿੱਤਾ ਸੀ ਸਗੋਂ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੀ ਗੱਲ ਵੀ ਕਹੀ ਸੀ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਇਕ ਵਿਵਾਦਿਤ ਬਿਆਨ ਦੇ ਕੇ ਕਸ਼ਮੀਰ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਸਾਲ 2014 ’ਚ ਸੱਤਾ ਤੋਂ ਬਾਹਰ ਹੋਣ ਦੇ ਬਾਅਦ ਤੋਂ ਹੀ ਕਾਂਗਰਸੀ ਆਗੂ ਬੌਖਲਾਏ ਰਹਿੰਦੇ ਹਨ ਅਤੇ ਹਰ ਗੱਲ ਨੂੰ ਤੰਗਦਿਲੀ ਦੇ ਨਜ਼ਰੀਏ ਨਾਲ ਦੇਖਦੇ ਹਨ। ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਮਾਮਲੇ ’ਤੇ ਗੈਰ-ਜ਼ਿੰਮੇਵਾਰਾਨਾ ਬਿਆਨ ਦਿੰਦੇ ਹੋਏ ਚਿਦਾਂਬਰਮ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਦੀਆਂ ਵਧੇਰੀਆਂ ਧਾਰਾਵਾਂ ਨੂੰ ਖਤਮ ਕਰ ਕੇ ਹਿੰਦੂ-ਮੁਸਲਿਮ ਕਾਰਡ ਖੇਡਿਆ ਹੈ।
ਅਜਿਹਾ ਸਿਰਫ ਇਸ ਲਈ ਕੀਤਾ ਕਿਉਂਕਿ ਇਹ ਮੁਸਲਿਮ ਬਹੁ-ਗਿਣਤੀ ਸੂਬਾ ਹੈ। ਜੰਮੂ-ਕਸ਼ਮੀਰ ਤੋਂ ਅੱਤਵਾਦ ਸਮਰਥਕ ਧਾਰਾ ਹਟਾਉਣ ਦੇ ਵਿਰੋਧ ’ਚ ਸੀਨੀਅਰ ਕਾਂਗਰਸ ਲੀਡਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਨੇ ਵੀ ਦੇਸ਼ ਵਿਰੋਧੀ ਬਿਆਨ ਦਿੰਦਿਆਂ ਕਿਹਾ ਕਿ ਕਸ਼ਮੀਰ ਦੇਸ਼ ਦੇ ਹੱਥਾਂ ’ਚੋਂ ਤਿਲਕ ਸਕਦਾ ਹੈ। ਜੰਮੂ-ਕਸ਼ਮੀਰ ਮੁੜ ਗਠਨ ਬਿੱਲ ’ਤੇ ਚਰਚਾ ਦੌਰਾਨ ਕਾਂਗਰਸੀ ਸੰਸਦ ਮੈਂਬਰਾਂ ਦੇ ਭਾਸ਼ਣ ਪਾਕਿਸਤਾਨੀ ਮੀਡੀਆ ’ਚ ਛਾਏ ਰਹੇ। ਪਾਕਿਸਤਾਨੀ ਨਿਊਜ਼ ਚੈਨਲ ਡਿਬੇਟ ’ਚ ਕਾਂਗਰਸ ਨੇਤਾ ਅੰਧੀਰ ਰੰਜਨ ਚੌਧਰੀ, ਦਿਗਵਿਜੇ ਸਿੰਘ ਅਤੇ ਪੀ. ਚਿਦਾਂਬਰਮ ਦੇ ਭਾਰਤ ਵਿਰੋਧੀ ਭਾਸ਼ਣਾਂ ’ਤੇ ਚਰਚਾ ਹੁੰਦੀ ਰਹੀ। ਸਰਜੀਕਲ ਸਟ੍ਰਾਈਕ ਤੋਂ ਬਾਅਦ ਰਾਹੁਲ ਗਾਂਧੀ ਦੇ ਨਜ਼ਦੀਕੀ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਬਾਲਾਕੋਟ ਹਵਾਈ ਹਮਲੇ ’ਤੇ ਸਵਾਲ ਖੜ੍ਹੇ ਕਰ ਦਿੱਤੇ। ਪਿਤਰੋਦਾ ਨੇ ਪੁਲਵਾਮਾ ਹਮਲੇ ਦੇ ਨਾਲ ਮੁੰਬਈ ਹਮਲੇ ’ਤੇ ਪਾਕਿਸਤਾਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਦੇ ਲਈ ਤੁਸੀਂ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਅ ਸਕਦੇ ਹੋ।
28-29 ਸਤੰਬਰ, 2016 ਦੀ ਰਾਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਫੌਜ ਵਲੋਂ ਕੀਤਾ ਗਿਆ ਸਰਜੀਕਲ ਸਟ੍ਰਾਈਕ ਦੇਸ਼ ਲਈ ਮਾਣ ਦਾ ਵਿਸ਼ਾ ਸੀ ਪਰ ਦੇਸ਼ਧ੍ਰੋਹ ’ਤੇ ਉਤਰ ਆਏ ਕਾਂਗਰਸੀ ਨੇਤਾਵਾਂ ਨੇ ਇਸ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਤਤਕਾਲੀਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫੌਜ ਅਤੇ ਪ੍ਰਧਾਨ ਮੰਤਰੀ ’ਤੇ ਸ਼ੱਕ ਕੀਤਾ, ਕਾਂਗਰਸੀ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਸਰਜੀਕਲ ਸਟ੍ਰਾਈਕ ਦੇ ਭਾਰਤੀ ਫੌਜ ਤੋਂ ਸਬੂਤ ਮੰਗੇ। ਦਿਗਵਿਜੇ ਸਿੰਘ ਨੇ ਵੀ ਫੌਜ ਦੇ ਇਸ ਐਲਾਨ ’ਤੇ ਸਵਾਲ ਖੜ੍ਹੇ ਕੀਤੇ। ਸੰਜੇ ਨਿਰੂਪਮ ਨੇ ਤਾਂ ਭਾਰਤੀ ਫੌਜ ਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਸਰਜੀਕਲ ਸਟ੍ਰਾਈਕ ਦੀ ਕਾਰਵਾਈ ਨੂੰ ਫਰਜ਼ੀ ਦੱਸ ਦਿੱਤਾ।
ਜਦੋਂ ਫੌਜ ਦੇ ਮੇਜਰ ਗੋਗੋਈ ਨੇ ਕਸ਼ਮੀਰ ’ਚ ਪੱਥਰਬਾਜ਼ ਨੂੰ ਜੀਪ ਨਾਲ ਬੰਨ੍ਹ ਕੇ ਫੌਜ ਦੇ ਦਰਜਨਾਂ ਜਵਾਨਾਂ ਦੀ ਜਾਨ ਬਚਾਈ ਤਾਂ ਕਾਂਗਰਸ ਨੇ ਇਸ ’ਤੇ ਸਿਆਸਤ ਕੀਤੀ। ਜਿਸ ਅੱਤਵਾਦੀ ਬੁਰਹਾਨ ਵਾਨੀ ਨੂੰ ਭਾਰਤੀ ਫੌਜ ਨੇ ਮੁਕਾਬਲਾ ਕਰ ਕੇ ਢੇਰ ਕਰ ਦਿੱਤਾ, ਉਸ ਨੂੰ ਕਾਂਗਰਸ ਪਾਰਟੀ ਜ਼ਿੰਦਾ ਰੱਖਣ ਦੀ ਗੱਲ ਕਹਿੰਦੀ ਹੈ। ਕਸ਼ਮੀਰ ’ਚ ਪਾਰਟੀ ਦੇ ਨੇਤਾ ਸੈਫੂਦੀਨ ਸੋਜ਼ ਨੇ ਕਿਹਾ ਕਿ ਉਨ੍ਹਾਂ ਦਾ ਵੱਸ ਚੱਲਦਾ ਤਾਂ ਉਹ ਅੱਤਵਾਦੀ ਬੁਰਹਾਨ ਵਾਨੀ ਨੂੰ ਜ਼ਿੰਦਾ ਰੱਖਦੇ।
ਸੰਸਦ ’ਤੇ ਹਮਲੇ ਦੇ ਦੋਸ਼ੀ ਅੱਤਵਾਦੀ ਅਫਜ਼ਲ ਗੁਰੂ ਦੀ ਫਾਂਸੀ ’ਤੇ ਵੀ ਕਾਂਗਰਸ ਨੇ ਸਿਆਸਤ ਕੀਤੀ ਸੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਰੀਬੀ ਸਲਮਾਨ ਖੁਰਸ਼ੀਦ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ, ਉਹੋ ਜਿਹਾ ਹੀ ਕਾਂਗਰਸ ਦੇ ਇਕ ਹੋਰ ਨੇਤਾ ਮੱਧ ਪ੍ਰਦੇਸ਼ ’ਚ ਪਾਰਟੀ ਦੇ ਸੀਨੀਅਰ ਨੇਤਾ ਸੱਜਣ ਵਰਮਾ ਨੇ ਇੰਦੌਰ ’ਚ ਕਿਹਾ ਕਿ ਜੋ ਘਟਨਾਕ੍ਰਮ ਬੰਗਲਾਦੇਸ਼ ’ਚ ਚੱਲ ਰਿਹਾ ਹੈ, ਉਹ ਗਲਤ ਨੀਤੀਆਂ ਕਾਰਨ ਹੈ। ਉਥੇ ਜਨਤਾ ਪ੍ਰਧਾਨ ਮੰਤਰੀ ਦੇ ਘਰ ’ਚ ਦਾਖਲ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਦ ਰੱਖਣ ਕਿ ਜਨਤਾ ਭਾਰਤ ’ਚ ਵੀ ਪ੍ਰਧਾਨ ਮੰਤਰੀ ਰਿਹਾਇਸ਼ ’ਚ ਦਾਖਲ ਹੋ ਕੇ ਕਬਜ਼ਾ ਕਰ ਲਵੇਗੀ।
ਇਹੀ ਸਥਿਤੀ ਰਹੀ ਤਾਂ ਅਗਲਾ ਨੰਬਰ ਭਾਰਤ ਦਾ ਹੋਵੇਗਾ। ਕਾਂਗਰਸ ਲੀਡਰਸ਼ਿਪ ਅਜਿਹੇ ਰਾਸ਼ਟਰ ਵਿਰੋਧੀ ਨੇਤਾਵਾਂ ’ਤੇ ਕਾਰਵਾਈ ਨਾ ਕਰ ਕੇ ਮੂਕਦਰਸ਼ਕ ਬਣੀ ਬੈਠੀ ਹੈ। ਲਗਾਤਾਰ 11 ਸਾਲਾਂ ਤੋਂ ਚੋਣਾਂ ਨਾ ਜਿੱਤ ਸਕਣ ਦੇ ਕਾਰਨ ਕਾਂਗਰਸ ਇੰਨੀ ਪ੍ਰੇਸ਼ਾਨ ਹੋ ਚੁੱਕੀ ਹੈ ਕਿ ਇਸ ਦੇ ਨੇਤਾ ਸ਼ਰੇਆਮ ਜਨਤਾ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਚ ਦਾਖਲ ਹੋ ਕੇ ਕਬਜ਼ਾ ਕਰਨ ਲਈ ਭੜਕਾਅ ਰਹੇ ਹਨ। ਕਾਂਗਰਸ ਨੇਤਾਵਾਂ ਦਾ ਵਤੀਰਾ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਨਫਰਤ ਕਰਦੇ-ਕਰਦੇ ਉਹ ਭਾਰਤ ਨਾਲ ਵੀ ਨਫਰਤ ਕਰਨ ਲੱਗੇ ਹਨ।
ਪਹਿਲਗਾਮ ਹਮਲੇ ਨੂੰ ਲੈ ਕੇ ਦੇਸ਼ ’ਚ ਗੁੱਸਾ ਹੈ ਅਤੇ ਕਾਂਗਰਸ ਦੇਸ਼ ਵਿਰੋਧੀ ਤਾਕਤਾਂ ਦਾ ਸਮਰਥਨ ਕਰ ਰਹੀ ਹੈ। ਅੱਤਵਾਦ ਦੇ ਵਿਰੁੱਧ ਜਦੋਂ ਫੌਜ ਕੋਈ ਕਾਰਵਾਈ ਕਰਦੀ ਹੈ ਤਾਂ ਕਾਂਗਰਸ ਸਬੂਤ ਮੰਗਦੀ ਹੈ। ਪਾਤਰਾ ਨੇ ਕਿਹਾ ਕਿ 6-7 ਮਈ ਦੀ ਰਾਤ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸਿੰਧੂਰ’ ਨੇ ਆਪਣੇ 100 ਫੀਸਦੀ ਟੀਚਿਆਂ ਨੂੰ ਪੂਰਾ ਕੀਤਾ ਹੈ। ਇਸ ਮੁਹਿੰਮ ਤਹਿਤ ਭਾਰਤ ਨੇ ਜਿਸ ਤਰ੍ਹਾਂ ਦੀ ਫੌਜ ਅਤੇ ਗੈਰ-ਫੌਜੀ ਕਾਰਵਾਈ ਕੀਤੀ ਹੈ, ਉਹ ਸ਼ਾਨਦਾਰ ਹੈ ਅਤੇ ਅਸੀਂ ਅੱਤਵਾਦ ਦੇ ਵਿਰੁੱਧ ਉਸ ਦੀ ਜੰਗ ’ਚ ਫੈਸਲਾਕੁੰਨ ਸੰਦੇਸ਼ ਦਿੱਤਾ ਹੈ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਰਗੇ ਇਸਲਾਮਿਕ ਦੇਸ਼ਾਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਅਤੇ ਪਾਕਿਸਤਾਨ ਵਿਸ਼ਵ ਪੱਧਰ ’ਤੇ ਅਲੱਗ-ਥਲੱਗ ਪੈ ਗਿਆ ਹੈ।
ਭਾਰਤ ਨੇ ਦਿਖਾ ਦਿੱਤਾ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਦਾ ਕੋਈ ਵੀ ਹਿੱਸਾ ਉਸ ਦੀ ਪਹੁੰਚ ਤੋਂ ਪਰ੍ਹੇ ਨਹੀਂ ਹੈ। ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਨੇ ਆਪਣੇ ਟੀਚੇ ਨੂੰ ਪੂਰਾ ਕੀਤਾ। ਪ੍ਰਧਾਨ ਮੰਤਰੀ ਦੀ ਅਗਵਾਈ ’ਚ ਭਾਰਤੀ ਹਥਿਆਰਬੰਦ ਬਲਾਂ ਦੀ ਕਾਰਵਾਈ ਦੇ ਪਿੱਛੇ ਰਹੀ ਰਾਸ਼ਟਰੀ ਏਕਤਾ ਸ਼ਲਾਘਾਯੋਗ ਹੈ।